ਬਜ਼ੁਰਗਾਂ ਦਾ ਸਤਿਕਾਰ ਕਰਨਾ ਸਾਡਾ ਪਹਿਲਾ ਫ਼ਰਜ਼ ਜਾਂ ਬਜ਼ੁਰਗ ਜਾਣ ਤਾਂ ਕਿੱਥੇ ਜਾਣ ?

ਕਰਨੈਲ ਸਿੰਘ ਐੱਮ.ਏ
 (ਸਮਾਜ ਵੀਕਲੀ)  ਬਜ਼ੁਰਗ ਸਾਡੇ ਸਮਾਜ ਦਾ ਬਹੁੁਮੁੱਲਾ ਅੰਗ ਹਨ, ਉਹਨਾਂ ਨੂੰ ਮਾਣ ਸਨਮਾਨ ਦੇਣ ਦੀ ਸਾਡੀ ਸਾਰਿਆਂ ਦੀ ਜ਼ੁੰਮੇਵਾਰੀ ਬਣਦੀ ਹੈ ਪਰ ਅੱਜ ਦੀ ਨੌਜਵਾਨ ਪੀੜ੍ਹੀ ਸਿਰਫ਼ ਆਪਣੇ ਆਪ ਲਈ ਹੀ, ਪੜ੍ਹੀ ਲਿਖੀ ਅਤੇ ਸਮਝਦਾਰ ਹੈ, ਉਹਨਾਂ ਨੂੰ ਬਜ਼ੁਰਗਾਂ ਨਾਲ ਕੋਈ ਵਾਹ-ਵਾਸਤਾ ਨਹੀਂ ਹੈ। ਉਹ ਬਜ਼ੁਰਗਾਂ ਨੂੰ ਅਣਗੌਲਿਆ ਕਰ ਦਿੰਦੇ ਹਨ ਪਰ ਸਾਰੇ ਘਰਾਂ ਵਿੱਚ ਇਸ ਤਰ੍ਹਾਂ ਨਹੀਂ ਹੈ। ਜਦੋਂ ਵਿਅਕਤੀ 60 ਸਾਲ ਜਾਂ ਇਸ ਤੋਂ ਵੱਧ ਉਮਰ ਦਾ ਹੋ ਜਾਂਦਾ ਹੈ ਤਾਂ ਉਸ ਦੇ ਮਿੱਤਰ ਅਤੇ ਰਿਸ਼ਤੇਦਾਰ ਬਜ਼ੁਰਗਾਂ ਨੂੰ ਬੋਝ ਸਮਝਣਾ ਸ਼ੁਰੂ ਕਰ ਦਿੰਦੇ ਹਨ। ਇੱਥੋਂ ਤੱਕ ਕਿ ਕਈ ਵਾਰ ਪਰਿਵਾਰਾਂ ਦੇ ਮੈਂਬਰ ਵੀ ਬਜ਼ੁਰਗਾਂ ਦਾ ਮਾਣ ਸਨਮਾਨ ਕਰਨਾ ਛੱਡ ਦਿੰਦੇ ਹਨ। ਕਈ ਵਾਰ ਇਹ ਵੀ ਵੇਖਣ ਵਿੱਚ ਆਉਂਦਾ ਹੈ ਕਿ ਪਰਿਵਾਰ ਦੇ ਮੈਂਬਰ ਆਪਣੇ ਬਜ਼ੁਰਗ ਮਾਤਾ-ਪਿਤਾ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ ਅਤੇ ਕਈ ਆਪਣੇ ਬਜ਼ੁਰਗਾਂ ਤੋਂ ਘਰੇਲੂ ਨੌਕਰਾਂ ਦੀ ਤਰ੍ਹਾਂ ਕੰਮ ਲੈਂਦੇ ਹਨ ਜਿਵੇਂ ਬਜ਼ਾਰ ਤੋਂ ਸਵੇਰੇ-ਸ਼ਾਮ ਸਬਜ਼ੀਆਂ ਦੀ ਖਰੀਦ ਕਰਨਾ, ਬੱਚਿਆਂ ਨੂੰ ਸਕੂਲ ਤੋਂ ਲੈ ਕੇ ਆਉਣਾ, ਬੱਚਿਆਂ ਦੇ ਕੱਪੜੇ ਧੋਣਾ, ਆਪ ਬਾਹਰ ਘੁੰਮਣ ਫਿਰਨ ਜਾਣਾ ਅਤੇ ਬਜ਼ੁਰਗਾਂ ਨੂੰ ਘਰ/ਸਮਾਨ ਦੀ ਰਾਖੀ ਕਰਨ ਛੱਡ ਜਾਣਾ, ਘਰ ਦੇ ਸਟੋਰ/ਨਿੱਕੇ ਕਮਰੇ ਵਿੱਚ ਸੌਣ ਲਈ ਮਜ਼ਬੂਰ ਕਰਦੇ ਹਨ।
ਬੁਢਾਪਾ ਜਵਾਨੀ ਦਾ ਭਵਿੱਖ ਨਹੀਂ ਹੈ, ਨਾ ਜਨਮ ਲੈਣਾ ਸਾਡੇ ਵੱਸ ਵਿੱਚ ਹੈ, ਤੇ ਨਾ ਹੀ ਮੌਤ ਉੱਤੇ ਸਾਡਾ ਅਧਿਕਾਰ ਹੈ। ਬੁਢਾਪੇ ਵੇਲੇ ਬਜ਼ੁਰਗ ਆਪਣੇ ਆਪ ਨੂੰ ਡੁੱਬਦਾ ਸੁੂਰਜ ਮਹਿਸੂਸ ਕਰਦੇ ਹਨ। ਬੁਢਾਪੇ ਦਾ ਸੁਆਗਤ ਕੋਈ ਵੀ ਨਹੀਂ ਕਰਦਾ, ਇਹ ਅਕਸਰ ਬਿਨਾਂ ਯਤਨ ਕੀਤਿਆਂ ਹੀ ਆ ਜਾਂਦਾ ਹੈ। ਬੁਢਾਪੇ ਵਿੱਚ ਸਫਲ ਵਿਅਕਤੀ ਨੂੰ ਬਜ਼ੁਰਗ ਜਾਂ ਬਾਬਾ ਤੇ ਅਸਫਲ ਵਿਅਕਤੀ ਨੂੰ ਬੁੱਢਾ ਕਹਿ ਕੇ ਗੱਲ ਕੀਤੀ ਜਾਂਦੀ ਹੈ। ਕਈਆਂ ਦਾ ਕੇਵਲ ਸਰੀਰ ਹੀ ਬੁੱਢਾ ਹੁੰਦਾ ਹੈ ਜਦੋਂ ਕਿ ਉਹਨਾਂ ਦੇ ਇਰਾਦੇ ਤੇ ਸੋਚਾਂ ਜਵਾਨ ਹੁੰਦੀਆਂ ਹਨ। ਬਜ਼ੁਰਗਾਂ ਲਈ 80 ਤੋਂ 90 ਸਾਲ ਦੇ ਵਿਚਕਾਰ ਦੀ ਉਮਰ ਕਈ ਵਾਰ ਜ਼ਿਆਦਾ ਔਖੀ ਹੁੰਦੀ ਹੈ। ਘਰ, ਚੰਗੀ ਖੁਰਾਕ ਤੇ ਸਿਹਤ ਦਾ ਖ਼ਿਆਲ ਰੱਖਣ ਵਾਲੇ ਬਜ਼ੁਰਗ ਸੌ ਸਾਲ ਦੇ ਹੋ ਕੇ ਵੀ 80-85 ਸਾਲ ਦੇ ਲੱਗਦੇ ਹਨ।
ਅੱਜ ਦੀ ਨੌਜਵਾਨ ਪੀੜ੍ਹੀ ਆਰਾਮ ਭਰੀ ਜ਼ਿੰਦਗੀ ਵਿੱਚ ਬਜ਼ੁਰਗਾਂ ਦਾ ਯੋਗਦਾਨ ਤੋਂ ਇਨਕਾਰ ਕਰਕੇ ਉਹਨਾਂ ਨੂੰ ਦੁਰਕਾਰ ਰਹੇ ਹਨ। ਅੱਜ ਬਜ਼ੁਰਗਾਂ ਨੂੰ ਇਸੇ ਲਈ ਬਿਰਧ ਆਸ਼ਰਮ, ਅਨਾਥ-ਆਸ਼ਰਮ ਵਿੱਚ ਰਹਿਣ ਲਈ ਮਜ਼ਬੂਰ ਹੋਣਾ ਪੈਂਦਾ ਹੈ। ਜਦਕਿ ਬਜ਼ੁਰਗ ਆਪਣੀ ਔਲਾਦ ਤੋਂ ਵੱਖ ਨਹੀਂ ਹੋਣਾ ਚਾਹੁੰਦੇ, ਪਰ ਅੱਜ-ਕੱਲ੍ਹ ਦੇਖਣ ਵਿੱਚ ਆਇਆ ਹੈ ਕਿ ਨੌਜਵਾਨ ਵਿਆਹ ਤੋਂ ਬਾਅਦ ਮਾਂ-ਬਾਪ ਨੂੰ ਛੱਡ ਕੇ ਅਲੱਗ ਰਹਿਣ ਲੱਗ ਪੈਂਦੇ ਹਨ, ਜਾਂ ਬਜ਼ੁਰਗਾਂ ਨੂੰ ਤਿੰਨ-ਚਾਰ ਪੁੱਤਰਾਂ ਵਿੱਚੋਂ ਕੋਈ ਵੀ ਆਪਣੇ ਨਾਲ ਰੱਖਣ ਨੂੰ ਤਿਆਰ ਨਹੀਂ ਹੁੰਦਾ। ਬਜ਼ੁਰਗ ਜਾਣ ਤਾਂ ਕਿੱਥੇ ਜਾਣ ? ਜੇਕਰ ਬਜ਼ੁਰਗਾਂ ਪ੍ਰਤੀ ਸਤਿਕਾਰ ਦੀ ਭਾਵਨਾ ਨਹੀਂ ਤਾਂ ਲੋਕਾਂ ਵਿੱਚ ਵੀ ਇਹ ਭਾਵਨਾ ਨਹੀਂ ਬਣ ਸਕੇਗੀ ? ਪਰ ਕਈ ਵਾਰ ਬਜ਼ੁਰਗਾਂ ਦਾ ਆਪਣੇ ਘਰ ਵਿੱਚ ਚਾਹੇ ਸਤਿਕਾਰ, ਮਾਣ ਇੱਜ਼ਤ ਨਾ ਹੋਵੇ ਪਰ ਲੋਕਾਂ, ਦੁਨੀਆਂਦਾਰੀ ਵਿੱਚ ਉਹਨਾਂ ਦੀ ਇੱਜ਼ਤ ਕਾਇਮ ਰਹਿੰਦੀ ਹੈ। ਇਹ ਬਜ਼ੁਰਗ ਸਾਡੀ ਅਸਲੀ ਵਿਰਾਸਤ, ਸਭ ਤੋਂ ਵੱਡਾ ਧੰਨ ਅਤੇ ਸਭ ਤੋਂ ਪਵਿੱਤਰ ਅਤੇ ਪੂਜਣਯੋਗ ਇਨਸਾਨ ਹਨ ਪਰ ਅਸੀਂ /ਤੁਸੀਂ ਇਸ ਅਸਲੀਅਤ ਨੂੰ ਭੁਲਾ ਕੇ ਝੂਠੀ ਧਨ, ਦੌਲਤ ਇਕੱਠੀ ਕਰਨ ਤੇ ਮੰਦਰਾਂ, ਮਸਜ਼ਿਦਾਂ, ਗੁਰਦੁਆਰਿਆਂ ਵਿੱਚ ਫੋਕੇ ਦਿਖਾਵੇ ਕਰਨ ਲਈ ਜਾਂਦੇ ਹਾਂ। ਸਾਧਸੰਗਤ, ਧਾਰਮਿਕ ਗ੍ਰੰਥ ਵੀ ਸਾਨੂੰ ਬਜ਼ੁਰਗਾਂ ਦਾ ਸਤਿਕਾਰ ਕਰਨ ਲਈ ਪ੍ਰੇਰਦੇ ਹਨ। ਬਜ਼ੁਰਗ ਮਾਂ-ਬਾਪ ਦੀ ਸੇਵਾ-ਸੰਭਾਲ ਕਰਨ ਨਾਲ ਤੇ ਉਹਨਾਂ ਦੀਆਂ ਅਸੀਸਾਂ ਲੈਣ ਨਾਲ ਹੀ ਜਨਮ ਸਫਲ ਹੋ ਸਕਦਾ ਹੈ, ਪ੍ਰੰਤੂ ਅਸੀਂ ਤਾਂ ਸਿਰਫ਼ ਦਿਖਾਵੇ ਲਈ ਹੀ ਮੰਦਰਾਂ, ਮਸਜ਼ਿਦਾਂ ਤੇ ਗੁਰਦੁਆਰਿਆਂ ਵਿੱਚ ਜਾਂਦੇ ਹਾਂ। ਇਹਨਾਂ ਧਾਰਮਿਕ ਅਸਥਾਨਾਂ, ਸਾਧਾਂ-ਸੰਤਾਂ ਦੇ ਡੇਰੇ, ਮੜ੍ਹੀਆਂ-ਮਸਾਣਾਂ ਤੇ ਜਾਣ ਦਾ ਕੋਈ ਲਾਭ ਨਹੀਂ ਜੇਕਰ ਆਪਣੇ ਘਰ ਪਏ ਬਜ਼ੁਰਗ ਮਾਂ-ਬਾਪ ਦੀ ਸੇਵਾ ਨਹੀਂ ਕਰ ਰਹੇ। ਬਜ਼ੁਰਗਾਂ ਦੀ ਸੇਵਾ, ਸਤਿਕਾਰ ਕਰਨਾ ਹੀ ਆਪਣਾ ਪਹਿਲਾ ਫ਼ਰਜ਼ ਹੈ।
ਅਸੀਂ ਇਹ ਵੀ ਜਾਣਦੇ ਹਾਂ ਕਿ ਬਜ਼ੁਰਗਾਂ ਲਈ ਸਰਦੀਆਂ ਦੁਖਦਾਈ ਹੁੰਦੀਆਂ ਹਨ ਅਤੇ ਬਜ਼ੁਰਗਾਂ ਦੀਆਂ ਬਹੁਤੀਆਂ ਮੌਤਾਂ ਸਰਦੀਆਂ ਵਿੱਚ ਹੀ ਹੁੰਦੀਆਂ ਹਨ। ਬਿਰਧ ਅਵਸਥਾ ਵਿੱਚ ਬਜ਼ੁਰਗ ਮਾਤਾਵਾਂ ਅਕਸਰ ਹੀ ਲੜਦੀਆਂ ਝਗੜਦੀਆਂ ਹਨ। ਉਹਨਾਂ ਦੀ ਨੂੰਹ ਪੁੱਤਰ ਉਹਨਾਂ ਦੀ ਗੱਲ ਸੁਣਨ ਲਈ ਧਿਆਨ ਹੀ ਨਹੀਂ ਦਿੰਦੇ। ਉਹ ਤਾਂ ਕਈ ਵਾਰ ਇਹ ਕਹਿੰਦੇ ਹਨ ਕਿ ਕਦੋਂ ਬਜ਼ੁਰਗ ਮਰੇ ਤਾਂ ਸਾਡਾ ਖਹਿੜਾ ਛੁੱਟੇ। ਇੰਜ ਕਹਿਣ ਨਾਲ ਤਾਂ ਉਸ ਬਜ਼ੁਰਗ ਨੇ ਜਲਦੀ ਚਲਾ ਨਹੀਂ ਜਾਣਾ, ਜਿਤਨੀ ਉਮਰ ਬਜ਼ੁਰਗ ਇਸ ਸੰਸਾਰ ਵਿੱਚ ਲਿਖਾ ਕੇ ਆਇਆ ਹੈ। ਉਤਨੀ ਹੀ ਉਮਰ ਉਹ ਬਤੀਤ ਕਰਕੇ ਜਾਵੇਗਾ। ਇਹਨਾਂ ਸੁਆਸਾਂ ਦਾ ਲੇਖਾ-ਜੋਖਾ ਉਸ ਪਰਮ ਪਿਤਾ ਪਰਮਾਤਮਾ ਕੋਲ ਹੈ।
ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਵੀ ਸੋਚਣਾ ਸਮਝਣਾ ਚਾਹੀਦਾ ਹੈ ਕਿ ਮਾਂ-ਬਾਪ ਨੇ ਉਹਨਾਂ ਨੂੰ ਕਿੰਨਾ ਲਾਡਾਂ ਨਾਲ ਪਾਲਿਆ-ਪੋਸਿਆ ਹੈ। ਉਹ ਜਵਾਨੀ ਵਿੱਚ ਅਜਿਹੀ ਕੋਈ ਗੱਲ ਨਾ ਕਰਨ ਕਿ ਮਾਂ-ਬਾਪ ਦੀਆਂ ਅੱਖਾਂ ਵਿੱਚ ਰੋਣਾ ਆ ਜਾਵੇ। ਜਿਸ ਮਾਂ-ਬਾਪ ਨੇ ਬਚਪਨ ਵਿੱਚ ਤੁਹਾਡੇ ਪਾਲਣ-ਪੋਸਣ ਵਿੱਚ ਕੋਈ ਧੋਖਾ ਨਹੀਂ ਕੀਤਾ ਅੱਜ ਬਿਰਧ ਅਵਸਥਾ ਵਿੱਚ ਤੁਸੀਂ ਵੀ ਉਹਨਾਂ ਨੂੰ ਕਦੀ ਧੋਖਾ ਨਾ ਦਿਉ। ਮਾਂ-ਬਾਪ ਦੀਆਂ ਅੱਖਾਂ ਵਿੱਚ ਦੋ ਵਾਰੀ ਹੰਝੂ ਆਉਂਦੇ ਹਨ, ਇੱਕ ਬੇਟੀ ਦੀ ਡੋਲੀ ਤੋਰਨ ਵੇਲੇ ਤੇ ਦੂਜਾ ਜੇਕਰ ਪੁੱਤਰ ਮੂੰਹ ਫੇਰ ਲਵੇ।
ਅੱਜ ਨੌਜਵਾਨ ਪੀੜ੍ਹੀ ਤੇ ਜੋ ਭੂਤ ਸਵਾਰ ਹੈ, ਉਸ ਨੂੰ ਬਾਹਰ ਕੱਢ ਦੇਣਾ ਚਾਹੀਦਾ ਹੈ। ਉਹ ਆਪਣੇ ਅੰਦਰ ਝਾਤ-ਮਾਰ ਕੇ ਦੇਖਣ ਕਿ ਕੱਲ੍ਹ ਨੂੰ ਅਸੀਂ ਵੀ ਬਜ਼ੁਰਗ ਹੋਵਾਂਗੇ। ਸਾਡੇ ਨਾਲ ਵੀ ਸਾਡੇ ਬੱਚੇ ਇਸ ਤਰ੍ਹਾਂ ਕਰਨਗੇ। ਕਿਹਾ ਜਾਂਦਾ ਹੈ ਕਿ ਕੱਲ੍ਹ ਕੀਹਨੇ ਵੇਖਿਆ ਹੈ, ਉਸ ਸਮੇਂ ਪਤਾ ਨਹੀਂ ਕੀ ਹੋਵੇਗਾ। ਨੌਜਵਾਨਾਂ ਨੂੰ ਸੋਚ ਵਿਚਾਰ ਕੇ ਕਦਮ ਫੂਕ-ਫੂਕ ਕੇ ਰੱਖਣੇ ਚਾਹੀਦੇ ਹਨ। ਬਜ਼ੁਰਗਾਂ ਦਾ ਸਤਿਕਾਰ, ਅਸੀਸਾਂ ਨਾਲ ਹੀ ਬੱਚਿਆਂ ਦੀ ਉਮਰ ’ਚ ਵਾਧਾ ਹੁੰਦਾ ਹੈ। ਬਜ਼ੁਰਗਾਂ ਨੂੰ ਕਦੇ ਵੀ ਅਣਗੌਲਿਆ ਨਾ ਕਰੋ, ਸਗੋਂ ਕਦੇ-ਕਦੇ ਆਪ ਬਜ਼ੁਰਗਾਂ ਨੂੰ ਬਾਹਰ ਘੁਮਾਉਣ-ਫਿਰਾਉਣ ਲਈ ਲੈ ਕੇ ਜਾਉ ਤੇ ਧਾਰਮਿਕ ਅਸਥਾਨਾਂ ਦੇ ਦਰਸ਼ਨ ਵੀ ਕਰਵਾਉ। ਬਜ਼ੁਰਗਾਂ ਨਾਲ ਹੀ ਘਰ ਦੀ ਰੌਣਕ ਹੁੰਦੀ ਹੈ। ਪੋਤੇ-ਪੋਤਰੀਆਂ, ਦੋਹਤੇ-ਦੋਹਤਰੀਆਂ ਬਜ਼ੁਰਗਾਂ ਦੀ ਗੋਦ ਦਾ ਨਿੱਘ ਮਾਣਦੇ ਹਨ। ਇੱਕ ਗੱਲ ਹੋਰ ਜਿਹੜੇ ਬੱਚੇ ਆਪਣੇ ਮਾਪਿਆਂ ਦਾ ਕੀਤਾ ਜਾਂਦਾ ਸਤਿਕਾਰ ਨਹੀਂ ਦੇਖ ਰਹੇ। ਉਹ ਭਵਿੱਖ ਵਿੱਚ ਆਪਣੇ ਹੀ ਮਾਤਾ-ਪਿਤਾ ਦਾ ਸਤਿਕਾਰ ਕਿਵੇਂ ਕਰਨਗੇ। ਇਹ ਗੱਲ ਠੀਕ ਹੈ ਕਿ ਜਵਾਨੀ ਦੇ ਦਿਨਾਂ ਵਿੱਚ ਤਾਂ ਨੌਜਵਾਨ ਜੋੜਿਆਂ ਨੂੰ ਆਜ਼ਾਦੀ ਮਿਲਦੀ ਹੈ ਪ੍ਰੰਤੂ ਇਸ ਦੇ ਨਾਲ ਹੀ ਉਹਨਾਂ ਨੂੰ ਬੁਢਾਪਾ ਵੀ ਇਕੱਲਿਆਂ ਹੀ ਕੱਟਣਾ ਪਵੇਗਾ।
ਅਸੀਂ ਇਹ ਦੇਖਦੇ ਤੇ ਸੁਣਦੇ ਵੀ ਹਾਂ ਕਿ ਬੱਚੇ ਦੇ ਜਨਮ ਤੋਂ ਲੈ ਕੇ ਉਸ ਦੇ ਕਾਰ-ਵਿਹਾਰ ਵਿੱਚ ਬਜ਼ੁਰਗਾਂ ਦਾ ਉਚੇਚਾ ਥਾਂ ਹੋਇਆ ਕਰਦਾ ਸੀ। ਬਜ਼ੁਰਗਾਂ ਤੋਂ ਪੁੱਛੇ ਬਿਨਾਂ ਕਿਸੇ ਵੀ ਕੰਮ ਦਾ ਕੀਤਾ ਜਾਣਾ ਸਾਡੀ ਸੋਚ ਵਿੱਚ ਹੀ ਨਹੀਂ ਆਇਆ ਕਰਦਾ ਸੀ। ਅੱਜ ਵੀ ਕਈ ਨੌਜਵਾਨ ਆਪਣੇ ਮਾਂ-ਬਾਪ ਤੋਂ ਪੁੱਛੇ ਬਗੈਰ ਕੋਈ ਕੰਮ ਨਹੀਂ ਕਰਦੇ। ਪਰੰਤੂ ਜੇਕਰ ਸਾਰੇ ਹੀ ਬਜ਼ੁਰਗਾਂ ਨੂੰ ਸਤਿਕਾਰ ਦੇਣ ਤਾਂ ਕੋਈ ਕਾਰਨ ਨਹੀਂ ਕਿ ਉਹਨਾਂ ਨੂੰ ਅਨਾਥ ਆਸ਼ਰਮ ਜਾਂ ਬਿਰਧ ਆਸ਼ਰਮਾਂ ਦਾ ਸਹਾਰਾ ਲੈਣਾ ਪਵੇ। ਅੱਜ ਬਜ਼ੁਰਗਾਂ ਨੂੰ ਇੱਕ ਕਮਰੇ ਵਿੱਚ ਪਏ ਨੂੰ ਇੱਕ ਪਾਣੀ ਦਾ ਗਿਲਾਸ ਲੈਣ ਲਈ ਆਪਣੀਆਂ ਨੂੰਹਾਂ-ਪੁੱਤਰਾਂ ਨੂੰ ਕਿੰਨਾ ਚਿਰ ਆਵਾਜ਼ਾਂ ਮਾਰਨੀਆਂ ਪੈਂਦੀਆਂ ਹਨ, ਪਰ ਅੱਜ ਦੇ ਨੌਜਵਾਨ ਤੇ ਨੂੰਹਾਂ ਉਹਨਾਂ ਦੀਆਂ ਗੱਲਾਂ ਨੂੰ ਅਣਗੌਲਿਆ ਕਰ ਦਿੰਦੇ ਹਨ।
ਇਹ ਕਰਕੇ ਤਾਂ ਵੇਖੋ ਮਨ ਨੂੰ ਸ਼ਾਂਤੀ ਅਤੇ ਅਸੀਸਾਂ ਮੁਫ਼ਤ ਵਿੱਚ ਮਿਲਣਗੀਆਂ:-
* ਬਜ਼ੁਰਗਾਂ ਦੀ ਗੱਲ ਧਿਆਨ ਨਾਲ ਸੁਣੋ, ਗੱਲ ਸੁਣਨ ਤੋਂ       ਪਹਿਲਾਂ ਵਿੱਚ ਟੋਕਾ-ਟਾਕੀ ਨਾ ਕਰੋ ਜਿਸ ਨਾਲ ਉਹਨਾਂ ਨੂੰ      ਬੁਰਾ ਮਹਿਸੂਸ ਹੋਵੇ।
* ਬਜ਼ੁਰਗਾਂ ਨੂੰ ਹਮੇਸ਼ਾਂ ਪਿਆਰ, ਸਤਿਕਾਰ ਨਾਲ ਬਾਪੂ/ਬੇਬੇ,     ਦਾਦਾ/ਦਾਦੀ ਜੀ ਬਜ਼ੁਰਗੋ ਆਦਿ ਕਹਿ ਕੇ ਇੱਜ਼ਤ ਨਾਲ        ਬੁਲਾਉ, ਕਦੇ ਖਰਵੀ ਜ਼ਬਾਨ ਨਾਲ ਨਾ ਬੋਲੋ।
*  ਬੱਸ/ਗੱਡੀ ਜਾਂ ਭੀੜ-ਭਾੜ ਵਾਲੀ ਥਾਂ ਤੇ ਬਜ਼ੁਰਗਾਂ ਨੂੰ             ਹਮੇਸ਼ਾਂ ਸੀਟ ਦਿਉ।
*  ਜੇਕਰ ਕਿਸੇ ਬਜ਼ੁਰਗ ਤੇ ਅੱਤਿਆਚਾਰ ਹੁੰਦਾ ਹੈ ਤਾਂ ਉਸ        ਦੀ ਮੱਦਦ ਕਰੋ।
*  ਸੜਕ ਪਾਰ ਕਰਦੇ ਸਮੇਂ ਬਜ਼ੁਰਗ ਨੂੰ ਜੇਕਰ ਸਹਾਇਤਾ          ਦੀ ਜ਼ਰੂਰਤ ਹੋਵੇ ਤਾਂ ਆਪ ਹੱਥ ਫੜ ਕੇ ਸੜਕ ਪਾਰ             ਕਰਵਾਉ।
*  ਜੇਕਰ ਆਪ ਆਪਣੇ ਵਹੀਕਲ ਤੇ ਜਾ ਰਹੇ ਹੋ ਤਾਂ ਰਸਤੇ        ਵਿੱਚ ਬਜ਼ੁਰਗ ਵੀ ਉਸੇ ਪਾਸੇ ਪੈਦਲ ਜਾ ਰਿਹਾ ਹੈ ਤਾਂ           ਉਸ ਨੂੰ ਲਿਫਟ ਦਿਉ, ਬਜ਼ੁਰਗ ਨੂੰ ਸਹੂਲਤ ਮਿਲ               ਜਾਵੇਗੀ। ਜਿਸ ਦੇ ਬਦਲੇ ਵਿੱਚ ਤੁਹਾਨੂੰ ਅਸੀਸਾਂ ਮੁਫ਼ਤ         ਵਿੱਚ ਪ੍ਰਾਪਤ ਹੋਣਗੀਆਂ।
ਇਹਨਾਂ ਸ਼ਤਰਾਂ ਦਾ ਲੇਖਕ ਵੀ ਕਈ ਵਾਰ ਬਜ਼ੁਰਗਾਂ ਨੂੰ ਲਿਫ਼ਟ ਦੇ ਕੇ ਸੇਵਾ ਕਰਦਾ ਆ ਰਿਹਾ ਹੈ। ਬੇਸ਼ੱਕ ਅੱਜ ਸਮਾਂ ਚੰਗਾ ਨਹੀਂ ਪਰ ਬਜ਼ੁਰਗਾਂ ਨੂੰ ਲਿਫ਼ਟ ਦੇਣਾ ਉਹਨਾਂ ਨੂੰ ਮੰਜ਼ਿਲ ਤੇ ਪਹੁੰਚਾਉਣਾ ਵੀ ਬਹੁਤ ਪੁੰਨ ਦਾ ਕੰਮ ਹੈ।
ਸੋ ਲੋੜ ਹੈ ਅੱਜ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ। ਜੇ ਅਸੀਂ ਬਜ਼ੁਰਗਾਂ ਦੀ ਸੇਵਾ ਨਹੀਂ ਕਰਾਂਗੇ ਤਾਂ ਇਹ ਨਾ ਸਮਝਣਾ ਕਿ ਅਸੀਂ ਪੈਸੇ, ਸ਼ੋਹਰਤ ਕਰਕੇ ਅਸੀਂ ਐਸ਼ ਦੀ ਜ਼ਿੰਦਗੀ ਬਤੀਤ ਕਰ ਰਹੇ ਹਾਂ। ਇਹ ਸਾਡੇ ਬਜ਼ੁਰਗਾਂ ਦੀ ਕਮਾਈ ਹੀ ਹੈ। ਜਿਸ ਘਰ ਵਿੱਚ ਬਜ਼ੁਰਗਾਂ ਦਾ ਸਤਿਕਾਰ ਨਾ ਹੋਵੇ, ਉਹਨਾਂ ਦੇ ਚਲੇ ਜਾਣ ਤੋਂ ਬਾਅਦ ਲੰਗਰ ਲਾਉਣੇ, ਗੁਰਦੁਆਰਿਆਂ, ਮੰਦਰਾਂ, ਮਸਜਿਦ, ਧਰਮਸ਼ਾਲਾਵਾਂ ਵਿੱਚ ਕਮਰੇ ਬਣਾਉਣੇ ਜਾਂ ਹੋਰ ਦਾਨ-ਪੁੰਨ ਕਰਨ ਦਾ ਕੋਈ ਫਾਇਦਾ ਨਹੀਂ। ਬਜ਼ੁਰਗਾਂ ਵੱਲੋਂ ਦਰਸਾਈਆਂ ਗੱਲਾਂ ਭਵਿੱਖ ਵਿੱਚ ਪਰਿਵਾਰ ਲਈ ਮਾਰਗ ਦਰਸ਼ਨ ਦਾ ਕੰਮ ਕਰਦੀਆਂ ਹਨ। ਬਜ਼ੁਰਗਾਂ ਦੀ ਸੇਵਾ, ਸਤਿਕਾਰ ਕਰਨਾ ਸਾਡਾ ਪਹਿਲਾ ਫ਼ਰਜ਼ ਹੈ।
ਕਰਨੈਲ ਸਿੰਘ ਐੱਮ.ਏ
#1138/63-ਏ, ਗੁਰੂ ਤੇਗ਼ ਬਹਾਦਰ ਨਗਰ,
ਗਲੀ ਨੰਬਰ-1, ਚੰਡੀਗੜ੍ਹ ਰੋਡ,
ਜਮਾਲਪੁਰ, ਲੁਧਿਆਣਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਅਨੂਸੂਚਿਤ ਜਾਤੀਆਂ ਪੱਛੜੀਆਂ ਸ਼੍ਰੇਣੀਆਂ ਕਰਮਚਾਰੀ ਫੈਡਰੇਸ਼ਨ ( ਰਜਿ. ) ਪੰਜਾਬ ਦੀ ਹੋਈ ਚੋਣ
Next articleਅਣਖ ਖ਼ਾਤਿਰ ਕਤਲ