HOME ਰੂਟੀਨ ਟੀਕਾਕਰਨ ਅਤੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਬਾਰੇ ਆਈਐਮਏ ਵੱਲੋਂ...

ਰੂਟੀਨ ਟੀਕਾਕਰਨ ਅਤੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਬਾਰੇ ਆਈਐਮਏ ਵੱਲੋਂ ਸੈਮੀਨਾਰ ਆਯੋਜਿਤ

1

ਹੁਸ਼ਿਆਰਪੁਰ    (ਸਮਾਜ ਵੀਕਲੀ)   (ਸਤਨਾਮ ਸਿੰਘ ਸਹੂੰਗੜਾ) ਰੂਟੀਨ ਟੀਕਾਕਰਨ ਅਤੇ ਸਰਵਾਈਕਲ ਕੈਂਸਰ ਤੋਂ ਬਚਾਅ ਲਈ ਟੀਕਾਕਰਨ ਬਾਰੇ ਆਈਐਮਏ ਹੁਸ਼ਿਆਰਪੁਰ ਵੱਲੋਂ ਜ਼ਿਲਾ ਪ੍ਰਧਾਨ ਡਾ. ਬਲਵਿੰਦਰਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਸੈਮੀਨਾਰ ਆਯੋਜਿਤ ਕੀਤਾ ਗਿਆ। ਜਿਸ ਵਿੱਚ ਜਲੰਧਰ ਆਈਐਮਏ ਦੇ ਪ੍ਰੈਜੀਡੈਂਟ ਡਾ. ਭੂਟਾਨੀ, ਸਟੇਟ ਆਈਐਮਏ ਕੋਆਰਡੀਨੇਟਰ ਫੋਰ ਐਚਪੀਵੀ ਵੈਕਸੀਨ ਡਰਾਈਵ ਡਾ. ਪੂਜਾ ਕਪੂਰ, ਸ਼ਹਿਰ ਦੇ ਪ੍ਰਮੁੱਖ ਇਸਤਰੀ ਰੋਗ ਮਾਹਰ ਡਾ. ਹਰੀਸ਼ ਬਸੀ, ਜ਼ਿਲਾ ਟੀਕਾਕਰਨ ਅਫਸਰ ਡਾ. ਸੀਮਾ ਗਰਗ, ਨੈਸ਼ਨਲ ਬਾਇਓ ਮੈਡੀਕਲ ਵੇਸਟ ਮੈਨੇਜਮੈਂਟ ਕਮੇਟੀ ਦੇ ਮੈਂਬਰ ਡਾ. ਰਜਿੰਦਰ ਸ਼ਰਮਾ, ਆਈਐਮਏ ਹੁਸ਼ਿਆਰਪੁਰ ਦੇ ਸੈਕਟਰੀ ਡਾ.ਸੰਦੀਪ ਸਿੰਘ, ਖਜ਼ਾਨਚੀ ਡਾ.ਅਮਿਤ ਗੁਪਤਾ, ਸੀਨੀਅਰ ਮੈਂਬਰ ਡਾ. ਕੁਲਦੀਪ ਸਿੰਘ ਤੇ ਡਾ. ਕੇਸ਼ਵ ਸੂਦ ਆਦਿ ਸ਼ਾਮਿਲ ਹੋਏ। ਇਹ ਦੌਰਾਨ ਨੈਸ਼ਨਲ ਹੈਡਕੁਆਟਰ ਆਈਐਮਏ ਵੱਲੋਂ ਹਿਊਮਨ ਪੈਪੀਲੋਮਾ ਵਾਇਰਸ (ਐਚਪੀਵੀ) ਨਾਲ ਹੋਣ ਵਾਲੇ ਸਰਵਾਈਕਲ ਕੈਂਸਰ ਤੇ ਹੋਰ ਕੈਂਸਰ ਬਾਰੇ ਜਾਗਰੂਕਤਾ ਅਤੇ ਇਸ ਤੋਂ ਬਚਾਅ ਲਈ ਉਪਲੱਬਧ ਐਚਪੀਵੀ ਵੈਕਸੀਨ ਬਾਰੇ ਮੈਂਬਰਾਂ ਨੂੰ ਸੈਂਸਟਾਈਜ਼ ਕੀਤਾ ਗਿਆ। ਉਪਰੰਤ ਜ਼ਿਲਾ ਟੀਕਾਕਰਨ ਅਫਸਰ ਡਾ. ਸੀਮਾ ਗਰਗ ਨੇ ਗਰਭਵਤੀ ਮਹਿਲਾਵਾਂ ਅਤੇ ਬੱਚਿਆਂ ਦੀ ਟੀਕਾਕਰਨ ਸਬੰਧੀ ਮੌਜੂਦਾ ਟੀਕਾਕਰਨ ਸਾਰਨੀ ਬਾਰੇ ਜਾਣਕਾਰੀ ਸਾਂਝੀ ਕਰਦੇ ਪਿਛਲੇ ਕੁਝ ਸਾਲਾਂ ਵਿੱਚ ਬੱਚਿਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਉਣ ਲਈ ਯੂਨੀਵਰਸਲ ਟੀਕਾਕਰਨ ਪ੍ਰੋਗਰਾਮ ਵਿੱਚ ਸ਼ਾਮਿਲ ਕੀਤੇ ਗਏ ਨਵੇਂ ਟੀਕਿਆਂ ਬਾਰੇ ਦੱਸਿਆ। ਨਾਲ ਹੀ ਨਿਮੋਨੀਆ ਤੋਂ ਬਚਾਅ ਲਈ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਸਾਂਸ ਪ੍ਰੋਗਰਾਮ ਬਾਰੇ ਦੱਸਦੇ ਹੋਏ ਛੋਟੇ ਬੱਚਿਆਂ ਦੇ ਮਾਪਿਆਂ ਨੂੰ ਨਿਮੋਨੀਆ ਦੇ ਲੱਛਣਾਂ ਬਾਰੇ ਜਾਗਰੂਕ ਕਰਨ ਦੀ ਬੇਨਤੀ ਕੀਤੀ। ਉਹਨਾਂ ਬੱਚਿਆਂ ਵਿੱਚ ਖੂਨ ਦੀ ਕਮੀ, ਵਿਟਾਮਿਨ-ਏ ਦੀ ਕਮੀ, ਆਦਿ ਤੋਂ ਬਚਾਓ ਲਈ ਬਾਲ ਰੋਗ ਮਾਹਰਾਂ ਨੂੰ ਇਸ ਬਾਰੇ ਸੁਚੇਤ ਰਹਿਣ ਲਈ ਅਪੀਲ ਕੀਤੀ। ਉਹਨਾਂ ਪ੍ਰਾਈਵੇਟ ਹਸਪਤਾਲਾਂ ਵੱਲੋਂ ਯੂ-ਵਿਨ ਐਪ ‘ਤੇ ਡਿਲੀਵਰੀ ਦਾ ਡਾਟਾ ਨਿਯਮਿਤ ਰੂਪ ਵਿੱਚ ਅਪਲੋਡ ਕਰਨ ਲਈ ਤਹਿ ਦਿਲੋਂ ਧੰਨਵਾਦ ਕੀਤਾ। ਇਸ ਦੇ ਨਾਲ ਹੀ ਨਵ-ਜੰਮੇ ਬੱਚੇ ਦੇ ਜਨਮ ਸਮੇਂ ਟੀਕਾਕਰਣ, ਵਿਜ਼ੀਬਲ ਬਰਥ ਡਿਫੈਕਟ ਸਕਰੀਨਿੰਗ ਅਤੇ ਜਨਮ ਤੋਂ ਇੱਕ ਘੰਟੇ ਦੇ ਵਿੱਚ ਮਾਂ ਦਾ ਦੁੱਧ ਪਿਲਾਉਣਾ ਸ਼ੁਰੂ ਕਰਨਾ ਸਬੰਧੀ ਰਿਪੋਰਟ ਐਚਐਮਆਈਐਸ ਪੋਰਟਲ ਤੇ ਅਪਲੋਡ ਕਰਨ ਬਾਰੇ ਵਿਸ਼ੇਸ਼ ਧਿਆਨ ਰੱਖਣ ਲਈ ਕਿਹਾ।
ਡਾ. ਪੂਜਾ ਕਪੂਰ ਨੇ ਸਾਰੇ ਮੈਂਬਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਜਿੱਥੇ ਵੀ ਕਿੱਧਰੇ ਕੁਝ ਲੋਕਾਂ ਦਾ ਇਕੱਠ ਮਿਲੇ ਤਾਂ ਐਚਪੀਵੀ ਤੋਂ ਬਚਾਓ ਲਈ ਕੀਤੇ ਜਾਣ ਵਾਲੇ ਟੀਕਾਕਰਨ ਬਾਰੇ ਜਰੂਰ ਜਾਣਕਾਰੀ ਸਾਂਝੀ ਕਰਨ। ਉਨਾਂ ਆਪਣਾ ਤਜ਼ਰਬਾ ਸਾਂਝਾ ਕਰਦੇ ਹੋਏ ਦੱਸਿਆ ਕਿ ਸਮਾਜ ਵਿੱਚ ਇਸ ਬਿਮਾਰੀ ਬਾਰੇ ਲੋਕਾਂ ਨੂੰ ਜਾਣਕਾਰੀ ਦੀ ਬਹੁਤ ਕਮੀ ਹੈ ਅਤੇ ਨਾ ਹੀ ਬਚਾਓ ਲਈ ਉਪਲਬਧ ਟੀਕਿਆਂ ਬਾਰੇ ਜਾਣਕਾਰੀ ਹੈ। ਉਹਨਾਂ ਦੱਸਿਆ ਕਿ 9 ਤੋਂ 13 ਸਾਲ ਤੱਕ ਸਿਰਫ ਦੋ ਟੀਕੇ ਛੇ ਮਹੀਨੇ ਦੇ ਵਕਫੇ ਤੇ ਸਰਵਾਈਕਲ ਕੈਂਸਰ ਤੋਂ ਬਚਾਓ ਕਰਦੇ ਹਨ। ਪ੍ਰੰਤੂ 14 ਸਾਲ ਤੋਂ ਵੱਧ ਦੀ ਉਮਰ ਹੋ ਜਾਵੇ ਤਾਂ ਤਿੰਨ ਟੀਕੇ ਲਗਾਉਣੇ ਪੈਂਦੇ ਹਨ। ਇਹ ਟੀਕੇ 45 ਸਾਲ ਤੱਕ ਦੀਆਂ ਮਹਿਲਾਵਾਂ ਵਿੱਚ ਲਗਾਏ ਜਾ ਸਕਦੇ ਹਨ। ਅਖੀਰ ਵਿੱਚ ਸੀਨੀਅਰ ਆਈਐਮਏ ਮੈਂਬਰ ਅੱਖਾਂ ਦੇ ਮਾਹਰ ਡਾ. ਕੁਲਦੀਪ ਸਿੰਘ ਨੇ ਸਾਰੇ ਸੈਮੀਨਾਰ ਦੌਰਾਨ ਕੀਤੇ ਗਏ ਵਿਚਾਰ ਵਟਾਂਦਰੇ ਦਾ ਸਿੱਟਾ ਕੱਢਦੇ ਹੋਏ ਕਿਹਾ ਕਿ ਸਮੇਂ ਦੀ ਲੋੜ ਹੈ ਕਿ ਸਭ ਨੂੰ ਇਸ ਭਿਆਨਕ ਬਿਮਾਰੀ ਅਤੇ ਇਸ ਤੋਂ ਬਚਾਅ ਦੇ ਟੀਕੇ ਬਾਰੇ ਜਾਨਣ ਦਾ ਹੱਕ ਹੈ। ਉਹਨਾਂ ਨੇ ਸੁਝਾਅ ਦਿੱਤਾ ਕਿ 9ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਆਈਐਮਏ ਵੱਲੋਂ ਟੀਮਾਂ ਗਠਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਤਾਂ ਕਿ ਜਿਵੇਂ ਬਾਕੀ ਸਾਰੇ ਟੀਕਾਕਰਨ ਦਾ ਮਹੱਤਵ ਅਸੀਂ ਸਭ ਜਾਣਦੇ ਹਾਂ ਉਸੇ ਤਰ੍ਹਾਂ ਇਸ ਟੀਕੇ ਬਾਰੇ ਵੀ ਅਸੀਂ ਸੁਚੇਤ ਹੋ ਸਕੀਏ। ਨਾਲ ਹੀ ਉਹਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਇਸ ਦੀ ਕੀਮਤ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਜੋ ਸਮਾਜ ਵਿੱਚੋਂ ਸਮਾਲ-ਪੋਕਸ ਅਤੇ ਪੋਲੀਓ ਦੀ ਤਰ੍ਹਾਂ ਸਰਵਾਈਕਲ ਕੈਂਸਰ ਦਾ ਵੀ ਜੜ ਤੋਂ ਖਾਤਮਾ ਕੀਤਾ ਜਾ ਸਕੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਲੁਧਿਆਣਾ ਪੱਛਮੀ ਜ਼ਿਮਨੀ ਚੋਣ ਵਿੱਚ ਸੰਜੀਵ ਅਰੋੜਾ ਦੇ ਹੱਕ ਵਿੱਚ ‘ਆਪ’ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਵੱਲੋਂ ਪੈਦਲ ਮਾਰਚ
Next article68 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਅਨੁਸੂਚਿਤ ਜਾਤੀ ਲਈ ਸਭ ਤੋਂ ਵਧੀਆ ਤੋਹਫ਼ਾ ਹੈ – ਡਾ. ਇਸ਼ਾਂਕ