ਲੰਡਨ (ਸਮਾਜ ਵੀਕਲੀ) : ਬਰਤਾਨੀਆ ਦੀ ਪ੍ਰਧਾਨ ਮੰਤਰੀ ਲਿਜ਼ ਟਰੱਸ ਨੇ ਅੱਜ ਕੰਜ਼ਰਵੇਟਿਵ ਪਾਰਟੀ ਵਿਚ ਆਪਣੀ ਲੀਡਰਸ਼ਿਪ ਵਿਰੁੱਧ ਖੁੱਲ੍ਹੀ ਬਗਾਵਤ ਤੋਂ ਬਾਅਦ ਪਾਰਟੀ ਆਗੂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਕਿਹਾ ਕਿ ਉਹ ਪਿਛਲੇ ਮਹੀਨੇ ਮਿਲੇ ਫਤਵੇ ਦੀ ਪਾਲਣਾ ਕਰਨ ਵਿੱਚ ਅਸਮਰੱਥ ਸੀ। ਇਸ ਤਰ੍ਹਾਂ ਲੰਡਨ ਵਿੱਚ 10 ਡਾਊਨਿੰਗ ਸਟਰੀਟ ਵਿੱਚ ਸਿਰਫ 45 ਦਿਨਾਂ ਵਿੱਚ ਹੀ ਉਨ੍ਹਾਂ ਦਾ ਕਾਰਜਕਾਲ ਖਤਮ ਹੋ ਗਿਆ। ਟਰੱਸ (47), ਆਪਣੇ ਉੱਤਰਾਧਿਕਾਰੀ ਦੀ ਨਿਯੁਕਤੀ ਤਕ ਪ੍ਰਧਾਨ ਮੰਤਰੀ ਵਜੋਂ ਕੰਮ ਕਰਦੇ ਰਹਿਣਗੇ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਚੋਣ ਅਗਲੇ ਹਫਤੇ ਤੱਕ ਪੂਰੀ ਹੋ ਸਕਦੀ ਹੈ। ਉਨ੍ਹਾਂ ਦੇ ਵਿਰੋਧੀ ਰਿਸ਼ੀ ਸੂਨਕ ਇਸ ਦੌੜ ਵਿੱਚ ਸਭ ਤੋਂ ਅੱਗੇ ਹਨ ਪਰ ਵੰਡੀ ਹੋਈ ਟੋਰੀ ਪਾਰਟੀ ਇਸ ਬਾਰੇ ਅਜੇ ਤੱਕ ਸਹਿਮਤੀ ਨਹੀਂ ਬਣਾ ਸਕੀ ਹੈ।
ਉਧਰ, ਵਿਰੋਧੀ ਲੇਬਰ ਪਾਰਟੀ ਨੇ ਤੁਰੰਤ ਆਮ ਚੋਣਾਂ ਕਰਵਾਉਣ ਦੀ ਮੰਗ ਕੀਤੀ ਹੈ। 10 ਡਾਊਨਿੰਗ ਸਟਰੀਟ ਦੇ ਬਾਹਰ ਆਪਣੇ ਸੰਖੇਪ ਬਿਆਨ ਵਿੱਚ ਟਰੱਸ ਨੇ ਕਿਹਾ, ‘‘ਮੇਰਾ ਮੰਨਣਾ ਹੈ ਕਿ ਮੌਜੂਦਾ ਹਾਲਾਤ ਨੂੰ ਦੇਖਦਿਆਂ ਮੈਂ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖਰੀ ਨਹੀਂ ਉਤਰ ਸਕੀ ਜਿਸ ਲਈ ਕੰਜ਼ਰਵੇਟਿਵ ਪਾਰਟੀ ਨੇ ਮੈਨੂੰ ਚੁਣਿਆ ਸੀ।’’ ਉਨ੍ਹਾਂ ਸਮਰਾਟ ਚਾਰਲਸ 3 ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਆਪਣੇ ਅਸਤੀਫ਼ੇ ਤੋਂ ਜਾਣੂ ਕਰਾਇਆ। ਉਨ੍ਹਾਂ ਸਰ ਗ੍ਰਾਹਮ ਬ੍ਰੈਡੀ ਨਾਲ ਵੀ ਮੁਲਾਕਾਤ ਕੀਤੀ ਜੋ ਟੋਰੀ ਲੀਡਰਸ਼ਿਪ ਦੀ 1922 ਚੋਣ ਕਮੇਟੀ ਦੇ ਚੇਅਰਮੈਨ ਹਨ। ਉਨ੍ਹਾਂ ਕਿਹਾ, “ਅਸੀਂ ਇਸ ਗੱਲ ‘ਤੇ ਸਹਿਮਤ ਹੋਏ ਹਾਂ ਕਿ ਲੀਡਰਸ਼ਿਪ ਦੀ ਚੋਣ ਅਗਲੇ ਹਫ਼ਤੇ ਤੱਕ ਪੂਰੀ ਹੋਵੇਗੀ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਅਸੀਂ ਆਪਣੀਆਂ ਵਿੱਤੀ ਯੋਜਨਾਵਾਂ ਨੂੰ ਪੂਰਾ ਕਰਨ ਦੇ ਰਾਹ ’ਤੇ ਚੱਲੀਏ ਅਤੇ ਆਪਣੇ ਦੇਸ਼ ਦੀ ਆਰਥਿਕ ਸਥਿਰਤਾ ਅਤੇ ਰਾਸ਼ਟਰੀ ਸੁਰੱਖਿਆ ਨੂੰ ਕਾਇਮ ਰੱਖੀਏ।
ਉੱਤਰਾਧਿਕਾਰੀ ਦੀ ਚੋਣ ਹੋਣ ਤੱਕ ਉਹ ਪ੍ਰਧਾਨ ਮੰਤਰੀ ਰਹਿਣਗੇ।’’ ਟਰੱਸ ਨੇ ਆਪਣੇ ਪਤੀ ਨਾਲ 10 ਡਾਊਨਿੰਗ ਸਟਰੀਟ ਨੂੰ ਛੱਡਦਿਆਂ ਕਿਹਾ ਕਿ ਉਨ੍ਹਾਂ ਜਦੋਂ ਅਹੁਦਾ ਸੰਭਾਲਿਆ ਉਦੋਂ ਮੁਲਕ ਵਿੱਚ ਭਾਰੀ ਅਸਥਿਰਤਾ ਸੀ ਪਰ ਅਖੀਰ ਉਨ੍ਹਾਂ ਮੰਨਿਆ ਕਿ ਉਹ ਆਪਣੇ ਆਰਥਿਕ ਏਜੰਡੇ ਨੂੰ ਪੂਰਾ ਕਰਨ ਦੇ ਆਪਣੇ ਮਿਸ਼ਨ ਵਿੱਚ ਅਸਫਲ ਰਹੀ ਹੈ। ਉਹ ਬਰਤਾਨੀਆ ਦੀ ਤੀਜੀ ਮਹਿਲਾ ਪ੍ਰਧਾਨ ਮੰਤਰੀ ਹਨ। ਉਨ੍ਹਾਂ ਤੋਂ ਪਹਿਲਾਂ ਮਾਰਗਰੇਟ ਥੈਚਰ ਅਤੇ ਟੈਰੇਸਾ ਮੇਅ ਇਸ ਅਹੁਦੇ ’ਤੇ ਰਹਿ ਚੁੱਕੀਆਂ ਹਨ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਦੀ ਦੌੜ ਵਿੱਚ ਸੁੂਨਕ ਨੂੰ ਸਭ ਤੋਂ ਅੱਗੇ ਮੰਨਿਆ ਜਾ ਰਿਹਾ ਹੈ ਪਰ ਪਾਰਟੀ ਅੰਦਰਲੀ ਖਿੱਚੋਤਾਣ ਕਾਰਨ ਤਸਵੀਰ ਅਜੇ ਸਪੱਸ਼ਟ ਨਹੀਂ ਹੋ ਸਕੀ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly