HOME ਗੁਰੂ ਘਰਾਂ ਦੀ ਬੇਅਦਬੀ ਦੇ ਵਿਰੋਧ ’ਚ ਬਸਪਾ 20 ਨੂੰ ਸ੍ਰੀ ਖੁਰਾਲਗੜ੍ਹ...

ਗੁਰੂ ਘਰਾਂ ਦੀ ਬੇਅਦਬੀ ਦੇ ਵਿਰੋਧ ’ਚ ਬਸਪਾ 20 ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਕੱਢੇਗੀ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ

2

-ਫਿਲੌਰ ਦੇ ਧੁਲੇਤਾ ਪਿੰਡ ’ਚ ਗੁਰੂ ਘਰ ਦੀਆਂ ਕੰਧਾਂ ਤੋੜਨ, ਸ੍ਰੀ ਖੁਰਾਲਗੜ੍ਹ ਸਾਹਿਬ ’ਚ ਸ਼ਰਾਬ ਠੇਕੇ ਖੋਲਣ ਦਾ ਵਿਰੋਧ

-ਹੁਸ਼ਿਆਰਪੁਰ ਤੇ ਜਲੰਧਰ ’ਚ ਗੁਰੂ ਘਰਾਂ ਨੂੰ ਪੰਚਾਇਤ ਘਰ ਤੇ ਮੁਹੱਲਾ ਕਲੀਨਿਕ ’ਚ ਬਦਲੇ ਜਾਣ ਦੀ ਨਿਖੇਧੀ

ਜਲੰਧਰ   (ਸਮਾਜ ਵੀਕਲੀ)  ਬਹੁਜਨ ਸਮਾਜ ਪਾਰਟੀ (ਬਸਪਾ) 20 ਸਤੰਬਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਕੱਢਣ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਸਪਾ ਸੂਬਾ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਸੂਬੇ ਦੀ ਆਪ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਗੁਰੂ ਘਰਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ। ਇਸ ਧੱਕੇਸ਼ਾਹੀ ਦੇ ਵਿਰੋਧ ’ਚ 9 ਅਕਤੂਬਰ ਨੂੰ ਸਾਹਿਬ ਸ੍ਰੀ ਕਾਂਸ਼ੀਰਾਮ ਜੀ ਦੇ ਪਰਿਨਿਰਵਾਣ ਦਿਵਸ ਮੌਕੇ ਫਿਲੌਰ ’ਚ ਮਹਾਰੈਲੀ ਕੀਤੀ ਜਾਵੇਗੀ। ਇਸ ਯਾਤਰਾ ਤੇ ਮਹਾਰੈਲੀ ਦੀਆਂ ਤਿਆਰੀਆਂ ਸਬੰਧੀ ਡਾ. ਕਰੀਮਪੁਰੀ ਨੇ ਜਲੰਧਰ ਤੇ ਹੁਸ਼ਿਆਰਪੁਰ ‘ਚ ਬਸਪਾ ਆਗੂਆਂ ਤੇ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਕਿਹਾ ਕਿ ਆਪ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਜੀ ਦੀ ਚਰਣ ਛੋਹ ਪ੍ਰਾਪਤ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼ਰਾਬ ਦੇ ਠੇਕੇ ਤੇ ਨਜਾਇਜ਼ ਬ੍ਰਾਂਚਾਂ ਖੋਲੀਆਂ ਗਈਆਂ ਹਨ। ਇਸ ਨਾਲ ਸ੍ਰੀ ਗੁਰੂ ਰਵਿਦਾਸ ਨਾਮਲੇਵਾ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ। ਇਸੇ ਤਰ੍ਹਾਂ ਆਪ ਸਰਕਾਰ ਤਹਿਤ ਚੱਲਣ ਵਾਲੇ ਜਲੰਧਰ ਪ੍ਰਸ਼ਾਸਨ ਵੱਲੋਂ ਫਿਲੌਰ ਦੇ ਧੁਲੇਤਾ ਪਿੰਡ ’ਚ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੀਆਂ ਕੰਧਾਂ ਤੋੜ ਕੇ ਬੇਅਦਬੀ ਕੀਤੀ ਗਈ। ਹੁਸ਼ਿਆਰਪੁਰ ਦੇ ਪਿੰਡ ਚਾਂਗ ਵਛੋਆ ਦੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਨੂੰ ਵੀ ਪੰਚਾਇਤ ਘਰ ’ਚ ਬਦਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਲੰਧਰ ਦੇ ਮਕਸੂਦਾਂ ਨੇੜੇ ਮੁਹੱਲੇ ’ਚ ਵੀ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਅੰਦਰ ਮੁਹੱਲਾ ਕਲੀਨਿਕ ਖੋਲਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ। ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਸ੍ਰੀ ਗੁਰੂ ਰਵਿਦਾਸ ਗੁਰੂ ਘਰਾਂ ਦੀਆਂ ਬੇਅਦਬੀਆਂ ਨੂੰ ਬਰਦਾਸ਼ਤ ਨਹੀਂ ਕਰੇਗੀ। ਇਨ੍ਹਾਂ ਮਾਮਲਿਆਂ ਨੂੰ ਲੈ ਕੇ 20 ਸਤੰਬਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤੱਕ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਕੱਢੀ ਜਾਵੇਗੀ। ਇਸੇ ਤਰ੍ਹਾਂ ਅੱਗੇ ਵੀ ਵੱਖ-ਵੱਖ ਜ਼ਿਲਿ੍ਹਆਂ ’ਚ ਯਾਤਰਾਵਾਂ ਕੱਢੀਆਂ ਜਾਣਗੀਆਂ। ਇਸ ਧੱਕੇਸ਼ਾਹੀ ਦੇ ਵਿਰੋਧ ’ਚ 9 ਅਕਤੂਬਰ ਨੂੰ ਬਸਪਾ ਸੰਸਥਾਪਕ ਸਾਹਿਬ ਕਾਂਸ਼ੀਰਾਮ ਜੀ ਦੇ ਪਰਿਨਿਰਵਾਣ ਦਿਵਸ ’ਤੇ ਫਿਲੌਰ ’ਚ ਮਹਾਰੈਲੀ ਕੀਤੀ ਜਾਵੇਗੀ। ਇਸ ਸਬੰਧੀ ਤਿਆਰੀਆਂ ਤੇਜ ਕਰ ਦਿੱਤੀਆਂ ਗਈਆਂ ਹਨ। ਇਸ ਮੌਕੇ ਬਸਪਾ ਸੂਬਾ ਕੋਆਰਡੀਨੇਟਰ ਤੀਰਥ ਰਾਜਪੁਰਾ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਲਾਲ ਚੰਦ ਔਜਲਾ, ਪਰਮਜੀਤ ਮੱਲ, ਸਲਵਿੰਦਰ ਕੁਮਾਰ, ਜਗਦੀਸ਼ ਦੀਸ਼ਾ, ਖੁਸ਼ੀ ਰਾਮ ਸਰਪੰਚ, ਸੁਖਵਿੰਦਰ ਬਿੱਟੂ, ਜਤਿੰਦਰ ਹੈਪੀ, ਅਸ਼ੋਕ ਸਈਪੁਰ, ਪਰਮਜੀਤ ਦਾਦੂਵਾਲ, ਕਮਲ ਬਾਦਸ਼ਾਹਪੁਰ, ਬਾਬੂ ਮੁਨੀ ਲਾਲ, ਪਾਲੀ ਹੁਸੈਨਪੁਰ, ਜਗਜੀਤ ਸਿੰਘ ਆਦਿ ਆਗੂ ਵੀ ਮੌਜ਼ੂਦ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਵਿਸ਼ਵ ਫਸਟ ਏਡ ਦਿਵਸ’ ਮੌਕੇ ਜ਼ਿਲ੍ਹਾ ਰੈੱਡ ਕਰਾਸ ਸੋਸਾਇਟੀ ਨੇ ਲਗਾਈ ਟ੍ਰੇਨਿੰਗ ਵਰਕਸ਼ਾਪ
Next article20 ਸਤੰਬਰ ਨੂੰ ਸੰਗਤਾਂ ਸ੍ਰੀ ਗੁਰੂ ਰਵਿਦਾਸ ਸਨਮਾਨ ਯਾਤਰਾ ਚ ਸ਼ਾਮਿਲ ਹੋਣ ਲਈ ਸ੍ਰੀ ਖੁਰਾਲਗੜ੍ਹ ਸਾਹਿਬ ਪਹੁੰਚਣ, ਯਾਤਰਾ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਫਿਲੌਰ ਤਕ ਜਾਵੇਗੀ-ਕਰੀਮਪੁਰੀ