
ਚੰਡੀਗੜ੍ਹ (ਸਮਾਜ ਵੀਕਲੀ): ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦੇ ਸੱਦੇ ਨੂੰ ਅੱਜ ਸਮੂਹ ਵਰਗਾਂ ਨੇ ਭਰਵਾਂ ਸਮਰਥਨ ਦਿੱਤਾ। ਅੰਮ੍ਰਿਤਸਰ, ਤਰਨ ਤਾਰਨ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਬਰਨਾਲਾ, ਸੰਗਰੂਰ, ਬਠਿੰਡਾ, ਮਾਨਸਾ, ਮੋਗਾ ਤੇ ਪਟਿਆਲਾ ਆਦਿ ਜ਼ਿਲ੍ਹਿਆਂ ਵਿੱਚ ਕਿਸਾਨ ਰੇਲ ਪਟੜੀਆਂ ’ਤੇ ਦਰੀਆਂ ਵਿਛਾ ਕੇ ਬੈਠੇ ਰਹੇ ਜਿਸ ਕਾਰਨ ਰੇਲ ਆਵਾਜਾਈ ਪੂਰੀ ਤਰ੍ਹਾਂ ਠੱਪ ਰਹੀ। ਸੂਬੇ ਦੀਆਂ ਸਾਰੀਆਂ ਵੱਡੀਆਂ-ਛੋਟੀਆਂ ਸੜਕਾਂ ਉਪਰ ਸਵੇਰੇ 6 ਵਜੇ ਤੋਂ ਹੀ ਕਿਸਾਨਾਂ ਵੱਲੋਂ ਮੋਰਚਾ ਗੱਡ ਦਿੱਤੇ ਜਾਣ ਕਾਰਨ ਸੁੰਨ ਪੱਸਰੀ ਹੋਈ ਸੀ। ਪੰਜਾਬ ਭਰ ਵਿੱਚ ਜੇਕਰ ਸੜਕਾਂ ’ਤੇ ਕੋਈ ਦਿਖਾਈ ਦੇ ਰਿਹਾ ਸੀ ਤਾਂ ਅੰਦੋਲਨਕਾਰੀ ਕਿਸਾਨ ਹੀ ਦਿਖਾਈ ਦੇ ਰਹੇ ਸਨ।
ਰੇਲ ਪਟੜੀਆਂ ’ਤੇ ਰੇਲਾਂ ਦਾ ਚੱਕਾ ਜਾਮ ਹੋਣ ਕਾਰਨ ਯਾਤਰੀ ਸ਼ਾਮ ਤੱਕ ਡੱਬਿਆਂ ’ਚ ਬੰਦ ਰਹੇ। ਕਈ ਥਾਈਂ ਯਾਤਰੀਆਂ ਲਈ ਕਿਸਾਨਾਂ ਨੇ ਲੰਗਰ ਅਤੇ ਚਾਹ-ਪਾਣੀ ਦਾ ਪ੍ਰਬੰਧ ਵੀ ਕੀਤਾ ਤੇ ਅੰਦੋਲਨ ਦੌਰਾਨ ਪ੍ਰੇਸ਼ਾਨੀ ਲਈ ਅਫਸੋਸ ਵੀ ਪ੍ਰਗਟਾਇਆ। ਪੰਜਾਬ ਵਿੱਚ 600 ਤੋਂ ਵੱਧ ਥਾਵਾਂ ’ਤੇ ਧਰਨੇ ਲਾਉਂਦਿਆਂ ਕਿਸਾਨਾਂ ਨੇ ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਅਤੇ ਬਿਜਲੀ ਐਕਟ 2020 ਰੱਦ ਕਰਵਾਉਣ ਲਈ ਰੋਸ ਪ੍ਰਦਰਸ਼ਨ ਕੀਤੇ। ਸੂਬੇ ਭਰ ’ਚ ਕਰੀਬ 500 ਥਾਵਾਂ ’ਤੇ ਸੜਕ ਜਾਮ, 20 ਤੋਂ ਵੱਧ ਥਾਵਾਂ ’ਤੇ ਰੇਲ ਰੋਕੋ ਧਰਨੇ, ਸਵਾ ਸੌ ਥਾਵਾਂ ’ਤੇ ਪਹਿਲਾਂ ਤੋਂ ਚਲਦੇ ਪੱਕੇ ਧਰਨੇ ਅਤੇ ਸੈਂਕੜੇ ਥਾਵਾਂ ’ਤੇ ਸ਼ਹਿਰਾਂ ਦੇ ਬਾਜ਼ਾਰਾਂ ’ਚ ਅੰਦੋਲਨਕਾਰੀਆਂ ਵੱਲੋਂ ਰੋਸ ਮਾਰਚ ਕੱਢੇ ਗਏ। ਪੰਜਾਬ ਭਰ ਵਿੱਚ ਪੈਂਦੇ ਕੌਮੀ ਹਾਈਵੇਅ, ਰਾਜ ਮਾਰਗ ਸਮੇਤ ਅਹਿਮ ਸੜਕ ਮਾਰਗ ਦਿਨ ਭਰ ਲਈ ਬਿਲਕੁਲ ਬੰਦ ਰਹੇ। ਗੁਆਂਢੀ ਰਾਜਾਂ ਤੋਂ ਸੂਬੇ ’ਚ ਆਉਣ ਵਾਲੀ ਆਵਜਾਈ ਬੰਦ ਰਹੀ। ਪੰਜਾਬ ਤੇ ਹਰਿਆਣਾ ਤੋਂ ਆਵਾਜਾਈ ਠੱਪ ਹੋਣ ਕਾਰਨ ਚੰਡੀਗੜ੍ਹ ਸ਼ਹਿਰ ਦੀਆਂ ਸੜਕਾਂ, ਬਾਜ਼ਾਰਾਂ ਤੇ ਸਰਕਾਰੀ ਦਫ਼ਤਰਾਂ ’ਚ ਵੀ ਰੌਣਕ ਗਾਇਬ ਸੀ। ਆਵਾਜਾਈ ਠੱਪ ਹੋਣ ਕਾਰਨ ਪੰਜਾਬ ’ਚ ਵੀ ਸਰਕਾਰੀ, ਅਰਧ ਸਰਕਾਰੀ ਤੇ ਨਿੱਜੀ ਖੇਤਰ ਦੇ ਅਦਾਰੇ ਬੰਦ ਰਹੇ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly