ਗਿਨੀਜ਼ ਵਰਲਡ ਰਿਕਾਰਡ ਅਗਲੀ ਸਾਈਕਲੋਥਾਨ ਦਾ ਨਿਸ਼ਾਨਾ-ਸੱਚਦੇਵਾ
ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਫਿੱਟ ਬਾਈਕਰ ਕਲੱਬ ਹੁਸ਼ਿਆਰਪੁਰ ਵੱਲੋਂ ਕਰਵਾਈ ਗਈ ਸੱਚਦੇਵਾ ਸਟਾਕਸ ਹੁਸ਼ਿਆਰਪੁਰ ਸਾਈਕਲੋਥਾਨ ਸੀਜਨ-4 ਨੇ ਸਫਲਤਾ ਦੇ ਝੰਡੇ ਗੱਡਦੇ ਹੋਏ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਨਾਮ ਦਰਜ ਕਰਵਾ ਦਿੱਤਾ ਹੈ ਤੇ ਇਹ ਸਾਈਕਲੋਥਾਨ ਹੁਣ ਤੱਕ ਦੇਸ਼ ਵਿੱਚ ਹੋਈਆਂ ਸਾਈਕਲੋਥਾਨ ਵਿੱਚੋ ਸਭ ਤੋਂ ਵੱਡੀ ਸਾਈਕਲੋਥਾਨ ਬਣ ਗਈ ਹੈ ਜਿਸ ਵਿੱਚ 8980 ਰਜਿਸਟ੍ਰੇਸ਼ਨ ਕਰਵਾਉਣ ਵਾਲੇ ਬੱਚਿਆਂ ਤੇ ਵੱਡਿਆਂ ਨੇ ਜਿੱਥੇ ਭਾਗ ਲਿਆ ਉੱਥੇ ਹੀ 1100 ਤੋਂ ਜਿਆਦਾ ਉਹ ਲੋਕ ਵੀ ਸਵੇਰੇ ਸਾਈਕਲੋਥਾਨ ਦਾ ਹਿੱਸਾ ਬਣ ਗਏ ਜਿਨ੍ਹਾਂ ਨੇ ਰਜਿਸਟ੍ਰੇਸ਼ਨ ਭਾਵੇਂ ਨਹੀਂ ਕਰਵਾਈ ਸੀ ਲੇਕਿਨ ਪੂਰੇ ਉਤਸ਼ਾਹ ਨਾਲ ਸਾਈਕਲੋਥਾਨ ਵਿੱਚ ਪੁੱਜ ਗਏ। ਸਵੇਰੇ 7.30 ਵਜੇ 4 ਤੋਂ 10 ਸਾਲ ਤੱਕ ਦੇ ਲੱਗਭੱਗ 3 ਹਜਾਰ ਬੱਚਿਆਂ ਨੂੰ ਸੋਨਾਲੀਕਾ ਗਰੁੱਪ ਦੇ ਮੈਨੇਜਿੰਗ ਡਾਇਰੈਕਟਰ ਦੀਪਕ ਮਿੱਤਲ ਵੱਲੋਂ ਹਰੀ ਝੰਡੀ ਦੇ ਕੇ ਲਾਜਵੰਤੀ ਸਟੇਡੀਅਮ ਤੋਂ 4 ਕਿਲੋਮੀਟਰ ਦੀ ਰਾਈਡ ਲਈ ਰਵਾਨਾ ਕੀਤਾ ਤੇ ਇਸ ਸਮੇਂ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਕਲਾਕਾਰ ਗੁਰਪ੍ਰੀਤ ਸਿੰਘ ਘੁੱਗੀ, ਫਿੱਟ ਬਾਈਕਰ ਕਲੱਬ ਦੇ ਪ੍ਰਧਾਨ ਪਰਮਜੀਤ ਸਿੰਘ ਸੱਚਦੇਵਾ, ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਐੱਸ.ਐੱਸ.ਪੀ.ਸੁਰਿੰਦਰ ਲਾਂਬਾ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਉਪਰੰਤ 8.30 ਵਜੇ 10 ਤੋਂ 80 ਸਾਲ ਦੇ ਲੋਕਾਂ ਨੂੰ ਹਰੀ ਝੰਡੀ ਵਿਖਾ ਕੇ 20 ਕਿਲੋਮੀਟਰ ਦੀ ਰਾਈਡ ਲਈ ਰਵਾਨਾ ਕੀਤਾ ਗਿਆ। ਸਾਈਕਲੋਥਾਨ ਦੀ ਸ਼ੁਰੂਆਤ ਸਮੇਂ ਆਸ਼ਾ ਕਿਰਨ ਸਕੂਲ ਦੇ ਬੱਚਿਆਂ ਨੇ ਸਰਸਵਤੀ ਵੰਦਨਾ ਕੀਤੀ ਤੇ ਉਪਰੰਤ ਐੱਸ.ਡੀ.ਕਾਲਜ ਦੀ ਭੰਗੜਾ ਟੀਮ ਨੇ ਆਪਣੀ ਪੇਸ਼ਕਾਰੀ ਦਿੱਤੀ। ਸਾਈਕਲੋਥਾਨ ਦੀ ਸ਼ੁਰੂਆਤ ਤੋਂ ਪਹਿਲਾ ਭਾਗ ਲੈਣ ਵਾਲੇ ਲੋਕਾਂ ਨੂੰ ਪਰਮਜੀਤ ਸਿੰਘ ਸੱਚਦੇਵਾ ਵੱਲੋਂ ਪਲਾਸਟਿਕ ਫ੍ਰੀ ਪੰਜਾਬ ਤੇ ਡੀ.ਐੱਸ.ਪੀ.ਡਾ. ਮਨਪ੍ਰੀਤ ਸ਼ੀਮਾਰ ਵੱਲੋਂ ਡਰੱਗ ਫ੍ਰੀ ਪੰਜਾਬ ਦੀ ਸੁਹੰ ਚੁਕਾਈ ਗਈ ਜੋ ਕਿ ਇਸ ਸਾਈਕਲੋਥਾਨ ਦਾ ਥੀਮ ਸੀ। ਇਸ ਸਮੇਂ ਦੀਪਕ ਮਿੱਤਲ ਨੇ ਕਿਹਾ ਕਿ ਫਿੱਟ ਬਾਈਕਰ ਕਲੱਬ ਨੇ ਸੁਪਨੇ ਨੂੰ ਸੱਚ ਕਰ ਵਿਖਾਇਆ ਹੈ ਜਿਸ ਨਾਲ ਹੁਸ਼ਿਆਰਪੁਰ ਵਾਸੀਆਂ ਨੂੰ ਅੱਜ ਦੇਸ਼-ਵਿਦੇਸ਼ ਵਿੱਚ ਮਾਣ ਮਹਿਸੂਸ ਹੋ ਰਿਹਾ ਹੈ, ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਸੋਨਾਲੀਕਾ ਗਰੁੱਪ ਵੱਲੋਂ ਫਿੱਟ ਬਾਈਕਰ ਕਲੱਬ ਨੂੰ ਇਸ ਤਰ੍ਹਾਂ ਦੇ ਸਮਾਜ ਉਸਾਰੀ ਵਾਲੇ ਕਾਰਜਾਂ ਵਿੱਚ ਪੂਰੀ ਮਦਦ ਦਿੱਤੀ ਜਾਵੇਗੀ। ਇਸ ਮੌਕੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਤੇ ਐੱਸ.ਐੱਸ.ਪੀ.ਸੁਰਿੰਦਰ ਲਾਂਬਾ ਨੇ ਕਲੱਬ ਪ੍ਰਧਾਨ ਪਰਮਜੀਤ ਸੱਚਦੇਵਾ ਸਮੇਤ ਉਨ੍ਹਾਂ ਦੀ ਪੂਰੀ ਟੀਮ ਨੂੰ ਜਿੱਥੇ ਵਧਾਈ ਦਿੱਤੀ ਉੱਥੇ ਨਾਲ ਹੀ ਸਾਈਕਲੋਥਾਨ ਵਿੱਚ ਹਿੱਸਾ ਲੈਣ ਪੁੱਜੇ ਲੋਕਾਂ ਤੇ ਖਾਸਕਰ ਬੱਚਿਆਂ ਦੇ ਜਜ਼ਬੇ ਨੂੰ ਸਲਾਮ ਕੀਤੀ। ਇੰਡੀਆ ਬੁੱਕ ਆਫ ਰਿਕਾਰਡ ਵੱਲੋਂ ਮੌਕੇ ’ਤੇ ਪੁੱਜੇ ਹੋਏ ਡਾ. ਸ਼ੀਤਲ ਨੇ ਫਿੱਟ ਬਾਈਕਰ ਕਲੱਬ ਦੇ ਮੈਂਬਰਾਂ ਨੂੰ ਸਰਟੀਫਿਕੇਟ ਤੇ ਮੈਡਲ ਸੌਂਪ ਕੇ ਵਧਾਈ ਦਿੱਤੀ। ਪਰਮਜੀਤ ਸੱਚਦੇਵਾ ਨੇ ਇਸ ਸਮੇਂ ਦੱਸਿਆ ਕਿ ਇਸ ਸਾਈਕਲੋਥਾਨ ਲਈ ਜੋ ਰਜਿਸਟ੍ਰੇਸ਼ਨ ਫੀਸ ਰੱਖੀ ਗਈ ਸੀ ਉਸ ਤੋਂ 2 ਲੱਖ 6 ਹਜਾਰ ਰੁਪਏ ਇਕੱਠੇ ਹੋਏ ਹਨ ਤੇ ਇਨ੍ਹਾਂ ਪੈਸਿਆਂ ਦਾ ਚੈੱਕ ਮੌਕੇ ਉੱਪਰ ਹੀ ਆਸ਼ਾ ਕਿਰਨ ਸਪੈਸ਼ਲ ਸਕੂਲ ਜਹਾਨਖੇਲਾ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੇ ਸਪੈਸ਼ਲ ਬੱਚਿਆਂ ਨੂੰ ਸੌਂਪ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਾਈਕਲੋਥਾਨ ਦੌਰਾਨ ਜਿੱਥੇ ਪੁਲਿਸ ਪ੍ਰਸ਼ਾਸਨ ਵੱਲੋਂ ਪੂਰਾ ਸਹਿਯੋਗ ਦਿੱਤਾ ਗਿਆ ਉੱਥੇ ਹੀ ਸਿਵਲ ਡਿਫੈਂਸ ਦੇ ਵਲੰਟੀਅਰਾਂ ਨੇ ਟ੍ਰੈਫਿਕ ਸੰਭਾਲਣ ਵਿੱਚ ਪੂਰੀ ਮਦਦ ਕੀਤੀ ਤੇ ਬਲ-ਬਲ ਸੇਵਾ ਸੁਸਾਇਟੀ ਵੱਲੋ ਲਾਜਵੰਤੀ ਸਟੇਡੀਅਮ ਵਿੱਚ ਰਿਫਰੈਂਸਮੈਂਟ ਦੇ ਕਾਂਊਟਰਾਂ ਦਾ ਇੰਤਜ਼ਾਮ ਕੀਤਾ ਗਿਆ, ਇਸੇ ਤਰ੍ਹਾਂ ਸਮਾਪਤੀ ਉਪਰੰਤ ਸਟੇਡੀਅਮ ਦੀ ਸਾਫ-ਸਫਾਈ ਐੱਸ.ਬੀ.ਐੱਸ.ਡੀ.ਸੰਸਥਾ ਦੇ ਵਲੰਟੀਅਰਾਂ ਵੱਲੋਂ ਮਨੀ ਗੋਗੀਆ ਦੀ ਅਗਵਾਈ ਵਿੱਚ ਕੀਤੀ ਗਈ। ਇਸ ਦੌਰਾਨ ਪੁੱਜੇ ਹੋਏ ਲੋਕਾਂ ਨੂੰ 800 ਪੌਦੇ ਵੀ ਵੰਡੇ ਗਏ। ਇਸ ਮੌਕੇ ਉੱਤਮ ਸਿੰਘ ਸਾਬੀ, ਦੌਲਤ ਸਿੰਘ, ਤਰਲੋਚਨ ਸਿੰਘ, ਸੌਰਵ ਸ਼ਰਮਾ, ਰੋਹਿਤ ਬੱਸੀ ਆਦਿ ਵੀ ਮੌਜੂਦ ਸਨ।
ਕੈਪਸ਼ਨ-ਸਾਈਕਲੋਥਾਨ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕਰਦੇ ਹੋਏ ਦੀਪਕ ਮਿੱਤਲ, ਡੀ.ਸੀ. ਕੋਮਲ ਮਿੱਤਲ, ਐੱਸ.ਐੱਸ.ਪੀ.ਸੁਰਿੰਦਰ ਲਾਂਬਾ, ਪਰਮਜੀਤ ਸੱਚਦੇਵਾ ਤੇ ਹੋਰ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly