(ਸਮਾਜ ਵੀਕਲੀ)- ਸੁਣਨ ਅਤੇ ਬੋਲਣ ਵਿੱਚ ਡੰਡਾ ਬਿਲਕੁਲ ਮਾਮੂਲੀ ਚੀਜ਼ ਜਾਪਦੀ ਹੈ ਪਰ ਇਸ ਦਾ ਇਤਿਹਾਸ ਬਹੁਤ ਪੁਰਾਣਾ ਹੈ। ਜਦੋਂ ਆਦਿ ਮਾਨਵ ਨੇ ਲੱਕੜ ਦੇ ਹਥਿਆਰ ਬਣਾਉਣੇ ਸ਼ੁਰੂ ਕੀਤੇ ਤਾਂ ਡੰਡੇ ਨੂੰ ਉੱਪਰ ਵਾਲੀ ਸ੍ਰੇਣੀ ਵਿੱਚ ਸ਼ਾਮਲ ਕੀਤਾ ਗਿਆ ਕਿਉਂਕਿ ਇਸ ਹਥਿਆਰ ਦੀ ਮਦਦ ਨਾਲ ਆਦਿ ਮਾਨਵ ਨੇ ਜਾਨਵਰਾਂ ਨੂੰ ਆਪਣੇ ਵੱਸ ਵਿੱਚ ਕਰਨਾ ਸ਼ੁਰੂ ਕੀਤਾ। ਅਸੀਂ ਆਮ ਤੌਰ ਤੇ ਦੇਖਦੇ ਹਾਂ ਕਿ ਅੱਜ ਵੀ ਜਾਨਵਰਾਂ ਨੂੰ ਕਾਬੂ ਵਿੱਚ ਕਰਨ ਲਈ ਮਨੁੱਖ ਡੰਡੇ ਦੀ ਵਰਤੋਂ ਕਰਦਾ ਹੈ। ਜਦੋਂ ਅਸੀਂ ਸਕੂਲ ਵਿੱਚ ਪੜਦੇ ਸੀ ਤਾਂ ਸਾਡੇ ਅਧਿਆਪਕ ਅਕਸਰ ਕਲਾਸ ਵਿੱਚੋਂ ਕਿਸੇ ਇੱਕ ਵਿਦਿਆਰਥੀ ਨੂੰ ਕਿਸੇ ਦਰੱਖਤ ਤੋਂ ਡੰਡਾ ਤੋੜ ਕੇ ਲਿਆਉਣ ਲਈ ਬੋਲਦੇ ਸਨ, ਜਿੰਨਾਂ ਵਿਦਿਆਰਥੀ ਦੀ ਹਾਲਤ ਪੜਾਈ ਵਿੱਚ ਨਾਜ਼ੁਕ ਹੁੰਦੀ ਸੀ, ਇਹੀ ਡੰਡਾ ਉਨ੍ਹਾਂ ਦੀ ਆਓ ਭਗਤ ਦਾ ਸਾਧਨ ਬਣਦਾ ਸੀ।
ਹਾਂ ਸੱਚ, ਇੱਕ ਯਾਦਗਾਰੀ ਪਲ ਤਾਂ ਦੱਸਣਾ ਭੁੱਲ ਹੀ ਗਿਆ ਸੀ, ਗਲੀਆਂ ਵਿੱਚ ਖੇਡਦੇ ਇਸ ਡੰਡੇ ਨਾਲ ਟਾਇਰ ਵੀ ਅਸੀਂ ਬਹੁਤ ਭਜਾਉਂਦੇ ਰਹੇ ਹਾਂ ਅਤੇ ਗੁੱਲੀ ਡੰਡਾ ਤਾਂ ਪੰਜਾਬੀਆਂ ਦੀ ਮਨਪਸੰਦ ਖੇਡ ਰਹੀ ਹੈ। ਇੱਕ ਬਜ਼ੁਰਗ ਇਨਸਾਨ ਜਦੋਂ ਆਪਣਾ ਆਪ ਸੰਭਾਲਣ ਦੀ ਹਾਲਤ ਵਿੱਚ ਨਹੀਂ ਰਹਿੰਦਾ ਤਾਂ ਇਹ ਡੰਡਾ ਹੀ ਉਸ ਦਾ ਸਹਾਰਾ ਬਣਦਾ ਹੈ। ਇਸ ਤਰ੍ਹਾਂ ਇਹ ਡੰਡਾ ਮਨੁੱਖ ਦੇ ਬਚਪਨ ਤੋਂ ਲੈ ਕੇ ਬੁਢਾਪੇ ਤੱਕ ਕਿਸੇ ਨਾ ਕਿਸੇ ਰੂਪ ਵਿੱਚ ਸਾਥ ਨਿਭਾਉਂਦਾ ਰਿਹਾ ਹੈ। ਪਰੰਤੂ ਅੱਜ ਜਾਪਦਾ ਹੈ ਕਿ ਇਹ ਡੰਡਾ ਉਨ੍ਹਾਂ ਹੱਥਾਂ ਵਿੱਚ ਜਾ ਪੁੱਜਾ ਹੈ ਜੋ ਹੱਥ ਉਜਾੜੇ ਦੇ ਰਾਹ ਤੁਰੇ ਹਨ। ਅਧਿਆਪਕਾਂ ਦੇ ਹੱਥਾਂ ਦਾ ਸਿੰਗਾਰ ਇਹ ਡੰਡਾ, ਅੱਜ ਅਧਿਆਪਕਾਂ ਦੀ ਲੱਤਾਂ ਬਾਹਾਂ ਤੇ ਲਾਸ਼ਾਂ ਬਣਾ ਰਿਹਾ ਹੈ। ਗਰੀਬਾਂ ਮਜਲੂਮਾਂ ਦੀ ਰਾਖੀ ਕਰਨ ਵਾਲਾ ਇਹ ਡੰਡਾ ਅੱਜ ਗਰੀਬਾਂ ਦੀਆਂ ਹੀ ਚੀਖਾਂ ਕਢਵਾ ਰਿਹਾ ਹੈ। ਲਾਲੋ ਦਾ ਡੰਡਾ, ਭਾਗੋ ਦੀ ਗੋਦ ਦਾ ਅਨੰਦ ਮਾਣ ਰਿਹਾ ਹੈ। ਜੇਕਰ ਇਸੇ ਤਰ੍ਹਾਂ ਇਹ ਡੰਡਾ ਬਾਬਰਾਂ ਦੇ ਹੱਕ ਵਿੱਚ ਭੁਗਤਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਲਬਰਟ ਆਈਨਸਟਾਈਨ ਦੇ ਕਹੇ ਅਨੁਸਾਰ ਇਹ ਡੰਡਾ, ਚੌਥੇ ਵਿਸ਼ਵ ਯੁੱਧ ਵਿੱਚ ਆਪਣਾ ਰੋਲ ਅਦਾ ਕਰਦਾ ਨਜ਼ਰ ਆਵੇਗਾ…
ਅਮਨ ਜੱਖਲਾਂ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly