ਸਾਹਿਤ ਮਹਾਂਰਥੀ ਚੱਕਰਵਿਊ ਵਿੱਚ ਫਸੇ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਭਾਸ਼ਾ ਵਿਭਾਗ ਪੰਜਾਬ ਵੱਲੋਂ ਛੇ ਸਾਲਾਂ ਤੋਂ ਰੁਕੇ ਹੋਏ ਸ਼੍ਰੋਮਣੀ ਸਾਹਿਤ ਪੁਰਸਕਾਰਾਂ ਦਾ ਐਲਾਨ ਕੀਤਾ ਗਿਆ।ਉਹ ਵੀ ਉਸ ਸਮੇਂ ਜਦੋਂ ਕੋਰੋਨਾ ਮਹਾਂਮਾਰੀ ਜ਼ੋਰਾਂ ਤੇ ਸੀ ਇਕ ਦੂਜੇ ਨਾਲ ਹੱਥ ਮਿਲਾਉਣ ਤੇ ਵੀ ਡਾਕਟਰਾਂ ਵੱਲੋਂ ਤੇ ਸਰਕਾਰ ਵੱਲੋਂ ਇਕੱਠ ਦੇ ਰੂਪ ਵਿਚ ਬੈਠਣ ਦੀ ਕਾਨੂੰਨੀ ਪਾਬੰਦੀ ਸੀ।ਜਿਸ ਕਾਰਨ ਸਕੂਲ ਕਾਲਜ ਬੰਦ ਸਨ ਤੇ ਸਰਕਾਰੀ ਦਫਤਰਾਂ ਵਿਚ ਵੀ ਗਿਣਤੀ ਸੀਮਤ ਰੱਖਣ ਦਾ ਸਖ਼ਤ ਹੁਕਮ ਸੀ।ਸਾਡੀ ਪੰਜਾਬ ਸਰਕਾਰ ਨੂੰ ਯਾਦ ਆ ਗਿਆ ਕਿ ਛੇ ਸਾਲਾਂ ਤੋਂ ਸਾਡੇ ਸਾਹਿਤਕਾਰ ਸ਼੍ਰੋਮਣੀ ਪੁਰਸਕਾਰਾਂ ਤੋਂ ਵਾਂਝੇ ਬੈਠੇ ਹਨ ਤੁਰੰਤ ਇਨ੍ਹਾਂ ਨੂੰ ਪੁਰਸਕਾਰ ਦੇ ਦਿੱਤੇ ਜਾਣ ਕਿਤੇ ਕੋਰੋਨਾ ਮਹਾਂਮਾਰੀ ਦੇ ਧੱਕੇ ਚੜ੍ਹ ਕੇ ਸਾਡਾ ਕੋਈ ਮਹਾਨ ਸਾਹਿਤਕਾਰ ਜਾਂ ਕਲਾਕਾਰ ਕਿਤੇ ਸਾਡੇ ਕੋਲੋਂ ਵਿਛੜ ਨਾ ਜਾਵੇ।ਫਟਾਫਟ ਕਮੇਟੀਆਂ ਪੁਰਸਕਾਰ ਦੇਣ ਲਈ ਸਥਾਪਤ ਕਰ ਦਿੱਤੀਆਂ ਪੁਰਸਕਾਰ ਕਿਸ ਨੂੰ ਦੇਣੇ ਹਨ ਤੇ ਇਸ ਦੇ ਦੇਣ ਦੇ ਕੀ ਸਿਧਾਂਤ ਹਨ।ਜਿਨ੍ਹਾਂ ਵਿਚੋਂ ਮੁੱਖ ਹਰ ਮਹਿਕਮੇ ਲਈ ਪ੍ਰਿੰਟ ਮੀਡੀਆ ਬਿਜਲਈ ਮੀਡੀਆ ਰਾਹੀਂ ਸਬੰਧਤ ਲੋਕਾਂ ਨੂੰ ਦੱਸਣਾ ਤਾਂ ਜੋ ਉਸ ਵਿੱਚ ਹਿੱਸਾ ਲੈ ਸਕਣ,ਕੋਰੋਨਾ ਦੇ ਡਰ ਕਾਰਨ ਇਹ ਪ੍ਰੈੱਸ ਨੋਟ ਦੇਣਾ ਵੀ ਸ਼ਾਇਦ ਭੁੱਲ ਗਏ।

ਫਿਰ ਕਿਸੇ ਸਾਹਿਤਕਾਰ ਜਾਂ ਜਿਸ ਨੂੰ ਸ਼੍ਰੋਮਣੀ ਪੁਰਸਕਾਰ ਦੇਣਾ ਹੈ ਪਤਾ ਨਹੀਂ ਫਿਰ ਉਸ ਵਿਚ ਕੌਣ ਹਿੱਸਾ ਲਵੇਗਾ।ਇਸ ਤਰ੍ਹਾਂ ਦਾ ਤਰੀਕਾ ਅਨੇਕਾਂ ਸਰਕਾਰੀ ਤੇ ਕਈ ਸਮਾਜਿਕ ਜਥੇਬੰਦੀਆਂ ਵੱਲੋਂ ਵੀ ਹੋਇਆ ਜਾਂ ਕੀਤਾ ਜਾਂਦਾ ਹੈ।ਇੱਕ ਲੇਖਕ ਦੀ ਕਿਤਾਬ ਆਉਂਦੀ ਹੈ ਫਿਰ ਸ਼੍ਰੋਮਣੀ ਪੁਰਸਕਾਰ ਉਸ ਨੂੰ ਹੀ ਮਿਲੇਗਾ ਲੱਗਦਾ ਭਾਸ਼ਾ ਵਿਭਾਗ ਦਾ ਵੀ ਇਹੋ ਹੀ ਵਿਚਾਰ ਸੀ।ਪਤਾ ਨਹੀਂ ਕਿਸ ਤਰ੍ਹਾਂ ਮੀਟਿੰਗਾਂ ਹੋਈਆਂ ਕਿ ਗੁਪਤ ਕਾਰਵਾਈ ਹੋਈ ਪ੍ਰੈੱਸ ਮੀਡੀਆ ਸ਼੍ਰੋਮਣੀ ਪੁਰਸਕਾਰਾਂ ਦੀਆਂ ਅਠਾਰਾਂ ਵੱਖ ਵੱਖ ਵੰਨਗੀਆਂ ਵਿੱਚ ਸਾਹਿਤਕ ਮਹਾਰਥੀਆਂ ਨੂੰ ਇੱਕ ਸੌ ਅੱਠ ਪੁਰਸਕਾਰ ਦੇਣ ਦਾ ਐਲਾਨ ਕਰ ਦਿੱਤਾ। ਸਾਹਿਤ ਨਾਲ ਜੁੜੇ ਹਰ ਆਦਮੀ ਦੀਆਂ ਅੱਖਾਂ ਭਾਸ਼ਾ ਵਿਭਾਗ ਦੇ ਪ੍ਰੈੱਸ ਨੋਟ ਨੂੰ ਪੜ੍ਹ ਕੇ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆ,ਸੋਚਣ ਲੱਗੇ ਕਿ ਇਹ ਸਾਰੇ ਪੁਰਸਕਾਰ ਸਹੀ ਰੂਪ ਵਿੱਚ ਦਿੱਤੇ ਗਏ ਹਨ,ਜਾਂ ਸਹੀ ਨਹੀਂ।ਐਲਾਨ ਹੋ ਚੁੱਕਿਆ ਸੀ ਆਪਣੇ ਸਾਹਿਤਕਾਰ ਇਕ ਦੂਸਰੇ ਦੀ ਆਲੋਚਨਾ ਘੱਟ ਹੀ ਕਰਦੇ ਹਨ।

ਬਿਲਕੁਲ ਉਸੇ ਤਰ੍ਹਾਂ ਜੋ ਮੈਂ ਸਾਹਿਤ ਸਭਾਵਾਂ ਦੇ ਕਵੀ ਸੰਮੇਲਨ ਵਿਚ ਵੇਖਿਆ ਹੈ ਕੋਈ ਵੀ ਕਵਿਤਾ ਬੋਲੇ ਉਸ ਤੇ ਵਾਹ ਵਾਹ ਤੇ ਤਾੜੀਆਂ ਵੱਜਦੀਆਂ ਹਨ,ਚਾਹੇ ਮੇਰੇ ਜਿਹਾ ਕੰਮ ਚਲਾਊ ਲੇਖਕ ਅਣਘੜ ਰਚਨਾ ਹੀ ਪੇਸ਼ ਕਰ ਰਿਹਾ ਹੋਵੇ।ਫੇਰ ਪਾਠਕੋ ਤੁਸੀਂ ਕਹੋਗੇ ਵਾਹ ਵਾਹ ਤੇ ਤਾੜੀਆਂ ਕਿਓ ਉਹ ਇਸ ਲਈ ਕਿ ਉਨ੍ਹਾਂ ਨੇ ਵੀ ਆਪਣੀ ਰਚਨਾ ਪੜ੍ਹਨੀ ਹੈ।ਇਹੋ ਕੁਝ ਸ਼੍ਰੋਮਣੀ ਪੁਰਸਕਾਰਾਂ ਨੂੰ ਲੈ ਕੇ ਹੋਇਆ ਵਧਾਈਆਂ ਦੀ ਝੜੀ ਲੱਗ ਗਈ,ਪ੍ਰਿੰਟ ਤੇ ਬਿਜਲਈ ਮੀਡੀਆ ਨੇ ਬਹੁਤ ਦਿਨਾਂ ਤਕ ਇਸ ਨੂੰ ਮੁੱਖ ਖ਼ਬਰ ਬਣਾ ਕੇ ਹੀ ਰੱਖਿਆ।ਪਰ ਅਨੇਕਾਂ ਸਾਹਿਤਕਾਰ ਇਹ ਪੁਰਸਕਾਰ ਇੱਕ ਦੂਸਰੇ ਨੂੰ ਮਿਲ ਕੇ ਸਖ਼ਤ ਸ਼ਬਦਾਂ ਵਿਚ ਆਲੋਚਨਾ ਕਰਦੇ ਨਜ਼ਰ ਤਾਂ ਆਏ ਪਰ ਮੂੰਹ ਨਹੀਂ ਖੋਲ੍ਹਿਆ ਕਾਰਨ ਤੁਸੀਂ ਸਮਝ ਹੀ ਗਏ।

ਸ਼੍ਰੋਮਣੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਨੇ ਸਰਕਾਰ ਤੇ ਜ਼ੋਰ ਪਾਉਣਾ ਚਾਲੂ ਕਰ ਦਿੱਤਾ ਕਿ ਇਨਾਮ ਜਲਦੀ ਦੇਵੋ,ਆਪਣੀਆਂ ਨਵੀਆਂ ਪੁਸ਼ਾਕਾਂ ਤਿਆਰ ਕਰਵਾ ਲਈਆਂ ਤੇ ਹੋਟਲ ਲੱਭਣ ਲੱਗੇ ਜਿੱਥੇ ਆਪਣੇ ਦੋਸਤਾਂ ਮਿੱਤਰਾਂ ਨੂੰ ਖੁੱਲ੍ਹੀ ਪਾਰਟੀ ਦੇਣੀ ਹੈ।ਬਹੁਤ ਲੰਮੇ ਸਮੇਂ ਤੋਂ ਇਸ ਸ਼੍ਰੋਮਣੀ ਪੁਰਸਕਾਰਾਂ ਦੀ ਆਲੋਚਨਾ ਹੁੰਦੀ ਆਈ ਹੈ ਪਰ ਰੌਲੇ ਗੌਲੇ ਦੇ ਦੌਰਾਨ ਹੀ ਪੁਰਸਕਾਰ ਦੇ ਦਿੱਤੇ ਜਾਂਦੇ ਹਨ ਪਰ ਇਸ ਵਾਰ ਉੱਘੇ ਨਾਵਲਕਾਰ ਲੇਖਕ ਤੇ ਵਕੀਲ ਸ੍ਰੀ ਮਾਨ ਮਿੱਤਰ ਸੈਨ ਮੀਤ ਜੀ ਨੇ ਇਨ੍ਹਾਂ ਪੁਰਸਕਾਰਾਂ ਦੀ ਬਹੁਤ ਘੋਖ ਕੀਤੀ,ਤੇ ਆਪਣੇ ਸਾਥੀਆਂ ਨਾਲ ਮਿਲ ਕੇ ਆਰਟੀਆਈ ਕਾਨੂੰਨ ਤਹਿਤ ਭਾਸ਼ਾ ਵਿਭਾਗ ਤੋਂ ਜਾਣਕਾਰੀ ਇਕੱਠੀ ਕਰਕੇ,ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਸ਼੍ਰੋਮਣੀ ਇਨਾਮਾਂ ਖ਼ਿਲਾਫ਼ ਕੇਸ ਦਾਇਰ ਕਰ ਦਿੱਤਾ।ਮਾਨਯੋਗ ਕੋਰਟ ਨੇ ਭਾਸ਼ਾ ਵਿਭਾਗ ਤੇ ਪੰਜਾਬ ਸਰਕਾਰ ਤੋਂ ਇਸ ਕੇਸ ਸਬੰਧੀ ਜਵਾਬ ਮੰਗਿਆ ਪਰ ਇਸ ਪਾਸਿਓ ਮੱਠੀ ਚਾਲ ਵੇਖ ਕੇ ਮਾਨਯੋਗ ਕੋਰਟ ਨੇ 19ਜੁਲਾਈ, 2021 ਨੂੰ ਇਨ੍ਹਾਂ ਪੁਰਸਕਾਰਾਂ ਨੂੰ ਦੇਣ ਉੱਤੇ ਰੋਕ ਲਗਾ ਦਿੱਤੀ।

ਪੰਜਾਬੀ ਸਾਹਿਤ ਨਾਲ ਜੁੜੀ ਹੋਈ ਖਬਰ ਦਾ ਪ੍ਰਿੰਟ ਤੇ ਬਿਜਲਈ ਮੀਡੀਆ ਕੋਰਟ ਵੱਲੋਂ ਲਗਾਈ ਰੋਕ ਦਾ ਕਿਸੇ ਨੇ ਵੀ ਖ਼ਬਰ ਦੇ ਰੂਪ ਵਿੱਚ ਛਾਪਿਆ ਨਹੀਂ ਤੇ ਪ੍ਰਸਾਰਨ ਨਹੀਂ ਕੀਤਾ,ਅਜਿਹਾ ਪਹਿਲੀ ਵਾਰ ਹੋਇਆ ਹੈ ਕਿਸੇ ਸਾਹਿਤਕਾਰ ਦੀ ਕਿਸੇ ਕਵੀ ਦਰਬਾਰ ਵਿਚ ਤੂੰ ਤੂੰ ਮੈਂ ਮੈਂ ਹੋ ਜਾਵੇ ਖ਼ਬਰ ਤਾਂ ਛੋਟੀ ਗੱਲ ਹੈ ਉਸ ਤੇ ਵੱਡੇ ਵੱਡੇ ਸੰਪਾਦਕੀ ਸਾਡੇ ਪੰਜਾਬੀ ਅਖ਼ਬਾਰਾਂ ਵਿੱਚ ਛਪ ਜਾਂਦੇ ਹਨ।ਸ੍ਰੀ ਮਾਨ ਮਿੱਤਰ ਸੈਨ ਮੀਤ ਜੀ ਨੇ ਕਦੋਂ ਕੇਸ ਦਾਇਰ ਕੀਤਾ ਇਸ ਬਾਰੇ ਸਾਹਿਤਕਾਰਾਂ ਤੇ ਪੰਜਾਬੀ ਜਗਤ ਨੂੰ ਕੁਝ ਵੀ ਪਤਾ ਨਹੀਂ ਸੀ।ਅਖ਼ਬਾਰਾਂ ਦੇ ਪਾਠਕਾਂ ਨੂੰ ਪਿਛਲੇ ਦਿਨੀਂ ਖ਼ਬਰ ਪੜ੍ਹ ਕੇ ਬਹੁਤ ਹੈਰਾਨੀ ਹੋਈ,ਸਾਡੇ ਪੰਜਾਬੀ ਦੇ ਇੱਕ ਉੱਚ ਕੋਟੀ ਦੇ ਅਖ਼ਬਾਰ ਨੇ ਸ਼੍ਰੋਮਣੀ ਪੁਰਸਕਾਰਾਂ ਤੇ ਲੱਗੀ ਰੋਕ ਸਬੰਧੀ ਭਾਸ਼ਾ ਵਿਭਾਗ ਨੇ ਆਪਣਾ ਜਵਾਬ ਹਾਜ਼ਰ ਕਰ ਦਿੱਤਾ ਹੈ ਇਹ ਲਿਖ ਕੇ ਖ਼ਬਰ ਜ਼ਰੂਰ ਲਗਾਈ,ਮੁੱਖ ਖ਼ਬਰ ਨੂੰ ਵੀ ਜ਼ਿਲ੍ਹਾ ਵਾਰ ਪੰਨੇ ਉੱਤੇ ਲਗਾਇਆ ਗਿਆ ਜੋ ਕਿ ਪੂਰੇ ਪੰਜਾਬੀਆਂ ਤਕ ਪਹੁੰਚ ਨਹੀਂ ਸਕੀ ਰੋਕ ਲੱਗਣ ਸਮੇਂ ਤੇ ਭਾਸ਼ਾ ਵਿਭਾਗ ਵੱਲੋਂ ਜਵਾਬ ਦਾਇਰ ਕਰਨ ਸਬੰਧੀ ਵੇਰਵੇ ਸਹਿਤ ਕਿਸੇ ਅਖ਼ਬਾਰ ਵਿੱਚੋਂ ਪਾਠਕਾਂ ਨੂੰ ਪੜ੍ਹਨ ਲਈ ਕੁਝ ਨਹੀਂ ਮਿਲਿਆ।

ਚਲੋ ਬਿਜਲਈ ਤੇ ਪ੍ਰਿੰਟ ਮੀਡੀਆ ਦਾ ਕੋਈ ਕਾਨੂੰਨ ਹੋਵੇਗਾ ਜਿਸ ਦੇ ਤਹਿਤ ਇਸ ਖ਼ਬਰ ਨੂੰ ਛੋਟੀ ਮੋਟੀ ਸਮਝ ਕੇ ਛਾਪਿਆ ਜਾਂ ਨਹੀਂ ਦੱਸਿਆ ਹੋਵੇਗਾ।ਕਿਉਂਕਿ ਬਹੁਤਾ ਮੀਡੀਆ ਸਰਕਾਰ ਦੇ ਹੱਕ ਵਿੱਚ ਹੀ ਰਹਿੰਦਾ ਹੈ ਕਿਉਂਕਿ ਸਰਕਾਰੀ ਇਸ਼ਤਿਹਾਰਾਂ ਵਿੱਚ ਕਮੀ ਨਾ ਆ ਜਾਵੇ ਇਹ ਵੀ ਡਰ ਰਹਿੰਦਾ ਹੈ।ਹੁਣ ਤਕ ਜਿੰਨੇ ਵੀ ਪੁਰਸਕਾਰ ਦਿੱਤੇ ਗਏ ਹਨ ਹਰ ਵਾਰ ਆਲੋਚਨਾ ਹੁੰਦੀ ਆਈ ਹੈ ਸ਼ਾਇਦ ਭਾਸ਼ਾ ਵਿਭਾਗ ਦੇ ਅਧਿਕਾਰੀ ਨੂੰ ਪੂਰੀ ਜਾਣਕਾਰੀ ਨਾ ਹੋਵੇ,ਕੇ ਸਹੀ ਰੂਪ ਵਿੱਚ ਪੁਰਸਕਾਰ ਕਿਵੇਂ ਦਿੱਤੇ ਜਾਂਦੇ ਹਨ ।ਪਟਿਆਲਾ ਸ਼ਹਿਰ ਦੇ ਪੱਤਰਕਾਰਾਂ ਤੋਂ ਗੁਪਤ ਸੂਚਨਾ ਮਿਲੀ ਹੈ ਕਿ ਭਾਸ਼ਾ ਵਿਭਾਗ ਦੇ ਅਧਿਕਾਰੀ ਹੁਣ ਸਰਕਾਰੀ ਵਕੀਲਾਂ ਤੋਂ ਇਲਾਵਾ ਪਟਿਆਲਾ ਦੀਆਂ ਕਚਹਿਰੀਆਂ ਵਿੱਚ ਆਪਣੀ ਪਸੰਦ ਤੇ ਯੋਗ ਵਕੀਲਾਂ ਨੂੰ ਲੱਭ ਰਹੇ ਹਨ।ਕਿਉਂਕਿ ਮਾਣਯੋਗ ਕੋਰਟ ਨੂੰ ਲੱਗੀ ਰੋਕ ਬਾਰੇ ਆਪਣੇ ਵਿਚਾਰ ਦੱਸਣੇ ਜ਼ਰੂਰੀ ਹਨ।

ਸਾਡੇ ਸਾਹਿਤ ਮਹਾਂਰਥੀ ਏਡਾ ਵੱਡਾ ਇਨਾਮ ਪ੍ਰਾਪਤ ਕਰਨ ਵਾਲਿਆਂ ਤੇ ਗਾਜ ਗਿਰੀ ਸਾਹਿਤ ਸਭਾਵਾਂ ਕਿਉਂ ਚੁੱਪ ਹਨ।ਕੋਈ ਸਰਕਾਰੀ ਚਿੱਠੀ ਅੰਗਰੇਜ਼ੀ ਵਿਚ ਇਨ੍ਹਾਂ ਨੂੰ ਵਿਖਾਈ ਦੇ ਦੇਵੇ ਤਾਂ ਥਾਂ ਥਾਂ ਤੇ ਧਰਨੇ ਲਗਾ ਦਿੱਤੇ ਜਾਂਦੇ ਹਨ।ਹੁਣ ਸਾਹਿਤਕਾਰਾ ਤੁਹਾਡੇ ਸਾਥੀਆਂ ਦੇ ਇਨਾਮਾਂ ਤੇ ਰੋਕ ਲੱਗ ਰਹੀ ਹੈ ਚੁੱਪ ਕਿਓ ਮੈਂ ਕੋਈ ਵਕੀਲ ਤਾਂ ਨਹੀਂ ਕਿ ਕਾਨੂੰਨੀ ਸਲਾਹ ਦੇ ਸਕਾਂ ਪਰ ਸਾਹਿਤਕਾਰ ਤੇ ਇਨਾਮ ਪ੍ਰਾਪਤ ਕਰਨ ਵਾਲੇ ਭੈਣੋ ਤੇ ਭਰਾਵੋ,ਪ੍ਰੈਸ ਤੇ ਸੋਸ਼ਲ ਮੀਡੀਆ ਹੈ ਤੁਸੀਂ ਇਸ ਵਿਚ ਆ ਕੇ ਦੱਸੋ ਕਿ ਸਾਨੂੰ ਇਨਾਮ ਮਿਲੇ ਹਨ,ਅਸੀਂ ਇਸ ਦੇ ਯੋਗ ਸੀ।ਜਿਸ ਦੀ ਗਲਤੀ ਹੈ ਉਸ ਤੇ ਕਾਰਵਾਈ ਕਰੋ ਸਾਡਾ ਇਨਾਮ ਕਿਓ ਰੋਕਿਆ ਹੈ ਆਪਣਾ ਪੱਖ ਜਨਤਾ ਦੇ ਸਾਹਮਣੇ ਜ਼ਰੂਰ ਰੱਖਣਾ ਚਾਹੀਦਾ ਹੈ।

ਮਾਣਯੋਗ ਕੋਰਟ ਵਿਚ ਜਾ ਕੇ ਵੀ ਬੇਨਤੀ ਕਰਨੀ ਚਾਹੀਦੀ ਹੈ ਕਿ ਮੈਨੂੰ ਇਨਾਮ ਲਈ ਇਹ ਚਿੱਠੀ ਮਿਲੀ ਹੈ ਮੈਨੂੰ ਇਹ ਪੁਰਸਕਾਰ ਮਿਲਣਾ ਚਾਹੀਦਾ ਹੈ ਮੇਰਾ ਕੀ ਕਸੂਰ ਹੈ ਉਹ ਆਪਣੇ ਆਪ ਸਰਕਾਰ ਤੋਂ ਜਵਾਬ ਮੰਗੇਗੀ।ਸਾਡੇ ਸਾਹਿਤਕਾਰਾਂ ਨੂੰ ਕਿਓ ਚੱਕਰਵਿਊ ਵਿਚ ਉਲਝਾਇਆ ਹੋਇਆ ਹੈ,ਇਸ ਬਾਰੇ ਸਾਡੀਆਂ ਅਖ਼ਬਾਰਾਂ ਨੂੰ ਵੀ ਲਿਖਣਾ ਚਾਹੀਦਾ ਹੈ ਕਿਓ ਕਿ ਸਾਹਿਤ ਦੇ ਸਹਾਰੇ ਹੀ ਅਖ਼ਬਾਰ ਚੱਲਦੇ ਹਨ।ਤੁਹਾਡੇ ਸਾਹਿਤਕ ਸਹਾਰੇ ਦੀਆਂ ਥੰਮੀਆਂ ਹਿੱਲ ਰਹੀਆਂ ਹਨ ਇਸ ਬਾਰੇ ਪੁਰਸਕਾਰ ਪ੍ਰਾਪਤ ਕਰਨ ਵਾਲੇ ਭੈਣਾਂ ਭਰਾਵਾਂ ਨਾਲ ਜਾ ਕੇ ਮੁਲਾਕਾਤ ਕਰੋ ਤੇ ਜਨਤਾ ਦੇ ਸਾਹਮਣੇ ਪੇਸ਼ ਹੋਣੀ ਚਾਹੀਦੀ ਹੈ।ਤਾਂ ਜੋ ਜਨਤਾ ਵੀ ਸਾਹਿਤਕਾਰਾਂ ਨਾਲ ਜੁੜੇ ਤੇ ਆਵਾਜ਼ ਬੁਲੰਦ ਕਰੇ,ਕਿ ਸਾਡੇ ਸਾਹਿਤਕਾਰਾਂ ਨਾਲ ਧੋਖਾ ਨਾ ਕਰੋ ਇਨ੍ਹਾਂ ਦਾ ਬਣਦਾ ਪੁਰਸਕਾਰ ਮਿਲਣਾ ਚਾਹੀਦਾ ਹੈ।ਸਾਹਿਤਕਾਰੋ ਤੁਹਾਡੀ ਚੁੱਪ ਪੁਰਸਕਾਰਾਂ ਤੇ ਲੱਗੀ ਹੋਈ ਰੋਕ ਨੂੰ ਕਿਤੇ ਮਜ਼ਬੂਤ ਨਾ ਕਰ ਦੇਵੇ,ਸਾਹਿਤਕਾਰਾਂ ਲਈ ਮੀਡੀਆ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਹੁੰਦੇ ਹਨ ਕਿਸੇ ਤੋਂ ਇਜਾਜ਼ਤ ਨਹੀਂ ਲੈਣੀ ਹੁੰਦੀ,ਉੱਠੋ ਤੇ ਆਪਣਾ ਹੱਕ ਮੰਗੋ ਨਹੀਂ ਸਾਡੇ ਸਾਰੇ ਸਾਹਿਤਕਾਰ ਚੱਕਰਵਿਊ ਵਿਚ ਬੁਰੀ ਤਰ੍ਹਾਂ ਫਸ ਜਾਣਗੇ।ਜੇ ਕਰ ਪੁਰਸਕਾਰ ਨਾ ਮਿਲੇ ਤਾਂ ਪੰਜਾਬੀ ਸਾਹਿਤ ਵਿਚ ਇਹ ਇਕ ਬਦਨਾਮੀ ਦਾ ਪੰਨਾ ਸ਼ਾਮਲ ਹੋ ਜਾਵੇਗਾ।

ਰਮੇਸ਼ਵਰ ਸਿੰਘ ਪਟਿਆਲਾ

ਸੰਪਰਕ ਨੰਬਰ 9914880392

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਖਿਰ ਉਹ ਲੋਕ ਕਿਹੜੇ ਨੇ
Next articleਅਧਿਆਪਕ ਦਲ ਪੰਜਾਬ (ਜਵੰਧਾ) ਵਲੋਂ 24 ਦੀ ਰੈਲੀ ਦੇ ਸਮਰਥਨ ਦਾ ਐਲਾਨ