(ਸਮਾਜ ਵੀਕਲੀ)
ਚੁੱਪ ਨਾ ਰਿਹਾ ਕਰ(ਕਵਿਤਾਵਾਂ) ਕਵਿਤਰੀ ਹਰਪ੍ਰੀਤ ਕੌਰ ਸੰਧੂ ਪੰਨੇ 95 ਮੁੱਲ ਅਣਮੁੱਲ ਪਰਕਾਸ਼ਕ ਕੈਲੀਬਰ ਪਬਲੀਕੇਸ਼ਨ ਪਟਿਆਲਾ ਹਰਪ੍ਰੀਤ ਦੀ ਅੰਤਰਨਾਦ ਤੋਂ ਬਾਅਦ ਇਹ ਦੂਸਰੀ ਕਾਵਿ ਕਿਤਾਬ ਹੈ। ਪਹਿਲੀ ਨੇ ਹੀ ਕਾਵਿ ਪਾਠਕਾਂ ਦਾ ਧਿਆਨ ਖਿੱਚਣ ਵਿੱਚ ਸਫਲਤਾ ਹਾਸਲ ਕਰ ਲਈ ਸੀ। ਤੇ ਹੁਣ ਵੀ ਜੇਕਰ ਕੋਈ ਪਾਠਕ ਪੜ੍ਹੇਗਾ ਤਾਂ ਉਸ ਨੂੰ ਇਹ ਨਹੀਂ ਕਹਿਣਾ ਪਵੇਗਾ, ਇਹ ਕੀ ਕਵਿਤਾ ਬਣੀ! ਪਹਿਲੇ ਕਾਵਿ ਸੰਗ੍ਰਹਿ ਦਾ ਵੀ ਫਕੀਰੀਆ ਨੇ ਢੁਕਵਾਂ ਰੀਵੀਊ ਕਰਨ ਦੀ ਕੋਸ਼ਿਸ ਕੀਤੀ ਸੀ! ਹੁਣ ਇਨ੍ਹਾਂ ਕਵਿਤਾਵਾਂ ਦੀ ਦੀ ਥਾਹ ਪਾਉਣ ਦੇ ਯਤਨ ਵਿੱਚ ਹਾਂ। ਪਾਠਕ ਆਪਣੀ ਤਸੱਲੀ ਖਾਤਰ ਖੁਦ ਵੀ ਤਾਂ ਆਪਣਾ ਪੱਖ ਰੱਖ ਹੀ ਸਕਦਾ ਏ!
ਪ੍ਰੇਮੀ ਸਿਰਫ ਪੁਰਸ਼ ਨਹੀਂ ਹੁੰਦਾ
ਸਾਰੇ ਰਿਸ਼ਤੇ ਭਾਲਦਾ
ਪ੍ਰੇਮਿਕਾ ਵਿੱਚ
ਪੁਰਸ਼ ਸਿਰਫ ਪ੍ਰੇਮੀ ਨਹੀਂ ਹੁੰਦਾ
(ਪੁਰਸ਼ ਸਿਰਫ ਪ੍ਰੇਮੀ ਨਹੀਂ ਹੁੰਦਾ ਦੀਆਂ ਆਖਰੀ ਸਤਰਾਂ ਵਿੱਚੋਂ)
ਭਾਵਨਾਵਾਂ ਨੂੰ
ਨਹੀਂ ਕਰਨੀ ਪੈਂਦੀ ਮੁਥਾਜੀ
ਦਿਲ ਤੋਂ
ਦਿਲ ਤਕ ਪਹੁੰਚਣ ਲਈ
(ਬਿਨ ਬੋਲੇ)
ਕਵਿਤਾ ਸਿਰਲੇਖ ਨਾਮੀ ਕਵਿਤਾ ਤੋਂ ਮੱਥੇ ‘ਚੋਂ ਚੋਂਦੇ ਸਵਾਲ ਤੱਕ ਪੁਸਤਕ ਵਿੱਚ ਕੁੱਲ ਇਕਵੰਜਾ ਕਵਿਤਾਵਾਂ ਹਨ। ਕੁੱਲ ਮਿਲਾਕੇ ਹਰ ਪਾਠਕ ਲਗਭਗ ਸਾਰੀਆਂ ਨਿੱਕੀਆਂ ਵੱਡੀਆਂ ਕਵਿਤਾਵਾਂ ਆਪਣੇ ਮਨ ਦੇ ਮੌਸਮ ਤੇ ਦਿਮਾਗੀ-ਪੁਰਜ਼ੇ ਦੇ ਹਿਸਾਬ ਨਾਲ ਪੜ੍ਹ ਤੇ ਸਮਝ ਸਕਦਾ ਹੈ! ਖੁੱਲ੍ਹੀ ਕਵਿਤਾ ਕੇਵਲ ਰਿਦਮ ਦੀ ਹੀ ਮੁਥਾਜ ਨਹੀਂ ਹੁੰਦੀ ਉਸਨੂੰ ਕਵਿਤਾ ਦੀ ਕਾਰੀਗਰੀ ਵਾਂਗ ਹੀ ਪਾਠਕ ਚੁਣ ਚੁਣ ਕੇ ਤੇ ਚਿਣ ਚਿਣ ਕੇ ਆਪਣੇ ਅੰਦਰ ਉਸਾਰਦਾ ਜਾਂਦਾ ਹੈ। ਜੇਕਰ ਸੁਚੱਜੇ ਮਿਸਤਰੀ ਵਾਂਗ ਕਾਵਿਕ ਅਹਿਸਾਸ ਉਸਦੀ ਰੂਹ ਦੇ ਮੇਚ ਦਾ ਚਿਣਿਆ ਗਿਆ ਤਾਂ ਵਾਹ ਭਲੀ ਨਹੀਂ ਮੂੰਹ ਦੀ ਤਾਂ ਖਾਵੇਗਾ ਹੀ!
ਇਹ ਕਵਿਤਾਵਾਂ ਸੁਪਨੇ ਤੇ ਕਰੂਰ ਯਥਾਰਥ ਨਾਲ ਸੰਵਾਦ ਰਚਾਉਂਦੀਆਂ ਸ਼ਾਇਰਾ ਨੂੰ ਖੁਦ ਸ਼ਿੱਦਤ ਨਾਲ ਅਹਿਸਾਸ ਕਰਾਉਂਦੀਆਂ ਹਨ ਕਿ ਭਾਈ! ਤੇਰੀ ਹੋਂਦ,ਤੇਰਾ ਅਸਤਿਤਵ ਕੀ ਏ! ਕੇਵਲ ਕਵਿੱਤਰੀ ਨੂੰ ਹੀ ਕਿਉਂ ਇਹ ਰਵਾਜਾਂ-ਸਮਾਜਾਂ ਨੂੰ ਚੈਲਿੰਜ ਦੀ ਪੱਧਰ ‘ਤੇ ਹਰ ਪਾਠਕ/ਵਿਅਕਤੀ ਨੂੰ ਉਸਦੇ ਬੰਦਾ ਹੋਣ ਦਾ ਅਹਿਸਾਸ ਹੋਣ ਤੱਕ ਲਿਜਾਣ ਦੀ ਕੁਝ ਤਾਂ ਪਾਵਰ ਰੱਖਦੀਆਂ ਹਨ। ਕਵਿਆਵਾਂ ਦੇ ਵਿਭਿੰਨ ਵਿਸ਼ਿਆਂ ਦੇ ਬਾਵਜੂਦ ਇਨ੍ਹਾਂ ਵਿੱਚ ਇੱਕਸੁਰਤਾ ਤੇ ਭਾਈਚਾਰਕ ਸਾਂਝ ਵੀ ਬਣਦੀ ਨਜ਼ਰ ਆਉਂਦੀ ਹੈ ਜੋ ਕਵਿਤਰੀ ਨੂੰ ਦੂਸਰਿਆਂ ਨਾਲੋਂ ਵਖਰਿਆਉਂਦੀ ਹੈ।
ਬੇਸ਼ਕ ਹਰ ਕਵੀ ਦਾ ਆਪਣਾ ਇੱਕ ਅੰਦਾਜ਼ ਹੁੰਦਾ ਹੈ ਪਰੰਤੂ ਕਾਵਿਕ ਸਮਝ ਤੇ ਤਕਨੀਕੀ ਪੱਖ ਨੂੰ ਕੋਈ ਵੀ ਬੇਹਤਰ ਕਵੀ ਮੁੱਠੀ ਵਿੱਚੋਂ ਕੇਰਦਾ ਨਹੀਂ। ਹਾਲੇ ਹਰਪ੍ਰੀਤ ਕੌਰ ਸੰਧੂ ਨੇ ਕਾਵਿਕਤਾ ਦਾ ਲੰਬਾ ਸਫਰ ਤਹਿ ਕਰਨਾ ਹੈ। ਕਵਿਤਾ ਦੀ ਕੰਨੀ ਨੂੰ ਆਪਣੇ ਮਲੂਕ ਹੱਥਾਂ ਨਾਲ ਗਹਿਰੇ ਰੰਗਾਂ ਵਿੱਚ ਰੰਗਣਾ ਹੈ। ਇਨ੍ਹਾਂ ਗੌਲਣਯੋਗ ਕਵਿਤਾਵਾਂ ਦੀ ਬਦੌਲਤ ਨਿਰਸੰਦੇਹ ਕਹਿ ਸਕਦੇ ਹਾਂ ਕਿ ਉਸਦਾ ਕਾਵਿਕ ਭਵਿੱਖ ਚਾਨਣ-ਚਾਨਣ ਹੈ। ਬਹਰਹਾਲ ਉਸਨੂੰ ਇਸ ਸੱਜਰੇ ਕਾਵਿ-ਸੰਗ੍ਰਹਿ ਦੀਆਂ ਸੁਹਜਮਈ ਤੇ ਬੇਬਾਕੀ ਨਾਲ ਲਿਖੀਆਂ ਕਵਿਤਾਵਾਂ ਲਈ ਉਸਦੀ ਪਿਠ ਥਾਪੜਣੀ ਫਕੀਰੀਆ ਦਾ ਕਾਵਿਕ-ਸਾਹਿਤਕ ਧਰਮ! ਗੱਲ ਨਿਬੇੜਾਂਗਾ ਉਸਦੀ ਕਵਿਤਾ ਦੇ ਟਾਈਟਲ ਨੂੰ ਹੀ ਮੁਖਾਤਿਬ—ਚੁੱਪ ਨਾ ਰਿਹਾ ਕਰ ਕਵਿਤਾ ਵਰਗੀ ਬੀਬੀ ਕੁੜੀਏ!
ਸੁਖਮਿੰਦਰ ਸੇਖੋਂ
98145-07693
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly