ਕੀਵ (ਸਮਾਜ ਵੀਕਲੀ): ਰੂਸ ਨੇ ਯੂਕਰੇਨ ’ਚ ਆਪਣੇ ਸਾਰੇ ਸਫ਼ਾਰਤੀ ਕੇਂਦਰਾਂ ’ਚੋਂ ਅਮਲੇ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਹੈ। ਮਾਸਕੋ ਦਾ ਕੀਵ ’ਚ ਸਫ਼ਾਰਤਖਾਨਾ ਅਤੇ ਖਾਰਕੀਵ, ਓਡੇਸਾ ਅਤੇ ਲਵੀਵ ’ਚ ਕੌਂਸਲਖਾਨੇ ਹਨ। ਰੂਸੀ ਖ਼ਬਰ ਏਜੰਸੀ ਤਾਸ ਮੁਤਾਬਕ ਕੀਵ ’ਚ ਸਫ਼ਾਰਤਖਾਨੇ ਦੇ ਅਮਲੇ ਦੇ ਮੁਲਕ ਵਾਪਸ ਜਾਣ ਦੀ ਤਸਦੀਕ ਕੀਤੀ ਹੈ। ਕੀਵ ’ਚ ਐਸੋਸੀਏਟਿਡ ਪ੍ਰੈੱਸ ਦੇ ਫੋਟੋਗ੍ਰਾਫਰ ਨੇ ਦੇਖਿਆ ਕਿ ਰੂਸੀ ਸਫ਼ਾਰਤਖਾਨੇ ਦੀ ਇਮਾਰਤ ’ਤੇ ਝੰਡਾ ਨਹੀਂ ਲਹਿਰਾ ਰਿਹਾ ਹੈ। ਉਧਰ ਯੂਕਰੇਨ ਨੇ ਵੀ ਆਪਣੇ ਨਾਗਰਿਕਾਂ ਨੂੰ ਰੂਸ ਛੱਡਣ ਲਈ ਕਿਹਾ ਹੈ। ਉਸ ਵੱਲੋਂ ਮਾਸਕੋ ਨਾਲੋਂ ਸਾਰੇ ਕੂਟਨੀਤਕ ਸਬੰਧ ਤੋੜੇ ਜਾਣ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ। ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਨੇ ਪੱਛਮੀ ਮੁਲਕਾਂ ਦੇ ਆਗੂਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਉਡੀਕ ਨਾ ਕਰਨ ਸਗੋਂ ਰੂਸ ’ਤੇ ਹੋਰ ਸਖ਼ਤ ਪਾਬੰਦੀਆਂ ਲਾਗੂ ਕਰਨ। ਉਨ੍ਹਾਂ ਫੇਸਬੁੱਕ ’ਤੇ ਕਿਹਾ ਕਿ ਪੂਤਿਨ ਨੂੰ ਰੋਕਣ ਲਈ ਹੁਣ ਹੋਰ ਦਬਾਅ ਵਧਾਉਣ ਦੀ ਲੋੜ ਹੈ। ‘ਉਸ ਦੇ ਅਰਥਚਾਰੇ ਅਤੇ ਕਾਰੋਬਾਰੀਆਂ ਨੂੰ ਢਾਹ ਲਾਉਣ ਦੀ ਲੋੜ ਹੈ।’
ਇਸ ਦੌਰਾਨ ਅਮਰੀਕਾ ’ਚ ਰੂਸੀ ਸਫ਼ੀਰ ਅਨਾਤੋਲੀ ਐਂਟੋਨੋਵ ਨੇ ਕਿਹਾ ਕਿ ਪਾਬੰਦੀਆਂ ਨਾਲ ਮਸਲਾ ਸੁਲਝਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਸੋਚਦਾ ਹੈ ਕਿ ਰੂਸ ਪਾਬੰਦੀਆਂ ਅੱਗੇ ਝੁਕ ਕੇ ਆਪਣੀ ਵਿਦੇਸ਼ ਨੀਤੀ ਬਦਲ ਦੇਵੇਗਾ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਆਪਣੇ ਪੋਲਿਸ਼ ਅਤੇ ਲਿਥੁਆਨੀਅਨ ਹਮਰੁਤਬਾ ਨਾਲ ਗੱਲਬਾਤ ਮਗਰੋਂ ਕਿਹਾ ਕਿ ਯੂਕਰੇਨ ਰੂਸ ਤੋਂ ਸੁਰੱਖਿਆ ਦੀ ਗਾਰੰਟੀ ਚਾਹੁੰਦਾ ਹੈ ਤਾਂ ਜੋ ਦੋਵੇਂ ਮੁਲਕਾਂ ਵਿਚਕਾਰ ਟਕਰਾਅ ਦਾ ਮਾਹੌਲ ਖ਼ਤਮ ਹੋ ਸਕੇ। ਉਨ੍ਹਾਂ ਕਿਹਾ ਕਿ ਉਹ ਕਈ ਵਾਰ ਆਖ ਚੁੱਕੇ ਹਨ ਕਿ ਰੂਸ ਦੇ ਰਾਸ਼ਟਰਪਤੀ ਨੂੰ ਗੱਲਬਾਤ ਦੀ ਮੇਜ਼ ’ਤੇ ਆਉਣਾ ਚਾਹੀਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly