ਓਟਵਾ (ਸਮਾਜ ਵੀਕਲੀ): ਕਰੋਨਾਵਾਇਰਸ ਸਬੰਧੀ ਪਾਬੰਦੀਆਂ ਤੇ ਲਾਜ਼ਮੀ ਟੀਕਾਕਰਨ ਸ਼ਰਤਾਂ ਵਿਰੁੱਧ ਟਰੱਕਾਂ ਵਾਲਿਆਂ ਵੱਲੋਂ ਕੈਨੇਡਾ ਦੀ ਰਾਜਧਾਨੀ ਓਟਵਾ ਵਿਚ ਸ਼ੁਰੂ ਕੀਤੇ ਗਏ ਰੋਸ ਮੁਜ਼ਾਹਰੇ ਦੇ ਤੀਜੇ ਦਿਨ ਸੰਸਦੀ ਖੇਤਰ ਘੇਰੀ ਬੈਠੇ ਮੁਜ਼ਾਹਰਾਕਾਰੀਆਂ ’ਚ ਘੁਸਪੈਠ ਕਰਨ ਵਾਲੇ ਸ਼ਰਾਰਤੀ ਲੋਕ ਹੁੱਲੜਬਾਜ਼ੀ ਅਤੇ ਤੋੜ-ਭੰਨ੍ਹ ’ਤੇ ਉਤਰ ਆਏ ਹਨ। ਦਿਨ-ਬ-ਦਿਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਕਰੋਨਾ ਪਾਜ਼ੇਟਿਵ ਹੋਣ ਕਾਰਨ ਇਕਾਂਤਵਾਸ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਣਦੱਸੀ ਥਾਂ ਤੋਂ ਸੰਬੋਧਨ ਕਰਦਿਆਂ ਮੁਜ਼ਾਹਰਾਕਾਰੀਆਂ ਨੂੰ ਤਾੜਨਾ ਕੀਤੀ ਹੈ ਕਿ ਉਹ ਸਰਕਾਰ ਨੂੰ ਸਖ਼ਤੀ ਕਰਨ ਲਈ ਮਜਬੂਰ ਨਾ ਕਰਨ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਭਾਈਚਾਰਕ ਨਫ਼ਰਤ ਫੈਲਾਉਣ ਦੀ ਛੋਟ ਨਹੀਂ ਦਿੱਤੀ ਜਾ ਸਕਦੀ ਤੇ ਇਸ ਸੋਚ ਵਾਲੇ ਅਨਸਰਾਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਟਰੱਕਾਂ ਵਾਲਿਆਂ ਨੂੰ ਮਾੜੇ ਅਨਸਰਾਂ ਦੀ ਉਨ੍ਹਾਂ ਵਿਚ ਘੁਸਪੈਠ ਅਤੇ ਚਾਲਾਂ ਤੋਂ ਸੁਚੇਤ ਕੀਤਾ ਹੈ।
ਉਨ੍ਹਾਂ ਕਿਹਾ ਕਿ ਟੀਕਾਕਰਨ ਤੋਂ ਨਾਂਹ ਕਰਨਾ ਤਾਂ ਸਿੱਧਾ ਵਿਗਿਆਨ ਨੂੰ ਨਕਾਰਨਾ ਅਤੇ ਚੁਣੌਤੀ ਹੈ। ਓਟਵਾ ਸ਼ਹਿਰ ਵਿਚ ਲੋਕਾਂ ਦਾ ਜਿਊਣਾ ਔਖਾ ਹੋਇਆ ਪਿਆ ਹੈ। ਟਰੱਕ ਖੜ੍ਹੇ ਹੋਣ ਕਾਰਨ ਸੜਕਾਂ ਉਤੇ ਆਵਾਜਾਈ ਬੰਦ ਹੈ। ਕਾਫ਼ੀ ਕੂੜਾ ਖ਼ਿਲਰਿਆ ਪਿਆ ਹੈ ਤੇ ਟਰੱਕਾਂ ਦੇ ਹਾਰਨ ਵੱਜਣ ਨਾਲ ਸ਼ਹਿਰ ਦਾ ਵਾਤਾਵਰਨ ਵੀ ਦੂਸ਼ਿਤ ਹੋ ਰਿਹਾ ਹੈ। ਭੜਕਾਹਟ ਤੋਂ ਬਚਦਿਆਂ ਪੁਲੀਸ ਸਖ਼ਤੀ ਤੋਂ ਕਤਰਾ ਰਹੀ ਹੈ। ਅੱਜ ਸ਼ਹਿਰ ਵਿਚ ਲੱਗੇ ਕੁਝ ਬੁੱਤਾਂ ਤੇ ਹੋਰ ਯਾਦਗਾਰੀ ਥਾਵਾਂ ਨਾਲ ਛੇੜਛਾੜ ਕਰ ਕੇ ਨੁਕਸਾਨ ਕੀਤਾ ਗਿਆ ਹੈ। ਕਈ ਲੋਕ ਹੱਥਾਂ ਵਿਚ ਨਾਜ਼ੀ ਝੰਡੇ ਲੈ ਕੇ ਅਤੇ ਨਸਲੀ ਨਫ਼ਰਤ ਫੈਲਾਉਂਦੀਆਂ ਤਖ਼ਤੀਆਂ ਲੈ ਕੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋ ਰਹੇ ਹਨ।
ਓਟਵਾ ਦੇ ਬੇਘਰੇ ਲੋਕਾਂ ਨੇ ਦੋਸ਼ ਲਾਇਆ ਕਿ ਬਾਹਰਲੇ ਲੋਕ ਉਨ੍ਹਾਂ ਨੂੰ ਵੀ ਨਹੀਂ ਬਖ਼ਸ਼ ਰਹੇ ਤੇ ਉਨ੍ਹਾਂ ਹੱਥੋਂ ਖਾਣਾ ਖੋਹ ਕੇ ਖਾ ਲੈਂਦੇ ਹਨ। ਕੁਝ ਮੀਡੀਆਂ ਰਿਪੋਰਟਾਂ ਅਨੁਸਾਰ ਘੁਸਪੈਠ ਕਰਨ ਵਾਲਿਆਂ ਵੱਲੋਂ ਇਸਲਾਮ ਵਿਰੁੱਧ ਨਾਅਰੇ ਲਾ ਕੇ ਮੁਸਲਮਾਨ ਭਾਈਚਾਰੇ ਨੂੰ ਟੱਕਰ ਲਈ ਉਕਸਾਇਆ ਜਾ ਰਿਹਾ ਹੈ। ਮੂਲਵਾਸੀ ਲੋਕ ਵੀ ਵੱਡੀ ਗਿਣਤੀ ਵਿਚ ਉੱਥੇ ਪਹੁੰਚ ਗਏ ਹਨ। ਪ੍ਰਧਾਨ ਮੰਤਰੀ ਤੋਂ ਜਸਟਿਨ ਟਰੂਡੋ ਤੋਂ ਅਸਤੀਫਾ ਮੰਗਿਆ ਜਾ ਰਿਹਾ ਹੈ। ਸ਼ਹਿਰ ਵਾਸੀਆਂ ਨੂੰ ਜ਼ਰੂਰੀ ਵਸਤਾਂ ਦੀ ਚਿੰਤਾ ਸਤਾਉਣ ਲੱਗੀ ਹੈ। ਬਹੁਤੇ ਸਟੋਰਾਂ ਵਿਚ ਸਾਮਾਨ ਖ਼ਤਮ ਹੋਣ ਕਾਰਨ ਉਨ੍ਹਾਂ ਦੇ ਦਰਵਾਜ਼ੇ ਬੰਦ ਹਨ। ਮੁਜ਼ਾਹਰਾਕਾਰੀਆਂ ਵੱਲੋਂ ਖੋਲ੍ਹੇ ਗਏ ਫੰਡ ਵਿਚ ਹੁਣ ਤੱਕ 76 ਲੱਖ ਡਾਲਰ ਜਮ੍ਹਾਂ ਹੋ ਚੁੱਕੇ ਹਨ, ਇਸ ਵਿਚ ਵਿਦੇਸ਼ਾਂ ਤੋਂ ਵੱਡੀਆਂ ਰਕਮਾਂ ਆਉਣ ਦੇ ਖ਼ਦਸ਼ੇ ਪ੍ਰਗਟਾਏ ਜਾ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly