ਨਵੀਂ ਦਿੱਲੀ (ਸਮਾਜ ਵੀਕਲੀ): ਰੂਸ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੀ ਧਰਤੀ ਨੂੰ ਖ਼ਿੱਤੇ ਦੇ ਦੂਜੇ ਮੁਲਕਾਂ ’ਚ ਅਤਿਵਾਦ ਫੈਲਾਉਣ ਲਈ ਨਾ ਵਰਤਿਆ ਜਾਵੇ। ਰੂਸੀ ਸਫ਼ੀਰ ਨਿਕੋਲਾਈ ਕੁਦਾਸ਼ੇਵ ਨੇ ਕਿਹਾ ਕਿ ਅਫ਼ਗਾਨਿਸਤਾਨ ’ਚ ਵਿਗੜੇ ਹਾਲਾਤ ਨੂੰ ਲੈ ਕੇ ਰੂਸ ਅਤੇ ਭਾਰਤ ਦੇ ਸਾਂਝੇ ਖ਼ਦਸ਼ੇ ਹਨ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਦੇ ਤਾਜ਼ਾ ਹਾਲਾਤ ਨੂੰ ਦੇਖਦਿਆਂ ਰੂਸੀ ਇਲਾਕੇ ਅਤੇ ਕਸ਼ਮੀਰ ’ਚ ਅਤਿਵਾਦ ਫੈਲਣ ਦਾ ਸੰਭਾਵੀ ਖ਼ਤਰਾ ਹੈ। ਉਨ੍ਹਾਂ ਕਿਹਾ ਕਿ ਭਾਰਤ ਅਤੇ ਰੂਸ ਅਤਿਵਾਦ ਦੀ ਕਿਸੇ ਵੀ ਚੁਣੌਤੀ ਦੇ ਟਾਕਰੇ ਲਈ ਰਲ ਕੇ ਕੰਮ ਕਰਨਾ ਜਾਰੀ ਰਖਣਗੇ।
ਕੁਦਾਸ਼ੇਵ ਨੇ ਖ਼ਬਰ ਏਜੰਸੀ ਨਾਲ ਇੰਟਰਵਿਊ ’ਚ ਕਿਹਾ ਕਿ ਰੂਸ, ਅਫ਼ਗਾਨਿਸਤਾਨ ’ਚ ਅਜਿਹੀ ਸਰਕਾਰ ਚਾਹੁੰਦਾ ਹੈ ਜੋ ਸੁਰੱਖਿਆ ਅਤੇ ਸਥਿਰਤਾ ਪ੍ਰਦਾਨ ਕਰਨ ਦੇ ਯੋਗ ਹੋਵੇ। ਉਨ੍ਹਾਂ ਕਿਹਾ ਕਿ ਅਫ਼ਗਾਨਿਸਤਾਨ ਬਾਰੇ ਭਾਰਤ ਅਤੇ ਰੂਸ ਵਿਚਕਾਰ ਸਹਿਯੋਗ ਦੀ ਵੱਡੀ ਸੰਭਾਵਨਾ ਹੈ ਅਤੇ ਦੋਵੇਂ ਮੁਲਕ ਇਕ-ਦੂਜੇ ਦੇ ਸੰਪਰਕ ’ਚ ਹਨ। ਅਫ਼ਗਾਨਿਸਤਾਨ ’ਚ ਗ੍ਰਹਿ ਯੁੱਧ ਵਧਣ ਦਾ ਖ਼ਦਸ਼ਾ ਜਤਾਉਂਦਿਆਂ ਉਨ੍ਹਾਂ ਕਿਹਾ ਕਿ ਉਥੋਂ ਦੇ ਹਾਲਾਤ ਖੇਤਰੀ ਸੁਰੱਖਿਆ ਲਈ ਖ਼ਤਰਨਾਕ ਸਾਬਿਤ ਹੋ ਸਕਦੇ ਹਨ। ਪਾਕਿਸਤਾਨ ਵੱਲੋਂ ਅਫ਼ਗਾਨਿਸਤਾਨ ’ਚ ਵੱਖ ਵੱਖ ਦਹਿਸ਼ਤੀ ਗੁਟਾਂ ਨੂੰ ਹਮਾਇਤ ਦੇਣ ਬਾਰੇ ਪੁੱਛੇ ਜਾਣ ’ਤੇ ਕੁਦਾਸ਼ੇਵ ਨੇ ਕਿਹਾ ਕਿ ਰੂਸ ਆਸ ਕਰਦਾ ਹੈ ਕਿ ਪਾਕਿਸਤਾਨ ਉਨ੍ਹਾਂ ਮੁਲਕਾਂ ’ਚ ਸ਼ੁਮਾਰ ਹੋਵੇਗਾ ਜੋ ਅਫ਼ਗਾਨਿਸਤਾਨ ’ਚ ਸੁਰੱਖਿਅਤ ਮਾਹੌਲ ਚਾਹੁੰਦੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly