(ਸਮਾਜ ਵੀਕਲੀ) ਇੱਥੇ ਫਿਲਪਾਈਨ ਵਿੱਚ ਆਮ ਕਰਕੇ ਵੱਡੀਆਂ ਦੁਕਾਨਾਂ ਅਤੇ ਕਦੇ ਕਦੇ ਵੱਡੀਆਂ ਮਾਰਕੀਟਾਂ(ਮੋਲਾਂ) ਵਿੱਚ ਵੇਖੀਦਾ ਹੈ ਕਿ ਸਕਿਉਰਿਟੀ ਗਾਰਡ ਗਾਹਕਾਂ ਦੀ ਮਦਦ ਕਰਦੇ ਹਨ ਜਿਵੇਂ ਕਿ ਕਿਸੇ ਨੇ ਜ਼ਿਆਦਾ ਖਰੀਦ ਕੀਤੀ ਹੈ ਤਾਂ ਸਮਾਨ ਉਹਦੀ ਗੱਡੀ ਤੱਕ ਪਹੁੰਚਾਉਣ ਵਿੱਚ ਮਦਦ ਕਰਨੀ ਤੇ ਫਿਰ
ਗੱਡੀ ਪਾਰਕਿੰਗ ਵਿੱਚੋਂ ਬਾਹਰ ਕੱਢਣ ਵਿੱਚ ਸਹਾਇਤਾ ਕਰਨੀ। ਗੱਡੀ ਵਾਲਾ ਧੰਨਵਾਦ ਦੇ ਤੌਰ ਤੇ ਪੰਜਾਹ ਜਾਂ ਸੌ ਪੀਸੋ ਹੱਥ ਤੇ ਧਰ ਜਾਂਦਾ ਹੈ ਤੇ ਇਹ ਖੁਸ਼ ਹੋ ਕੇ ਲੈ ਲੈਂਦੇ ਹਨ।
ਅੱਜ ਸ਼ਾਮੀ ਮੈ ਗਰੋਸਰੀ ਲੈਣ ਲਈ ਇੱਕ ਦੁਕਾਨ ਤੇ ਪਹੁੰਚਿਆ ਹੀ ਸੀ ਤੇ ਵੇਖਿਆ ਇੱਕ ਔਰਤ ਵਾਹਵਾ ਸਾਰਾ ਸਮਾਨ ਲੈ ਕੇ ਆਪਣੀ ਗੱਡੀ ਵੱਲ ਆ ਰਹੀ ਸੀ ਤੇ ਇੱਕ ਮੁੰਡਾ (ਸਕਿਉਰਿਟੀ ਗਾਰਡ) ਉਹਦੇ ਨਾਲ ਨਾਲ ਸਮਾਨ ਨਾਲ ਨੱਕੋ ਨੱਕ ਭਰੀ ਹੋਈ ਰੇਹੜੀ ਧੱਕੀ ਆ ਰਿਹਾ ਸੀ। ਮਹਿੰਗੀ ਗੱਡੀ ਤੋਂ ਸਾਫ ਅੰਦਾਜ਼ਾ ਲੱਗਦਾ ਸੀ ਕਿ ਔਰਤ ਬਹੁਤ ਅਮੀਰ ਹੋਵੇਗੀ।ਸਮਾਨ ਗੱਡੀ ਵਿੱਚ ਰਖਵਾਉਣ ਤੋਂ ਬਾਅਦ ਜਦੋਂ ਮੁੰਡੇ ਨੇ ਗੱਡੀ ਪਾਰਕਿੰਗ ਵਿੱਚੋਂ ਬਾਹਰ ਕਢਵਾਈ ਤਾਂ ਓਸ ਔਰਤ ਨੇ ਪਰਸ ਵਿੱਚੋਂ ਹਜ਼ਾਰ ਦਾ ਨੋਟ ਕੱਢਕੇ ਹੱਥ ਬਾਹਰ ਕੱਢਿਆ ਪਰ ਓਸ ਮੁੰਡੇ ਨੇ ਸਿਰ ਨਿਵਾਉਂਦੇ ਹੋਏ ‘ਨੋ ਨੋ.. ਥੈਂਕਸ’ ਆਖਿਆ।
ਮੈ ਫਟਾਫਟ ਉਸ ਮੁੰਡੇ ਕੋਲ ਪਹੁੰਚ ਗਿਆ ਤੇ ਬੜੇ ਪਿਆਰ ਨਾਲ ਪੁੱਛਿਆ ਕਿ ਤੂੰ ਕਿੰਨੀ ਖੇਚਲ ਕੀਤੀ ਹੈ ਉਸ ਔਰਤ ਦੇ ਲਈ ਤੇ ਉਸਨੇ ਤੇਰਾ ਸ਼ੁਕਰਾਨਾ ਕਰਦੇ ਹੋਏ ਕੁਛ ਪੈਸੇ ਦੇਣੇ ਚਾਹੇ ਪਰ ਤੂੰ ਲਏ ਨਹੀਂ, ਕਿਉਂ?ਉਸਦਾ ਜੁਆਬ ਸੀ,”ਮੈ ਜੋ ਕੀਤਾ ਇਹ ਮੇਰੀ ਡਿਊਟੀ ਸੀ ਤੇ ਇਸਦੇ ਬਦਲੇ ਮੈਨੂੰ ਤਨਖਾਹ ਮਿਲਦੀ ਹੈ”।
ਬਲਦੇਵ ਸਿੰਘ ”ਪੂਨੀਆਂ”