
ਬਠਿੰਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)—-ਸਾਹਿਤ ਜਾਗ੍ਰਿਤੀ ਸਭਾ ਰਜਿ.ਬਠਿੰਡਾ ਵੱਲੋਂ ਅੱਜ ਟੀਚਰਜ਼ ਹੋਮ ਬਠਿੰਡਾ ਵਿਖੇ ਪੰਜਾਬੀ ਦੇ ਉੱਘੇ ਸਾਹਿਤਕਾਰ ਪ੍ਰੋ਼.ਤਰਸੇਮ ਨਰੂਲਾ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਚੇਅਰਮੈਨ ਮਾਲਵਾ ਵੈੱਲਫੇਅਰ ਟਰੱਸਟ ਪੰਜਾਬ, ਗੁਰਪ੍ਰੀਤ ਸਿੰਘ ਮਲੂਕਾ ਮੁੱਖ ਮਹਿਮਾਨ ਅਤੇ ਸੀਨੀਅਰ ਸਿਟੀਜਨ ਕੌਂਸਲ ਬਠਿੰਡਾ ਦੇ ਪ੍ਰਧਾਨ ਇੰਜ: ਹਰਪਾਲ ਸਿੰਘ ਖੁਰਮੀ, ਗ਼ਜ਼ਲਗੋ ਜਨਕ ਰਾਜ ਜਨਕ, ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਭ ਤੋਂ ਪਹਿਲਾਂ ਸਭਾ ਦੇ ਪ੍ਰਧਾਨ ਅਮਰਜੀਤ ਸਿੰਘ ਜੀਤ ਜੀ ਨੇ ਸਾਰਿਆਂ ਨੂੰ, ਜੀਓ ਆਇਆ ਨੂੰ ਕਿਹਾ। ਲੈਕਚਰਾਰ ਤੇ ਲੇਖਕ “ਜਸਪਾਲ ਜੱਸੀ” ਨੇ ਪ੍ਰੋਫ਼ੈਸਰ ਤਰਸੇਮ ਨਰੂਲਾ ਜੀ ਦੀ ਸਾਹਿਤ ਨੂੰ ਦੇਣ ‘ਤੇ ਉਹਨਾਂ ਦੀਆਂ ਸਮੁੱਚੀਆਂ ਕਿਤਾਬਾਂ ਤੇ ਪੜ੍ਹਿਆ। ਸਨਮਾਨ ਪੱਤਰ ਪੜ੍ਹਨ ਦੀ ਸੇਵਾ ਉੱਘੇ ਚਿੱਤਰਕਾਰ ਤੇ ਲੇਖਕ ਹਰਦਰਸ਼ਨ ਸਿੰਘ ਸੋਹਲ ਜੀ ਨੇ ਨਿਭਾਈ। ਇਸ ਮੌਕੇ ਪ੍ਰੋਫ਼ੈਸਰ ਤਰਸੇਮ ਨਰੂਲਾ ਜੀ ਦੇ ਸਾਹਿਤ ਅਤੇ ਨਿੱਜੀ ਜ਼ਿੰਦਗੀ ਬਾਰੇ ਗੱਲ ਕਰਦਿਆ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਪ੍ਰੋਫ਼ੈਸਰ ਤਰਸੇਮ ਨਰੂਲਾ ਦੀ ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਵੱਡੀ ਦੇਣ ਹੈ। ਉਹਨਾਂ ਵੱਲੋ ਅੱਜ ਤੱਕ ਕੁੱਲ 14 ਕਿਤਾਬਾਂ ਲਿਖੀਆਂ ਗਈਆ ਹਨ ਜਿੰਨ੍ਹਾਂ ਰਾਹੀ ਉਨਾਂ ਨੇ ਜ਼ਿੰਦਗੀ ਅਤੇ ਸਮਾਜ ਦੇ ਹਰ ਰੰਗ ਨੂੰ ਸ਼ਬਦਾਂ ਦੇ ਰੂਪ ‘ਚ ਉਤਾਰਿਆ ਹੈ। ਸਾਹਿਤ ਦੇ ਨਾਲ ਨਾਲ ਨਿੱਜੀ ਜ਼ਿੰਦਗੀ ‘ਚ ਵੀ ਉਨ੍ਹਾਂ ਆਪਣੀਆਂ ਪਰਿਵਾਰਕ ਜ਼ੁੰਮੇਵਾਰੀਆਂ ਵੀ ਬਾਖੂਬੀ ਨਿਭਾਈਆ। ਉਹਨਾਂ ਦਾ ਸਾਰਾ ਪਰਿਵਾਰ ਹੀ ਡਾਕਟਰ ਹੈ ਤੇ ਸਿਹਤ ਦੇ ਖੇਤਰ ‘ਚ ਵੱਖ ਵੱਖ ਸ਼ਹਿਰਾ ‘ਚ ਸੇਵਾ ਨਿਭਾਅ ਰਿਹਾ ਹੈ। ਭਾਸ਼ਾ ਅਫ਼ਸਰ ਕੀਰਤੀ ਕਿਰਪਾਲ ਨੇ ਬਹੁਤ ਸੋਹਣੇ ਸ਼ਬਦਾਂ ‘ਚ ਪ੍ਰੋ. ਤਰਸੇਮ ਨਰੂਲਾ ਦੇ ਪੰਜਾਬੀ ਦੇ ਅਧਿਆਪਨ ਸਮੇਂ ਦੀਆ ਸੇਵਾਵਾਂ ਅਤੇ ਉਨ੍ਹਾਂ ਦੇ ਨਿੱਘੇ ਸੁਭਾਅ ਬਾਰੇ ਵਿਚਾਰ ਰੱਖੇ। ਉਹਨਾਂ ਸਮਾਜ ਅਤੇ ਆਮ ਜ਼ਿੰਦਗੀ ‘ਚ ਮਾ ਬੋਲੀ ਅਤੇ ਸਾਹਿਤ ਦੀ ਅਹਿਮੀਅਤ ਤੇ ਚਾਨਣਾ ਪਾਇਆ। ਪ੍ਰੋ.ਤਰਸੇਮ ਨਰੂਲਾ ਵੱਲੋ ਲਿਖੇ ਸਾਹਿਤ ਅਤੇ ਕੁਝ ਖਾਸ ਕਾਵਿ ਸੰਗ੍ਰਹਿ ਬਾਰੇ “ਜਸਪਾਲ ਜੱਸੀ” ਨੇ ਪੇਪਰ ਪੜ੍ਹਿਆ ਤੇ ਉਹਨਾਂ ਦੀਆਂ ਰਚਨਾਵਾਂ ਦੀ ਸਮੁੱਚੀ ਫਿਲਾਸਫੀ ਬਾਰੇ ਚਰਚਾ ਕੀਤੀ । ਉਹਨਾਂ ਕਿਹਾ ਕਿ ਪ੍ਰੋ. ਨਰੂਲਾ ਦੇ ਸਾਹਿਤ ‘ਚ ਧਾਰਮਿਕ, ਅਧਿਆਤਮਿਕ ਤੇ ਕ੍ਰਾਂਤੀਕਾਰੀ ਸੋਚ ਦਾ ਬਾਕਮਾਲ ਸੰਤੁਲਨ ਪੜ੍ਹਨ ਨੂੰ ਮਿਲਦਾ ਹੈ। ਉਨ੍ਹਾਂ ਨੇ ਆਪਣੀ ਹਰੇਕ ਕਿਤਾਬ ‘ਚ ਸਮਾਜ ਨੂੰ ਹਾਂ ਪੱਖੀ ਸੁਨੇਹਾ ਦਿੱਤਾ ਹੈ।
ਫ਼ਰੀਦਕੋਟ ਤੋਂ ਇਕਬਾਲ ਘਾਰੂ ਅਤੇ ਉੱਘੇ ਸਟੇਜ ਸੰਚਾਲਿਕ ਹਰਮੇਲ ਵੱਲੋਂ ਪ੍ਰੋ. ਨਰੂਲਾ ਦੀਆਂ ਕਿਤਾਬਾਂ ‘ਤੇ ਚਰਚਾ ਕੀਤੀ। ਇਸ ਮੌਕੇ ਲੇਖਿਕਾ ਰਮਨਦੀਪ ਕੌਰ ਰੰਮੀ ਦਾ ਦੇਸ਼ ਵਿਦੇਸ਼ ਦੇ ਨਾਮਵਰ ਕਵੀਆਂ ਦੀਆਂ ਰਚਨਾਵਾਂ ਵਾਲਾ ਕਾਵਿ ਸੰਗ੍ਰਹਿ “ਮੁਹੱਬਤਾ ਸਾਂਝੇ ਪੰਜਾਬ ਦੀਆਂ ” ਵੀ ਰੀਲੀਜ਼ ਕੀਤਾ ਗਿਆ। ਪ੍ਰੋ. ਤਰਸੇਮ ਨਰੂਲਾ ਨੂੰ ਉਹਨਾਂ ਦੇ ਸਾਹਿਤ ਖੇਤਰ ‘ਚ ਯੋਗਦਾਨ ਲਈ ਗੁਰਪ੍ਰੀਤ ਸਿੰਘ ਮਲੂਕਾ ਤੋਂ ਇਲਾਵਾ ਹਰਪਾਲ ਖੁਰਮੀ,ਅਮਰਜੀਤ ਸਿੰਘ ਜੀਤ, ਜਸਪਾਲ ਜੱਸੀ, ਕੀਰਤੀ ਕਿਰਪਾਲ, ਰਾਜਬੀਰ ਕੌਰ,ਦਿਲਜੀਤ ਬੰਗੀ,ਐਡਵੋਕੇਟ ਗੁਰਵਿੰਦਰ ਸਿੰਘ ਜਨਰਲ ਸਕੱਤਰ,ਮਨਜੀਤ ਸਿੰਘ ਜੀਤ ਕੈਸ਼ੀਅਰ,ਅਵਤਾਰ ਸਿੰਘ ਬਾਹੀਆ, ਹਰਦਰਸ਼ਨ ਸਿੰਘ ਸੋਹਲ,ਰੂਪ ਚੰਦ ਸ਼ਰਮਾ, ਸੱਤਪਾਲ ਮਾਨ ,ਰਮੇਸ਼ ਸੇਠੀ ਬਾਦਲ ਅਤੇ ਸਾਹਿਤ ਜਾਗ੍ਰਿਤੀ ਸਭਾ ਰਜਿ ਬਠਿੰਡਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਸਨਮਾਨਿਤ ਕੀਤਾ। ਪ੍ਰੋ. ਤਰਸੇਮ ਨਰੂਲਾ ਨੇ ਸਾਹਿਤ ਜਾਗ੍ਰਿਤੀ ਸਭਾ ਦੇ ਸਮੂਹ ਮੈਂਬਰਾ ਦਾ ਧੰਨਵਾਦ ਕੀਤਾ ਤੇ ਨਾਲ ਹੀ ਉਨਾਂ ਜੀਵਨ ਦੇ ਮੁੱਢਲੇ ਦਿਨਾਂ ਦੇ ਸੰਘਰਸ਼ ਅਤੇ ਸਾਹਿਤ ਦਾ ਸਾਡੇ ਸਮਾਜ ਤੇ ਨਿੱਜੀ ਜ਼ਿੰਦਗੀ ‘ਚ ਅਸਰ ਬਾਰੇ ਵਿਚਾਰ ਵੀ ਰੱਖੇ। ਸਮਾਗਮ ਦੇ ਦੂਜੇ ਦੌਰ ਵਿਚ ਕਵੀ ਦਰਵਾਰ ਵੀ ਕਰਵਾਇਆ ਗਿਆ।ਜਿਸ ਵਿਚ ਦਿਲਜੀਤ ਬੰਗੀ, ਨੀਲਾ ਸਿੰਘ ਰਾਏ, ਅਮਨ ਦਾਤੇਵਾਸੀਆ, ਭੋਲਾ ਸਿੰਘ ਸ਼ਮੀਰੀਆ, ਕੁਲਦੀਪ ਬੰਗੀ,ਅਮਰਜੀਤ ਸਿੰਘ ਜੀਤ, ਮਨਜੀਤ ਸਿੰਘ ਜੀਤ, ਤੇ ਹੋਰ ਪਹੁੰਚੇ ਕਵੀਆਂ ਨੇ ਆਪਣਾ ਕਲਾਮ ਪੇਸ਼ ਕੀਤਾ। ਮੰਚ ਸੰਚਾਲਨ ਦੀ ਜ਼ੁੰਮੇਵਾਰੀ ਲੈਕਚਰਾਰ “ਜਸਪਾਲ ਜੱਸੀ” ਨੇ ਨਿਭਾਈ। ਅੰਤ ਵਿਚ ਸਭਾ ਦੇ ਜਨਰਲ ਸਕੱਤਰ ਐਡਵੋਕੇਟ ਗੁਰਵਿੰਦਰ ਸਿੰਘ ਨੇ ਦੂਜੀਆਂ ਸਾਰੀਆਂ ਸਾਹਿਤ ਸਭਾਵਾਂ ਦੇ ਪਹੁੰਚੇ ਲੇਖਕਾਂ ਦਾ ਧੰਨਵਾਦ ਕੀਤਾ।ਇਸ ਜਾਣਕਾਰੀ ਸਭਾ ਦੇ ਪ੍ਰਚਾਰ ਸਕੱਤਰ ਦਿਲਜੀਤ ਬੰਗੀ ਨੇ ਦਿੱਤੀ।

