ਮਦਨ ਮੋਹਨ ਮਿੱਤਲ ਦਾ ਪਾਰਟੀ ਛੱਡਣਾ ਦੁੱਖ ਦੀ ਗੱਲ: ਅਸ਼ਵਨੀ ਸ਼ਰਮਾ

ਪਠਾਨਕੋਟ (ਸਮਾਜ ਵੀਕਲੀ):  ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਇੱਥੇ ਕਿਹਾ ਕਿ ਮਦਨ ਮੋਹਨ ਮਿੱਤਲ ਨੇ ਅਤਿਵਾਦ ਵੇਲੇ ਭਾਜਪਾ ਦਾ ਝੰਡਾ ਬੁਲੰਦ ਕੀਤਾ ਸੀ। ਉਨ੍ਹਾਂ ਦਾ ਪਾਰਟੀ ਛੱਡ ਕੇ ਜਾਣਾ ਦੁੱਖ ਦੀ ਗੱਲ ਹੈ। ਉਨ੍ਹਾਂ ਨੂੰ ਆਪਣੇ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

ਆਗੂਆਂ ਦੇ ਪਾਰਟੀ ਬਦਲਣ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਲੋਕਤੰਤਰ ਇੱਕ ਤਿਉਹਾਰ ਹੈ ਤੇ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸਿਰਫ ਚੋਣਾਂ ਕਾਰਨ ਜਾਂ ਟਿਕਟ ਕਾਰਨ ਕੁਝ ਆਗੂ ਇੱਕ ਪਾਰਟੀ ’ਚੋਂ ਦੂਜੀ ਪਾਰਟੀ ਵਿਚ ਜਾਂਦੇ ਹਨ। ਅਸਲ ਵਿੱਚ ਕਈ ਵਾਰ ਜਦੋਂ ਕੋਈ ਪਾਰਟੀ ਆਪਣੇ ਤਰੀਕੇ ਨਾਲ ਚੱਲਦੀ ਹੈ ਤਾਂ ਉਸ ਵਿੱਚ ਕਈ ਆਗੂ ਜਿਸ ਸੋਚ ਨਾਲ ਜੁੜੇ ਹੁੰਦੇ ਹਨ, ਉਹ ਘੁਟਣ ਮਹਿਸੂਸ ਕਰਨ ਲੱਗ ਜਾਂਦੇ ਹਨ। ਬਾਕੀ ਮਦਨ ਮੋਹਨ ਮਿੱਤਲ ਦੇ ਕੇਸ ਵਿੱਚ ਉਨ੍ਹਾਂ ਦੇ ਪੁੱਤਰ ਨੂੰ ਟਿਕਟ ਦੇਣੀ ਹੈ ਜਾਂ ਨਹੀਂ, ਪਾਰਲੀਮਾਨੀ ਬੋਰਡ ਦਾ ਫ਼ੈਸਲਾ ਹੈ।

ਕਾਂਗਰਸ ਵੱਲੋਂ ਮੁੱਖ ਮੰਤਰੀ ਦੇ ਚਿਹਰੇ ਬਾਰੇ ਕੀਤੇ ਗਏ ਐਲਾਨ ਬਾਰੇ ਉਨ੍ਹਾਂ ਕਿਹਾ ਕਿ ਕਾਂਗਰਸ ਦੇਸ਼ ’ਚੋਂ ਜਾ ਰਹੀ ਹੈ। ਕਾਂਗਰਸ ਨੂੰ ਸਮਝਣ ਲਈ ਕਾਂਗਰਸ ਦੇ ਹੀ ਆਗੂ ਮਨੀਸ਼ ਤਿਵਾੜੀ ਦਾ ਬਿਆਨ ਕਾਫੀ ਹੈ। ਪੰਜਾਬ, ਕਾਂਗਰਸ ਦੇ ਭਾਈ-ਭੈਣ ਦੇ ਚੱਕਰ ਵਿੱਚ ਪਿਸ ਰਿਹਾ ਹੈ। ਭਰਾ ਨੂੰ ਕੋਈ ਆਗੂ ਪਸੰਦ ਹੈ ਤੇ ਭੈਣ ਨੂੰ ਕੋਈ ਹੋਰ। ਇਸ ਤੋਂ ਪਹਿਲਾਂ ਉਨ੍ਹਾਂ ਪੰਜਾਬ ਲੋਕ ਕਾਂਗਰਸ ਪਾਰਟੀ ਦੇ ਯੂਥ ਵਿੰਗ ਦੇ ਸੂਬਾਈ ਵਰਕਿੰਗ ਪ੍ਰਧਾਨ ਪੁਨੀਤ ਪਿੰਟਾ ਦਾ ਸਨਮਾਨ ਕੀਤਾ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਵਿਧਾਨ ਸਭਾ ਚੋਣਾਂ ਦੌਰਾਨ ਗੱਠਜੋੜ ਦੇ ਉਮੀਦਵਾਰਾਂ ਨੂੰ ਕਾਮਯਾਬ ਕਰਨ ਲਈ ਦਿਨ-ਰਾਤ ਇੱਕ ਕਰ ਦੇਣ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆਨੰਦਪੁਰ ਸਾਹਿਬ ਵਾਸੀਆਂ ਦੀ ਸੇਵਾ ਲਈ ਜੀਵਨ ਲੇਖੇ ਲਾਇਆ: ਰਾਣਾ ਕੇਪੀ
Next articleਚੰਨੀ ਦੇ ਭਾਣਜੇ ਨੇ ਖਣਨ ਅਤੇ ਟਰਾਂਸਫਰ ਲਈ 10 ਕਰੋੜ ਰੁਪਏ ਮਿਲਣ ਦੀ ਗੱਲ ਕਬੂਲੀ: ਈਡੀ