(ਸਮਾਜ ਵੀਕਲੀ)
ਜਨਮ ਦਿਨ ਤੇ ਸਾਹਿਲ ਨੂੰ ਯਾਦ ਕਰਦਿਆਂ
ਅੱਜ 27 ਮਾਰਚ ਨੂੰ ਇੰਜੀ ਸਾਹਿਲਪ੍ਰੀਤ ਸਿੰਘ ਦੇ ਜਨਮ ਦਿਨ ਤੇ ਬੜੇ ਹੀ ਭਰੇ ਮਨ ਨਾਲ ਪਰਿਵਾਰ, ਦੋਸਤ, ਮਿੱਤਰ, ਰਿਸ਼ਤੇਦਾਰਾਂ, ਅਤੇ ਇਲਾਕਾ ਨਿਵਾਸੀਆਂ ਵੱਲੋਂ ਉਨ੍ਹਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਅਤੇ ਵੀਰ ਦੇ ਦੋਸਤ,ਮਿੱਤਰ ਅਤੇ ਜਮਾਤੀਆਂ ਨੇ ਜੋ ਕੁੱਝ ਸਾਂਝਾ ਕੀਤਾ ਉਹ ਸਾਹਿਲ ਦੇ ਚਰਿਤ੍ਰ, ਸੁਭਾਅ ਤੇ ਜੀਵਨ ਬਾਰੇ ਇਹ ਚਿੱਤਰ ਚਿੱਤਰਦਾ ਹੈ ਕਿ ਵੀਰ ਬਹੁਤ ਹੀ ਕੋਮਲ ਦਿਲ, ਮਿਲਾਪੜਾ, ਹਰ ਇੱਕ ਦੀ ਮੱਦਦ ਲਈ ਤੱਤਪਰ ਰਹਿਣ ਵਾਲਾ ਅਤੇ ਇਨਸਾਨੀਅਤ ਨੂੰ ਪਿਆਰ ਕਰਨ ਵਾਲਾ ਨੇਕ ਦਿਲ ਇਨਸਾਨ ਸੀ। ਸਃ ਸਾਹਿਲਪ੍ਰੀਤ ਸਿੰਘ ਨੂੰ ਚੇਤੇ ਕਰਦਿਆਂ ਧੁਰ ਅੰਦਰੋ ਡੂੰਘਾ ਹੌਕਾ ਨਿਕਲਦਾ ਹੈ। ਸਾਹਿਲ ਯਾਰਾਂ ਦਾ ਯਾਰ ਅਤੇ ਮਾਪਿਆਂ ਦਾ ਪਿਆਰ ਸੀ।
7 ਫ਼ਰਵਰੀ ਦੀ ਆਖਰੀ ਸਵੇਰ ਦੀ ਹਿਚਕੀ ਤੀਕ ਮੈ ਉਸ ਤੋਂ ਪਿਆਰ ਦੁਲਾਰ ਲਿਆ। ਮੇਰੇ ਵਰਗੇ ਕਿੰਨੇ ਹੋਰ ਹੋਣਗੇ ਉਸ ਦੀ ਬੁੱਕਲ ਚੋ ਸਤਿਕਾਰ ਅਤੇ ਪਿਆਰ ਲੈਣ ਵਾਲੇ। ਧਰਤੀ ਜਿੱਡਾ ਜੇਰਾ, ਅੰਬਰ ਜਿੱਡਾ ਪਿਆਰ ਕੈਨਵਸ, ਪੌਣਾਂ ਜਿਹੀ ਨਿਰਛਲਤਾ, ਕਿਣ ਮਿਣ ਕਣੀਆਂ ਵਰਗਾ ਸੁਭਾਅ ਸੀ ਉਹ ਸੱਚ ਮੁੱਚ ਹੀ ਸਮੁੰਦਰ ਦਾ ਕਿਨਾਰਾ (ਸਾਹਿਲ) ਸੀ। PGI ਹਸਪਤਾਲ ਦੇ ਆਈ ਸੀ ਯੂ ਵਿੱਚ ਆਖ਼ਰੀ ਸਾਹਾਂ ਤੱਕ ਉਹ ਮੌਤ ਨਾਲ ਬੜੀ ਮਜ਼ਬੂਤੀ ਨਾਲ ਲੜਦਾ ਰਿਹਾ। ਹਰ ਮਨੁੱਖ ਆਪਣੀਆਂ ਵਿਲੱਖਣ ਵਿਸ਼ੇਸ਼ਤਾਵਾਂ ਕਰਕੇ ਦੂਜੇ ਮਨੁੱਖ ਤੋਂ ਵੱਖ ਹੁੰਦਾ ਹੈ।
ਸਾਹਿਲ ਵੀ ਅਗਾਂਹਵਧੂ ਸੋਚ ਦਾ ਮਾਲਕ ਹੋਣ ਕਰਕੇ ਅਤੇ ਮਿਹਨਤਕਸ਼ ਪਰਿਵਾਰ ਵਿੱਚ ਪੈਦਾ ਹੋਣ ਕਰਕੇ ਬਹੁਤ ਮਿਹਨਤੀ ਅਤੇ ਸਮਾਜ ਸੇਵੀ ਸੀ ਉਹ ਆਪਣੀ ਉਮਰ ਵਿੱਚ ਕਈ ਵਾਰ ਖੂਨ ਦਾਨ ਕਰ ਚੁੱਕਾ ਹੈ। ਅਫਸੋਸ ਕਿ ਉਹ ਆਪਣੀ ਜ਼ਿੰਦਗੀ ਦਾ ਅਧੂਰਾ ਸਫਰ ਛੱਡ ਪਰਿਵਾਰ ਅਤੇ ਦੋਸਤਾਂ ਮਿੱਤਰਾਂ ਨੂੰ ਰੋਂਦਾ ਕੁਰਲਾਉਂਦਾ ਛੱਡ ਇਸ ਫਾਨੀ ਦੁਨੀਆਂ ਤੋਂ ਰੁਖ਼ਸਤ ਹੋ ਗਿਆ।
ਸਾਹਿਲਪ੍ਰੀਤ ਸਿੰਘ ਜੇਈ ਟਰਾਂਸਕੋ ਦਾ ਜਨਮ 27 ਮਾਰਚ 1994 ਨੂੰ ਮਾਤਾ ਸ਼੍ਰੀਮਤੀ ਲਵਪ੍ਰੀਤ ਕੌਰ ਦੀ ਕੁੱਖੋਂ ਤੇ ਪਿਤਾ ਰਿਟਾਇਰ SDO ਕੁਲਦੀਪ ਸਿੰਘ ਦੇ ਘਰ ਪਿੰਡ ਰਾਮਨਗਰ ਤਹਿਸੀਲ ਰਾਜਪੁਰਾ ਜਿਲਾ ਪਟਿਆਲਾ ਵਿਖੇ ਹੋਇਆ। ਇਨਾਂ ਨੇ 10ਵੀਂ ਜਮਾਤ ਹੋਲੀਏਂਜਲ ਸਕੂਲ ਰਾਜਪੁਰਾ ਤੋਂ ਪਾਸ ਕੀਤੀ ਅਤੇ 12ਵੀ ਨਾਨ ਮੈਡੀਕਲ ਜਮਾਤ ਸਕਾਲਰ ਪਬਲਿਕ ਸਕੂਲ ਤੋਂ ਕੀਤੀ। ਸਾਹਿਲਪ੍ਰੀਤ ਸਿੰਘ ਨੇ ਥਾਪਰ ਯੂਨੀਵਰਸਿਟੀ ਪਟਿਆਲਾ ਤੋਂ ਇਲੈਕਟਰੀਕਲ ਇੰਜੀਨੀਅਰ ਦੀ ਡਿਗਰੀ ਪ੍ਰਾਪਤ ਕੀਤੀ ਤੇ 2017 ’ਚ ਬਿਜਲੀ ਬੋਰਡ ’ਚ ਸਿੱਧੇ ਤੌਰ ’ਤੇ ਜੇਈ ਭਰਤੀ ਹੋਏ।
ਇਨ੍ਹਾਂ ਨੇ ਆਪਣੀ ਸਰਵਿਸ ਬਤੌਰ ਜੇਈ 400KV ਗ੍ਰਿਡ ਪਿੰਡ ਚੰਦੁਆ ਤੋਂ ਸ਼ੁਰੂ ਕੀਤੀ ਤੇ 3 ਫ਼ਰਵਰੀ ਨੂੰ ਆਪਣੀ ਡਿਊਟੀ ਨਿਭਾਉਂਦਿਆਂ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ 4 ਦਿਨ PGI ਵਿੱਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ 7 ਫ਼ਰਵਰੀ ਨੂੰ ਆਪਣੇ ਮਾਪਿਆਂ, ਛੋਟੇ ਭਰਾ ਗੁਰਕੰਵਲ ਅਤੇ ਆਪਣੇ ਪਿਆਰਿਆਂ ਨੂੰ ਰੋਦਾ ਕੁਰਲਾਉਂਦਾ ਛੱਡ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਇੱਕ ਮਿਲਾਪੜਾ,ਸਾਉ ਅਤੇ ਨੇਕ ਦਿਲ ਇਨਸਾਨ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦਾ ਰਹੇਗਾ।
ਰਮੇਸ਼ਵਰ ਸਿੰਘ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly