ਫ਼ਰੀਦਕੋਟ (ਸਮਾਜ ਵੀਕਲੀ): ਓਲੰਪਿਕ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਹਾਕੀ ਟੀਮ ਦੇ ਡਰੈੱਗ ਫਲਿੱਕਰ ਰੁਪਿੰਦਰ ਪਾਲ ਸਿੰਘ ਨੂੰ ਫਰੀਦਕੋਟ ਅਤੇ ਉਸ ਦਾ ਪਰਿਵਾਰ ਬੇਸਬਰੀ ਨਾਲ ਉਡੀਕ ਰਿਹਾ ਹੈ। ਆਰਥਿਕ ਤੌਰ ’ਤੇ ਝੰਬੇ ਪਰਿਵਾਰ ਵਿੱਚ ਜੰਮਣ, ਪਲਣ ਦੇ ਬਾਵਜੂਦ ਰੁਪਿੰਦਰਪਾਲ ਸਿੰਘ ਨੇ ਇਸ ਵਾਰ ਓਲੰਪਿਕ ਵਿੱਚ ਖੇਡ ਕੇ ਭਾਰਤ ਲਈ ਤਿੰਨ ਗੋਲ ਕੀਤੇ ਹਨ। ਰੁਪਿੰਦਰ ਪਾਲ ਦੀ ਮਾਂ ਸੁਖਵਿੰਦਰ ਕੌਰ ਅਤੇ ਪਿਤਾ ਹਰਿੰਦਰ ਸਿੰਘ ਨੇ ਕਿਹਾ ਕਿ ਉਹ ਭਾਰਤੀ ਟੀਮ ਦੀ ਕਾਰਗੁਜ਼ਾਰੀ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ ਅਤੇ ਹੁਣ ਉਹ ਹਾਕੀ ਟੀਮ ਦੇ ਵਾਪਸ ਪਰਤਣ ਦਾ ਬੇਸਬਰੀ ਨਾਲ ਉਡੀਕ ਕਰ ਰਹੇ ਹਨ।
ਰੁਪਿੰਦਰ ਪਾਲ ਦੇ ਛੋਟੇ ਭਰਾ ਅਮਰਬੀਰ ਸਿੰਘ ਨੇ ਕਿਹਾ ਕਿ 2010 ਵਿੱਚ ਰੁਪਿੰਦਰਪਾਲ ਭਾਰਤੀ ਹਾਕੀ ਟੀਮ ਦਾ ਮੈਂਬਰ ਬਣਿਆ ਸੀ ਅਤੇ ਹੁਣ ਤੱਕ ਉਹ 25 ਕੌਮਾਂਤਰੀ ਮੈਚਾਂ ਵਿੱਚ ਭਾਗ ਲੈ ਚੁੱਕਾ ਹੈ। ਰੁਪਿੰਦਰ ਪਾਲ ਨੇ 2011 ਵਿੱਚ ਅਜਨਾਲ ਸ਼ਾਹ ਕੱਪ ਜਿੱਤਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਰੁਪਿੰਦਰ ਪਾਲ ਦੋ ਵਾਰ ਉਲੰਪਿਕ ਵਿੱਚ ਭਾਰਤ ਲਈ ਖੇਡਿਆ ਹੈ। ਰੁਪਿੰਦਰਪਾਲ ਸਿੰਘ ਨੇ ਛੇ ਸਾਲ ਦੀ ਉਮਰ ਵਿੱਚ ਹਾਕੀ ਖੇਡ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਰੁਪਿੰਦਰ ਪਾਲ ਦੇ ਪਿਤਾ ਅਤੇ ਭਰ ਅਮਰਬੀਰ ਸਿੰਘ ਵੀ ਹਾਕੀ ਖੇਡ ਦੇ ਸ਼ੌਕੀਨ ਸਨ ਪਰ ਆਰਥਿਕ ਹਾਲਤ ਮਾੜੀ ਹੋਣ ਕਾਰਨ ਉਹ ਆਪਣੀ ਖੇਡ ਨੂੰ ਜਾਰੀ ਨਹੀਂ ਰੱਖ ਸਕੇ। ਅੱਜ ਜਦੋਂ ਭਾਰਤ ਵੱਲੋਂ ਜਰਮਨੀ ਨੂੰ ਹਰਾ ਕੇ ਕਾਂਸੇ ਦਾ ਤਗਮਾ ਜਿੱਤਣ ਦੀ ਖਬਰ ਆਈ ਤਾਂ ਰੁਪਿੰਦਰਪਾਲ ਦੇ ਘਰ ਵਧਾਈ ਦੇਣ ਵਾਲੇ ਹਾਕੀ ਪ੍ਰੇਮੀਆਂ ਦੀ ਭੀੜ ਜੁਟ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly