(ਸਮਾਜ ਵੀਕਲੀ) ਸਿੱਖ ਧਰਮ ਦੁਨੀਆਂ ਦੇ ਅਲਗ ਅਲਗ ਧਰਮਾਂ ਵਿੱਚੋਂ ਸਭ ਤੋਂ ਅਲਗ ਹੀ ਨਹੀਂ ਬਲਕਿ ਬਿਹਤਰੀਨ ਅਤੇ ਮਾਨਵਤਾ ਦਾ ਕਲਿਆਣ ਕਰਨ ਵਾਲਾ ਹੈ। ਸਿੱਖ ਧਰਮ ਦੇ ਬਾਨੀ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਤੱਕ ਵੱਖ ਵੱਖ ਦਸ ਗੁਰੂਆਂ ਨੇ ਜੋ ਧਰਮ ਅਤੇ ਦੇਸ਼ ਵਾਸਤੇ ਕੁਰਬਾਨੀਆਂ ਦਿੱਤੀਆਂ ਹਨ ਇਤਿਹਾਸ ਵਿੱਚ ਉਹਨਾਂ ਦਾ ਕੋਈ ਵੀ ਮੁਕਾਬਲਾ ਨਹੀਂ। ਦਸੋ ਗੁਰੂ ਸਾਹਿਬਾਨਾਂ ਨੇ ਵੱਖ ਵੱਖ ਮੁਗਲ ਬਾਦਸ਼ਾਹਾਂ ਤੋਂ ਜੁਲਮ ਅਤੇ ਤਸੀਏ ਸਹੇ ਲੇਕਿਨ ਫਿਰ ਵੀ ਧਰਮ ਦੀ ਰਾਹ ਨਹੀਂ ਛੱਡੀ। ਗੁਰੂ ਅਰਜਨ ਦੇਵ ਜੀ ਨੂੰ ਧਰਮ ਛੱਡਣ ਵਾਸਤੇ ਤਤੇ ਤਵੇ ਤੇ ਬਿਠਾਇਆ ਗਿਆ, ਗੁਰੂ ਤੇਗ ਬਹਾਦਰ ਨੇ ਧਰਮ ਦੀ ਖਾਤਰ ਆਪਣਾ ਸੀਸ ਕੁਰਬਾਨ ਕਰ ਦਿੱਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ ਅਤੇ ਦੇਸ਼ ਦੀ ਰੱਖਿਆ ਲਈ ਸਰਬੰਸ ਕੁਰਬਾਨ ਕਰ ਦਿੱਤਾ। ਅਜਿਹੇ ਗੁਰੂ ਸਾਹਿਬਾਨ ਅਤੇ ਸਿੱਖ ਧਰਮ ਨੂੰ ਨਤਮਸਤਕ ਹੀ ਅਸੀ ਕਰ ਸਕਦੇ ਹਾਂ ਅਤੇ ਗੁਰੂ ਸਾਹਿਬਾਨ ਦੁਆਰਾ ਦਿਖਾਏ ਹੋਏ ਧਰਮ ਅਤੇ ਦੇਸ਼ ਦੀ ਰੱਖਿਆ ਦੇ ਅਸੂਲਾਂ ਤੇ ਚੱਲਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਸਿੱਖ ਧਰਮ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ, ਸ੍ਰੀ ਤੇਗ ਬਹਾਦਰ ਦੀ ਕੁਰਬਾਨੀ ਤੋਂ ਬਾਅਦ 11 ਨਵੰਬਰ, 1675 ਵਿੱਚ ਨੌ ਸਾਲ ਦੀ ਉਮਰ ਵਿੱਚ ਗੱਦੀ ਤੇ ਬੈਠੇ। ਇਹਨਾਂ ਦਾ ਬਚਪਨ ਦਾ ਨਾਂ ਗੋਬਿੰਦ ਰਾਏ ਸੀ, ਪਿਤਾ ਤੇਗ ਬਹਾਦਰ ਅਤੇ ਮਾਤਾ ਦਾ ਨਾਮ ਗੁਜਰੀ ਸੀ। ਇਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਕੋਲ ਕੁਝ ਕਸ਼ਮੀਰੀ ਪੰਡਿਤ ਆਏ ਅਤੇ ਮੁਸਲਮਾਨਾਂ ਵੱਲੋਂ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਧਰਮ ਅਪਣਾਉਣ ਲਈ ਜੁਲਮ ਕਰਨ ਦੀ ਕਹਾਣੀ ਦੱਸੀ। ਇਹ ਸੁਣ ਕੇ ਗੁਰੂ ਤੇਗ ਬਹਾਦਰ ਨੇ ਉਹਨਾਂ ਨੂੰ ਕਿਹਾ ਕਿ ਇਸ ਵਾਸਤੇ ਕਿਸੇ ਵੱਡੇ ਆਦਮੀ ਨੂੰ ਧਰਮ ਦੀ ਖਾਤਰ ਕੁਰਬਾਨੀ ਦੇਣੀ ਪਏਗੀ। ਕੋਲ ਬੈਠੇ ਗੋਬਿੰਦ ਰਾਏ ਨੇ ਕਿਹਾ ਕਿ ਪਿਤਾ ਜੀ,,, ਤੁਹਾਡੇ ਤੋਂ ਵੱਧ ਕੇ ਕੁਰਬਾਨੀ ਦੇਣ ਵਾਲਾ ਹੋਰ ਕੌਣ ਹੋ ਸਕਦਾ ਹੈ? ਇਹ ਸੁਣ ਕੇ ਗੁਰੂ ਤੇਗ ਬਹਾਦਰ ਜੀ ਨੇ ਉਹਨਾਂ ਹਿੰਦੂ ਪੰਡਤਾਂ ਨੂੰ ਕਿਹਾ ਕਿ ਤੁਸੀਂ ਜਾ ਕੇ ਮੁਗਲ ਬਾਦਸ਼ਾਹ ਨੂੰ ਇਹ ਕਹੋ ਕਿ ਜੇਕਰ ਉਹ ਗੁਰੂ ਤੇਗ ਬਹਾਦਰ ਨੂੰ ਮੁਸਲਿਮ ਧਰਮ ਅਪਣਾਉਣ ਲਈ ਰਾਜੀ ਕਰ ਲੈਣ ਤਾਂ ਬਾਕੀ ਦੇ ਹਿੰਦੂ ਵੀ ਮੁਸਲਮਾਨ ਬਣਨ ਵਾਸਤੇ ਤਿਆਰ ਹੋ ਜਾਣਗੇ। ਇਸ ਦੇ ਬਾਅਦ ਗੁਰੂ ਤੇਗ ਬਹਾਦਰ ਦਿੱਲੀ ਵੱਲ ਚੱਲ ਪਏ ਅਤੇ ਚਾਂਦਨੀ ਚੌਕ ਵਿੱਚ ਬਹੁਤ ਗਿਣਤੀ ਵਿੱਚ ਹਿੰਦੂ ਅਤੇ ਮੁਸਲਮਾਨ ਉੱਥੇ ਪਹੁੰਚ ਕੇ ਇਹ ਦੇਖਣ ਦੀ ਇੰਤਜ਼ਾਰ ਕਰਨ ਲੱਗੇ ਕਿ ਕੀ ਗੁਰੂ ਤੇਗ ਬਹਾਦਰ ਮੁਸਲਮਾਨ ਬਣਦੇ ਹਨ ਜਾਂ ਨਹੀਂ। ਗੁਰੂ ਜੀ ਨੇ ਮੁਸਲਮਾਨ ਬਣਨ ਤੋਂ ਸਾਫ ਇਨਕਾਰ ਕਰ ਦਿੱਤਾ ਜਿਸ ਕਰਕੇ ਉਹਨਾਂ ਦਾ ਸੀਸ ਉਹਨਾਂ ਦੇ ਸਰੀਰ ਤੋਂ ਅਲਗ ਕਰ ਦਿੱਤਾ ਗਿਆ। ਉਹਨਾਂ ਦੀ ਇਸ ਕੁਰਬਾਨੀ ਦੇ ਪ੍ਰਤੀ ਸਨਮਾਨਿਤ ਕਰਨ ਵਾਸਤੇ ਦਿੱਲੀ ਵਿੱਚ ਚਾਂਦਨੀ ਚੌਕ ਵਿੱਚ ਗੁਰਦੁਆਰਾ ਸੀਸ ਗੰਜ ਬਣਿਆ ਹੋਇਆ ਹੈ ਜੋ ਕਿ ਗੁਰੂ ਜੀ ਦੀ ਕੁਰਬਾਨੀ ਨੂੰ ਯਾਦ ਕਰਾਉਂਦਾ ਹੈ। ਇਸਦੇ ਬਾਅਦ ਨੌ ਸਾਲ ਦੀ ਉਮਰ ਵਿੱਚ ਹੀ ਗੁਰੂ ਗੋਬਿੰਦ ਸਿੰਘ ਨੂੰ, ਜਿਨਾਂ ਦਾ ਕਿ ਉਸ ਸਮੇਂ ਨਾਮ ਗੋਬਿੰਦ ਰਾਏ ਸੀ, ਗੁਰੂ ਗਦੀ ਦਾ ਵਾਰਸ ਬਣਾ ਦਿੱਤਾ ਗਿਆ। ਜਦੋਂ ਗੁਰੂ ਗੋਬਿੰਦ ਰਾਏ ਵੱਡੇ ਹੋਏ ਤਾਂ ਉਹਨਾਂ ਨੇ ਕਈ ਭਾਸ਼ਾਵਾਂ ਸਿੱਖੀਆਂ, ਹਿੰਦੁਸਤਾਨੀ ਸੰਸਕ੍ਰਿਤੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ, ਉਨਾਂ ਨੂੰ ਘੋੜ ਸਵਾਰੀ ਦਾ ਸ਼ੌਕ ਸੀ, ਉਹ ਬਹੁਤ ਵੱਡੇ ਵਿਦਵਾਨ ਸਨ। ਉਹਨਾਂ ਦਾ ਵਿਆਹ ਸਾਹਿਬ ਕੌਰ ਨਾਲ ਹੋ ਗਿਆ ਅਤੇ ਉਹਨਾਂ ਦੇ ਚਾਰ ਪੁੱਤਰ, ਸਾਹਿਬਜ਼ਾਦਾ ਅਜੀਤ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ ਅਤੇ ਬਾਬਾ ਜੁਝਾਰ ਸਿੰਘ ਹੋਏ।1699 ਵਿੱਚ ਵਿਸਾਖੀ ਵਾਲੇ ਦਿਨ ਉਹਨਾਂ ਨੇ ਖਾਲਸਾ ਪੰਥ ਦੀ ਨੀਹ ਰੱਖੀ। ਅਤੇ ਉਸ ਦਿਨ ਤੋਂ ਬਾਅਦ ਉਹਨਾਂ ਨੂੰ ਗੋਬਿੰਦ ਰਾਏ ਦੇ ਬਦਲੇ ਗੁਰੂ ਗੋਬਿੰਦ ਸਿੰਘ ਕਿਹਾ ਜਾਣ ਲੱਗਿਆ। ਉਨਾਂ ਨੇ ਜਾਤ ਪਾਤ ਨੂੰ ਖਤਮ ਕਰਨ ਵਾਸਤੇ ਅਲਗ ਅਲਗ ਜਾਤਾਂ ਤੋਂ ਪੰਜ ਪਿਆਰਿਆਂ ਦੀ ਪਰੰਪਰਾ ਸ਼ੁਰੂ ਕੀਤੀ ਅਤੇ ਸਿੱਖਾਂ ਨੂੰ ਪੰਜ ਕੱਕਿਆਂ ਦਾ ਉਪਦੇਸ਼ ਦਿੱਤਾ ਅਰਥਾਤ ਜੋ ਸਿੰਘ ਕੱਛਾ, ਕੜਾ, ਕੰਘਾ, ਕੇਸ ਅਤੇ ਕਿਰਪਾਨ ਰੱਖੇਗਾ ਉਹ ਅੰਮ੍ਰਿਤ ਛਕਣ ਤੋਂ ਬਾਅਦ ਖਾਲਸਾ ਜਾਂ ਸਿੱਖ ਕਹਿਲਵਾਏਗਾ। ਗੁਰੂ ਗੋਬਿੰਦ ਸਿੰਘ ਨੇ ਕਿਹਾ ਕਿ ਮੈਂ ਹਰ ਅੰਮ੍ਰਿਤਧਾਰੀ ਸਿੱਖ ਵਿੱਚ ਵਾਸ ਕਰਾਂਗਾ। ਗੁਰੂ ਗੋਬਿੰਦ ਸਿੰਘ ਜਦੋਂ ਘੋੜ ਸਵਾਰੀ ਕਰਦੇ ਸਨ ਤਾਂ ਆਪਣੇ ਇੱਕ ਹੱਥ ਤੇ ਬਾਜ ਬਿਠਾਉਂਦੇ ਸਨ ਇਸ ਕਰਕੇ ਉਹਨਾਂ ਨੂੰ,, ਬਾਜਾਂ ਵਾਲਾ,, ਵੀ ਕਿਹਾ ਜਾਂਦਾ ਹੈ। ਉਹਨਾਂ ਨੂੰ ਸੰਤ ਸਿਪਾਹੀ ਅਤੇ ਦਸ਼ਮੇਸ਼ ਪਿਤਾ ਵੀ ਕਿਹਾ ਜਾਂਦਾ ਹੈ।ਇੱਕ ਵਾਰ ਅਚਾਨਕ ਮੁਗਲਾਂ ਦੀ ਭਾਰੀ ਫੌਜ ਨੇ ਗੁਰੂ ਗੋਬਿੰਦ ਸਿੰਘ ਅਤੇ ਉਹਨਾਂ ਦੇ ਦੋਵੇਂ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਸਮੇਤ 40 ਸਿੰਘਾਂ ਨੂੰ ਚਮਕੌਰ ਵਿੱਚ ਘੇਰ ਲਿਆ। ਉਸ ਵੇਲੇ ਗੁਰੂ ਗੋਬਿੰਦ ਸਿੰਘ ਨੇ ਚਿੜੀਆਂ ਦੇ ਨਾਲ ਬਾਜ ਦੀ ਲੜਾਈ ਕਰਾਈ ਅਰਥਾਤ ਇਕ ਇਕ ਸਿੰਘ ਨੇ 40 40 ਚਿੜੀਆਂ ਵਰਗੇ ਮੁਗਲ ਫੌਜੀ ਮਾਰ ਦਿੱਤੇ। ਮੁਗਲ ਸੈਨਾ ਦਾ ਬਹੁਤ ਭਾਰੀ ਨੁਕਸਾਨ ਹੋਇਆ ਲੇਕਿਨ ਅਫਸੋਸ ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਦੇ ਦੋਵੇਂ ਲਾਡਲੇ ਸਾਹਿਬਜ਼ਾਦੇ ਸ਼ਹੀਦ ਹੋ ਗਏ। ਉਸ ਦੇ ਬਾਅਦ ਗੁਰੂ ਗੋਬਿੰਦ ਸਿੰਘ, ਉਹਨਾਂ ਦੀ ਮਾਤਾ ਗੁਜਰੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਸਰਸਾ ਨਦੀ ਤੇ ਇੱਕ ਦੂਜੇ ਤੋਂ ਅਲੱਗ ਹੋਏ ਅਤੇ ਮਾਤਾ ਗੁਜਰੀ ਅਤੇ ਦੋਵੇਂ ਸਾਹਿਬਜ਼ਾਦੇ ਪੰਜਾਬ ਵੱਲ ਚੱਲ ਪਏ। ਸਫਰ ਦੇ ਦੌਰਾਨ ਉਹਨਾਂ ਨੂੰ ਉਹਨਾਂ ਦਾ ਇਕ ਪੁਰਾਣਾ ਵਿਸ਼ਵਾਸ ਪਾਤਰ ਰਸੋਈਆ, ਗੰਗੂ ਮਿਲ ਗਿਆ ਜਿਸ ਨੇ ਕਿ ਉਹਨਾਂ ਨੂੰ ਆਪਣੇ ਘਰ ਵਿੱਚ ਸੁਰੱਖਿਤ ਰੱਖਣ ਦਾ ਭਰੋਸਾ ਦਿਵਾਇਆ। ਰਾਤ ਨੂੰ ਜਦੋਂ ਮਾਤਾ ਗੁਜਰੀ ਅਤੇ ਦੋਵੇਂ ਛੋਟੇ ਸਾਹਿਬਜ਼ਾਦੇ ਉਸਦੇ ਘਰ ਸੌਂ ਰਹੇ ਸਨ ਤਾਂ ਉਸ ਨੇ ਸਰਹੰਦ ਦੇ ਨਵਾਬ, ਵਜ਼ੀਰ ਖਾਂ ਨੂੰ ਕਿਹਾ ਕਿ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਸਾਹਿਬਜ਼ਾਦਿਆਂ ਦੀ ਤਲਾਸ਼ ਸੀ ਉਹ ਤਾਂ ਉਸਦੇ ਘਰ ਵਿੱਚ ਹਨ। ਇਹ ਸੁਣ ਕੇ ਵਜ਼ੀਰ ਖਾਨ ਨੇ ਗੰਗੂ ਨੂੰ ਬਹੁਤ ਸਾਰੀਆਂ ਆਸ਼ਰਫੀਆਂ ਦਿੱਤੀਆਂ ਅਤੇ ਸਾਹਿਬਜ਼ਾਦਿਆਂ ਨੂੰ ਉਸ ਦੇ ਹਵਾਲੇ ਕਰਨ ਵਾਸਤੇ ਕਿਹਾ। ਜਦੋਂ ਦੋਵੇਂ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਦੇ ਸਾਹਮਣੇ ਪੇਸ਼ ਕੀਤਾ ਗਿਆ ਤਾਂ ਉਹਨਾਂ ਨੇ,,, ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ,, ਦੇ ਵਾਰ ਵਾਰ ਨਾਰੇ ਲਗਾਏ ਅਤੇ ਵਜ਼ੀਰ ਖਾਂ ਅੱਗੇ ਸੀਸ ਵੀ ਨਾ ਝੁਕਾਇਆ ਬਲਕਿ ਜਪਜੀ ਸਾਹਿਬ ਦਾ ਪਾਠ ਕਰਦੇ ਰਹੇ। ਵਜ਼ੀਰ ਖਾਨ ਨੇ ਉਹਨਾਂ ਨੂੰ ਮੁਸਲਿਮ ਧਰਮ ਅਪਣਾਉਣ ਲਈ ਕਿਹਾ ਲੇਕਿਨ ਉਹਨਾਂ ਨੇ ਸਾਫ ਇਨਕਾਰ ਕਰ ਦਿੱਤਾ ਜਿਸ ਕਰਕੇ ਉਹਨਾਂ ਨੂੰ ਦੀਵਾਰ ਵਿਚ ਚਿਣਵਾ ਦਿੱਤਾ ਗਿਆ ਅਤੇ ਉਹਨਾਂ ਦੀ ਦਾਦੀ , ਗੁਜਰੀ ਨੂੰ ਕਿਲੇ ਦੇ ਉੱਤੋਂ ਡਿਗਾ ਕੇ ਸ਼ਹੀਦ ਕਰ ਦਿੱਤਾ ਗਿਆ। ਜੰਗਾਂ ਲੜਨ ਦੇ ਹਿਸਾਬ ਨਾਲ ਗੁਰੂ ਗੋਬਿੰਦ ਸਿੰਘ ਨੇ ਕੇਸਗੜ੍ਹ, ਫਤਿਹਗੜ, ਅਨੰਦਗੜ ਅਤੇ ਲੋਹਗੜ੍ਹ ਦੇ ਕਿਲੇ ਬਣਵਾਏ। ਉਹਨਾਂ ਦੀਆਂ ਕਾਰਵਾਈਆਂ ਦਾ ਕੇਂਦਰ ਪੌਂਟਾ ਸਾਹਿਬ ਹੀ ਰਿਹਾ।। ਦਮਦਮਾ ਸਾਹਿਬ ਵਿੱਚ ਆਪਣੀ ਯਾਦ ਸ਼ਕਤੀ ਅਤੇ ਬੁੱਧੀਮਤਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਦਾ ਉਚਾਰਨ ਕੀਤਾ ਅਤੇ ਭਾਈ ਮਨੀ ਸਿੰਘ ਨੇ ਗੁਰਬਾਣੀ ਨੂੰ ਲਿਖਿਆ। ਇਹਨਾਂ ਨੇ ਗੁਰੂ ਪ੍ਰਥਾ ਨੂੰ ਸਮਾਪਤ ਕਰ ਦਿੱਤਾ ਔਰ ਸਭ ਸਿੱਖਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਹੀ ਗੁਰੂ ਮੰਨਣ ਦਾ ਹੁਕਮ ਦਿੱਤਾ,, ਗੁਰੂ ਮਾਨਿਓ ਗ੍ਰੰਥ,,l ਧਰਮ ਦੀ ਰੱਖਿਆ ਲਈ ਉਹਨਾਂ ਨੇ 42 ਸਾਲ ਤੱਕ ਔਰੰਗਜ਼ੇਬ ਦਾ ਮੁਕਾਬਲਾ ਕੀਤਾ। ਗੁਰੂ ਜੀ ਉਨਾਂ ਦਿਨਾਂ ਵਿੱਚ ਦੱਖਣ ਵਿੱਚ ਨੰਦੇੜ ਵਿੱਚ ਰਹਿ ਰਹੇ ਸਨ ਜਿੱਥੇ ਕਿ ਸਰਹੰਦ ਦੇ ਨਵਾਬ, ਵਜ਼ੀਰ ਖਾਂ ਵੱਲੋਂ ਭੇਜੇ ਗਏ ਦੋ ਅਫਗਾਨ ਗੱਦਾਰਾਂ ਨੇ ਗੁਰੂ ਗੋਬਿੰਦ ਸਿੰਘ ਨੂੰ ਧੋਖੇ ਨਾਲ ਸ਼ਹੀਦ ਕਰ ਦਿੱਤਾ। ਇਸ ਤਰ੍ਹਾਂ ਧਰਮ ਅਤੇ ਦੇਸ਼ ਦੀ ਰੱਖਿਆ ਕਰਨ ਵਾਲਾ ਇੱਕ ਬਹੁਤ ਵੱਡਾ ਧਰਮ ਗੁਰੂ ਇਸ ਦੁਨੀਆਂ ਨੂੰ ਅਲ ਵਿਦਾ ਕਹਿ ਗਿਆ। ਗੁਰੂ ਗੋਬਿੰਦ ਸਿੰਘ ਜੀ ਨੂੰ ਕਲਗੀਧਰ, ਦਸ਼ਮੇਸ਼ ਪਿਤਾ, ਸਰਬੰਸ ਦਾਨੀ, ਬਾਜਾਂ ਵਾਲਾ ਅਤੇ ਸੰਤ ਸਿਪਾਹੀ ਵੀ ਕਿਹਾ ਜਾਂਦਾ ਹੈ। ਉਹਨਾਂ ਦੇ ਇੱਕ ਹੱਥ ਵਿੱਚ ਮਾਲਾ ਅਤੇ ਦੂਜੇ ਹੱਥ ਵਿੱਚ ਤਲਵਾਰ ਹੈ ਜਿਸ ਦਾ ਮਤਲਬ ਹੈ ਕਿ ਪਰਮਾਤਮਾ ਦਾ ਨਾਮ ਜਪੋ ਲੇਕਿਨ ਜੇਕਰ ਜਰੂਰ ਪਵੇ ਤਾਂ ਧਰਮ ਦੀ ਰੱਖਿਆ ਵਾਸਤੇ ਹਥਿਆਰ ਦਾ ਇਸਤੇਮਾਲ ਵੀ ਕੀਤਾ ਜਾ ਸਕਦਾ ਹੈ। ਉੰਝ ਤਾਂ ਸਿੱਖ ਧਰਮ ਵਿੱਚ ਸਾਰੇ ਗੁਰੂਆਂ ਦਾ ਆਪਣਾ ਆਪਣਾ ਮਹੱਤਵ ਹੈ ਪ੍ਰੰਤੂ ਜਿਤਨੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਨੇ ਧਰਮ ਅਤੇ ਦੇਸ਼ ਦੀ ਰੱਖਿਆ ਲਈ ਕੀਤੀ ਸਾਰੀ ਦੁਨੀਆ ਵਿੱਚ ਉਸ ਦਾ ਮੁਕਾਬਲਾ ਕੋਈ ਵੀ ਨਹੀਂ ਕਰ ਸਕਦਾ।
ਪ੍ਰੋਫੈਸਰ ਸ਼ਾਮ ਲਾਲ ਕੌਸ਼ਲ
ਮੋਬਾਈਲ_9416359045
ਰੋਹਤਕ ੧੨੪੦੦੧(ਹਰਿਆਣਾ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj