(ਸਮਾਜ ਵੀਕਲੀ)
ਇੱਕ ਉਂਗਲ਼ ਹੁੰਦੀ ਹੈ, ਇੱਕ ਚੰਨ ਹੁੰਦਾ ਹੈ। ਸਾਹਿਤਕਾਰ ਚੰਨ ਵੱਲ ਉਂਗਲ਼ ਉਲਾਰ ਕੇ, ਇਸ਼ਾਰਾ ਕਰ ਕੇ ਦੱਸਦਾ ਹੈ ਕਿ ਉਹ ਚੰਨ ਹੈ। ਪਾਠਕ ਨੇ ਉਹਦੀ ਉਹਦੀ ਉਂਗਲ਼ ਦੀ ਸੀਧ ਵੱਲ ਝਾਕਦੇ ਹੋਏ, ਚੰਨ ਵੱਲ ਵੇਖਣਾ ਹੁੰਦਾ ਹੈ।
ਬਹੁਤੇ ਪਾਠਕ, ਸਾਹਿਤਕਾਰ ਵੱਲੋਂ, ਚੰਨ ਵੱਲ ਇਸ਼ਾਰਾ ਕਰ ਰਹੀ ਉਂਗਲ਼ ਨੂੰ ਹੀ ਫੜ ਕੇ ਬਹਿ ਜਾਂਦੇ ਹਨ। ਉਹ ਚੰਨ ਵੱਲ ਨਹੀਂ ਝਾਕਦੇ, ਚੰਨ ਤੱਕ ਪਹੁੰਚਣ ਦੀ ਕੋਸ਼ਿਸ਼ ਨਹੀਂ ਕਰਦੇ, ਬੱਸ ਉਂਗਲ਼ ਨੂੰ ਹੀ ਫੜ ਕੇ ਬਹਿ ਜਾਂਦੇ ਹਨ।
ਕਈ ਸਾਹਿਤਕਾਰਾਂ ਕੋਲ਼ ਕੱਲੀ ਉਂਗਲ਼ ਹੀ ਹੁੰਦੀ ਹੈ, ਦਿਖਾਉਣ ਲਈ ਚੰਨ ਨਹੀਂ ਹੁੰਦਾ। ਉਹ ਉਂਗਲ਼ ਨੂੰ ਚੰਨ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਉਂਗਲ਼ ‘ਤੇ ਹੀ ਚੰਨ ਦਾ ਵਰਕ ਚੜ੍ਹਾਉਣ ਦੀ ਕੋਸ਼ਿਸ਼ ਕਰਦਾ ਹੈ ਅਤੇ ਸਾਡੇ 90 ਪ੍ਰਤੀਸ਼ਤ ਤੋਂ ਵਧੇਰੇ ਪਾਠਕ ਅਜਿਹੇ ਹੀ ਸਾਹਿਤ ਨੂੰ ਪਸੰਦ ਕਰਦੇ ਹਨ ਜੀਹਦੇ ਵਿੱਚ ਉਂਗਲ਼ ਨੂੰ ਹੀ ਚੰਨ ਆਖ ਦਿੱਤਾ ਜਾਂਦਾ ਹੈ। ਇਹ ਸੌਖਾ ਹੈ, ਉਂਗਲ਼ ਨੂੰ ਫੜ ਕੇ ਹੀ ਚੰਨ ‘ਤੇ ਪਹੁੰਚਣ ਦੀ ਲੱਜਤ।
ਔਖਾ ਹੈ, ਪਹਿਲਾਂ ਉਂਗਲ਼ ਵੇਖਣਾ, ਫੇਰ ਉਹਦਾ ਇਸ਼ਾਰਾ ਸਮਝਣਾ, ਫੇਰ ਚੰਨ ਵੱਲ ਵੇਖਣਾ, ਫੇਰ ਚੰਨ ਤੱਕ ਪਹੁੰਚਣਾ, ਫੇਰ ਉਹਨੂੰ ਸਮਝਣਾ।
ਸਾਹਿਤਕਾਰ ਕੋਲ਼ ਇੱਕ ਨੁਕਤਾ ਹੁੰਦਾ ਹੈ, ਉਹਨੇ ਉਹ ਨੁਕਤਾ ਦੱਸਣਾ/ਸਮਝਾਉਣਾ ਹੁੰਦਾ ਹੈ, ਉਹ ਉਸ ਨੁਕਤੇ ਨੂੰ ਪੇਸ਼ ਕਰਨ ਲਈ ਉਹਦੇ ਮੇਚ ਦੇ ਵਸਤਰ ਲੱਭਦੈ। ਉਂਝ ਨੁਕਤਾ ਆਪ ਹੀ ਕਹਿ ਦਿੰਦੈ ਬਈ ਮੈਂ ਤਾਂ ਆਹ ਕੱਪੜੇ ਪਾਉਣੇ ਨੇ। (ਇਹ ਕੱਪੜੇ ਕਾਵਿ, ਵਾਰਤਕ, ਨਾਟਕ, ਗਲਪ ਆਦਿ ਦੇ ਹੁੰਦੇ ਨੇ)
ਨੁਕਤਾ ਸਮਝਾਉਣ ਲਈ ਸਾਹਿਤਕਾਰ ਆਪਣੀ ਗੱਲ ਨੂੰ ਕਿਵੇਂ ਵੀ ਬੁਣ ਸਕਦਾ ਹੈ, ਉਹਦਾ ਹੱਕ ਹੈ, ਉਹਨੂੰ ਅਜ਼ਾਦੀ ਐ…. ਉਦਾਹਰਨ ਵਜੋਂ ਮੇਰੇ ਇੱਕ ਕਹਾਣੀ ਸੀ ”ਜੁਗਨੂੰ ਖ਼ੁਦਕੁਸ਼ੀ ਨਹੀਂ ਕਰਨਗੇ” ਇਹ ਕਹਾਣੀ ਦੇਵਦਾਸੀ ਪ੍ਰਥਾ ਨਾਲ਼ ਸੰਬੰਧਤ ਹੈ। ਅੱਜ ਦੇ ਦੌਰ ਵਿੱਚ ਦੇਵਦਾਸੀ ਪ੍ਰਥਾ ਬਾਰੇ ਕਹਾਣੀ ਲਿਖਣਾ…. ਪਾਠਕਾਂ ਨੂੰ ਇਹ ਮੂਰਖਤਾ ਲੱਗ ਸਕਦੀ ਹੈ, ਪਾਠਕਾਂ ਨੂੰ ਇਹ ਔਡ ਲੱਗ ਸਕਦੀ ਹੈ, ਪਾਠਕਾਂ ਨੂੰ ਹੀ ਘਸੀ–ਪਿਟੀ ਲੱਗ ਸਕਦੀ ਹੈ। ਪਰ….. ਮੇਰਾ ਨੁਕਤਾ ਹੈ ਕਿ ਮੈਂ ਇੱਕ ਦਲਿਤ ਕੁੜੀ ਕੋਲ਼ੋਂ ਦਲਿਤ/ਔਰਤ ਮੁਕਤੀ ਦੀ ਗੱਲ ਕਰਾਉਣੀ ਐ। ਦਲਿਤ/ਔਰਤ ਦੀ ਮੁਕਤੀ ਦੀ ਗੱਲ ਕਰਨ ਵਾਲ਼ੀ ਉਹ ਕੁੜੀ, ਕੋਈ ਕਾਲਜ ਜਾਂ ਸਕੂਲ ਪੜ੍ਹਦੀ ਵਿਦਿਆਰਥੀ ਵੀ ਹੋ ਸਕਦੀ ਸੀ, ਕੋਈ ਆਫ਼ਿਸ ਵਿੱਚ ਕੰਮ ਕਰਦੀ ਕੁੜੀ/ਔਰਤ ਵੀ ਹੋ ਸਕਦੀ ਸੀ, ਕੋਈ ਅਨਪੜ੍ਹ ਘਰੇਲੂ ਕੁੜੀ/ਔਰਤ ਵੀ ਹੋ ਸਕਦੀ ਹੈ, ਘਰਾਂ ਵਿੱਚ ਝਾੜੂ–ਪੋਚਾ ਕਰਨ ਵਾਲ਼ੀ ਕੁੜੀ/ਔਰਤ ਵੀ ਹੋ ਸਕਦੀ ਹੈ….
ਉਹ ਕੋਈ ਵੀ ਹੋ ਸਕਦੀ ਸੀ/ਹੈ… ਮੈਂ ਬੱਸ ਉਹਦੇ ਰਾਹੀਂ ਆਪਣੀ ਗੱਲ ਕਹਿਣੀ ਐ, ਆਪਣਾ ਨੁਕਤਾ ਸਮਝਾਉਣਾ ਹੈ….
ਤਾਂ ਮੈਂ ਕੀ ਕੀਤਾ ਕਿ ਇੱਕ ਵੱਡਾ ਚਿੱਤਰਪਟ ਲੈ ਲਿਆ, ਦੇਵਦਾਸੀ ਪ੍ਰਥਾ ਵਾਲ਼ਾ…. ਇਹ ਕਹਾਣੀ ਦੇਵਦਾਸੀ ਪ੍ਰਥਾ ਬਾਰੇ ਹੈ ਪਰ ਇਹ ਦੇਵਦਾਸੀ ਪ੍ਰਥਾ ਬਾਰੇ ਨਹੀਂ ਹੈ। ਇਹ ਕਹਾਣੀ ਇੱਕ ਦਲਿਤ/ਕੁੜੀ ਦੇ ਸੰਘਰਸ਼ ਦੀ ਕਹਾਣੀ ਹੈ, ਜਿਹਦਾ ਖੇਤਰ ਕੋਈ ਵੀ ਸਕਦਾ ਸੀ। ਤੁਸੀਂ ਦੇਵਦਾਸੀ ਪ੍ਰਥਾ ਨੂੰ ਨਹੀਂ ਫੜਨਾ, ਤੁਸੀਂ ਉਸ ਨੁਕਤੇ ਨੂੰ ਫੜਨਾ ਹੈ ਜਿਹਨੂੰ ਮੈਂ ਦੇਵਦਾਸੀ ਪ੍ਰਥਾ ਦੇ ਚਿੱਤਰਪਟ ਵਿੱਚ ਲਪੇਟ ਕੇ ਪੇਸ਼ ਕੀਤਾ ਹੈ। ਦੇਵਦਾਸੀ ਪ੍ਰਥਾ ਉਂਗਲ਼ ਹੈ, ਕੁੜੀ/ਨਾਰੀ/ਦਲਿਤ ਮੁਕਤੀ ਚੰਨ ਹੈ।
ਆਖ਼ਰੀ ਗੱਲ…. ਜਦੋਂ ਨੁਕਤਾ ਪੇਸ਼ ਕਰਨਾ ਹੁੰਦਾ ਹੈ ਤਾਂ ਜ਼ਰੂਰੀ ਨਹੀਂ ਉਹਦਾ ਧਰਾਤਲ ਲੋਕਲ ਹੋਵੇ, ਸਾਡੇ ਆਪਣੇ ਪਿੰਡ ਦਾ ਜਾਂ ਸ਼ਹਿਰ ਦਾ…. ਜਾਂ ਸਾਡੇ ਆਪਣੇ ਰਾਜ…. ਜਾਂ ਸਾਡੇ ਆਪਣੇ ਦੇਸ਼ ਦਾ…. ਨੁਕਤਾ ਪੇਸ਼ ਕਰਨ ਲਈ ਕੋਈ ਵੀ ਰਹਿਤਲ/ਧਰਾਤਲ/ਆਂਚਲਿਕਤਾ ਵਰਤੀ ਜਾ ਸਕਦੀ ਹੈ…. ਤੁਸੀਂ ਰਹਿਤਲ/ਧਰਾਤਲ/ਆਂਚਲਿਕਤਾ ਨੂੰ ਨਹੀਂ ਫੜਨਾ, ਨੁਕਤੇ ਨੂੰ ਫੜਨਾ ਹੈ। ਜਿਵੇਂ ਰੇਮਨ ਦੀਆਂ ਕਹਾਣੀਆਂ ਨੇ…. ਉਹਦੀਆਂ ਕਹਾਣੀਆਂ ‘ਤੇ ਸਭ ਤੋਂ ਵੱਡਾ ਇਲਜ਼ਾਮ ਇਹੋ ਥੋਪਿਆ ਜਾਂਦਾ ਹੈ ਕਿ ਇਨ੍ਹਾਂ ਦੀ ਰਹਿਤਲ ਪੰਜਾਬੀ ਨਹੀਂ… ਪੰਜਾਬ ਦੀ ਨਹੀਂ। ਨਿੰਦਾ ਕੀਤੀ ਜਾਂਦੀ ਹੈ ਕਿ ਇਨ੍ਹਾਂ ਵਿੱਚ ਪੰਜਾਬੀ ਜਾਂ ਪੰਜਾਬ ਦੀ ਆਂਚਲਿਕਤਾ ਨਹੀਂ, ਰਿਜੈਕਟ ਕੀਤਾ ਜਾਂਦਾ ਹੈ ਕਿ ਰੇਮਨ ਪਤਾ ਨਹੀਂ ਕਿਹੜੇ ਸਮਿਆਂ ਦੀਆਂ ਬਾਤਾਂ ਪਾਉਂਦੀ ਏ…. ਉਹ ਔਰਤਾਂ ਨੂੰ ਮਸਜਿਦ ਵਿੱਚ ਭੇਜ ਦਿੰਦੀ ਹੈ….. ਉਹ ਬਲੰਡਰ ਕਰਦੀ ਹੈ…. ਬਲਾ–ਬਲਾ–ਬਲਾ…. ਜਿਨ੍ਹਾਂ ਗੱਲਾਂ ਕਰਕੇ ਰੇਮਨ ਦੀ ਰਿਜੈਕਸ਼ਨ ਹੁੰਦੀ ਹੈ, ਨਿੰਦਾ ਹੁੰਦੀ ਹੈ ਜਾਂ ਇਲਜ਼ਾਮ ਥੱਪੇ ਜਾਂਦੇ ਨੇ, ਉਹ ਸਾਰੀਆਂ ਉਂਗਲ਼ਾਂ ਨੇ, ਤੁਹਾਨੂੰ ਰੇਮਨ ਦੁਆਰਾ ਦਿਖਾਇਆ ਚੰਨ ਵੇਖਣਾ ਚਾਹੀਦਾ ਹੈ।
ਮੁੱਕਦੀ ਗੱਲ, ਅਸੀਂ ਵਲਗਣਾਂ ਵਿੱਚ ਘਿਰੇ ਹੋਏ ਲੋਕ ਹਾਂ, ਕਿੰਨੀਆਂ ਹੀ ਵਲਗਣਾਂ ਨੇ ਸਾਡੇ ਦੁਆਲ਼ੇ ਜਿਹੜੀਆਂ ਸਾਨੂੰ ਘੇਰੀਂ ਖੜ੍ਹੀਆਂ ਨੇ (ਜੇ ਉਹ ਨਹੀਂ ਵੀ ਘੇਰਦੀਆਂ ਤਾਂ ਅਸੀਂ ਆਪਣੇ ਆਪ ਨੂੰ ਚੁੱਕ ਕੇ ਉਨ੍ਹਾਂ ਵਿੱਚ ਸੁੱਟ ਦਿੰਦੇ ਹਾਂ ਕਿ ਆਓ ਭਾਈ ਸਾਨੂੰ ਘੇਰੋ) ਇਹ ਵਲਗਣਾਂ ਰੰਗ, ਜਾਤ, ਜ਼ਾਤ, ਨਸਲ, ਭਾਸ਼ਾ, ਇਲਾਕਾ, ਵਿਚਾਰਧਾਰਾ, ਆਂਚਲਿਕਤਾ ਦੀਆਂ ਨੇ…. ਠੀਕ ਹੈ, ਰਾਜਨੀਤੀ ਵਿੱਚ ਇਹ ਵਲਗਣਾਂ ਜ਼ਰੂਰੀ ਸੀ (ਜੇ ਭਾਈ ਥੋਡਾ ਸਰਦਾ ਨਹੀਂ, ਇਨ੍ਹਾਂ ਬਿਨਾਂ) ਪਰ ਸਾਹਿਤ ਵਿੱਚ ਇਨ੍ਹਾਂ ਵਲਗਣਾਂ ਦਾ ਕੋਈ ਕੰਮ ਨਹੀਂ। ਸਾਹਿਤਕਾਰ, ਸਾਹਿਤਕਾਰ ਹੁੰਦਾ ਹੈ, ਉਹ ਨਾ ਬੰਦਾ ਹੁੰਦਾ ਹੈ, ਨਾ ਤੀਵੀਂ ਹੁੰਦਾ ਹੈ, ਨਾ ਤੀਜਾ ਹੁੰਦਾ ਹੈ; ਉਹ ਬੱਸ ਸਾਹਿਤਕਾਰ ਹੁੰਦਾ ਹੈ। ਸਾਹਿਤ ਵਿੱਚ ਵਲਗਣਾਂ ਨਹੀਂ ਹੁੰਦੀਆਂ , ਨਹੀਂ ਤਾਂ ਫੇਰ ਬੰਦੇ ਬੰਦਿਆਂ ਬਾਰੇ ਹੀ ਕਹਾਣੀਆਂ ਲਿਖਣ, ਜ਼ਨਾਨੀਆਂ ਤ੍ਰੀਮਤਾਂ ਬਾਰੇ ਹੀ ਕਹਾਣੀਆਂ ਲਿਖਣ, ਤੀਜੇ ਲਿੰਗ ਆਪਣੇ ਬਾਰੇ ਹੀ ਕਹਾਣੀਆਂ ਲਿਖਣ। ਜੱਟ ਜੱਟਾਂ ਬਾਰੇ ਲਿਖਣ, ਦਲਿਤ ਦਲਿਤਾਂ ਬਾਰੇ ਲਿਖਣ। ਇਸੇ ਤਰ੍ਹਾਂ ਪੰਜਾਬੀ ਪੰਜਾਬ ਦੀ ਰਹਿਤਲ ਬਾਰੇ ਹੀ ਲਿਖਣ…. ਮਤਲਬ ਕਿ ਸਾਹਿਤਕਾਰ ਦੇ ਨਾ ਪੈਰਾਂ ਵਿੱਚ ਬੇੜੀਆਂ ਹੁੰਦੀਆਂ ਨੇ, ਨਾ ਸੋਚਾਂ ਨੂੰ ਬੇੜੀਆਂ ਲੱਗੀਆਂ ਹੁੰਦੀਆਂ ਨੇ (ਮਤਲਬ ਹੋਣੀਆਂ ਚਾਹੀਦੀਆਂ ਨਹੀਂ।) ਸਾਹਿਤਕਾਰ ਸਭ ਵਲਗਣਾਂ ਤੋਂ ਪਾਰ ਜਾ ਕੇ ਲਿਖਦਾ ਹੈ (ਮਤਲਬ ਲਿਖਣਾ ਚਾਹੀਦਾ ਹੈ) ਅਤੇ ਪਾਠਕਾਂ ਅਤੇ ਕਚਘਰੜ ਆਲੋਚਕਾਂ ਨੂੰ ਵੀ ਇਨ੍ਹਾਂ ਸਾਰੀਆਂ ਵਲਗਣਾਂ ਤੋਂ ਪਾਰ ਜਾ ਕੇ ਹੀ ਸਾਹਿਤ ਨੂੰ ਪੜ੍ਹਨਾ, ਸਮਝਣਾ, ਘੋਖਣਾ, ਵਿਚਾਰਨਾ ਚਾਹੀਦਾ ਹੈ ਅਤੇ ਇਸੇ ਰੂਪ ਵਿੱਚ ਪੇਸ਼ ਕਰਨਾ ਚਾਹੀਦਾ ਹੈ।
ਡਾਕਟਰ ਸਵਾਮੀ ਸਰਬਜੀਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly