(ਸਮਾਜ ਵੀਕਲੀ)
ਕੋਈ ਓਸ ਵੇਲ਼ੇ ਦੀ ਗੱਲ ਦੱਸੀਂ,ਜਦੋਂ ਇੱਕ ਪੰਜਾਬ ਹੀ ਹੁੰਦਾ ਸੀ।
ਓਹਨਾਂ ਸੱਚੇ ਸੁੱਚੇ ਆਸ਼ਿਕਾਂ ਲਈ,ਓ ਖਾਸ ਝਨਾਬ ਹੀ ਹੁੰਦਾ ਸੀ
ਦੱਸ ਕਿੱਸਾ ਬਾਬੇ ਬੁੱਲ੍ਹੇ ਦਾ ਜਾਂ ਸ਼ਾਹ ਅਨਾਇਤ ਕੋਲ਼ ਬਹਿੰਦੇ ਦਾ।
ਆ ਗਲ਼ ਲੱਗ ਮਿਲ਼ਲੇ ਵੇ ਸੱਜਣਾ,
ਮੈਂ ਚੜ੍ਹਦੇ ਦਾ ਤੂੰ ਲਹਿੰਦੇ ਦਾ।
ਬਈ ਬਾਬੇ ਸੇਖ ਫਰੀਦ ਬਾਰੇ,ਕੁਝ ਬੋਲੀਂ ਮਿੱਠੜੇ ਬੋਲ ਮੁੱਖੋਂ
ਤੇ ਦਿੱਤਾ ਬਾਬੇ ਨਾਨਕ ਨੇ,ਜਦੋਂ ਤੇਰਾਂ ਤੇਰਾਂ ਤੋਲ ਮੁੱਖੋਂ
ਕੋਈ ਮੱਲ ਛਿੰਝ ਦਾ ਦੱਸ ਦੇਵੀਂ,ਪਿੱਠ ਲਾਉਂਦੇ ਦਾ ਤੇ ਢਹਿੰਦੇ ਦਾ।
ਆ ਗਲ਼ ਲੱਗ ਮਿਲ਼ਲੇ ਵੇ ਸੱਜਣਾਂ
ਮੈਂ ਚੜ੍ਹਦੇ ਦਾ ਤੂੰ ਲਹਿੰਦੇ ਦਾ।
ਕਿਉਂ ਵੰਡਣ ਵਾਲ਼ੇ ਵੰਡ ਗਏ,ਇਹ ਧਰਤੀ ਪੰਜ ਦਰਿਆਵਾਂ ਦੀ।
ਸਾਨੂੰ ਯਾਦ ਅੱਜ ਵੀ ਆਉਂਦੀ ਏ,ਸਾਡੇ ਵਿਛੜੇ ਵੀਰ ਭਰਾਵਾਂ ਦੀ
ਅੱਜ ਲੂੰ ਲੂੰ ਤੜਫ ਜਾ ਉਠਿਆ ਏ,ਹਾਏ ਉਹ ਵਿਛੋੜਾ ਸਹਿੰਦੇ ਦਾ।
ਆ ਗਲ਼ ਲੱਗ ਮਿਲ਼ ਲੈ ਵੇ ਸੱਜਣਾ
ਮੈਂ ਚੜ੍ਹਦੇ ਦਾ ਤੂੰ ਲਹਿੰਦੇ ਦਾ
ਕੋਈ ਧੰਨਿਆਂ ਗੀਤ ਸੁਣਾ ਜਾਵੀਂ,ਮੇਰੇ ਓਸ ਪੰਜਾਬ ਪੁਰਾਣੇ ਦਾ।
ਮੈਂ ਛੇਤੀ ਮਿਲਣ ਆਵਾਂਗਾ,ਰਾਹ ਖੁੱਲਿਆ ਜਦ ਨਨਕਾਣੇ ਦਾ।
ਮੇਰਾ ਸਿਜਦਾ ਫੱਕਰਾਂ ਸ਼ਾਇਰਾਂ ਨੂੰ,ਹੰਸਾਲੇ ਪਿੰਡ ਵਿੱਚ ਰਹਿੰਦੇ ਦਾ।
ਆ ਗਲ਼ ਲੱਗ ਮਿਲ਼ਲੇ ਵੇ ਸੱਜਣਾ,
ਮੈਂ ਚੜ੍ਹਦੇ ਦਾ ਤੂੰ ਲਹਿੰਦੇ ਦਾ।
ਧੰਨਾ ਧਾਲੀਵਾਲ