(ਸਮਾਜ ਵੀਕਲੀ)
ਨਾਮ ਹੈ ਅਜੀਤ ਸਿੰਘ, ਜੀਤਾ ਨਾ ਜਾਊਂ ਕਦੇ,
ਜਿੱਤਿਆ ਗਿਆ ਤਾਂ ਫਿਰ ਜ਼ਿੰਦਾ ਨਾ ਆਊਂਗਾ।
ਜੰਗ ਦੇ ਮੈਦਾਨ ਵਿੱਚ ਜਿੱਤਣਾ ਉਦੇਸ਼ ਮੇਰਾ,
ਜਿੱਤ ਦੇ ਲਈ ਜ਼ਿੰਦਗੀ ਦੀ ਬਾਜ਼ੀ ਲਗਾਊਂਗਾ।
ਰਤਾ ਵੀ ਨਾ ਖ਼ੌਫ ਮੇਰੇ ਦਿਲ ਵਿੱਚ ਮੌਤ ਦਾ,
ਸਵਾ ਲੱਖ ਨਾਲ ਕੱਲਾ ਲੜ ਕੇ ਵਿਖਾਊਂਗਾ।
ਜ਼ਿੰਦਗੀ ਦੀ ਬਾਜ਼ੀ ਜਾਊਂ ਜਿੱਤ ਕੇ ਸੰਸਾਰ ‘ਚੋਂ,
ਰਣ ਦਾ ਅਜੀਤ ਤਾਂਹੀ ‘ਭੁੱਲੜਾ’ ਕਹਾਊਂਗਾ।
ਨਾਮ ਦਾ ਜੁਝਾਰ ਸਿੰਘ ਪੁੱਤ ਬਾਜਾਂ ਵਾਲੇ ਦਾ,
ਮੌਤ ਲਾੜੀ ਵਰ੍ਹਨ ਲਈ ਤਿਆਰ ਹੋਇਆ ਝੱਟ-ਪੱਟ।
ਪੰਜ ਸਿੰਘ ਨਾਲ ਲੈ ਕੇ ਟੁੱਟ ਪਿਆ ਵੈਰੀ ਉਤੇ,
ਜਿਹੜਾ ਆਇਆ ਸਾਹਮਣੇ, ਉਹ ਸੁੱਟਿਆ ਸੀ ਕੱਟ-ਕੱਟ ।
ਰਣ ਵਿੱਚ ਜੂਝ ਕੇ ਜੁਝਾਰੂਆਂ ਦੇ ਵਾਂਗ ਯੋਧਾ,
ਵੈਰੀਆਂ ‘ਤੇ ਵਾਰ ਕਰੇ ਤੇਗ ਨਾਲ ਵੱਟ-ਵੱਟ।
ਸੈਆਂ ਵੈਰੀ ਮਾਰ ਕੇ ਸ਼ਹੀਦ ਹੋਇਆ ਸੂਰਮਾ,
‘ਭੁੱਲੜਾ’ ਸ਼ਹਾਦਤ ਦਾ ਪਿਆਲਾ ਪੀਤਾ ਗੱਟ-ਗੱਟ।
ਨਾਮ ਜੋਰਾਵਰ ਸਿੰਘ ਸੋਹਲ ਤੇ ਮਲੂਕ ਜਿਹਾ,
ਚੰਦ ਜਿਹਾ ਮੁੱਖ ਤੇ ਉਮਰ ਨੌਂ ਸਾਲ ਦਾ।
ਕੰਧ ਵਿੱਚ ਖੜ੍ਹਾ ਲਲਕਾਰ ਰਿਹਾ ਮੌਤ ਤਾਈ,
ਚਿਹਰੇ ਉੱਤੇ ਨੂਰ ਸੀ ਗਜ਼ਬ ਤੇ ਕਮਾਲ ਦਾ ।
ਮੌਤ ਵੀ ਹੈਰਾਨ ਤੱਕ ਰਹੀ ਸ਼ਹਿਜਾਦੇ ਵੱਲ,
ਸੂਬੇ ਦੀ ਕਚਿਹਰੀ ਵਿੱਚ ਗੱਜ-ਵੱਜ ਬੋਲਿਆ।
‘ਭੁੱਲੜਾ’ ਸ਼ਹੀਦ ਹੋਇਆ ਸਿੱਖੀ ਸ਼ਾਨ ਬਦਲੇ,
ਝੱਲ ਗਿਆ ਤਸੀਹੇ, ਪਰ ਜਰ੍ਹਾ ਵੀ ਨਾ ਡੋਲਿਆ।
ਨਾਮ ਫਤਹਿ ਸਿੰਘ ਤੇ ਉਮਰ ਸੱਤ ਸਾਲ ਦੀ,
ਸੋਹਲ ਜਿਹੀ ਛਾਤੀ ਵਿੱਚ ਦਿਲ ਸੀ ਫੌਲਾਦ ਦਾ।
ਸੋਹਣਾ ਸੁਨੱਖਾ ਹੱਦੋਂ ਵੱਧ ਜਿਵੇਂ ਚੰਦ ਹੋਵੇ,
ਲਾਲ ਸੂਹਾ ਫੁੱਲ ਜਿਵੇਂ ਹੁੰਦਾ ਏ ਗੁਲਾਬ ਦਾ।
ਨੀਹਾਂ ਵਿੱਚ ਖੜ੍ਹਾ ਹਿੱਕ ਤਾਣ ਕੇ ਭੁਝੰਗ ਸਿੰਘ,
ਡੋਲਦਾ ਸੀ ਦਿਲ ਵੇਖ-ਵੇਖ ਕੇ ਜਲਾਦ ਦਾ।
ਮੌਤ ਉੱਤੇ ਫਤਹਿ ਪਾਈ ਫਤਹਿ ਸਿੰਘ ‘ਭੁੱਲੜਾ’
ਚੂਰ-ਚੂਰ ਕਰ ਦਿੱਤਾ ਗੁਮਾਨ ਸੀ ਨਵਾਬ ਦਾ।
ਸੁਖਦੇਵ ਸਿੰਘ ਭੁੱਲੜ
ਸੁਰਜੀਤ ਪੁਰਾ ਬਠਿੰਡਾ
94170-46117
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly