ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਪੰਜਾਬ ਰੋਡਵੇਜ ਰਿਟਾਇਰਡ ਇੰਪਲਾਈਜ਼ ਵੈਲਫੇਅਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮਹੀਨਾਵਾਰ ਮੀਟਿੰਗ ਸ. ਕੁਲਦੀਪ ਸਿੰਘ ਅਜੜਾਮ ਐਨ.ਆਰ.ਆਈ ਞਾਈਸ ਪ੍ਰਧਾਨ ਦੀ ਪ੍ਰਧਾਨਗੀ ਹੇਠ ਬੱਸ ਸਟੈਂਡ ਹੁਸ਼ਿਆਰਪੁਰ ਵਿਖੇ ਹੋਈ। ਮੀਟਿੰਗ ਸ਼ੁਰੂ ਹੋਣ ਤੇ ਇਸ ਜਥੇਬੰਦੀ ਵਿੱਚ ਨਵੇ ਸ਼ਾਮਲ ਹੋਏ ਮੈਬਰਾਂ ਸ. ਹਰੀ ਸਿੰਘ ਸਾਬਕਾ ਸਬ ਇੰਸਪੈਕਟਰ ਨਵਾਂ ਸ਼ਹਿਰ ਅਤੇ ਸ਼੍ਰੀ ਪ੍ਰਸ਼ੋਤਮ ਦਾਸ ਟੀ.ਜੀ-1 ਹੁਸ਼ਿਆਰਪੁਰ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਉਪਰੰਤ 70 ਸਾਲ ਤੋਂ ਵੱਧ ਉਮਰ ਵਾਲੇ ਮੈਂਬਰਾਂ ਸ. ਸੁਰਿੰਦਰ ਸਿੰਘ ਬਰਿਆਣਾ ਐਨ.ਆਰ.ਆਈ , ਸ. ਅਵਤਾਰ ਸਿੰਘ ਝਿੰਗੜ ਚੇਅਰਮੈਨ, ਸ਼੍ਰੀ ਪਾਖਰ ਦਾਸ ਸਾਬਕਾ ਕੰਡਕਟਰ, ਸ਼੍ਰੀ ਮਹਿੰਦਰ ਕੁਮਾਰ ਮੀਤ ਪ੍ਰਧਾਨ ਸਾਬਕਾ ਕੰਡਕਟਰ ਅਤੇ ਸ਼੍ਰੀ ਕਮਲਜੀਤ ਮਿਨਹਾਸ ਕੈਸ਼ੀਅਰ ਨੂੰ ਲੋਈ ਅਤੇ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਉਪਰੰਤ ਸਰਵ ਸ਼੍ਰੀ ਰਾਜਿੰਦਰ ਸਿੰਘ ਆਜਾਦ ਲੀਗਲ ਅਡਵਾਈਜ਼ਰ, ਗੁਰਬਖਸ਼ ਸਿੰਘ ਮਨਕੋਟੀਆ ਸਟੇਜ ਸਕੱਤਰ ,ਅਵਤਾਰ ਸਿੰਘ ਝਿੰਗੜ ਚੇਅਰਮੈਨ, ਗਿਆਨ ਸਿੰਘ ਭਲੇਠੂ ਜਨਰਲ ਸਕੱਤਰ, ਹਰਜਿੰਦਰ ਸਿੰਘ ਗਿੱਲ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਗੜ੍ਹਸ਼ੰਕਰੀ ਜਨਰਲ ਸਕੱਤਰ ਨੰਗਲ ਅਤੇ ਅਵਤਾਰ ਸਿੰਘ ਸ਼ੇਰਪੁਰੀ ਨੇ ਆਪਣੇ ਸਾਂਝੇ ਬਿਆਨਾਂ ਵਿੱਚ ‘ਆਪ ਸਰਕਾਰ` ਨੂੰ ਕੋਸਦਿਆਂ ਕਿਹਾ ਕਿ ਅਸੀਂ ਆਪਣੇ 70 ਸਾਲ ਤੋਂ 75 ਸਾਲ ਦੀ ਉਮਰ ਵਿੱਚ ਇਸ ਤੋਂ ਜਿਆਦਾ ਨਖਿੱਧ ਸਰਕਾਰ ਨਹੀਂ ਦੇਖੀ ਜੋ ਪੈਨਸ਼ਨਰਾਂ/ਮੁਲਾਜ਼ਮਾਂ ਦੇ ਵਿਰੁੱਧ ਹੋਵੇ । ਇਸ ਮੌਜ਼ੂਦਾ ਸਰਕਾਰ ਨੂੰ ਇਸ ਗੱਲ ਦੀ ਸਮਝ ਹੀ ਨਹੀਂ ਕਿ ਮੁਲਾਜ਼ਮ/ਪੈਨਸ਼ਨਰ ਸਰਕਾਰ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ । ਛੇਵੇਂ ਪੇ-ਕਮਿਸ਼ਨ ਦੀਆਂ ਪੰਜ ਕਿਸ਼ਤਾ ਦਾ ਬਕਾਇਆ ਜੋ ਹਰ ਪੈਨਸ਼ਨਰ/ਮੁਲਾਜ਼ਮ ਦਾ ਢਾਈ ਤੋਂ ਤਿੰਨ ਲੱਖ ਰੁਪਏ ਬਣਦਾ ਹੈ ਸਰਕਾਰ ਦੇਣ ਲਈ ਟਾਲਮਟੋਲ ਕਰ ਰਹੀ ਹੈ । ਮੌਜੂਦਾ ਸਰਕਾਰ 38% ਡੀ.ਏ. ਤੇ ਅੜੀ ਹੋਈ ਹੈ ਜਦ ਕਿ ਗੁਆਂਢੀ ਰਾਜਾਂ ਹਿਮਾਚਲ ਅਤੇ ਹਰਿਆਣਾ ਦੀਆਂ ਸਰਕਾਰਾਂ ਕੇਂਦਰ ਸਰਕਾਰ ਦੇ ਬਰਾਬਰ 53% ਡੀ.ਏ. ਦੇ ਰਹੀਆਂ ਹਨ ।
ਜਦੋਂ ਵੀ ਸੁਣੋ ਪੰਜਾਬ ਦੇ ਮੁਖ ਮੰਤਰੀ ਖਜ਼ਾਨਾ ਭਰਿਆ ਹੋਇਆ ਹੈ ਦਾ ਰਾਗ ਅਲਾਪਦੇ ਹਨ, ਜਦ ਕਿ ਇਹ ਖਜ਼ਾਨਾ ਕੇਵਲ ਸਰਕਾਰ ਦੀਆਂ ਮਸ਼ਹੂਰੀਆਂ ਅਤੇ ਹਵਾਈ ਜ਼ਹਾਜਾਂ ਦੇ ਸਫਰ ਲਈ ਭਰਿਆ ਹੋਇਆ ਹੈ ।ਸਾਰੇ ਸਾਥੀਆ ਨੇ ਜੋਰਦਾਰ ਨਾਹਰੇਬਾਜੀ ਕੀਤੀ, ਅਤੇ ਮੰਗ ਕੀਤੀ ਕਿ ਸਾਡੇ ਜਿਉਂਦੇ ਜੀ ਹੀ ਸਾਨੂੰ ਸਾਡੇ ਬਕਾਏ ਦਿੱਤੇ ਜਾਣ , ਬੱਚੇ ਨੌਕਰੀਆਂ ਨਾ ਮਿਲਣ ਕਾਰਨ ਲੁੱਟ ਖੋਹ, ਨਸ਼ੇ ਅਤੇ ਚੋਰੀਆਂ ਦੇ ਰਾਹ ਤੇ ਤੁਰ ਪਏ ਹਨ ।2004 ਤੋਂ ਜੋ ਮੁਲਾਜ਼ਮ ਭਰਤੀ ਹੋਏ ਸਨ ,ਪੈਨਸ਼ਨ ਦੇ ਹੁਕਮਾਂ ਦੀ ਉਡੀਕ ਕਰ ਰਹੇ ਹਨ , ਕੱਚੇ ਮੁਲਾਜ਼ਮ ਪੱਕੇ ਹੋਣ ਦੀ ਉਡੀਕ ਵਿੱਚ ਹਨ, ਔਰਤਾਂ ਹਜ਼ਾਰ-ਹਜ਼ਾਰ ਰੁਪਏ ਦੀ ਉਡੀਕ ਵਿੱਚ ਹਨ ।
ਬੁਲਾਰਿਆ ਨੇ ਕਿਹਾ ਸਰਕਾਰ ਨੇ ਬੀਬੀਆਂ ਨੂੰ ਰੋਡਵੇਜ ਵਿੱਚ ਫਰੀ ਸਫਰ ਦੀ ਸਹੂਲਤ ਦੇ ਕੇ ਪੰਜਾਬ ਰੋਡਵੇਜ ਦਾ ਭੱਠਾ ਬਿਠਾ ਦਿੱਤਾ ਹੈ ।ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਸਾਡੀ ਜਥੇਬੰਦੀ ਬਾਕੀ ਜਥੇਬੰਦੀਆ ਦਾ ਪੂਰਾ ਸਾਥ ਦੇ ਰਹੀ ਹੈ ਅਤੇ ਅੱਗੇ ਜੋ ਵੀ ਜਥੇਬੰਦੀ ਪ੍ਰੋਗਰਾਮ ਉਲੀਕਣਗੀਆਂ ਅਸੀਂ ਪੂਰਾ ਸਾਥ ਦੇਵਾਂਗੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly