
ਬਠਿੰਡਾ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਸਾਹਿਤ ਜਾਗ੍ਰਿਤੀ ਸਭਾ (ਰਜਿ.) ਬਠਿੰਡਾ ਦੀ ਮਹੀਨਾਵਾਰ ਮੀਟਿੰਗ ਅਮਰਜੀਤ ਸਿੰਘ ਜੀਤ ਦੀ ਪ੍ਰਧਾਨਗੀ ‘ਚ ਟੀਚਰਜ਼ ਹੋਮ ਬਠਿੰਡਾ ਵਿਖੇ ਹੋਈ। ਮੀਟਿੰਗ ਦੌਰਾਨ ਸਲਾਨਾ ਸਮਾਗਮ ਕਰਾਉਣ ਲਈ ਵਿਚਾਰਾਂ ਕੀਤੀਆਂ ਗਈਆਂ ।ਵਿਚਾਰ ਵਟਾਂਦਰੇ ਉਪਰੰਤ ਫੈਸਲਾ ਲਿਆ ਗਿਆ ਹੈ ਕਿ 16 ਫਰਵਰੀ ਨੂੰ ਸਲਾਨਾ ਸਮਾਗਮ ਮੌਕੇ ਪ੍ਰੋਫੈਸਰ ਤਰਸੇਮ ਨਰੂਲਾ ਜੀ ਦਾ ਰੂ-ਬ-ਰੂ ਅਤੇ ਸਨਮਾਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੌਰਾਨ ਚੋਣਵੇਂ ਕਵੀਆਂ ਦਾ ਸੰਖੇਪ ਕਵੀ ਦਰਬਾਰ ਵੀ ਹੋਵੇਗਾ। ਮੀਟਿੰਗ ਦੇ ਸਾਹਿਤਕ ਦੌਰ ਵਿੱਚ ਸਾਹਿਤਕਾਰਾਂ ਨੇ ਆਪਣੀਆਂ ਰਚਨਾਵਾਂ ਦਾ ਪਾਠ ਕੀਤਾ ,ਜਿਸ ਵਿਚ ਦਿਲਜੀਤ ਬੰਗੀ ਨੇ ਸੂਫ਼ੀ ਰੰਗ ਦਾ ਗੀਤ, ਪੋਰਿੰਦਰ ਸਿੰਗਲਾ ਨੇ ਆਧੁਨਿਕ ਕਵਿਤਾ,ਸਭਾ ਦੇ ਸਕੱਤਰ ਐਡਵੋਕੇਟ ਗੁਰਵਿੰਦਰ ਸਿੰਘ ਨੇ ਭਾਵੁਕ ਕਹਾਣੀ,ਸਭਾ ਖਜਾਨਚੀ ਮਨਜੀਤ ਸਿੰਘ ਜੀਤ ਨੇ “ਆਤਮਾ ਰਾਮ ਮਿਲ ਗਿਆ “ਕਹਾਣੀ, ਰੂਪ ਚੰਦ ਸ਼ਰਮਾ ਨੇ ਮਹਾਂਭਾਰਤ ਚੋਂ ਕਵੀਸ਼ਰੀ ਪ੍ਰਸੰਗ,ਇਕਬਾਲ ਸਿੰਘ ਪੀ ਟੀ ਨੇ ਮੁਹੱਬਤੀ ਰੰਗ ਦਾ ਗੀਤ,ਅਮਰਜੀਤ ਸਿੰਘ ਜੀਤ ਨੇ ਗ਼ਜ਼ਲ “ਜੀਤ ਸਿਰਾਂ ਦੀ ਹੁੰਦੀ ਕੋਈ ਜਿੰਮੇਵਾਰੀ ਹੈ,ਫ਼ਰਜ਼ੋਂ ਭੱਜਣ ਵਾਲਾ ਤਾਂ ਸਿਰਦਾਰ ਨਹੀਂ ਹੁੰਦਾ ” ਪੇਸ਼ ਕੀਤੀ।ਸਭਾ ਸਰਪ੍ਰਸਤ ਜਸਪਾਲ ਜੱਸੀ ਨੇ ਪੜ੍ਹੀਆਂ ਰਚਨਾਵਾਂ ਦੀ ਸਮੀਖਿਆ ਕੀਤੀ , ਰਚਨਾਵਾਂ ਨੂੰ ਹੋਰ ਵੀ ਪ੍ਰਪੱਕ ਰੂਪ ਦੇਣ ਲਈ ਸਾਹਿਤਕ ਸੁਝਾਅ ਦਿੱਤੇ ਅਤੇ ਸਭ ਦਾ ਧੰਨਵਾਦ ਕੀਤਾ।ਇਕੱਤਰਤਾ ਦੇ ਅਖੀਰ ਵਿੱਚ ਸ੍ਰੀ ਅਮਿਤ ਅਰੋੜਾ ਜੀ ਨੇ ਆਪਣੀ ਕਿਤਾਬ “ਏ ਕੂਯੰਟਮ ਲੀਪ ਆਫ ਫਾਰਮਲ ਵੋਕੈਬਲੇਰੀ” ਸਭਾ ਦੀ ਲਾਇਬ੍ਰੇਰੀ ਲਈ ਭੇਟ ਕੀਤੀ ।ਇਹ ਜਾਣਕਾਰੀ ਸਭਾ ਦੇ ਪ੍ਰਚਾਰ ਸਕੱਤਰ ਦਿਲਜੀਤ ਬੰਗੀ ਨੇ ਦਿੱਤੀ।