ਪਰਿਵਾਰ ‘ਚ ਸੰਜਮ ਅਤੇ ਮਾਂ ਬਾਪ ਦੀ ਆਗਿਆ ‘ਚ ਰਹਿਣ ਦੀ ਜਾਂਚ ਸਿਖਾਉਂਦੀ ਹੈ ਰਾਮ ਲੀਲ੍ਹਾ : ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ

ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਸਟੇਜ ਦਾ ਉਦਘਾਟਨ ਕਰਦੇ ਹੋਏ, ਨਾਲ ਹਨ ਪ੍ਰਧਾਨ ਭੂਸ਼ਣ ਸ਼ਰਮਾ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਬਬਿਤਾ ਸੰਧੂ, ਰਾਜ ਕੁਮਾਰ ਗੋਗਨਾ, ਸੀਤਾ ਰਾਮ ਸੋਖਲ ਅਤੇ ਹੋਰ ਰਾਮ ਭਗਤ।
 ਰਾਮ ਲੀਲ੍ਹਾ ਦੇ ਪਾਤਰਾਂ ਅਤੇ ਪ੍ਰਬੰਧਕਾਂ ਦਾ ਦੇਣਾ ਨਹੀਂ ਦੇ ਸਕਦੇ ਨੂਰਮਹਿਲ ਨਿਵਾਸੀ – ਨੰਬਰਦਾਰ ਅਸ਼ੋਕ ਸੰਧੂ 
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਨੂਰਮਹਿਲ ਵਿੱਚ ਰਾਮ ਲੀਲ੍ਹਾ ਨਾਟਕਾਂ ਦਾ ਮੰਚਨ ਬੜੀ ਸ਼ਰਧਾ ਭਾਵ ਨਾਲ ਜਾਰੀ ਹੈ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੀ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਨਾਟਕਾਂ ਦਾ ਨੇਕ ਕਾਰਜ ਸ਼ੁਰੂ ਹੋਣ ਪਹਿਲਾਂ ਉਹਨਾਂ ਨਵ ਗ੍ਰਹਿ ਸਮੇਤ ਸਮੂਹ ਦੇਵੀ ਦੇਵਤਿਆਂ ਦੀ ਪੂਜਾ ਕੀਤੀ ਉਪਰੰਤ ਸਟੇਜ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕਰਨ ਦਾ ਸੁਭਾਗ ਪ੍ਰਾਪਤ ਕੀਤਾ। ਇਸ ਮੌਕੇ ਰਾਮਾ ਡਰਾਮਾਟਿਕ ਕਲੱਬ ਨੂਰਮਹਿਲ ਦੇ ਪ੍ਰਧਾਨ ਭੂਸ਼ਣ ਲਾਲ ਸ਼ਰਮਾ, ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਦੀ ਮਹਿਲਾ ਪ੍ਰਧਾਨ ਲਾਇਨ ਬਬਿਤਾ ਸੰਧੂ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਮੰਚ ਤੋਂ ਰਾਮ ਲੀਲ੍ਹਾ ਦਾ ਪ੍ਰਸੰਗ ਦੇਖਕੇ ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਨੇ ਕਿਹਾ ਕਿ ਰਾਮ ਜੀ ਲੀਲ੍ਹਾ ਸਾਨੂੰ ਪਰਿਵਾਰ ਵਿੱਚ ਸੰਜਮ ਰੱਖਣ ਅਤੇ ਮਾਤਾ ਪਿਤਾ ਦੀ ਆਗਿਆ ਦਾ ਪਾਲਣ ਕਰਨ ਦਾ ਸਬਕ ਸਿਖਾਉਂਦੀ ਹੈ। ਜ਼ਮੀਨ-ਜਾਇਦਾਦਾਂ, ਰਾਜ-ਭਾਗ ਜਾਂ ਹੋਰ ਵਿਸ਼ੇ-ਵਿਕਾਰਾਂ ਦੇ ਲਾਲਚ ਵੱਸ ਹੋ ਕੇ ਸਾਨੂੰ ਆਪਣਾ ਹੱਸਦਾ ਖੇਡਦਾ ਪਰਿਵਾਰ ਨਹੀਂ ਤੋੜਨਾ ਚਾਹੀਦਾ। ਜਦੋਂ ਮਾਤਾ ਕੈਕਈ ਨੇ ਆਪਣੇ ਪਤੀ ਰਾਜਾ ਦਸ਼ਰਥ ਵੱਲੋਂ ਉਸਨੂੰ ਦਿੱਤੇ ਹੋਏ ਦੋ ਵਰਦਾਨ ਜਿਸ ਵਿੱਚ ਭਰਤ ਨੂੰ ਅਯੁੱਧਿਆ ਦਾ ਰਾਜ-ਭਾਗ ਅਤੇ ਸ਼੍ਰੀ ਰਾਮ ਜੀ ਨੂੰ 14 ਸਾਲਾਂ ਦਾ ਬਨਵਾਸ ਮੰਗਿਆ ਤਾਂ ਰਾਜਾ ਦਸ਼ਰਥ ਨੇ ਮਾਤਾ ਕੈਕਈ ਨੂੰ ਬਹੁਤ ਸਮਝਾਇਆ ਪਰ ਆਪਣੇ ਪੁੱਤ ਭਰਤ ਨੂੰ ਰਾਜ-ਭਾਗ ਦਵਾਉਣ ਦੇ ਲਾਲਚ ਵੱਸ ਹੋਣ ਕਾਰਣ ਉਹਨਾਂ ਮਹਾਰਾਜ ਦਸ਼ਰਥ ਦੀ ਇੱਕ ਵੀ ਨਾ ਸੁਣੀ। ਮਹਾਰਾਜ ਦਸ਼ਰਥ ਨੇ ਕਿਹਾ ਕਿ ਰਾਣੀ ਤੇਰਾ ਇਹ ਲਾਲਚ ਤੈਨੂੰ ਵਿਧਵਾ ਬਣਾ ਦੇਵੇਗਾ ਸਾਰਾ ਪਰਿਵਾਰ ਖਿੰਡ ਪੁੰਡ ਜਾਵੇਗਾ ਤੂੰ ਆਪਣੀ ਇਹ ਜ਼ਿੱਦ ਛੱਡਦੇ। ਫਿਰ ਉਹੀ ਹੋਇਆ ਕਿ ਇੱਕ ਰਾਜਾ ਪਿਤਾ ਆਪਣੇ ਪ੍ਰਾਕਰਮੀ ਪੁੱਤਰ ਰਾਮ ਦੇ ਬਨਵਾਸ ਜਾਣ ਦੇ ਦੁੱਖ ਵਿੱਚ ਦਮ ਤੋੜ ਗਿਆ, ਰਾਣੀ ਕੈਕਈ ਖੁਦ ਵੀ ਵਿਧਵਾ ਹੋਈ, ਮਹਾਰਾਣੀ ਕੌਸ਼ਲਿਆ ਅਤੇ ਸੁਮਿੱਤਰਾ ਨੂੰ ਵੀ ਵਿਧਵਾ ਕਰ ਗਈ। ਐਨੀ ਵੱਡੀ ਅਣਹੋਣੀ ਹੋਣ ਤੋਂ ਬਾਅਦ ਪ੍ਰਭੂ ਸ਼੍ਰੀ ਰਾਮ ਜੀ ਦੀ ਲੀਲ੍ਹਾ ਪਰਿਵਾਰਾਂ ਵਿੱਚ ਸੰਜਮ ਵਰਤਣ ਦਾ ਗਿਆਨ ਦਿੰਦੀ ਹੈ, ਉਦਾਹਰਣ ਵਜੋਂ ਮਹਾਰਾਣੀ ਕੌਸ਼ੱਲਿਆ, ਰਾਣੀ ਸੁਮਿੱਤਰਾ ਅਤੇ ਕੈਕਈ ਮਿਲ ਜੁਲਕੇ ਰਹੀਆਂ ਅਤੇ ਆਪਣੇ ਪੁੱਤਰ ਪ੍ਰਭੂ ਸ਼੍ਰੀ ਰਾਮ, ਜਤੀ ਸਤੀ ਲਕਸ਼ਮਣ, ਮਾਤਾ ਸੀਤਾ ਦੇ ਅਯੁੱਧਿਆ ਵਾਪਿਸ ਪਰਤਣ ਦਾ ਬੇਸਬਰੀ ਨਾਲ ਰਾਹ ਤੱਕਦੀਆਂ ਰਹੀਆਂ। ਇਸ ਮੌਕੇ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਕਿਹਾ ਜਿਸ ਤਰੀਕੇ ਨਾਲ ਰਾਮਾ ਡਰਾਮਾਟਿਕ ਕਲੱਬ ਦੇ ਪਾਤਰ ਮਹੀਨਿਆਂ ਬੱਧੀ ਰਿਹਸਲ ਕਰਕੇ ਜੀਅ ਜਾਨ ਨਾਲ ਰੋਲ ਨਿਭਾ ਕੇ ਦਰਸ਼ਕਾਂ ਨੂੰ ਕੀਲ ਕੇ ਰੱਖਦੇ ਹਨ ਅਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਸੰਦੇਸ਼ ਘਰ ਘਰ ਤੱਕ ਲੋਕਾਂ ਤੱਕ ਪਹੁੰਚਾ ਰਹੇ ਹਨ ਇਸ ਬਹੁਮੁੱਲੇ ਕਾਰਜ ਦਾ ਦੇਣਾ ਨੂਰਮਹਿਲ ਨਿਵਾਸੀ ਕਦੇ ਵੀ ਨਹੀਂ ਦੇ ਸਕਦੇ। ਇਸ ਉਦਘਾਟਨ ਮੌਕੇ ਸਮਾਜ ਸੇਵੀ ਸੀਤਾ ਰਾਮ ਸੋਖਲ, ਲਾਇਨ ਦਿਨਕਰ ਜਸਪ੍ਰੀਤ ਸੰਧੂ, ਗੌਤਮ ਢੀਂਗਰਾ ਨੇ ਨਾਟਕਾਂ ਵਿੱਚ ਹਰ ਤਰ੍ਹਾਂ ਦਾ ਜੋਸ਼ੀਲਾ ਰੋਲ ਨਿਭਾਉਣ ਵਾਲੇ ਸ਼ਸ਼ੀ ਭੂਸ਼ਣ ਪਾਸੀ (ਦਸ਼ਰਥ), ਅਭਿਸ਼ੇਕ ਕਰਵਲ (ਰਾਮ), ਗੁਰਜੀਤ ਕਾਹਲੋਂ (ਲਕਸ਼ਮਣ), ਬੋਨੀ (ਸੀਤਾ ਮਾਤਾ), ਗੋਲਡੀ ਨਈਅਰ (ਹਨੂੰਮਾਨ), ਜਤਿਨ ਮਹਿਰਾ (ਸਰਵਣ), ਨਵ (ਰਾਵਣ), ਵਿਨੈ ਗਿੱਲ (ਮੇਘਨਾਥ), ਰਾਹੁਲ (ਭਵੀਸ਼ਨ) ਤੋਂ ਇਲਾਵਾ ਕਲੱਬ ਦੇ ਚੇਅਰਮੈਨ ਵਿਜੇ ਛਾਬੜਾ, ਡਾਇਰੈਕਟਰ ਅਸ਼ੋਕ ਵਿਆਸ ਅਤੇ ਸ਼ਸ਼ੀ ਭੂਸ਼ਣ ਪਾਸੀ ਸਮੇਤ ਸਮੂਹ ਪਾਤਰਾਂ ਦੀ ਮਿਹਨਤ ਨੂੰ ਉਚੇਚੇ ਤੌਰ ‘ਤੇ ਸਰਾਹਿਆ। ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ ਨੇ ਹਾਲੈਂਡ ਨਿਵਾਸੀ ਵਿਜੇ ਢੀਂਗਰਾ ਦੇ ਲੰਬੇ ਸਮੇਂ ਤੋਂ ਜਾਰੀ ਯੋਗਦਾਨ ਦੀ ਵੀ ਸ਼ਲਾਘਾ ਕੀਤੀ। ਨਗਰ ਕੌਂਸਲਰ ਦੀਪੂ ਦੇ ਮੰਚ ਸੰਚਾਲਨ ਦੇ ਨਾਲ ਵੱਖ-ਵੱਖ ਤਰਾਂ ਦੇ ਰੋਲ ਨਿਭਾਉਣ ਦੀ ਵਿਲੱਖਣ ਪ੍ਰਤਿਭਾ ਨੂੰ ਜੀਵਨ ਦਾ ਇੱਕ ਖੂਬਸੂਰਤ ਅੰਦਾਜ਼ ਦੱਸਿਆ। ਪ੍ਰਿੰਸੀਪਲ ਰਾਜਿੰਦਰ ਕਾਲੜਾ ਵੱਲੋਂ ਰਾਮਾਇਣ ਦੀ ਮਹਿਮਾ ਦੱਸਣ ਦੇ ਨਾਲ ਕੀਤਾ ਗਿਆ ਮੰਚ ਸੰਚਾਲਨ ਵੀ ਇੱਕ ਵਿਸ਼ੇਸ਼ ਯਾਦ ਛੱਡ ਗਿਆ। ਨੰਨ੍ਹੀ ਪਰੀ ਗੁਰਛਾਇਆ ਸੋਖਲ ਸਮੇਤ ਹੋਰ ਕਈ ਬੱਚੇ ਵੱਡੀ ਗਿਣਤੀ ਵਿੱਚ ਰੋਜ਼ਾਨਾ ਨਾਟਕਾਂ ਦਾ ਆਨੰਦ ਮਾਣਦੇ ਹਨ ਜੋਕਿ ਉਸਾਰੂ ਸਮਾਜ ਲਈ ਇੱਕ ਬਹੁਤ ਵੱਡਾ ਸੰਕੇਤ ਹੈ। ਲਾਈਵ ਪੰਜਾਬ 99 ਵੱਲੋਂ ਰਾਮ ਲੀਲ੍ਹਾ ਦਾ ਪ੍ਰਸਾਰਣ ਦੇਸ਼ ਦੁਨੀਆਂ ਤੱਕ ਪਹੁੰਚਣਾ ਵੀ ਇੱਕ ਕਾਬਿਲ-ਏ-ਤਾਰੀਫ਼ ਗੱਲ ਹੈ। ਆਖਿਰ ਕਲੱਬ ਦੇ ਸਮੂਹ ਅਫਸਰਾਂ ਨੇ ਲੋਕਾਂ ਨੂੰ ਬੇਨਤੀ ਕੀਤੀ ਕਿ ਰੋਜ਼ਾਨਾ ਰਾਮ ਲੀਲ੍ਹਾ ਨਾਟਕ ਜ਼ਰੂਰ ਦੇਖਣ ਅਤੇ ਆਪਣੇ ਪਰਿਵਾਰਾਂ ਨੂੰ ਹੱਸਦਾ ਵੱਸਦਾ ਰੱਖਣ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਦਰੀਏਵਾਲ ਵਿਖੇ ਖੇਤਾਂ ਚ ਕੰਮ ਕਰਦੇ 19 ਸਾਲਾਂ ਨੌਜਵਾਨ ਕਿਸਾਨ ਦੀ ਟਰੈਕਟਰ ਪਲਟਣ ਨਾਲ ਦਰਦਨਾਕ ਮੌਤ
Next article(ਔਰਤ ਦਾ ਕਿਰਦਾਰ ਤੇ ਸਤਿਕਾਰ)