ਆਧੁਨਿਕ ਯੁੱਗ ਵਿੱਚ ਨਾਰੀ ਦੀ ਭੂਮਿਕਾ

0
18
ਨੀਟਾ ਭਾਟੀਆ

(ਸਮਾਜ ਵੀਕਲੀ)

ਨਾ ਭੁਲਾ ਸਕੇ ਹਾਂ ਅੱਜ ਤੱਕ ਵੀ ਉਹ ਸਮਾਂ ਜਿਸਨੂੰ ਭੁਲਾਉਣ ਲਈ ਬੀਤ ਗਿਆ ਏ ਇੱਕ ਸਮਾਂ

ਸਾਥੀਓ ! ਮੈਂ ਤੁਹਾਨੂੰ ਸਦੀਆਂ ਪੁਰਾਣੇ ਉਸ ਯੁੱਗ ਵਿੱਚ ਲੈ ਕੇ ਜਾਣਾ ਚਾਹੁੰਦੀ ਹਾਂ ਜਿੱਥੇ ਕਦੇ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ। ਉਸਦੀ ਆਪਣੀ ਕੋਈ ਹੋਂਦ ਨਹੀਂ ਸੀ । ਉਸਨੂੰ ਪਤੀ ਦੀ ਮੌਤ ਦੇ ਨਾਲ ਹੀ ਜ਼ਿੰਦਾ ਹੀ ਚਿਤਾ ਵਿੱਚ ਸੜ੍ਹਣਾ ਪੈਂਦਾ ਸੀ ਤੇ ਉਸ ਸਮੇਂ ਗੁਰੂ ਅਮਰਦਾਸ ਜੀ ਨੇ ਸਤੀ ਪ੍ਰਥਾ ਦਾ ਵਿਰੋਧ ਕੀਤਾ ਤੇ ਫੁਰਮਾਇਆ :
ਸਤੀਆਂ ਸੋ ਨਾ ਆਖੀਅਨ, ਜੋ ਮੜੀਆਂ ਲੱਗ ਜਲਣ।
ਸਤੀਆਂ ਸੋਈ ਨਾਨਕਾ, ਜੋ ਬਿਰਹੋਂ ਚੋਟ ਮਰਨ ।

ਪਹਿਲਾਂ ਔਰਤ ਆਪਣੀ ਮਰਜੀ ਨਾਲ ਜੀਵਨ ਬਤੀਤ ਨਹੀਂ ਸੀ ਕਰ ਸਕਦੀ। ਬਾਬਰ ਦੇ ਵੇਲੇ ਜਦ ਔਰਤਾਂ ਨਾਲ ਬਦਸਲੂਕੀ ਕੀਤੀ ਗਈ ਤਾਂ ਗੁਰੂ ਨਾਨਕ ਦੇਵ ਜੀ ਨੇ ਇਸ ਜ਼ੁਲਮ ਦੇ ਖਿਲਾਫ ਹਾਅ ਦਾ ਨਾਅਰਾ ਮਾਰਿਆ ਤੇ ਗਿਲਾ ਕੀਤਾ।
“ਸੋ ਕਿਉਂ ਮੰਦਾ ਆਖਿਐ,
ਜਿਤੁ ਜੰਮੇ ਰਾਜਾਨੁ

ਇਹ ਤਾਂ ਔਰਤ ਦੀ ਪਹਿਲੀ ਕਹਾਣੀ ਸੀ ਪਰ ਅੱਜ ਜਦ ਅਸੀਂ ਇੱਕੀਵੀਂ ਸਦੀ ਦੀ ਦਹਿਲੀਜ ਉਤੇ ਪਹੁੰਚ ਚੁੱਕੇ ਹਾਂ ਤਾਂ ਸਾਨੂੰ ਔਰਤਾਂ ਮਰਦਾਂ ਨਾਲੋਂ ਹਰ ਖੇਤਰ ਵਿੱਚ ਅੱਗੇ ਨਜ਼ਰ ਆਉਂਦੀਆਂ ਹਨ ਤੇ ਇਸਦਾ ਕਾਰਨ ਸਿਰਫ ਇਹੋ ਹੈ ਕਿ ਅੱਜ ਦੀ ਔਰਤ ਨੇ ਆਪਣੇ ਆਤਮਬਲ ਨੂੰ ਤੇ ਆਪਣੇ ਸਹੀ ਰੂਪ ਨੂੰ ਪਛਾਣ ਲਿਆ ਹੈ। ਇਸ ਤੋਂ ਮੇਰਾ ਇਹ ਭਾਵ ਨਹੀਂ ਕਿ ਪਹਿਲਾਂ ਦੀ

ਔਰਤ ਮਹਾਨ ਨਹੀਂ ਸੀ। ਕਿਉਂਕਿ ਕਈ ਅਜਿਹੀਆਂ ਝਾਂਸੀ ਦੀ ਰਾਣੀ, ਯੋਧਾ ਬਾਈ ਤੇ ਚਾਂਦ ਬੀਬੀ ਵਰਗੀਆਂ ਔਰਤਾਂ ਹੋਈਆਂ ਹਨ ਜਿਨ੍ਹਾਂ ਨੇ ਆਪਣੀਆਂ ਜਾਨਾਂ ਦੇ ਕੇ ਦੇਸ਼ ਦੀ ਆਨ-ਬਾਨ ਨੂੰ ਬਰਕਰਾਰ ਰੱਖਿਆ ਸੀ ਤੇ ਇਸਦੇ ਨਾਲ ਹੀ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੋ ਹੱਥ ਪੰਘੂੜੇ ਹਿਲਾ ਸਕਦੇ ਹਨ ਉਹ ਤਾਜਪੋਸ਼ੀ ਵੀ ਕਰ ਸਕਦੇ ਹਨ। ਇਸਦੀ ਸਪਸ਼ਟ ਉਦਾਹਰਣ ਇੰਦਰਾ ਗਾਂਧੀ ਹੈ। ਆਧੁਨਿਕ ਯੁੱਗ ਵਿੱਚ ਕਲਪਨਾ ਚਾਵਲਾ ਤੇ ਕਿਰਨ ਬੇਦੀ ਨੇ ਪੂਰੀ ਨਾਰੀ ਜਾਤੀ ਦਾ ਨਾਂ ਉੱਚਾ ਕਰ ਦਿੱਤਾ ਹੈ।

ਅੱਜ ਭਵਿੱਖ ਵਿੱਚ ਸਭ ਤੋਂ ਵੱਧ ਯੋਗਦਾਨ ਸਾਨੂੰ ਔਰਤਾਂ ਦਾ ਹੀ ਨਜ਼ਰ ਆਉਂਦਾ ਹੈ। ਭਾਵੇਂ ਉਹ ਪੀ.ਐਮ.ਟੀ. ਦਾ ਟੈਸਟ ਹੋਵੇ ਤੇ ਜਾਂ ਫਿਰ ਕੌਣ ਬਣੇਗਾ ਕਰੋੜਪਤੀ ਦਾ ਮੁਕਾਬਲਾ, ਔਰਤ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹੈ। ਉਹ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ । ਭਵਿੱਖ ਦੀ ਸਿਰਜਣਾ ਲਈ ਔਰਤਾਂ ਦੇ ਸਿਰ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹੁੰਦੀਆਂ ਹਨ ਤੇ ਉਹ ਇਹਨਾਂ ਨੂੰ ਬਖੂਬੀ ਨਿਭਾ ਵੀ ਰਹੀਆਂ ਹਨ। ਔਰਤ ਦੇ ਹੌਂਸਲੇ ਨੂੰ ਹੋਰ ਬੁਲੰਦ ਕਰਦੇ ਹੋਏ ਮੈਂ ਤਾਂ ਇਹੋ ਕਹਾਂਗੀ ਕਿ:
ਹਾਰਨਾ ਤੇਰੀ ਮੰਜ਼ਿਲ ਨਹੀਂ,
ਚੱਲਦੇ ਰਹਿਣਾ ਹੀ ਤੇਰਾ ਦਸਤੂਰ ਹੈ।

ਨੀਟਾ ਭਾਟੀਆ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly