ਕਲਮਾਂ ਦੇ ਧਨੀ ਹੁੰਦੇ ਕੁਦਰਤ ਦੇ ਅਮੀਰ ਧੀ-ਪੁੱਤਰ

ਬਲਜਿੰਦਰ ਸਿੰਘ "ਬਾਲੀ ਰੇਤਗੜੵ"

(ਸਮਾਜ ਵੀਕਲੀ)

ਲਿਖਣ ਦਾ ਹੁਨਰ ਖਰੀਦਿਆ ਨਹੀਂ ਜਾ ਸਕਦਾ। ਕਲਮ ਦੀ ਕਲਾ ਕੁਦਰਤ ਦੀ ਬਖਸ਼ੀ ਦਾਤਿ ਹੈ ।ਮਾਰੂ ਹਥਿਆਰਾਂ ਦਾ ਇਸਤੇਮਾਲ ਲੋਕ-ਹਿੱਤਾਂ ਪ੍ਰਤੀ ਕਰਕੇ ਕੋਈ ਵਿਆਕਤੀ ਯੋਧਾ,ਸੂਰਮਾ, ਜਰਨੈਲ ਤੇ ਸਿਪਾ-ਸਿਲਾਰ ਬਣ ਜਾਂਦਾ ਹੈ। ਉਹਨਾਂ ਹੀ ਮਾਰੂ ਹਥਿਆਰਾਂ ਦਾ ਬਦ-ਇਖ਼ਲਾਕ ਤੇ ਬਦ-ਤਮੀਜ਼ ਬੰਦਾ ਇਸਤੇਮਾਲ ਕਰਕੇ ਗੁੰਡਾ,ਬਦਮਾਸ਼, ਅਪਰਾਧੀ, ਲੁਟੇਰਾ-ਡਾਕੂ-ਬਦਮਾਸ਼ ਬਣ ਜਾਂਦਾ ਹੈ। ਸਰਹੱਦਾਂ ਦੀ ਰਾਖ਼ੀ ਤੇ ਤਾਇਨਾਤ ਸਿਪਾਹੀ ਹਥਿਆਰਾਂ ਦਾ ਸਹੀ ਵਕਤ ਇਸਤੇਮਾਲ ਕਰਦਿਆਂ ਆਪਣੇ ਵਤਨ ਦੀ ਆਨ-ਸ਼ਾਨ ਦਾ ਅਣਖੀ ਸੂਰਵੀਰ ਹੋ ਜਾਂਦਾ ਹੈ। ਹਥਿਆਰਾਂ ਨੂੰ ਆਪਣਿਆਂ ਤੇ ਹੀ ਵਰਤਕੇ ਕੋਈ ਕਾਤਲ ਅਖਵਾਉਂਦਾ ਹੈ।

ਹਥਿਆਰ ਆਮ ਜ਼ੋਰਾਵਰ ਵਿਆਕਤੀ ਦਾ ਬਾਹੂ-ਬਲ ਹੈ। ਤਕੜੇ ਮਜਬੂਤ ਸਰੀਰਾਂ ਦੇ ਹੱਥ ਚੜੇ ਹਥਿਆਰ ਆਪਣੀ ਦਿਸ਼ਾ ਆਪ ਨਿਰਧਾਰਤ ਕਰ ਜਾਂਦੇ ਹਨ। ਹਥਿਆਰ ਨਿੱਜ ਦੀ ਸੁਰੱਖਿਆ ਲਈ ਵੀ ਇਕ ਕੀਮਤੀ ਵਸਤੂ ਹੈ। ਇਸੇ ਤਰਾਂ ਕਲਮ ਵੀ ਲੋਕ-ਹਿੱਤਾਂ ਲਈ, ਆਮ ਜਨ-ਜੀਵਨ ਦੇ ਮੌਲਿਕ ਅਧਿਕਾਰਾਂ ਦੀ ਸੁਰੱਖਿਆ ਲਈ, ਲੋਕ-ਕਲਿਆਣ ਲਈ ਚੇਤਨ-ਵਿਦਵਾਨਾਂ ਦੇ ਹੱਥ ਇਕ ਅਹਿਮ ਹਥਿਆਰ ਹੈ। ਇਕ ਮਹਾਂ-ਸ਼ਕਤੀਸ਼ਾਲੀ ਹਥਿਆਰ ਹੈ। ਇਸ ਹਥਿਆਰ ਲਈ ਸ਼ਬਦੀ ਤੀਰਾਂ ਦਾ ਭਰਿਆ ਤਰਕਸ਼ ਹੋਣਾ ਤੇ ਤੀਸਰੇ ਨੇਤਰ ਦਾ ਖੁੱਲਿਆ ਹੋਣਾ ਅਤਿ ਜਰੂਰੀ ਹੈ।

ਕਲਮ ਭਾਂਵੇ ਬਨਸਪਤੀ ਦੀ ਇਕ ਹਲਕੀ ਜਿਹੀ ਟਾਹਣੀ ਤੋਂ ਹੀ ਤਿਆਰ ਹੁੰਦੀ ਰਹੀ। ਇਹ ਸਧਾਰਣ ਮਨੁੱਖ ਲਈ ਇਕ ਕਾਨੀ ਹੀ ਹੈ ,ਪਰ ਕਿਸੇ ਤੀਰ ਤੋਂ ਘੱਟ ਨਹੀਂ । ਜੇ ਸਮੇਂ ਸਿਰ ਚੱਲੇ ਤਾਂ ਸਰਕਾਰਾਂ ਦੇ ਪਰਦੇ ਉਧੇੜ ਦੇਵੇ, ਅੰਬਰ ਪਾੜ ਦੇਵੇ, ਤਖ਼ਤਾਂ ਨੂੰ ਵਖਤ ਪਾ ਦੇਵੇ। ਇਹ ਤੇਜ਼ਧਾਰ ਚਾਕੂ ਜਾਂ ਬਲੇਡ ਨਾਲ ਆਪਣਾ ਸਿਰ ਕਲਮ ਕਰਵਾ ਕੇ ਕਾਨੀ ਤੋਂ ਕਲਮ ਬਣੀ। ਇਸ ਨੇ ਸਿਰ ਕਲਮ ਕਰਵਾਏ ਤੇ ਕਲਮਕਾਰਾਂ ਦੇ ਬਿਆਨੇ ਸੱਚ ਮਿਥਿਹਾਸ ਨਾਲ ਟੱਕਰ ਲੈਂਦੇ ਆਪਣੇ ਵੀ ਸਿਰ ਕਲਮ ਕਰਵਾਉਂਦੇ ਰਹੇ। ।ਇਸ ਨੇ ਇਤਿਹਾਸ ਸਿਰਜੇ। ਇਸ ਦੀ ਸ਼ਕਤੀ ਤੋਂ ਤਖ਼ਤਾਂ ਨੂੰ ਭਾਜੜਾਂ ਪੈਂਦੀਆਂ ਰਹੀਆਂ।ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਕਲਮ ਤੋਂ ਬਿਨਾਂ ਸੰਭਵ ਨਹੀਂ। ਇਹ ਲੋਕ-ਰੋਹ ਦਾ ਜਾਗ਼ ਹੈ।

ਸੁੱਤੀਆਂ ਕੌਮਾਂ ਨੂੰ ਹਲੂਣਾ ਦੇ ਕੇ ਜਾਗ੍ਰਿਤ ਕਰਦੀ ਹੈ। ਇਹ ਰੌਸ਼ਨੀ ਦਾ ਪ੍ਤੀਬਿੰਬ ਹੈ। ਸੂਰਜਾਂ ਤੋੰ ਵੱਧ ਇਸ ਦਾ ਪ੍ਕਾਸ਼, ਇਸ ਦਾ ਤੇਜ਼ ਹੈ। ਚੰਦਰਮਾਂ ਤੋਂ ਵੱਧ ਇਸ ਦੀ ਸ਼ੀਤਲਤਾ ਹੈ। ਕਮਲ ਦੇ ਫੁੱਲ ਤੋਂ ਵੱਧ ਕੋਮਲ ਤੇ ਸੁਹਜ ਹੈ। ਇਸ ਦਾ ਸਹੁੱਪਣ, ਸਹੁੱਪਣਾ ਦਾ ਸ਼ੀਸ਼ਾ ਹੈ । ਇਸ ਦੇ ਸ਼ਬਦਾਂ ਮਹਿਕ ਹਿਰਦਿਆਂ ਵਿਚ ਸਦਾ ਲਈ ਵਾਸ ਕਰਨ ਵਾਲੀ ਹੈ।

ਕਲਮ ਹੀ ਲੋਕਤੰਤਰ ਦਾ ਪਹਿਲਾ ਥੰਮ ਹੈ।ਕਲਮ ਦੀ ਸ਼ਕਤੀ ਅੱਗੇ ਬਾਦਸ਼ਾਹੀਆਂ ਝੁਕਦੀਆਂ ਹਨ। ਕਲਮ ਆਪ ਨਿਡਰ ਤੇ ਨਿਰਭੈ ਹੋਵੇ, ਸੱਚ ਦੀ ਹਮਾਇਤੀ ਤੇ ਤਰਕ ਵਾਲੀ ਹੋਵੇ। ਨਿਰਛਲ਼-ਨਿਰ-ਕਪਟ ਹੋਵੇ ਤਾਂ ਸਧਾਰਣ ਇਨਸਾਨ ਵੀ ਕਦੀ ਕਿਸੇ ਦਾ ਗੁਲਾਮ ਨਹੀਂ ਹੋਵੇਗਾ।
ਕਲਮ ਬੁੱਧੀਮਾਨ-ਚਿੰਤਕਾਂ ਦਾ ਹਥਿਆਰ ਰਿਹਾ ਹੈ ਅਤੇ ਹੈ। ਕਲਮ ਹਰ ਪੜਿਆ-ਲਿਖਿਆ ਵਿਆਕਤੀ ਇਸਤੇਮਾਲ ਨਹੀਂ ਕਰ ਸਕਦਾ। ਕਲਮ ਦੁਆਰਾ ਲਿਖੀਆਂ ਵਿਦਵੱਤਾ ਦੀਆਂ ਕਿਤਾਬਾਂ ਦੁਆਰਾ ਹੀ ਵਿਦਿਆਰਥੀ ਪੜ੍ਹ ਕੇ ਵਿੱਦਿਅਕ ਡਿਗਰੀਆਂ ਹਾਸਿਲ ਕਰਦੇ ਰਹੇ ਤੇ ਹਨ।ਡਿਗਰੀਆਂ ਪ੍ਰਾਪਤ ਕਰਕੇ ਵੀ ਹਰ ਇਕ ਇਨਸਾਨ ਕਲਮ ਦਾ ਧਨੀ ਨਹੀਂ ਬਣ ਸਕਦਾ। ਲੇਖ ਲਿਖਣਾ, ਕਵਿਤਾ ਰਚਨੀ ਕੁਦਰਤ ਦਾ ਵਰਤਾਰਾ ਹੈ।

ਕਲਮ ਨਾਲ਼ ਲੇਖੇ-ਜੌਖੇ ਵਿੱਚ ਮਾਰ ਕਰਨ ਵਾਲੇ, ਹੇਰਾ-ਫੇਰੀਆਂ ਕਰਨ ਵਾਲੇ ਲਿਖਾਰੀ ਜਾਂ ਕਲਮ ਦੇ ਧਨੀ ਨਹੀਂ ਹੁੰਦੇ। ਕਲਮ ਦੇ ਉਪਾਸ਼ਕ ਕਲਮ ਦੇ ਇਮਾਨ ਦਾ ਸਤਿਕਾਰ ਕਰਦੇ ਹਨ। ਕਲਮ ਦੀ ਮਰਿਯਾਦਾ ਵਿੱਚ ਰਹਿੰਦੇ ਨਵੀਆਂ ਦਿਸ਼ਾਵਾਂ ਤਹਿ ਕਰਦੇ ਹਨ। ਮੰਜ਼ਿਲਾਂ ਦੇ ਟੀਚੇ ਨਿਰਧਾਰਤ ਕਰਦੇ ਹਨ। ਅੰਤਰ-ਰਾਸ਼ਟਰੀ ਸਿਆਸਤ ਦੀ ਵਾਗ-ਡੋਰ ਸੰਭਾਲਦੇ ਹਨ। ਗਲਤ ਤੇ ਮਨੁੱਖ ਮਾਰੂ ਰਣ-ਨੀਤੀਆਂ ਨੂੰ ਨੰਗਾ ਕਰਕੇ ਆਵਾਮ ਨੂੰ ਸੁਚੇਤ ਕਰਦੇ ਹਨ।

ਕਲਮ ਮਰਿਆਂ ਨੂੰ ਖੜੇ ਕਰਨ ਵਾਲਾ ਸ਼ਾਸਤਰ ਹੈ।ਮਰ-ਜੀਵੜੇ ਬਣਾਉਣ ਵਾਲਾ ਤਰਕਸ਼ ਹੈ। ਮੋਇਆਂ ਵਿਚ ਰੂਹ ਫੂਕ ਦੇਣ ਵਾਲਾ ਕੁਦਰਤ ਦਾ ਇਲਾਹੀ ਜਾਦੂ ਹੈ। ਕਲਮ ਆਪਣੇ ਆਪ ਵਿੱਚ ਇਲਮ ਹੈ। ਜਦੋਂ ਦਰਵੇਸ਼ਾਂ ਦੇ ਹੱਥ ਲਗਦੀ ਹੈ ਤਾਂ ਖੁਦਾਈ ਦੀਆਂ ਬਾਤਾਂ ਪਾਉਂਦੀ ਹੈ। ਬੁੱਲੇ ਦੇ ਹੱਥ ਲਗਦੀ ਹੈ ਤਾਂ ਹਕੀਕੀ ਇਸ਼ਕ ਦੀਆਂ ਕਾਫ਼ੀਆਂ ਲਿਖ ਲਿਖ ਗਾਉਂਦੀ ਹੈ। ਬਾਬਾ ਸੇਖ ਫਰੀਦ ਦੀ ਦੇ ਰੂਹਾਨੀਅਤ ਦੇ ਦਰਿਆ ਨੂੰ ਭਟਕਦੇ ਲੋਕਾਂ ਤੱਕ ਪਹੁੰਚਾ ਕੇ ਅਮਰ ਗੁਰਬਾਣੀ ਦਾ ਰੂਪ ਇਖਤਿਆਰ ਕਰ ਲੈਂਦੀ ਹੈ। ਬਾਬੇ ਨਾਨਕ ਦੇ ਹੱਥ ਆ ਇਹ ਇਕ ਨਿੰਰਕਾਰ ਦੀ ਉਸਤਤਿ ਕਰਦੀ ਬਾਬਰ ਵਰਗੇ ਸੁਲਤਾਨਾਂ ਦਾ ਘੁਮੰਡ ਚਕਨਾਚੂਰ ਕਰ ਜਾਂਦੀ ਹੈ।ਜੀਵਨ ਜਿਉਣ ਦੀ ਕਲਾ ਤੇ ਸੇਧ ਬਖਸ਼ਦੀ ਹੈ। ਇਹੋ ਕਲਮ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਹੱਥਾਂ ‘ਚ ਚਲੀ ਜਾਂਦੀ ਹੈ ਤਾਂ “ਜਫ਼ਰਨਾਮਾ” ਤੇ “ਚੰਡੀ ਦੀ ਵਾਰ” ਹੋ ਜਾਂਦੀ ਹੈ। ਕਲਮ ਹੀ ਵੇਦ ਹੈ। ਕਲਮ ਹੀ ਪੁਰਾਣ-ਕੁਰਾਣ ਤੇ ਸਿਮਰਤੀਆਂ ਦਾ ਸ਼ਬਦੀ ਸਰੂਪ ਹੈ

ਕਲਮ ਮੁਹਤਾਜ ਨਹੀਂ ਡਿਗਰੀਆਂ ਦੀ, ਅਹੁਦਿਆਂ ਦੀ , ਇਹ ਤਾਂ ਕੁਦਰਤ ਦੀ ਬਖਸ਼ੀ ਅਨਮੋਲ ਡਿਗਰੀ ਹੈ। ਆਦਮੀ ਦੇ ਅੰਦਰ ਦੇ ਖਿਆਲ਼ਾਂ ਦੇ ਸਾਗਰ ਦੀ ਗਹਿਰਾਈ ਕੋਰੇ ਕਾਗਜ਼ ਦੀ ਹਿੱਕ ਤੇ ਨਾਪ ਦਿੰਦੀ ਹੈ। ਇਹ ਮਨੁੱਖੀ ਮਨ ਦੇ ਵੇਗ਼ਾਂ ਦਾ ਦਰਿਆ ਆਪਣੀ ਨੋਕ ਤੋਂ ਸ਼ਿਵ ਦੀਆਂ ਜਟਾਵਾਂ ਦੀ ਗੰਗਾਂ ਬਣਾ ਦਿੰਦੀ ਹੈ। ਵੈਰਾਗੀ ਦਿਲ ਦੀਆਂ ਪੀੜਾਂ ਨੂੰ ਗੀਤ ਬਣਾਉਦੀ ਕਲਮਕਾਰ ਨੂੰ ਕਵੀ ਤੇ ਕਵੀ ਨੂੰ ਸ਼ਿਵ ਬਟਾਲਵੀ ਬਣਾ ਕੇ ਲੋਕ ਦਿਲਾਂ ਵਿੱਚ ਅਮਰ ਕਰ ਜਾਂਦੀ ਹੈ।

ਕਲਮ ਆਪ ਰਾਗ਼ਾਂ ਦਾ ਅਲਾਪ ਤਾਂ ਨਹੀਂ ਕਰ ਸਕਦੀ ਪਰ ਸੰਗੀਤ ਦੀਆਂ ਸੁਰਾਂ ਨੂੰ ਰਾਗ਼-ਬੱਧ ਕਰਦੀ ਰਬਾਬ ਬਣ ਜਾਂਦੀ ਹੈ। ਇਕੱਤੀ ਰਾਗ਼ਾਂ ਵਿੱਚ ਇਕ ਅੱਲਾਹ ਇਕ ਖੁਦਾ ਦੀ ਬੰਦਗ਼ੀ ਦਰਜ ਕਰ ਜਾਂਦੀ ਹੈ। ਇਸ਼ਕ ਦੀ ਸੰਵੇਦਨਾ ਵਾਰਿਸ ਦੀ ਹੀਰ ਬਣਕੇ ਪੀਲੂ ਦਾ ਮਿਰਜ਼ਾ ਹੋ ਹਿਰਦੇ ਦੀਆਂ ਸੁਰਮਈ ਹੇਕਾਂ ਬਣ ਹਾਲ਼ੀਆਂ-ਪਾਲ਼ੀਆਂ ਤੱਕ ਗੂੰਜ ਜਾਂਦੀ ਹੈ। ਕਲਮ ਆਪਣੇ ਆਪ ਵਿੱਚ ਮਹਾਨ ਹੈ, ਇਹ ਅਮਰ ਹੈ। ਇਹ ਅਦਭੁੱਤ ਹੈ। ਇਹ ਵਿਲੱਖਣ ਹੈ। ਇਹ ਜਨ-ਜੀਵਨ ਦੀ ਲੋਅ ਹੈ। ਇਹ ਵੈਰਾਗ਼ ਹੈ।ਇਹ ਮਹੁੱਬਤ ਹੈ। ਇਸ ਦਾ ਇਸ਼ਕ ਹਕੀਕਤ ਦੀ ਕਵਿਤਾ ਹੈ, ਜਿੰਦਗ਼ੀ ਦੀਆਂ ਤਲਖ਼ੀਆਂ ਦਾ ਗੀਤ ਹੈ। ਕੰਮੀਆਂ-ਕਾਮਿਆਂ ਦੇ ਸਲਾਬਿਆਂ ਘਰਾਂ ਦੀ ਦਾਸਤਾਨ ਹੈ। ਮਰ ਰਹੇ ਚਾਵਾਂ ਦਾ ਰੁਦਨ ਹੈ। ਕਲਮ ਕੀ ਨਹੀਂ ਹੈ। ਕਲਮ ਨਿਰਾਸ਼ਤਾ ਨਹੀਂ ਸਗੋਂ ਆਸ਼ਾ ਹੈ। ਕੱਕਰਾਂ ਦੀ ਠਾਰ ਅੰਦਰ ਬਲਦੀ ਅੱਗ ਦੀ ਤਪਸ਼ ਹੈ। ਜੀਵਨ ਦੀ ਸੰਚਾਲਕ ਹੈ।

ਅਮੀਰਜ਼ਾਦਿਆਂ ਨੂੰ ਕਲਮ ਤੋੰ ਕਿਉਂ ਗੰਧ ਆਉਂਦੀ ਹੈ, ਪਤਾ ਨਹੀਂ ? ਕਵਿਤਾ ,ਗਜ਼ਲ਼-ਗੀਤ ਲਿਖਣਾ ਉਹਨਾਂ ਦੀ ਨਜ਼ਰ ਵਿੱਚ ਸਮੇਂ ਦੀ ਬਰਬਾਦੀ ਹੈ। ਲਿਖਣਾ ਤਾਂ ਵਿਹਲੜਾਂ ਦਾ ਸ਼ੌਂਕ ਹੈ ਹੋਰ ਕੁੱਝ ਨਹੀਂ । ਪੁੱਠੇ-ਸਿੱਧੇ ਕੰਮਾਂ ਨਾਲ ਪੈਸਾ ਕਮਾ ਕੇ ਆਪਣੀਆਂ ਸਲਤਨਤਾਂ ਖੜੀਆਂ ਕਰਨ ਨਾਲ ਆਦਮੀ ਮਹਾਨ ਨਹੀਂ ਬਣ ਜਾਂਦਾ। ਵਿਉਪਾਰ ਕਰਨ ਨਾਲ ਪੈਸਾ ਜਰੂਰ ਕਮਾ ਲੈਂਦਾ ਹੈ। ਪੱਥਰ ਦੀਆਂ ਅਲੀਸ਼ਾਨ ਇਮਾਰਤਾਂ ਖੜੀਆਂ ਕਰਕੇ ਆਪਣੇ ਅੰਦਰ ਅਹੰਕਾਰ ਨੂੰ ਪਾਲ ਫਕਰ ਮਹਿਸੂਸ ਕਰਦਾ ਹੈ। ਮਹਿੰਗੀਆਂ ਕਾਰਾਂ ਨਾਲ ਆਪਣੀ ਅਮੀਰੀ ਦਾ ਰੋਅਬ ਆਪਣੇ ਤੋਂ ਗਰੀਬ ਸਕੇ-ਸਬੰਧੀਆਂ ਤੇ ਪਾ ਕੇ ਆਪਣੀ ਛਾਤੀ ਚੌੜੀ ਕਰ ਤੁਰਦਾ ਹੈ। ਪਰ ਉਹ ਇਹ ਨਹੀਂ ਜਾਣਦਾ ਕਿ ਕਲਾ ਕੁਦਰਤ ਦਾ ਅਨਮੋਲ ਖਜ਼ਾਨਾ ਹੈ, ਅਨਮੋਲ ਦਾਤ ਹੈ। ਇਹ ਦਾਤ ਗੁਰਬਤ ਵਿਚ ਰੁਲਦੇ ਕੱਲਰ ਦੇ ਰੋੜਿਆਂ ਨੂੰ ਹੀਰੇ ਬਣਾ ਦਿੰਦੀ ਹੈ। ਲਿਖਣ ਦਾ ਹੁਨਰ ਬਖਸ਼ ਕੇ ਸਮਾਜ ਦੇ ਸਿਰ ਦਾ ਤਾਜ਼ ਬਣਾ ਦਿੰਦੀ ਹੈ। ਅਮੀਰੀ ਦੌਲਤ ਨਾਲ ਹੀ ਨਹੀਂ, ਜਮੀਨ-ਜਾਇਦਾਦਾਂ ਨਾਲ ਹੀ ਨਹੀਂ, ਕਲਾਵਾਂ ਨਾਲ ਹੁੰਦੀ ਹੈ।

ਕਲਮ ਦੇ ਧਨੀ ਕੁਦਰਤ ਦੇ ਅਮੀਰ ਹੋਣਹਾਰ ਧੀ-ਪੁੱਤਰ, ਸ਼ਹਿਜਾਦੇ-ਸ਼ਹਿਜਾਦੀਆਂ ਹਨ। ਇਹ ਅਮੀਰੀ ਵਿਚਾਰਾਂ ਦੀ ਖੁਦਾਈ ਦੀ ਦੇਣ ਹੈ। ਇਹ ਲੁੱਟੀ ਨਹੀਂ ਜਾ ਸਕਦੀ, ਇਹ ਚੋਰੀ ਨਹੀਂ ਕੀਤੀ ਜਾ ਸਕਦੀ। ਇਸ ਅਮੀਰੀ ਨੂੰ ਸਾਦਗ਼ੀ ਦੀ ਗੁੜਤੀ ਹੈ। ਇਹ ਕਲਮ ਦੀ ਅਮੀਰੀ ਸਾਹਿਤ ਦੀ ਇਬਾਰਤ ਹੈ। ਇਹ ਇਤਿਹਾਸ ਦੀ ਸਵੇਰ ਹੈ। ਇਸ ਲਿਖਣ ਦੀ ਕਲਾ ਖਰੀਦੀ ਨਹੀਂ ਜਾ ਸਕਦੀ। ਇਸ ਨੂੰ ਵਿਉਪਾਰ ਦੀ ਤੱਕੜੀ ਨਾਲ ਨਾ ਤੋਲੋ। ਇਹ ਤਾਂ ਸਦੀਵੀ ਅਮਰ ਹੈ।

ਕਲਮ ਇਕ ਚਸ਼ਮਾ ਹੈ ।ਇਸ ਦੀ ਚੂਲੀ ਭਰ ਕੇ ਇਸ ਦਾ ਸਵਾਦ ਤਾਂ ਚੱਖੋ ਤੇ ਆਪਣੇ ਭਟਕਦੇ ਮਨਾਂ ਦੀ ਪਿਆਸ ਬੁਝਾਓ।ਇਹ ਹਨੇਰਿਆਂ ਵਿੱਚ ਬਲਦਾ ਰੌਸ਼ਨ ਚਿਰਾਗ਼ ਹੈ । ਇਸ ਨਾਲ ਨਫ਼ਰਤ ਕਰਕੇ ਕੁੱਝ ਪ੍ਰਾਪਤ ਨਹੀਂ ਹੋਣਾ। ਆਪਣੇ ਮਨ ਦੀ ਈਰਖਾ ਨਾਲ ਆਪਣੇ ਆਪ ਨੂੰ ਕੰਡਿਆਂ ਦੀ ਵਾੜ ਵਿੱਚ ਨਾ ਉਲਝਾਓ। ਕਲਮ ਨੂੰ ਕੋਈ ਫ਼ਰਕ ਨਹੀ ਪੈਣਾ।ਕਲਮ ਤਾਂ ਫ਼ੱਕਰ ਦੀ ਫ਼ਕੀਰੀ ਹੈ। ਉਸ ਦੀ ਕਵਿਤਾ ਉਸਦੇ ਗੀਤ ਉਸ ਦੀ ਬੰਦਗ਼ੀ ਹਨ । ਇਸ ਨੇ ਸਾਫ਼ -ਸਫ਼ੈਦ , ਮਹਿੰਗੇ ਪਹਿਰਾਵਿਆਂ ਤੋਂ ਕੀ ਲੈਣਾ। ਇਹ ਤਾਂ ਵਿਚਾਰਾਂ ਦੀ ਅਮੀਰੀ ਦਾ ਪਲ਼ਿਆ ਇਕ ਸ਼ਾਇਰ ਪੁੱਤਰ ਹੈ। ਇਹ ਇਸ ਧਰਤੀ ਦਾ ਅਮੀਰ ਵੀ ਹੈ ਤੇ ਕਰਜ਼ਾਈ ਧੀ-ਪੁੱਤਰ ਵੀ ਹੈ, ਜੋ ਆਪਣੀਆਂ ਸੇਵਾਵਾਂ ਨਾਲ ਕੁਦਰਤ ਨੂੰ ਸਿੱਜਦੇ ਕਰਦਾ ਹੈ।ਲੋਕਾਈ ਦਾ ਕਰਜ਼ ਲਿਖਤਾਂ ਰਾਹੀਂ ਅਦਾ ਕਰਦਾ ਰਿਹਾ ਤੇ ਕਰਦਾ ਰਹੇਗਾ । ਰਿਣੀ ਕਿਸੇ ਸ਼ਾਹੂਕਾਰ- ਧਨਾਡ ਦਾ ਨਹੀਂ ਆਪਣੀ ਜਨਮ ਭੂਮੀ ਦਾ ਹੈ। ਆਪਣੀ ਮਿੱਟੀ ਦਾ ਹੈ। ਇਹ ਤਾਂ ਇਸੇ ਲਈ ਪੈਦਾ ਹੋਇਆ ਤੇ ਇਸੇ ਲਈ ਇਸ ਨੇ ਮਰ ਜਾਣੈ ।

ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168 ਵਟਸਐਪ
7087629168

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਮੀਦ
Next articleਪੁੱਤ ਹੋਏ ਕਪੁੱਤ: