ਸਹਿਤ ਸਭਾ ਵੱਲੋਂ ਮਾਸਟਰ ਅਜੀਤ ਸਿੰਘ ਦਾ ਕਹਾਣੀ ਸੰਗ੍ਰਹਿ ‘ਵਨ ਸਵੰਨ’ ਰਿਲੀਜ਼

ਕਪੂਰਥਲਾ , (ਸਮਾਜ ਵੀਕਲੀ)( ਕੌੜਾ )– ਚੌਦਾਂ (14) ਕਹਾਣੀਆਂ ਦੇ ਅਧਾਰਤ ਮਾਸਟਰ ਅਜੀਤ ਸਿੰਘ ਦਾ ਕਹਾਣੀ ਸੰਗ੍ਰਹਿ ‘ਵਨ ਸਵੰਨ’ ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਸਥਾਨਕ ਨਿਰਮਲ ਕੁਟੀਆ ਵਿਖੇ ਆਯੋਜਿਤ ਸਮਾਗਮ ਵਿੱਚ ਉੱਘੇ ਵਿਦਵਾਨਾਂ ,ਸਰਕਰਦਾ ਸ਼ਖਸੀਅਤਾਂ ਅਤੇ ਸਾਹਿਤ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਉੱਘੇ ਵਾਤਾਵਰਣ ਪ੍ਰੇਮੀ ਪਦਮ ਸ਼੍ਰੀ ਰਾਜ ਸਭਾ ਮੈਂਬਰ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਉਚੇਚੇ ਤੌਰ ਤੇ ਸ਼ਿਰਕਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਡਾਕਟਰ ਸਵਰਨ ਸਿੰਘ ਪ੍ਰਧਾਨ, ਨਾਮਵਰ ਲੇਖਕ ਅਜੇ ਸ਼ਰਮਾ ਜਲੰਧਰ, ਚੇਅਰਮੈਨ ਤੇਜਵੰਤ ਸਿੰਘ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਨਰਿੰਦਰ ਸਿੰਘ ਜੀਰਾ ਅਤੇ ਦਿਆਲ ਸਿੰਘ ਦੀਪੇ ਵਾਲ ਨੇ ਕੀਤੀ ।ਸਭਾ ਦੇ ਸਕੱਤਰ ਮੁਖਤਾਰ ਸਿੰਘ ਚੰਦੀ ਨੇ ਹਾਜ਼ਰੀਨ ਨੂੰ ਜੀ ਆਇਆ ਕਿਹਾ। ਕਿਤਾਬ ਵਿਚਲੀਆਂ ਕਹਾਣੀਆਂ ਤੇ ਚਰਚਾ ਦੀ ਸ਼ੁਰੂਆਤ ਕਰਦਿਆਂ ਉਹਨਾਂ ਕਿਹਾ ਕਿ ਇਹ ਕਹਾਣੀਆਂ ਤਕਰੀਬਨ 6 ਦਹਾਕੇ ਪਹਿਲਾਂ ਦੇ ਪੰਜਾਬ ਦੇ ਪੇਂਡੂ ਜੀਵਨ ਦੇ ਯਥਾਰਥ ਨੂੰ ਪਾਠਕਾਂ ਦੇ ਰੂਬਰੂ ਕਰਦੀਆਂ ਹਨ ਜੋ ਕਿ ਕਿਸੇ ਮਹੱਤਵਪੂਰਨ ਦਸਤਾਵੇਜ ਤੋਂ ਘੱਟ ਨਹੀਂ ਹਨ ।ਵਿਦਵਾਨ ਲੇਖਕ ਅਜੇ ਸ਼ਰਮਾ ਜਲੰਧਰ ਨੇ ਕਿਹਾ ਕਿ ਲੇਖਕ ਨੇ ਇਹਨਾਂ ਕਹਾਣੀਆਂ ਵਿੱਚ ਪੇਂਡੂ ਮੱਧ ਵਰਗ, ਛੋਟੀ ਕਿਸਾਨੀ ,ਮਜ਼ਦੂਰ ਤੇ ਵਪਾਰੀ ਵਰਗ ਨਾਲ ਸੰਬੰਧਿਤ ਆਮ ਪਰਿਵਾਰਾਂ ਦੀਆਂ ਲੋੜਾਂ, ਸੰਘਰਸ਼ ਇਛਾਵਾਂ ਅਤੇ ਨੌਜਵਾਨ ਵਰਗ ਦੇ ਸੁਪਨਿਆਂ ਨੂੰ ਯਥਾਰਥ ਤੇ ਗਲਪ ਦੇ ਸੁਮੇਲ ਨਾਲ ਪਾਠਕਾਂ ਦੇ ਸਨਮੁਖ ਕੀਤਾ ਹੈ । ਇਸ ਮੌਕੇ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਲੇਖਕ ਨੂੰ ਇਸ ਕਿਤਾਬ ਦੀਆਂ ਮੁਬਾਰਕਾਂ ਦਿੰਦੇ ਹੋਏ ਕਿਹਾ ਕਿ ਮਾਸਟਰ ਅਜੀਤ ਸਿੰਘ ਵਡੇਰੀ ਉਮਰ ਵਿੱਚ ਆਪਣੀ ਜ਼ਿੰਦਗੀ ਦੇ ਤਜਰਬੇ ਕਿਤਾਬਾਂ ਰਾਹੀਂ ਸਮਾਜ ਨਾਲ ਸਾਂਝੇ ਕਰ ਰਹੇ ਹਨ ਜੋ ਕਿ ਇੱਕ ਸ਼ਲਾਘਾਯੋਗ ਕਾਰਜ ਹੈ। ਸਮਾਗਮ ਨੂੰ ਉੱਘੇ ਕਾਮਰੇਡ ਆਗੂ ਸੁਰਿੰਦਰ ਸਿੰਘ ਖੀਵਾ, ਐਡਵੋਕੇਟ ਰਜਿੰਦਰ ਸਿੰਘ ਰਾਣਾ, ਮਾਸਟਰ ਸੁੱਚਾ ਸਿੰਘ ਮਿਰਜਾਪੁਰ, ਉੱਘੇ ਨਿਬੰਧ ਲੇਖਕ ਨਰਿੰਦਰ ਸਿੰਘ ਜੀਰਾ, ਚੇਅਰਮੈਨ ਤੇਜਵੰਤ ਸਿੰਘ ਅਤੇ ਮਾਸਟਰ ਅਜੀਤ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਉੱਘੇ ਗਾਇਕ ਬਲਵੀਰ ਸ਼ੇਰਪੁਰੀ, ਕਵਿਤਰੀ ਲਾਡੀ ਭੁੱਲਰ ਅਤੇ ਬਾਬਾ ਬਲਵਿੰਦਰ ਸਿੰਘ ਰੱਬ ਜੀ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਅਖੀਰ ਵਿੱਚ ਡਾਕਟਰ ਸਵਰਨ ਸਿੰਘ ਪ੍ਰਧਾਨ ਨੇ ਸਮਾਗਮ ਦੌਰਾਨ ਪਹੁੰਚੀਆਂ ਸ਼ਖ਼ਸੀਅਤਾਂ ਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ।ਇਸ ਮੌਕੇ ਮਾਸਟਰ ਲਿਵਤਾਰ ਸਿੰਘ, ਮਾਸਟਰ ਗੁਰਬਚਨ ਦਾਸ, ਬਲਵਿੰਦਰ ਸਿੰਘ ਧਾਲੀਵਾਲ, ਗੁਰਚਮਨ ਲਾਲ, ਹਰਜਿੰਦਰ ਸਿੰਘ ਧੰਜੂ ,ਗੁਰਦੀਪ ਸਿੰਘ ਹੱਲਣ, ਰਜੇਸ਼ ਕੁਮਾਰ, ਰਜਿੰਦਰ ਪਾਲ ਕੌਰ, ਬੀਬੀ ਕਾਂਤਾ ,ਬਲਵਿੰਦਰ ਲਾਡੀ ਸਮੇਤ ਵੱਡੀ ਗਿਣਤੀ ਵਿੱਚ ਸਾਹਿਤ ਪ੍ਰੇਮੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਜਨੀ ਮੈਡਮ, ਇੱਕ ਰੋਸ਼ਨ ਚਿਰਾਗ
Next articleਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਲੁਧਿਆਣਾ ਵਿਖੇ ਕਰਵਾਇਆ ਗਿਆ ਤੀਜਾ ਕਵਿਤਾ ਮੁਕਾਬਲਾ ਇਸ ਕਵਿਤਾ ਮੁਕਾਬਲੇ ਨੂੰ ਸਪਾਂਸਰ ਕੀਤਾ ਯੂਕੋ ਬੈਂਕ ਬ੍ਰਾਂਚ ਹੱਬੋਵਾਲ ਅਤੇ ਡਾਕਟਰ ਲਵਪ੍ਰੀਤ ਕੌਰ ਸੈਣੀ ਜੀ ਨੇ