*ਵਿਧਾਇਕ ਰੰਧਾਵਾ ਨੇ ਪੁਲਿਸ ਅਧਿਕਾਰੀਆਂ ਨਾਲ ਕੀਤੀ ਮੀਟਿੰਗ*
ਡੇਰਾਬੱਸੀ, (ਸੰਜੀਵ ਸਿੰਘ ਸੈਣੀ):ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਅੱਜ ਡੇਰਾਬੱਸੀ ਐਸਡੀਐਮ ਦਫ਼ਤਰ ਵਿਖੇ ਪੁਲਿਸ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ ਜਿਸ ਵਿੱਚ ਉਨ੍ਹਾਂ ਅਮਨ-ਕਾਨੂੰਨ ਦੀ ਸਥਿਤੀ ਨੂੰ ਲੈ ਕੇ ਪੁਲੀਸ ਮੁਲਾਜ਼ਮਾਂ ਨੂੰ ਸਖ਼ਤ ਰਵੱਈਆ ਅਪਣਾਉਣ ਲਈ ਕਿਹਾ ਹੈ। ਮੀਟਿੰਗ ਵਿੱਚ ਏਐਸਪੀ ਡਾ ਦਰਪਣ ਅਹਲੂਵਾਲੀਆ, ਡੀਐਸਪੀ ਟ੍ਰੈਫਿਕ ਮਹੇਸ਼ ਸੈਣੀ, ਥਾਣਾ ਮੁਖੀ, ਚੌਂਕੀ ਇੰਚਾਰਜ, ਟਰੈਫਿਕ ਇੰਚਾਰਜ, ਤਹਿਸੀਲਦਾਰ ਕੁਲਦੀਪ ਸਿੰਘ ਧਾਲੀਵਾਲ ਹਾਜ਼ਰ ਸਨ ।
ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਜਿਥੇ ਪੁਲਸ ਮੁਲਾਜ਼ਮਾਂ ਨੂੰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੀ ਹਦਾਇਤ ਕੀਤੀ ਗਈ ਹੈ ਉਥੇ ਹੀ ਪਬਲਿਕ ਦੀ ਸਮੇਂ ਸਿਰ ਸੁਣਵਾਈ, ਆਮ ਪਬਲਿਕ ਨੂੰ ਕੁਰੱਪਸ਼ਨ ਰਹਿਤ ਸੇਵਾਵਾ ਦੇਣਾ, ਜ਼ੇਰੇ ਤਫਤੀਸ਼ ਮੁਕੱਦਮਿਆਂ ਅਤੇ ਲੰਬਿਤ ਦਰਖਾਸਤਾਂ ਦਾ ਸਮੇਂ ਸਿਰ ਨਿਪਟਾਰਾ ਕਰਨ ਲਈ ਵੀ ਆਖਿਆ ਗਿਆ ਹੈ। ਇਸ ਤੋਂ ਇਲਾਵਾ ਪ੍ਰਭਾਵਸ਼ਾਲੀ ਢੰਗ ਨਾਲ ਨਾਕਾਬੰਦੀ ਅਤੇ ਗਸ਼ਤਾਂ ਕਰਨ ਸਬੰਧੀ ਵਿਸ਼ੇਸ਼ ਹਦਾਇਤ ਕੀਤੀਆਂ ਗਈਆਂ।
ਉਨ੍ਹਾਂ ਜਿਥੇ ਨਿਯਮਾਂ ਦੀਆਂ ਧੱਜੀਆਂ ਉਡਾਉਣ ਵਾਲੇ ਵਾਹਨ ਚਾਲਕਾਂ ਤੇ ਨਕੇਲ ਕਸਣ ਲਈ ਟਰੈਫਿਕ ਪੁਲਿਸ ਨੂੰ ਚਲਾਨ ਕਰਨ ਦੇ ਹੁਕਮ ਦਿੱਤੇ ਉਥੇ ਹੀ ਓਵਰਲੋਡ ਟਰੱਕ ਤੇ ਟਿੱਪਰ ਚਾਲਕਾਂ ਤੇ ਵੀ ਸਿਕੰਜਾ ਕਸਨ ਲਈ ਕਿਹਾ।
ਵਿਧਾਇਕ ਰੰਧਾਵਾ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਭਾਰੀ ਵਾਹਨਾਂ ਤੇ ਸਮਾਂ ਪਾਬੰਦੀ ਲਗਾਈ ਜਾਵੇ । ਉਨ੍ਹਾਂ ਭਾਰੀ ਵਾਹਨਾਂ ਨੂੰ ਦਿਨ ਦੀ ਬਜਾਏ ਰਾਤ ਵੇਲੇ ਚੱਲਣ ਦੀ ਪਾਲਸੀ ਬਣਾਉਣ ਲਈ ਅਪੀਲ ਕੀਤੀ ਹੈ। ਵਿਧਾਇਕ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਉੱਤੇ ਬਣ ਰਹੇ ਓਵਰਬ੍ਰਿਜਾਂ ਕਾਰਨ ਸਾਰਾ ਦਿਨ ਸੜਕ ਉੱਤੇ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ ਉਤੋਂ ਭਾਰੀ ਵਾਹਨਾਂ ਦੀ ਭਰਮਾਰ ਦੇ ਚਲਦਿਆਂ ਸਥਿਤੀ ਹੋਰ ਵੀ ਵਿਗੜ ਜਾਂਦੀ ਹੈ । ਉਨ੍ਹਾਂ ਕਿਹਾ ਕਿ ਜੇਕਰ ਭਾਰੀ ਵਾਹਨ ਚੰਡੀਗੜ੍ਹ ਵਾਂਗੂ ਰਾਤ ਵੇਲੇ ਚੱਲਣ ਤਾਂ ਲੋਕਾਂ ਨੂੰ ਵੱਡੀ ਰਾਹਤ ਪ੍ਰਾਪਤ ਹੋਵੇਗੀ।
ਇਸ ਤੋਂ ਇਲਾਵਾ ਵਿਧਾਇਕ ਰੰਧਾਵਾ ਨੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੂੰ ਪਾਰਟੀ ਵਰਕਰਾਂ ਦਾ ਮਾਣ ਸਤਿਕਾਰ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਥਾਣਿਆਂ ਤੇ ਚੌਕੀਆਂ ਵਿੱਚ ਬਣਦਾ ਮਾਣ ਸਤਿਕਾਰ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਵਰਕਰਾਂ ਸਮੇਤ ਪਾਰਟੀ ਦੇ ਆਗੂਆਂ ਵਿੱਚ ਬੇਚੈਨੀ ਦੀ ਸਥਿਤੀ ਬਣੀ ਹੋਈ ਹੈ, ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਆਪਣਾ ਰਵਈਆ ਬਦਲਣ ਲਈ ਕਿਹਾ। ਉਹਨਾਂ ਕਿਹਾ ਕਿ ਜੋ ਵੀ ਮੁਲਾਜ਼ਮ ਆਮ ਪਬਲਿਕ ਅਤੇ ਵਰਕਰ ਦਾ ਮਾਣ ਸਤਿਕਾਰ ਨਹੀਂ ਕਰੇਗਾ ਉਸਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly