*ਦਰਿਆਵਾਂ ਦੀ ਹਿੱਕ ‘ਤੇ ਲਿਖੇ ਹਰਫਾਂ ਦਾ ਖੰਡ ਕਾਵਿ*;*ਸ਼ੁਕਦੇ ਆਬ ਤੇ ਖਾਬ*

ਰਚਿਤ ਡਾ.ਮੇਹਰ ਮਾਣਕ  
(ਸਮਾਜ ਵੀਕਲੀ) ਪੰਜਾਬੀ ਕਾਵਿ ਸੰਗ੍ਰਹਿ “ਸ਼ੂਕਦੇ ਆਬ ਤੇ ਖਾਬ” ਡਾ਼ ਮੇਹਰ ਮਾਣਕ ਦੀ ਕਲਮ ‘ਚੋਂ ਨਿਕਲੇ ਪੰਜਾਬ ਦੇ ਦਰਿਆਵਾਂ ਵਰਗੇ ਬੋਲ ਹਨ। ਇਸ ਕਾਵਿ ਸੰਗ੍ਰਹਿ ਤੋਂ ਪਹਿਲਾਂ ਉਸਨੇ ‘ਹਨੇਰੇ ਤੇ ਪਰਛਾਵੇਂ ‘(2005) ‘ਲਾਵਾ ਮੇਰੇ ਅੰਦਰ’ (2011) ‘ਸਿਦਕ ਸਲਾਮਤ’ ਗੀਤ ਸੰਗ੍ਰਹਿ (2018) ਅਤੇ ‘ਡੂੰਘੇ ਦਰਦ ਦਰਿਆਵਾਂ ਦੇ’ (2022) ਵਿਚ ਮਾਂ ਬੋਲੀ ਪੰਜਾਬੀ ਦੀ ਝੋਲੀ ਵਿਚ ਪਾਏ ਹਨ। ਹੱਥਲੇ ਕਾਵਿ ਸੰਗ੍ਰਹਿ ਵਿਚ ਕੁੱਲ 19 ਲੰਬੀਆਂ ਕਵਿਤਾਵਾਂ ਹਨ। ਇਨ੍ਹਾਂ ਕਵਿਤਾਵਾਂ ਦੀ ਮੁੱਖ ਚੂਲ ਪੰਜਾਬ ਦੇ ਦਰਿਆਵਾਂ ਦੇ ਵਹਿਣ ਦਾ ਕਦੇ ਮਾਨਵੀਕਰਨ, ਕਦੇ ਸਮਕਾਲੀ ਜ਼ਿੰਦਗੀ ਦੇ ਹੌਕੇ ਹਾਵੇ, ਕਦੇ ਵਿਅੰਗ ਭਰੇ ਤਨਜ਼ ਨੂੰ ਅਗਰਭੂਮਨ ਕਰਦੀ ਹੈ।ਇਸ ਸੰਗ੍ਰਹਿ ਨੂੰ ਖੰਡ ਕਾਵਿ ਦੇ ਦਾਇਰੇ ਵਿਚ ਰੱਖਿਆ ਜਾ ਸਕਦਾ ਹੈ।ਖੰਡ ਕਾਵਿ ਦੀਆਂ ਕਵਿਤਾਵਾਂ ਦੇ ਸਿਰਲੇਖ ਵੱਖ ਹੋ ਸਕਦੇ ਹਨ ਪਰ ਉਨ੍ਹਾਂ ਵਿਚ ਇਕ ਸਾਂਝ ਸ਼ੁਰੂ ਤੋਂ ਲੈ ਕੇ ਅੰਤ ਤੱਕ ਹੋਣੀ ਚਾਹੀਦੀ ਹੈ ਜਿਵੇਂ ਇਕ ਮਾਲਾ ਵਿਚ ਧਾਗੇ ਦਾ ਕੰਮ ਹੁੰਦਾ ਹੈ।ਪੰਜਾਬੀ ਵਿਚ ਹੁਣ ਤੱਕ ਮੇਰੀ ਜਾਚੇ ਸ਼ਿਵ ਕੁਮਾਰ ਬਟਾਲਵੀ ਨੇ ‘ਮੈਂ ਤੇ ਮੈਂ ‘ਡਾ. ਸੁਰਿੰਦਰ ਕੋਹਲੀ ਨੇ ‘ਗੁਰੂਦੇਵ’ ਅਤੇ ਸੀ.ਮਾਰਕੰਡਾ ਨੇ ‘ਤਲੀ ਤੇ ਅੱਗ’ ਖੰਡ ਕਾਵਿ ਲਿਖੇ ਹਨ।ਡਾ.ਮੇਹਰ ਮਾਣਕ ਦਾ ਖੰਡ ਕਾਵਿ  ‘ ਸ਼ੂਕਦੇ ਆਬ ਤੇ ਖਾਬ’ ਇਸੇ ਕਾਵਿ ਵਿਧਾ ਦੀ ਸਿਰਜਣਾ ਹੈ।ਇਸ ਵਿਚ ਜਿਥੇ ਦਰਿਆਵਾਂ ਨਾਲ ਸੰਵਾਦ ਰਚਾਉਣ ਦੀ ਗੱਲ ਕੀਤੀ ਗਈ ਹੈ ਉਥੇ ਮਿੱਥ ਦੇ ਨਵੇਂ ਅਰਥ ਵੀ ਸਿਰਜੇ ਗਏ ਹਨ।ਮਿੱਥ ਦੀ ਪੁਨਰ ਸਿਰਜਣਾ ਵੀ ਕੀਤੀ ਗਈ ਹੈ।
        ਡਾ. ਮੇਹਰ ਮਾਣਕ ਸਮਾਜ ਵਿਗਿਆਨ  ਦੇ ਵਿਸ਼ੇ ਨਾਲ ਸਬੰਧਿਤ ਹੈ। ਉਸ ਨੂੰ ਸਮਾਜ ਦੇ ਹਰ ਪਹਿਲੂ ਦਾ ਅਨੁਭਵ ਹੈ। ਜਿਸ ਤਰ੍ਹਾਂ ਹਰ ਸੰਸਕ੍ਰਿਤੀ ਦਾ ਸੰਬੰਧ ਕੁਦਰਤ ਦੇ ਭੂਗੋਲਿਕ ਵਾਤਾਵਰਨ ਨਾਲ ਜੁੜਿਆ ਹੁੰਦਾ ਹੈ। ਉਸੇ ਤਰ੍ਹਾਂ ਪੰਜਾਬ ਵੀ ਇੱਕ ਅਜਿਹਾ ਖਿੱਤਾ ਹੈ ਜਿਸ ਦਾ ਨਾਂ ਹੀ ਪੰਜ ਦਰਿਆਵਾਂ ਦੇ ਖੁੱਲ੍ਹੇ ਵਹਿਣ ਤੋਂ ਪਿਆ ਹੈ। ਕਦੇ ਇਸਦਾ ਨਾਂ ਸਪਤ ਸਿੰਧੂ, ਪੰਚਨਦ,ਪੰਚਾਲ ਰਹੇ ਹਨ। ਦਰਿਆਵਾਂ ਦਾ ਵਹਿਣ, ਉਸਦਾ ਵੇਗ, ਜਰਖੇਜ਼ ਮਿੱਟੀ ਦਾ, ਬਨਸਪਤੀ ਦਾ, ਸਮੁੱਚਾ ਪ੍ਰਭਾਵ ਉਸ ਥਾਂ ਦੇ ਲੋਕਾਂ ਨੇ ਕਬੂਲਣਾ ਹੀ ਹੁੰਦਾ ਹੈ। ਐਵੇਂ ਤਾਂ ਨੀ ਪ੍ਰੋਫੈਸਰ ਪੂਰਨ ਸਿੰਘ ਕਹਿੰਦਾ;
 ਇਹ ਬੇਪਰਵਾਹ ਗੱਭਰੂ ਦੇਸ਼ ਪੰਜਾਬ ਦੇ
 ਮੌਤ ਨੂੰ ਕਰਨ ਮਖੌਲਾਂ…
     ਇਹ ਬੇਪਰਵਾਹੀ, ਮਸਤੀ, ਰਹਿਣੀ ਬਹਿਣੀ, ਖੁੱਲ੍ਹੇ ਸੁਭਾਅ ਦੀ ਤਾਸੀਰ ਕੁਦਰਤ ਦੀ ਦੇਣ ਹੈ। ਉਥੇ ਗੁਰੂਆਂ ਦੀਆਂ ਸਿੱਖਿਆਵਾਂ ਦਾ ਅਸਰ ਵੀ ਹੈ।ਨਾ ਜ਼ੁਲਮ ਸਹਿਣਾ ਤੇ ਨਾ ਕਰਨਾ।
          ਡਾ. ਮੇਹਰ ਮਾਣਕ ਸਮਕਾਲ ‘ਚ ਰਹਿੰਦਾ ਆਪਣੇ ਅਤੀਤ ਨੂੰ ਚਿਤਵਦਾ ਲੰਬੇ ਖੰਡ ਕਾਵਿ ਰਾਹੀਂ ਪੰਜਾਬ ਦੇ ਪਾਣੀਆਂ ਦੇ ਨਾਲ਼ -ਨਾਲ਼
 ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਵਿਰਸੇ ਦੇ ਖੁਰਦੇ ਕਿਨਾਰਿਆਂ ਦਾ ਝੋਰਾ ਕਰਦਾ ਹੈ। ਉਹ ਆਪਣੇ ਖੂਬਸੂਰਤ ਵਿਰਸੇ ਨੂੰ ਯਾਦ ਵੀ ਕਰਦਾ ਹੈ। ਪੰਜਾਬੀ ਲੋਕਧਾਰਾ ਦੀ ਰਹਿਤਲ ਦੀ ਬਾਤ ਵੀ ਪਾਉਂਦਾ ਹੈ। ਅਜਿਹੀ ਕਵਿਤਾ ਦੀ ਸਿਰਜਣਾ ਡੂੰਘੇ ਅਨੁਭਵ ਤੋਂ ਬਿਨ੍ਹਾਂ ਨਹੀਂ ਰਚੀ ਜਾ ਸਕਦੀ।
          ਕਵੀ ਇਸ ਕਾਵਿ ਸੰਗ੍ਰਹਿ ਵਿਚ ਦਰਿਆਵਾਂ ਦੀ ਹਿੱਕ ਤੇ ਪੰਜਾਬੀ ਕਾਵਿ ਮੁਹਾਵਰੇ ਨਾਲ ਇੱਕ ਲੰਬਾ ਪ੍ਰਗੀਤ ਲਿਖਦਾ ਹੈ। ਇਸ ਗੀਤ ਵਿੱਚ ਵੇਦਨਾ ਹੈ, ਸੰਵੇਦਨਾ ਹੈ, ਤਨਜ਼ ਹੈ, ਖਾਬ ਹੈ, ਆਬ ਹੈ, ਡੂੰਘੀ ਪੀੜ ਹੈ ਦਾ ਅਹਿਸਾਸ ਹੈ। ਅਜਿਹੀ ਕਾਵਿ ਸਿਰਜਣਾ ਲੰਬੀ ਗਰਭ ਜੂਨ ਭੋਗਣ ਤੋਂ ਬਾਅਦ ਹੀ ਜੰਮਣ ਪੀੜਾਂ ਸਹਿ ਕੇ ਹੋਂਦ ਵਿੱਚ ਆਉਂਦੀ ਹੈ।
      ਇਸ ਕਾਵਿ ਸੰਗ੍ਰਹਿ ਦੀ ਪਹਿਲੀ ਝਲਕ ਹੀ ‘ਪੰਜ-ਆਬ’ ਹੈ। ਇਹ ਪੰਜ-ਆਬ ਦੀ ਤਾਬ ਹੀ ਦੂਸਰਿਆਂ ਤੋਂ ਜਰੀ ਨਹੀਂ ਗਈ। ਕਵੀ ਨੇ ਇੱਕ ਵੇਗ ਵਿਚ ਪੰਜਾਬ ਦੇ ਦਰਿਆਵਾਂ ਬਾਰੇ, ਇਸਦੇ ਸੁਭਾਅ ਬਾਰੇ, ਭਾਈਚਾਰੇ ਬਾਰੇ, ਸੱਭਿਆਚਾਰ ਬਾਰੇ, ਸੁਪਨਿਆਂ ਬਾਰੇ, ਇੱਥੋਂ ਦੇ ਬਹਾਦਰੀ ਭਰੇ ਕਾਰਨਾਮਿਆਂ ਬਾਰੇ ਖੁੱਲ੍ਹ ਕੇ ਲਿਖਿਆ ਹੈ। ਉਦਾਹਰਣ ਵਜੋਂ:-
ਪੰਜ ਪੁੱਤਾਂ ਦਾ
ਖੂਬਸੂਰਤ ਰੁੱਤਾਂ ਦਾ
ਖਜ਼ਾਨਾ ਇਸ ਪਾਸ ਹੈ
ਧਾੜਵੀ ਅਤੇ ਲੁਟੇਰੇ
ਪਤਾ ਨਹੀਂ ਇਥੋਂ
ਕਿੰਨੇ ਖਦੇੜੇ
ਐਵੇਂ ਵੇਖ ਨਾ
ਟੇਢੀ ਅੱਖ
ਆਪਣੀ ਅਕਲ ਟਿਕਾਣੇ ਰੱਖ
ਇਹ ਆਬਾਂ ਖਾਬਾਂ ਦੀ ਹੈ ਧਰਤੀ..
ਪੰਨਾ 20
          ਦੂਸਰੀ ਕਵਿਤਾ ‘ਝਨਾਂ’ ਵਿੱਚ ਸ਼ਾਇਰ ਝਨਾਂ ਦਰਿਆ ਦਾ ਮਾਨਵੀਕਰਨ ਕਰਦਾ ਹੈ। ਉਸ ਨਾਲ ਹੋਈ ਛੇੜ ਛਾੜ ਵੀ ਦੱਸਦਾ ਹੈ। ਲੋਕ ਕਥਾਵਾਂ ਨੂੰ ਜੋੜ ਕੇ ਬਿਆਨ ਕਰਦਾ ਹੈ। ਝਨਾਂ ਦੇ ਪਾਣੀਆਂ ਦਾ ਆਪਣਾ ਦੁਖਾਂਤ ਹੈ। ਜੋ ਹਰ ਪੰਜਾਬੀ ਮਨ ਅੰਦਰ ਘਰ ਕਰ ਗਿਆ ਹੈ। ਪਰ ਫਿਰ ਵੀ ਉਹ ਆਪਣੀ ਤੋਰੇ ਵਹਿੰਦਾ ਹੈ ਤੇ ਅੱਖ ਮਿਲਾਉਣ ਲਈ ਤੇ ਦੋਸਤੀ ਦਾ ਰਿਸ਼ਤਾ ਵਧਾਉਣ ਦੀ ਗੱਲ ਕਰਦਾ ਹੈ। ਕਵੀ ਉਸਦੇ ਅੱਖੀ ਡਿੱਠੇ ਹਾਲ ਨੂੰ ਇਸ ਤਰ੍ਹਾਂ ਲਿਖਦਾ ਹੈ;
 ਪਤਾ ਨਾ ਲੱਗਿਆ
 ਜਗ ਗਿਆ ਠੱਗਿਆ
 ਪੈ ਗਏ ਹੱਲੇ
ਬਸ ਹੋ ਗਏ ਝੱਲੇ
ਮਾਰ ਕਾਟ ਸਿਖਰਾਂ ਨੂੰ ਛੋਹ ਗਈ
ਬਦਨਾ ਨਾਲ ਦੁਸ਼ਮਣੀ
ਜ਼ਿੰਦਗੀ ਖੋ ਗਈ
ਦੂਰ ਦੂਰ ਤੱਕ
ਸੰਨਾਟਾ ਤੇ ਚੀਕਾਂ
ਰੁਕਣ ਨਾ ਭੁੱਬਾਂ
ਮੂੰਹ ਨੂੰ ਮੀਚਾਂ
ਕਣ ਕਣ
ਹੋਇਆ ਜ਼ਹਿਰ ਰੱਤਾ
ਸਭ ਕੁਝ ਖਾ ਗਿਆ
ਸਮਾਂ ਕੁਪੱਤਾ…..ਪੰਨਾ-24
         ਵੰਡ ਦੇ ਭਿਆਨਕ ਦ੍ਰਿਸ਼, ਜੋ ਝਨਾਂ ਦੇ ਸੀਨੇ ਤੇ ਵਾਪਰੇ, ਜਿਸ ਨੂੰ ਪੰਜਾਬ ਦੀ ਵੰਡ ਨੇ ਵੱਖਰਾ ਕਰ ਦਿੱਤਾ। ਪਰ ਸਾਡੇ ਵਿਰਸੇ ਵਿਚ ਜਿਉਂਦਾ ਹੈ। ਇਸੇ  ਹੀ ਮੰਜ਼ਰ ਨੂੰ ਕਵੀ ਨੇ ਝਨਾਂ ਦੀ ਪੀੜ ਤੇ ਉਸਦੀ ਮਸਤੀ ਦਾ ਜ਼ਿਕਰ ਬਾਖੂਬੀ ਢੰਗ ਨਾਲ ਕੀਤਾ ਹੈ।
    ਡਾ.ਮੇਹਰ ਮਾਣਕ ਆਪਣੀ ਕਵਿਤਾ ‘ਬਿਆਸ’ ਵਿੱਚ ਉਸਦੇ ਕੁਦਰਤੀ ਵਹਿਣ ਦਾ,ਹੜ੍ਹਾ ਦਾ, ਆਪਣੇ ਸਾਥੀ ਦਰਿਆਵਾਂ ਦੇ ਵਿਛੜਨ ਦਾ, ਆਪਣੀ ਕਲਪਨਾ ਦਾ, ਉਸ ਨੂੰ ਛੇੜਨਾ ਵੀ ਤਾਂ ਚੰਗਾ ਨਹੀਂ ਲੱਗਿਆ, ਦੀ ਬਾਤ ਪਾਈ ਹੈ। ਪਰ ਫਿਰ ਵੀ ਉਹ ਮਨ ਨੂੰ ਤਕੜਾ ਕਰਕੇ, ਹੌਸਲਾ ਕਰਕੇ, ਮੁੜ ਜਾਗਦਾ ਹੈ। ਕਵੀ ਦੇ ਬੋਲ ਹਨ:-
 ਐਵੇਂ ਨਹੀਂ
 ਉਦਾਸ ਹੋਈਦਾ
 ਕੀਮਤੀ ਵਕਤ ਹੈ
 ਜੋ ਨਹੀਂ ਖੋਈਦਾ
 ਸੋਹਣੇ ਨੈਣਾਂ ਚੋਂ
 ਨੀਰ ਨਹੀਂ ਚੋਈਦਾ
 ਵੇਖ ਸੁੱਕੀ ਹੋ ਕੇ ਵੀ
 ਵਗਦੀ ਰਾਵੀ
 ਉੱਠ ਬਿਆਸਿਆ
ਬਦਲ ਤੂੰ ਭਾਵੀ…ਪੰਨਾ 36
ਦਰਿਆ ਕੰਢਿਆਂ ਦੇ
ਮੁਥਾਜ ਨਹੀਂ ਹੁੰਦੇ..ਪੰਨਾ36
       ਕਵੀ ਘੱਗਰ ਦਰਿਆ ਨੂੰ ਆਪਣੀ ਕਵਿਤਾ ਦਾ ਹਿੱਸਾ ਬਣਾਉਂਦਾ ਹੈ। ਕਿਵੇਂ ਘੱਗਰ ਦੇ ਕੁਦਰਤੀ ਵਹਿਣ ਨੂੰ ਲੋਕਾਂ ਨੇ ਘੇਰ ਲਿਆ ਹੈ। ਉਸ ਦਾ ਗੁੱਸਾ ਬੇਕਾਬੂ ਹੋ ਕੇ ਹੜਾਂ ਦਾ ਰੂਪ ਧਾਰ ਲੈਂਦਾ ਹੈ। ਇਹ ਤਾਂ ਕੁਦਰਤੀ ਗੱਲ ਹੈ ਕਿ ਜਦੋਂ ਕਿਸੇ ਦੇ ਰਾਹਾਂ ਨੂੰ ਰੋਕਿਆ ਜਾਵੇਗਾ ਤਾਂ ਉਹ ਆਪਣੇ ਆਪ ਹੀ ਉਹਨਾਂ ਨੂੰ ਢਹਿ ਢੇਰੀ ਕਰੇਗਾ। ਇਹ ਤਾਂ ਤਕਰੀਬਨ ਸਾਰੇ ਦਰਿਆਵਾਂ ਨਾਲ ਹੀ ਹੋਇਆ ਹੈ। ਮਨੁੱਖ ਆਪਣੇ ਹਿੱਤਾਂ ਲਈ ਕੁਦਰਤ ਨਾਲ ਛੇੜਛਾੜ ਕਰਨ ਤੋਂ ਬਾਜ਼ ਨਹੀਂ ਆਉਂਦਾ ਤਾਂ ਹੀ ਤਾਂ ਹਰ ਸਾਲ ਇਸ ਕਰੋਪੀ ਦਾ ਸਾਹਮਣਾ ਕਰਨਾ ਪੈਂਦਾ ਹੈ। ਘੱਗਰ ਦਰਿਆ ਦੇ ਆਸੇ ਪਾਸੇ ਬਿਖਰੀਆਂ ਆਬਾਦੀਆਂ ਦੀ ਕਾਵਿ ਕਥਾ ਕਵੀ ਨੇ ਬਿਆਨ ਕੀਤੀ ਹੈ। ਕਵੀ ਇਸ ਬਾਰੇ ਲਿਖਦਾ ਹੈ ;
ਸੋਚਣ ਲੱਗਿਆ ਉਹ
ਮੈਂ ਕਿੱਥੇ ਆ ਗਿਆ
ਇਹ ਸੋਚ ਕੇ
ਉਹ ਸੀ ਘਬਰਾ ਗਿਆ
ਵਗਦੇ ਸਾਹਾਂ ‘ਤੇ
ਵਗਦੇ ਰਾਹਾਂ ‘ਤੇ
ਕਬਜ਼ੇ ਵੇਖ ਕੇ
ਉਹ ਤਾਂ ਬੁਰੀ ਤਰ੍ਹਾਂ
ਸੋਚਾਂ ‘ਚ ਪੈ ਗਿਆ
ਕਿ ਮੈਂ ਦਰਿਆ
ਬੇ-ਪਰਵਾਹ
ਕੀ ਤੋਂ ਕੀ ਰਹਿ ਗਿਆ
ਵਿੱਚ ਹਰਖ ਦੇ
ਨੱਕੋ ਨੱਕ ਭਰ ਆਇਆ…ਪੰਨਾ40
      ਵੱਖ-ਵੱਖ ਦਰਿਆਵਾਂ ਦੇ ਸੋਹਜ ਭਾਵ ਨੂੰ ਉਜਾਗਰ ਕਰਨ ਤੋਂ ਬਾਅਦ ਸ਼ਾਇਰ ਸਿੱਖ ਇਤਿਹਾਸ ਨਾਲ ਜੁੜੀ ਨਦੀ ਸਰਸਾ ਦਾ ਜ਼ਿਕਰ ਕਰਦਾ ਹੈ। ਭਾਵੇਂ ਸਰਸਾ ਦਾ ਵਜੂਦ ਸਤਲੁਜ ਵਿੱਚ ਜਾ ਕੇ ਮਿਟ ਜਾਂਦਾ ਹੈ। ਪਰ ਕਵੀ ਨੇ ਇਤਿਹਾਸਿਕ ਵੇਰਵੇ ਵੀ ਦਰਜ ਕੀਤੇ ਹਨ
 ਬੜਾ ਨੁਕਸਾਨ ਕੀਤਾ ਹੈ
 ਤੇਰੇ ‘ਤੇ ਇਤਿਹਾਸ ਤਾਂ ਕੀ
 ਹਰ ਸ਼ਖਸ ਭਰਿਆ ਪੀਤਾ ਹੈ
 ਤੂੰ ਪਰਿਵਾਰ ਵਿਛੋੜ ਕੇ
 ਦੂਸਰੇ ਰਾਹ ਵੱਲ ਮੋੜ ਕੇ
 ਬੜੀ ਬਦਨਾਮੀ ਖੱਟੀ ਐ…44
     ਇਸ ਵਿਚ ਕਵੀ ਨੇ ਸਰਸਾ ਨਦੀ ਤੋਂ ਬਾਅਦ ਬੁੱਢੇ ਦਰਿਆ ਦਾ ਜ਼ਿਕਰ ਵੀ ਕੀਤਾ ਹੈ।ਨਾਲ-ਨਾਲ ਫੈਕਟਰੀਆਂ ਵਿੱਚੋਂ ਨਿਕਲਦਾ ਗੰਦਾ ਪਾਣੀ ਜੋ ਬੁੱਢੇ ਦਰਿਆ ਨੂੰ ਗੰਧਲਾ ਕਰਦਾ ਹੈ। ਇਸ ਕਵਿਤਾ ਵਿਚ ਸ਼ਾਇਰ ਪੰਜਾਬੀ ਸੱਭਿਆਚਾਰ ਦੇ ਰਹਿਣ ਸਹਿਣ ਵੀ ਜਗਾਉਂਦਾ ਹੈ। ਘਰਾਂ ਦੀ ਹੋਂਦ ਵਿਚ ਮਾਪਿਆਂ ਦੀ ਸਥਿਤੀ ਕੀ ਹੈ? ਬਾਰੇ ਕਵੀ ਬਹੁਤ ਭਾਵਨਾਤਮਕ ਭਰੇ ਸ਼ਬਦਾਂ ਨਾਲ ਪੇਸ਼ ਕਰਦਾ ਹੈ।
          ਦਰਿਆਵਾਂ ਦਾ ਆਪਣਾ ਵਹਿਣ ਹੁੰਦਾ ਹੈ। ਉਸਨੂੰ ਕੋਈ ਰੋਕ ਨਹੀਂ ਸਕਦਾ। ਉਸਦੀ ਮੰਜ਼ਿਲ ਸਮੁੰਦਰ ਹੁੰਦਾ ਹੈ। ਬੇਸ਼ੱਕ ਉਸਨੂੰ ਰੋਕ ਕੇ ਬਹੁਤ ਕੁਝ ਬਦਲਿਆ ਹੈ। ਪਰ ਫਿਰ ਵੀ ਉਹ ਆਪਣੇ ਵਹਿਣ ਮੁਤਾਬਕ ਵਗਦਾ ਹੈ। ਫਿਰ ਉਹ ਗੁਝੀਆਂ ਪੀੜਾਂ ਸਹਿਣ ਕਰਦੀ ਨਦੀ ਦੀ ਗੱਲ ਕਰਦਾ ਹੈ। ਸ਼ਾਇਰ ਨੇ ਨਦੀ ਨੂੰ ਵੱਖ-ਵੱਖ ਤਸ਼ਬੀਹਾਂ ਨਾਲ ਜੋੜ ਕੇ ਉਸਦੇ ਦੁੱਖਾਂ ਦੀ ਗੱਲ ਕੀਤੀ ਹੈ। ਇਸ ਕਵਿਤਾ ਦੀਆਂ ਕੁਝ ਸਤਰਾਂ ;
ਆਪਣੇ ਹੀ
ਜਦ ਹੋ ਜਾਣ ਪਰਾਏ
ਫਟਦੇ ਅੰਬਰ ਜਦ
ਹਿੱਕ ਕੁਰਲਾਏ
ਹੜ ਨੀਰਾਂ ਦਾ ਫਿਰ
ਕਿੱਦਾਂ ਰੁਕ ਪਾਏ..ਪੰਨਾ58
          ਸ਼ਾਇਰ ਮਾਣਕ ਜਿੱਥੇ ਦਰਿਆਵਾਂ ਤੇ ਨਦੀਆਂ ਦੀ ਕਾਵਿਕਤਾ ਬਿਆਨਦਾ ਹੈ ਉੱਥੇ ਉਹ ਜੀਵਨ ਦੀਆਂ ਅਟੱਲ ਸਚਾਈਆਂ ਨੂੰ ਨਾਲ-ਨਾਲ ਲਿਖਦਾ ਹੈ। ਉਹ ਕਵਿਤਾ ਦੇ ਅਰਥਾਂ ਨੂੰ ਬਹੁਪਰਤੀ ਬਣਾ ਦਿੰਦਾ ਹੈ। ਪਾਠਕ ਆਪਣੇ ਲੱਖਣ ਨਾਲ ਬਹੁਤ ਸਾਰੇ ਨਵੇਂ ਅਰਥ ਵੀ ਕੱਢਦਾ ਹੈ। ਇਹ ਉਸ ਦੀ ਕਵਿਤਾ ਦਾ ਹਾਸਿਲ ਹੈ। ਇਸੇ ਪ੍ਰਭਾਵ ਅਧੀਨ ਉਸ ਦੀ ਕਵਿਤਾ ‘ਕਥਾ ਕਿਨਾਰਿਆਂ ਦੀ’ ‘ਝੀਲ ਤੇ ਸਾਗਰ ਵਿਚਕਾਰ’ ‘ਵਹਿਣ’ ‘ਲੰਮਾ ਰਸਤਾ ਇੱਕ ਬਿਆਨ’ ਆਦਿ ਕਵਿਤਾਵਾਂ ਵਿੱਚ ਜ਼ਿੰਦਗੀ ਦੀ ਹਕੀਕਤ ਨੂੰ ਭਾਵਾਂ ਦੇ ਵਹਿਣ ਵਿੱਚ ਨੀਰ ਵਾਂਗੂੰ ਰੋਂਦੀ ਜ਼ਿੰਦਗੀ ਦੇ ਅਰਥਾਂ ਦਾ ਸੰਚਾਰ ਕੀਤਾ ਹੈ। ਉਸ ਦੀ ਕਵਿਤਾ ‘ਨਦੀ ਸਦੀ ਦਰਿਆ’ ਵਿੱਚ ਮਾਂ ਦੀ ਵੇਦਨਾ ਨੂੰ ਬਹੁਤ ਹੀ ਕਰੁਣਾ ਭਾਵਨਾ ਨਾਲ ਉਲੀਕਿਆ ਹੈ। ਮਾਂ ਜਿਸਨੇ ਧੀ ਹੁੰਦਿਆਂ ਆਪਣੇ ਬਾਪ ਦਾ ਘਰ ਬੰਨਿਆ, ਫਿਰ ਪਤਨੀ ਬਣ ਕੇ ਪਤੀ ਦਾ ਘਰ ਸਾਂਭਿਆ, ਉਸ ਪਿੱਛੋਂ ਮਾਂ ਬਣ ਕੇ ਆਪਣੀ ਹੀ ਔਲਾਦ ਦਾ ਘਰ ਬਣਾਇਆ ਪਰ ਫਿਰ ਵੀ ਉਸਦਾ ਆਪਣਾ ਘਰ ਕੋਈ ਨਹੀਂ। ਇਸੇ ਤਰ੍ਹਾਂ ਨਦੀ ਬਹੁਤ ਕੁਝ ਸਿੰਜਦੀ ਵਹਿੰਦੀ ਹੈ।ਉਹ ਸਭ ਕੁਝ ਰੋੜ ਕੇ ਆਪਣੇ ਅੰਦਰ ਸਮਾਉਂਦੀ ਹੈ। ਪਰ ਫਿਰ ਵੀ ਆਪਣੀ ਹੋਂਦ ਨੂੰ ਸਮੁੰਦਰ ਵਿੱਚ ਡੁਬੋ ਦਿੰਦੀ ਹੈ। ਆਪਣੋ ਅਸਤਿਤਵ ਨੂੰ ਖਤਮ ਕਰਦੀ ,ਅਜਿਹੇ ਭਾਵਾਂ ਨੂੰ ਸਿਰਜਤ ਕਰਦੀ ਹੈ ਇਹ ਕਵਿਤਾ।
     ਸੰਵੇਦਨਸ਼ੀਲ ਮਨੁੱਖ ਨੂੰ ਦਰਿਆਵਾਂ ਦਾ ਦੁੱਖ ਵੀ ਆਪਣਾ ਲੱਗਦਾ। ਸ਼ਾਇਰ ਨੇ 47 ਦੀ ਵੰਡ ਵੇਲੇ ਦਰਿਆਵਾਂ ਉੱਪਰ ਮਾਰੀ ਲੀਕ ਦੇ ਆਧਾਰ ਤੇ ਆਪਣੀ ਸੰਵੇਦਨਾ ‘ਵਗਦੇ ਦਰਿਆਵਾਂ ਦੀ ਪੀੜ’ ਵਿੱਚ ਇਜ਼ਹਾਰ ਕੀਤਾ ਹੈ। ਮਨੁੱਖਤਾ ਦਾ ਹੋਇਆ ਖੂਨ ਖਰਾਬਾ, ਪੰਜਾਬ ਦੇ ਮਾੜੇ ਹਾਲਾਤ ਦਾ ਵਰਣਨ, ਨਿਘਰਦੀ ਹੋਈ ਕਿਰਸਾਨੀ ਦੀ ਤਰਾਸਦੀ ਇਸ ਕਵਿਤਾ ਦੀ ਲਿਖਾਇਕ ਬਣਦੀ ਹੈ। ਉਹ ਲਿਖਦਾ ਹੈ;
 ਵਗਦੇ ਨੀਰਾਂ ‘ਤੇ
ਰੱਤ ਭਾਰੂ ਸੀ
ਰਹਿਨੁਮਾ ਸਾਡੇ
ਬੜੇ ਤਾਰੂ ਸੀ
ਉਹਨਾਂ ਤਾਈ ਕੋਈ
ਆਂਚ ਨਾ ਆਈ
ਵਗਦੇ ਦਰਿਆਵਾਂ ਨੇ
ਹਰ ਪੀੜ ਹੰਢਾਈ…ਪੰਨਾ.  89
      ਦਰਿਆ ਰੂਪੀ ਆਪਣੇ ਬਜ਼ੁਰਗਾਂ ਦੀ ਗੱਲ ਕਰਦਾ ਸ਼ਾਇਰ ਬੀਤੇ ਵਰ੍ਹਿਆਂ ਦੇ ਸਮੇਂ ਨੂੰ ਤੇ ਹੁਣ ਦੇ ਰਿਸ਼ਤਿਆਂ ਬਾਰੇ ਆਪਣੀ ਕਵਿਤਾ ‘ਦਰਿਆਵਾਂ ਦੀ ਬੁੱਕਲ’ ਵਿਚ ਅਹਿਸਾਸ ਕਰਵਾਉਂਦਾ ਹੈ। ਕਵਿਤਾ ‘ਪੱਤਣ, ਪੈਰ ਤੇ ਵਹਿਣ’ ਵਿਚ ਕਵੀ ਰੁਮਾਂਸ, ਇਸ਼ਕ, ਇਬਾਦਤ, ਦੁੱਖ, ਸੁਨੇਹੇ ਜ਼ਿੰਦਗੀ ਦੇ ਵਹਿਣ ਨਾਲ ਜੋੜ ਕੇ ਪੇਸ਼ ਕਰਦਾ ਹੈ।
      ‘ਬਿਨ ਨੀਰ ਵਗੇ ਦਰਿਆ’ ਕਵਿਤਾ ਮਿਥਿਹਾਸ ਦੇ ਪੰਨਿਆਂ ਤੇ ਉਕਰੀ ਹੋਈ ਕਿਸੇ ਕਰਵ ਵਾਂਗ ਤਨਜ਼ ਕਸਦੀ ਹੈ।ਉਹ ਬਿਨਾ ਨੀਰ ਤੋਂ ਵੀ ਦਰਿਆ ਦੀ ਕਿਆਸੀ ਰੂਹ ਨੂੰ ਵੱਖਰੇ ਬਿੰਬ ਰਾਹੀਂ ਪ੍ਰਸਤੁਤ ਕਰਦਾ ਹੈ।
ਇਸ ਪੁਸਤਕ ਦੀ ਪਹਿਲੀ ਕਵਿਤਾ ਵਿੱਚ ਪੰਜ ਦਰਿਆਵਾਂ ਦੀ ਤਾਸੀਰ ਦਿਖਾਈ ਦਿੰਦੀ ਹੈ ਤੇ ਉਨ੍ਹਾਂ ਦੀ ਹੋਣੀ ਵੀ ਹੁਣ ਅੰਤਲੀ ਕਵਿਤਾ ‘ਵਿਰਾਸਤ ਦੀ ਵਹਿੰਗੀ’ ਪੰਜਾਬ ਦੇ ਦਰਿਆਵਾਂ ਦੇ ਸੁਭਾਅ ਨੂੰ ਅੰਕਿਤ ਕਰਦਾ ਹੈ। ਜਿਵੇਂ ਰਾਵੀ ਤੇ ਝਨਾਂ ਇਕੱਠੇ ਤੁਰੇ ਸਨ ਜਵਾਨ ਉਮਰੇ, ਫਿਰ ਸਤਲੁਜ ਦੇ ਜੇਹਲਮ ਦੀ ਤੋਰ ਜੋ ਲਲਕਾਰੇ ਮਾਰਦੀ ਤਰਥੱਲੀ ਮਚਾਉਂਦੀ ਹੈ। ‘ਵਿਰਾਸਤ ਦੀ ਵਹਿੰਗੀ’ ਦਰਿਆ ਸਿੰਧ ਨੂੰ ਯਾਦ ਕਰਦਾ ਹੈ। ਦਰਿਆਵਾਂ ਦੇ ਸੁਭਾਅ ਦੀ ਉਦਾਹਰਨ ਹਾਜ਼ਰ ਹੈ:-
 ਇੱਕੋ ਗੱਲ ਕਹਿੰਦੀ ਐ
 ਹਿੰਮਤ ਰੱਖਦੇ ਨੇ
 ਇਹ ਦਰਿਆ
 ਸਮਿਆਂ ਦੇ ਕਾਲ ਚੱਕਰ ਨੂੰ
 ਪਾਰ ਕਰ
ਵਗਣ ਦੀ
ਫਬਣ ਦੀ
      ਡਾ. ਮੇਹਰ ਮਾਣਕ  ਨੇ ਆਪਣੇ ਕਾਵਿ ਸੰਗ੍ਰਹਿ ‘ਸ਼ੂਕਦੇ  ਆਬ ਤੇ ਖਾਬ’ ਵਿੱਚ ਦਰਿਆ ਦੇ ਮੈਟਾਫਰ ਨੂੰ ਲੈ ਕੇ ਵਿਸ਼ਾਲ ਅਰਥਾਂ ਦਾ ਧਾਰਨੀ ਬਣਾਉਂਦਾ ਹੈ। ਉਹ ਪੰਜਾਬੀ ਵਿਰਾਸਤ ਦੀ ਖੋ ਚੁੱਕੀ ਅਮੀਰੀ ਨੂੰ ਮੁੜ ਯਾਦ ਕਰਵਾਉਂਦਾ ਹੈ। ਪਰ ਨਾਲ ਹੀ ਮੁੜ ਤੋਂ ਆਪਣੇ ਵਿਰਸੇ ਨੂੰ ਸੰਭਾਲ ਕਰਨ ਵੱਲ ਸੇਧ ਦਿੰਦਾ ਹੈ।ਉਹ ਨਫਰਤਾਂ ਨੂੰ ਛੱਡ ਕੇ ਮੁਹੱਬਤ ਦੀ ਸੱਚੀ ਸੁੱਚੀ ਕਿਤਾਬ ਤੇ ਰਬਾਬ ਦੀ ਗੱਲ ਕਰਦਾ ਹੈ। ਰਿਸ਼ਤਿਆਂ ਵਿਚ ਆਈ ਗਿਰਾਵਟ ਨੂੰ ਦੂਰ ਕਰਨ ਦੀ ਗੱਲ ਕਰਦਾ ਹੈ। ਉਹ ਆਪਸੀ ਭਾਈਚਾਰੇ ਨੂੰ ਹੋਰ ਮਜ਼ਬੂਤ ਕਰਨ ਦੀ ਇੱਛਾ ਰੱਖਦਾ ਹੈ। ਉਸਦਾ ਮੰਨਣਾ ਹੈ ਕਿ ਪੰਜਾਬ ਦੇ ਲੋਕ ਨਸ਼ਿਆ ਦਾ,ਹਥਿਆਰਾਂ ਦਾ ਤੇ ਨਚਾਰਾਂ ਦਾ  ਦਾ ਵਿਰੋਧ ਕਰਨਗੇ । ਸ਼ਾਇਰ ਦਰਿਆਵਾਂ ਦੀ ਹਿੱਕ ਤੇ ਸੁਨਹਿਰੀ ਹਰਫ ਲਿਖਣ ਦੇ ਲਈ ਬੇਤਾਬ ਹੈ। ਇਸ ਕਾਵਿ ਦੀ ਸ਼ੈਲੀ ਚੇਤਨਾ ਪ੍ਰਵਾਹ ਦੀ ਹੈ।ਇਹ ਖੰਡ ਕਾਵਿ ਪੰਜਾਬੀ ਕਾਵਿ ਦਾ ਹਾਸਿਲ ਹੈ। ਇਸ ਕਾਵਿ ਸੰਗ੍ਰਹਿ ਦਾ ਮੁੱਖ ਸਰੋਕਾਰ ਪੰਜਾਬ ਦੇ ਦਰਿਆ ਹਨ।ਇਸ ਮੈਟਾਫਰ ਨਾਲ ਉਹ ਪੰਜਾਬ ਨਾਲ ਹੋਏ ਧੱਕੇ ਦਾ ਸੰਵਾਦ ਰਚਾਉਣ ਦਾ ਯਤਨ ਕਰਦਾ ਹੈ। ਉਹ ਦਰਿਆ ਨੂੰ ਚਿੰਨਤ ਕਰਦਾ ਉਸਦੇ ਚਿਹਨਤ ਨੂੰ ਆਧੁਨਿਕ ਯੁੱਗ ਦੇ ਸਵਾਰਥ ਦਾ ਵਿਰੋਧ ਕਰਦਾ ਹੈ।  ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਸਿੱਟੇ ਭੋਗਦੀ ਕਾਇਨਾਤ ਦੀ ਵਿਕਰਾਲ ਤਸਵੀਰ ਦਿਖਾਉਣ ਦਾ ਯਤਨ ਹੈ।ਇਕ ਹੀ ਵਿਸ਼ੇ ਨੂੰ ਨਿਭਾਉਣ ਲਈ ਉਸਨੇ ਬੜੀ ਸ਼ਿਦਤ ਨਾਲ ਵੱਖ-ਵੱਖ ਦਰਿਆਵਾਂ ਦੇ ਅਹਿਸਾਸ ਨੂੰ ਆਪਣੇ ਕਾਵਿ ਮੁਹਾਵਰੇ ਰਾਹੀਂ ਪਾਠਕਾਂ ਦੇ ਸਨਮੁੱਖ ਕੀਤਾ ਹੈ।ਇਕ ਸੰਵਾਦ ਪੈਦਾ ਕਰਨ ਦਾ ਸੂਖਮ ਯਤਨ ਕਰਦਾ ਹੈ।ਇਸ ਯਤਨ ਨੂੰ ਅੱਗੇ ਵਧਾਉਣ ਦੀ ਲੋੜ ਹੈ।ਇਨ੍ਹਾਂ ਸਾਰਥਿਕ ਯਤਨਾਂ ਦੀ ਲੌਅ ਵਿਚ ਇਹ ਕਾਵਿ ਸੰਗ੍ਰਿਹ ‘ਸ਼ੂਕਦੇ ਆਬ ਤੇ ਖਾਬ’ ਖੰਡ ਕਾਵਿ ਹੋ ਨਿਬੜਦਾ ਹੈ।ਮੇਰੀ ਜਾਚੇ ਇਸ ਕਾਵਿ ਸੰਗ੍ਰਿਹ ਦੀ ਆਮਦ ਨੂੰ ਖੁਸ਼ਆਮਦੀਦ ਕਹਿਣਾ ਬਣਦਾ ਹੈ।ਆਮੀਨ।
ਡਾ:ਭੁਪਿੰਦਰ ਸਿੰਘ ਬੇਦੀ
9417061645
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਨਿਤੀਸ਼ ਕੁਮਾਰ ਦੀ ਤਬੀਅਤ ਅਚਾਨਕ ਵਿਗੜ ਗਈ, ਮੇਦਾਂਤਾ ਹਸਪਤਾਲ ਪਹੁੰਚੇ
Next articleਟੈਂਪੂ ਟਰੈਵਲਰ ਨਦੀ ਵਿੱਚ ਡਿੱਗਿਆ,8 ਤੋਂ ਵੱਧ ਲੋਕਾਂ ਦੀ ਮੌਤ