(ਸਮਾਜ ਵੀਕਲੀ)
*ਸੋ ਕਿਉਂ ਮੰਦਾ ਆਖੀਐ,*
*ਜਿਤ ਜੰਮੈ ਰਾਜਾਨ।।*
*ਗੁਰੂ ਨਾਨਕ ਦੇਵ ਜੀ ਦੀਆਂ ਲਿਖੀਆਂ ਇਹ ਸਤਰਾਂ ਔਰਤ ਦੇ ਸਨਮਾਨ ਨੂੰ ਬਾਖ਼ੂਬੀ ਪ੍ਰਭਾਸ਼ਿਤ ਕਰਦੀਆਂ ਹਨ।ਇਕ ਔਰਤ ਜਿਸ ਨੂੰ ਜੱਗ ਜਣਨੀ ਵੀ ਕਿਹਾ ਜਾਂਦਾ ਹੈ, ਜਿਸ ਨੇ ਮਹਾਨ ਯੋਧਿਆਂ, ਸੂਰਬੀਰਾਂ, ਗੁਰੂਆਂ-ਪੀਰਾਂ, ਪੈਗੰਬਰਾਂ ਨੂੰ ਜਨਮ ਦਿੱਤਾ ਪਰੰਤੂ ਉਸ ਦੇ ਜਨਮ ਲੈਣ ਤੇ ਹੀ ਪਰਿਵਾਰ ਵਿੱਚ ਅਫ਼ਸੋਸ ਦਾ ਮਹੌਲ ਹੋ ਜਾਂਦਾ ਸੀ। ਭਾਵੇਂ ਅੱਜ ਜ਼ਮਾਨਾ ਬਦਲ ਗਿਆ ਹੈ, ਹਾਲੇ ਵੀ ਸਮਾਜ ਵਿੱਚ ਕਈ ਪਰਿਵਾਰਾਂ ਵਿੱਚ ਕੁੜੀ ਦਾ ਜੰਮਣਾ ਅਸ਼ੁੱਭ ਮੰਨਿਆ ਜਾਂਦਾ ਹੈ।*
*ਜਦੋਂ ਇਕ ਔਰਤ ਦਾ ਜਨਮ ਹੁੰਦਾ ਹੈ ਤਾਂ ਉਹ ਬਹੁਤ ਸਾਰੇ ਰਿਸ਼ਤਿਆਂ ਵਿੱਚ ਬੱਝ ਜਾਂਦੀ ਹੈ, ਕਦੇ ਧੀ ਬਣ ਕੇ ਬਾਬਲ ਦੀ ਪੱਗ ਦੀ ਲਾਜ ਰੱਖਦੀ ਹੈ, ਕਦੇ ਭੈਣ ਬਣ ਕੇ ਭਰਾਵਾਂ ਦਾ ਗਰੂਰ, ਕਦੇ ਪਤਨੀ ਬਣ ਕੇ ਪਤੀ ਦੀ ਤਾਕਤ ਅਤੇ ਕਦੇ ਮਾਂ ਬਣ ਕੇ ਆਪਣੀ ਔਲਾਦ ਤੋਂ ਮਮਤਾ ਨਿਛਾਵਰ ਕਰਦੀ ਹੈ। ਇਨ੍ਹਾਂ ਸਾਰੇ ਰਿਸ਼ਤਿਆਂ ਦਾ ਮਾਣ ਰੱਖਦੀ ਹੋਈ ਉਹ ਆਪਣੀਆਂ ਰੀਝਾਂ, ਹਾਉਂਕੇ ਅਤੇ ਸੱਧਰਾਂ ਆਪਣੇ ਅੰਦਰ ਹੀ ਦਬਾ ਲੈਂਦੀ ਹੈ। ਐਨਾ ਹੀ ਨਹੀਂ ਸਮਾਜ ਵਿੱਚ ਬਹੁਤ ਸਾਰੇ ਅਜਿਹੇ ਰਿਸ਼ਤੇ ਹਨ ਜੋ ਉਸ ਤੋਂ ਬਿਨਾਂ ਅਧੂਰੇ ਹਨ ਜਿਵੇਂ ਚਾਚੀ, ਮਾਮੀ, ਮਾਸੀ, ਭੂਆ, ਭਾਬੀ ਤੇ ਨਨਾਣ ਆਦਿ। ਇਹ ਕਿਹਾ ਜਾ ਸਕਦਾ ਹੈ ਕਿ ਉਹ ਇਕੱਲੀ ਜਨਮ ਨਹੀਂ ਲੈਂਦੇ ਬਲਕਿ ਉਸਦੇ ਨਾਲ ਅਣਗਿਣਤ ਰਿਸ਼ਤੇ ਪੈਦਾ ਹੁੰਦੇ ਹਨ।*
*8 ਮਾਰਚ ਦਾ ਦਿਨ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਰੂਪ ਵਜੋਂ ਮਨਾਇਆ ਜਾਂਦਾ ਹੈ। ਕੀ ਇਹ ਇੱਕ ਦਿਨ ਉਨ੍ਹਾਂ ਦੇ ਸਤਿਕਾਰ ਲਈ ਕਾਫੀ ਹੈ? ਰੋਜਾਨਾ ਜਿੰਦਗੀ ਵਿੱਚ ਝਾਤ ਮਾਰੀਏ ਤਾਂ ਘਰ ਦਾ ਕੋਈ ਅਜਿਹਾ ਕੰਮ ਨਹੀਂ ਜੋ ਉਸ ਦੀ ਹੋਂਦ ਤੋਂ ਬਿਨਾਂ ਸੰਭਵ ਹੋਵੇ। ਸਵੇਰ ਦਾ ਨਾਸ਼ਤਾ ਬਣਾਉਣ ਤੋਂ ਲੈ ਕੇ ਅਗਲੇ ਦਿਨ ਤੱਕ ਦੇ ਖਾਣੇ ਦੀ ਵਿਉਂਤ ਬਣਾ ਕੇ ਰੱਖਦੀ ਹੈ ਅਤੇ ਉਸਨੂੰ ਕਦੇ ਵੀ ਕੋਈ ਛੁੱਟੀ ਨਹੀਂ ਹੁੰਦੀ। ਜਿਨ੍ਹਾਂ ਘਰਾਂ ਦੇ ਵਿੱਚ ਕਿਸੇ ਕੁਦਰਤੀ ਕਾਰਨ ਕਰਕੇ ਕੋਈ ਔਰਤ ਨਹੀਂ ਹੁੰਦੀ, ਉਨ੍ਹਾਂ ਘਰਾਂ ਦੇ ਹਾਲਾਤਾਂ ਦਾ ਅਸੀਂ ਬਾਖੂਬੀ ਅੰਦਾਜ਼ਾ ਲਗਾ ਸਕਦੇ ਹਾਂ। ਇਸ ਤੋ ਇਲਾਵਾ ਕੰਮਕਾਜੀ ਮਹਿਲਾਵਾਂ ਆਪਣੇ ਘਰ ਦੀ ਜਿੰਮੇਵਾਰੀ ਵੀ ਸਮਾਨਾਂਤਰ ਰੱਖਦੀਆਂ ਹਨ। ਹਰ ਦਿਨ ਉਸ ਔਰਤ ਦੇ ਸਨਮਾਨ ਲਈ ਘੱਟ ਜਾਪਦਾ ਹੈ ਜੋ ਕਿ 24 ਘੰਟੇ ਵਿਅਸਥ ਰਹਿੰਦੀ ਹੈ।*
*ਲਿੰਗ ਅਨੁਪਾਤ ਦੇਖਿਆ ਜਾਵੇ ਤਾਂ ਅੱਜ ਭਾਰਤ ਦੇ ਲਿੰਗ ਅਨੁਪਾਤ ਵਿੱਚ ਬਹੁਤ ਗਿਰਾਵਟ ਆਈ ਹੈ। ਪਿਛਲੇ ਕੁੱਝ ਦਹਾਕਿਆਂ ਵਿੱਚ ਭਰੂਣ ਹੱਤਿਆ ਬਹੁਤ ਵੱਡੇ ਪੱਧਰ ਤੇ ਹੋਈ ਜਿਸ ਕਾਰਨ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਦੀ ਦਰ ਘੱਟਦੀ ਗਈ। ਅਸੀਂ ਕਿਸੇ ਵੀ ਖੇਤਰ ਵਿੱਚ ਝਾਤ ਮਾਰ ਲਈਏ ਮਜ਼ਦੂਰੀ ਤੋਂ ਲੈ ਕੇ ਅੰਤਰਿਕਸ਼ ਤੱਕ ਔਰਤਾਂ ਦਾ ਯੋਗਦਾਨ ਕਿਤੇ ਵੀ ਘੱਟ ਨਹੀਂ ਹੈ। ਅੱਜ ਉਹ ਹਰ ਖੇਤਰ ਵਿੱਚ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਭੂਮਿਕਾ ਨਿਭਾ ਰਹੀਆਂ ਹਨ।*
*ਸਿੱਖਿਆ ਦੇ ਖੇਤਰ ਵਿੱਚ ਕੁੜੀਆਂ ਹਮੇਸ਼ਾ ਹੀ ਮੁੰਡਿਆਂ ਤੋਂ ਮੋਢੀ ਰਹਿੰਦੀਆਂ ਹਨ। ਇਸ ਤੋਂ ਇਲਾਵਾ ਸਕੂਲਾਂ ਦੇ ਵਿਚ ਮਰਦਾਂ ਦੇ ਮੁਕਾਬਲੇ ਇਸਤਰੀ ਅਧਿਆਪਕਾਂ ਦੀ ਗਿਣਤੀ ਕਿਧਰੇ ਜ਼ਿਆਦਾ ਹੈ। ਇਸ ਤੋਂ ਇਹ ਗੱਲ ਸਿੱਧ ਹੁੰਦੀ ਹੈ ਕਿ ਔਰਤ ਸਿਰਫ਼ ਜਗਤ ਜਨਣੀ ਹੀ ਨਹੀਂ ਬਲਕਿ ਰਾਸ਼ਟਰ ਨਿਰਮਾਤਾ ਵੀ ਹੈ। ਜਿਥੋਂ ਤੱਕ ਗੱਲ ਸਤਿਕਾਰ ਦੀ ਹੈ ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਿਰਫ ਪੁਰਸ਼ਾਂ ਨੂੰ ਹੀ ਔਰਤਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਬਲਕਿ ਔਰਤ ਨੂੰ ਵੀ ਔਰਤ ਦਾ ਸਨਮਾਨ ਕਰਨਾ ਚਾਹੀਦਾ ਹੈ ਭਾਵੇਂ ਰਿਸ਼ਤਾ ਜੋ ਮਰਜ਼ੀ ਹੋਵੇ। ਕਈ ਥਾਵਾਂ ਤੇ ਦੇਖਣ ਨੂੰ ਮਿਲਦਾ ਹੈ ਕਿ ਸੱਸ- ਨੂੰਹ, ਨਣਦ-ਭਰਜਾਈ, ਦਰਾਣੀ-ਜੇਠਾਣੀ ਆਦਿ ਰਿਸ਼ਤਿਆਂ ਵਿੱਚ ਬਿਨਾਂ ਵਜ੍ਹਾ ਤਕਰਾਰ ਰਹਿੰਦੀ ਹੈ। ਸੋ ਇਸ ਤਰ੍ਹਾਂ ਦਾ ਮਾਹੌਲ ਕੇਵਲ ਇਕ ਪਰਿਵਾਰ ਨੂੰ ਨਹੀਂ ਬਲਕਿ ਪੂਰੇ ਸਮਾਜ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਹਰ ਖੇਤਰ ਵਿੱਚ ਸਾਨੂੰ ਇੱਕ ਦੂਜੇ ਦੇ ਸਨਮਾਨ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਅਸੀਂ ਸਮਾਜ ਵਿਚ ਆਪਣਾ ਹੀ ਰੁਤਬਾ ਉੱਚਾ ਕਰਾਂਗੇ।*
ਬਿਨ ਔਰਤ ਘਰ ਸੁੰਨਾ ਜਾਪੇ,*
ਇਸ ਦੀ ਬਿਨਾਂ ਨਾ ਬਣਦੇ ਮਾਪੇ।*
ਸੰਦੀਪ ਕੌਰ
ਪਿ੍ੰਸੀਪਲ
ਮਾਡਰਨ ਸੈਕੂਲਰ ਪਬਲਿਕ ਸਕੂਲ, ਭੀਖੀ।
9592391054