ਚਾਈਨਾ ਡੋਰ ਤੋਂ ਤੋਬਾ 

ਸੰਜੀਵ ਸਿੰਘ ਸੈਣੀ,

(ਸਮਾਜ ਵੀਕਲੀ)

ਪੁਰਾਣੇ ਸਮੇਂ ਵਿਚ ਰਾਜੇ ਮਹਾਰਾਜੇ ਵੀ ਪਤੰਗਬਾਜ਼ੀ ਦਾ ਬਹੁਤ ਸ਼ੌਕ ਰੱਖਦੇ ਸਨ ਤੇ ਸੂਤ ਦੇ ਧਾਗਿਆਂ ਨਾਲ ਪਤੰਗਾਂ ਉਡਾਈਆਂ ਜਾਂਦੀਆਂ ਸਨ। ਲੋਕ  ਕੱਚ, ਸਿੰਥੈਟਿਕ ਡੋਰਾਂ ਨਾਲ ਪਤੰਗ ਉਡਾਉਣੀ ਸ਼ੁਰੂ ਕਰ ਦਿੰਦੇ ਹਨ ਅਤੇ ਆਨੰਦ ਮਾਣਦੇ ਹਨ। ਘਰ ਦੀਆਂ ਛੱਤਾਂ ਦੇ ਲੋਕ ਡੀਜੇ ਲਗਾਉਂਦੇ ਹਨ ਤੇ ਭੰਗੜੇ ਪਾਉਂਦੇ ਹਨ।ਪਰ ਅੱਜ ਕੱਲ੍ਹ ਤਾਂ ਚਾਈਨਾ ਡੋਰ ਨਾਲ ਲੋਕ ਪਤੰਗ ਉਡਾਉਂਦੇ ਹਨ, ਜੋ ਬਹੁਤ ਹੀ ਜਿਆਦਾ ਨੁਕਸਾਨਦਾਇਕ ਹੈ। ਰਾਹਗੀਰਾਂ ਦੇ ਜ਼ਖਮੀ ਹੋਣ ਦਾ ਸਿਲਸਿਲਾ ਲਗਾਤਾਰ ਅਸੀਂ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ। ਹਾਲ ਹੀ ਵਿਚ ਸਮਰਾਲਾ ਦੇ ਚਾਰ ਸਾਲਾ ਬੱਚੇ ਦਾ ਚਿਹਰਾ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਚੀਰਿਆ ਗਿਆ। ਜਿਸ ਕਾਰਨ ਉਸ ਦੇ 70 ਟਾਂਕੇ ਮੂੰਹ ਤੇ ਲੱਗੇ। ਦੂਜੀ ਖਬਰ ਜਗਰਾਉਂ ਵਿਖੇ ਕਿਸੇ ਪਿੰਡ ਦੀ ਹੈ, ਜਿਥੇ ਇਕ ਵਿਅਕਤੀ ਦਾ ਮੂੰਹ ਚਾਈਨਾ ਡੋਰ ਦੀ ਲਪੇਟ ਵਿੱਚ ਆ ਕੇ ਛਿਲਿਆ ਗਿਆ, ਜਿਸ ਕਾਰਨ  45 ਟਾਂਕੇ ਮੂੰਹ ਤੇ ਲੱਗੇ ਤੇ 11 ਟਾਂਕੇ  ਹੱਥ ਤੇ ਲੱਗੇ। ਬਠਿੰਡਾ ਵਿਖੇ ਇਕ ਬੱਚੇ ਦਾ ਕੰਨ ਚਾਇਨਾ ਡੋਰ ਕਰਕੇ ਕੱਟਿਆ ਗਿਆ । ਐਕਟਿਵਾ ਸਵਾਰ ਮਹਿਲਾ ਚਾਈਨਾ ਡੋਰ ਦੀ ਲਪੇਟ ਵਿੱਚ ਆ ਜਾਣ ਕਾਰਨ ਬੁਰੀ ਤਰ੍ਹਾਂ ਜ਼ਖਮੀ ਹੋ ਗਈ। ਅਸੀਂ ਅਖ਼ਬਾਰਾਂ ਵਿੱਚ ਪੜ੍ਹਦੇ ਹਾਂ ,ਸੁਣਦੇ ਹਾਂ ਕਿ ਚਾਇਨਾ ਡੋਰ ਨਾਲ ਕਿੰਨੇ ਪੰਛੀਆਂ ਦੀ ਮੌਤ ਹੋ ਗਈ । ਕਈ ਮਨੁੱਖ ਵੀ ਇਸ ਦਾ ਸ਼ਿਕਾਰ ਹੋਏ, ਕਈਆਂ ਨੂੰ ਆਪਣੀ ਜਾਨ ਤੱਕ ਗੁਆਉਣੀ ਪਈ ।ਹੁਣ ਤਾਂ ਲੋਕ ਆਨਲਾਈਨ ਵੀ ਚਾਈਨਾ ਡੋਰ ਨੂੰ ਮੰਗਵਾ ਲੈਂਦੇ ਹਨ।ਜੋ ਚਾਈਨਾ ਡੋਰ ਹੁੰਦੀ ਹੈ ਇਹ ਸਿੰਥੈਟਿਕ , ਨਾਈਲੋਨ ਧਾਗੇ ਦੀ ਬਣੀ ਹੁੰਦੀ ਹੈ।ਪਿਛਲੇ ਸਾਲ ਖੰਨਾ ਸ਼ਹਿਰ ਵਿਚ ਅਜਿਹੀ ਵਾਰਦਾਤ ਹੋਈ ਕਿ ਬੱਚੇ ਦੀ ਗਰਦਨ ਵਢੀ ਗਈ। ਹਾਲਾਂਕਿ ਉਸ ਦੀ ਜਾਨ ਬਚ ਗਈ ,ਫਿਰ ਵੀ ਉਸਦੀ ਗਰਦਨ ਤੇ 40 ਦੇ ਕਰੀਬ ਟਾਂਕੇ ਲੱਗੇ। ਪੰਛੀਆਂ ਲਈ ਵੀ ਇਹ ਮੌਤ ਦਾ ਕਾਰਨ ਬਣਨ ਲੱਗ ਪਈ ਹੈ।ਲੋਕ ਇਸ ਨੂੰ ਅਜਿਹੀ ਜਗ੍ਹਾ  ਸੁੱਟ ਦਿੰਦੇ ਹਨ ਤੇ ਕਈ ਵਾਰ ਪੰਛੀ ਚੋਗਾ ਚੁਗਦੇ ਹੋਏ ਇਸ  ਵਿੱਚ ਫਸ ਜਾਂਦੇ ਹਨ ਤੇ ਉਨ੍ਹਾਂ ਦੇ ਪੈਰਾਂ ਤੇ ਗਰਦਨ ਵਿੱਚ ਡੋਰ ਫਸਣ ਕਾਰਨ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ। ਕਈ ਵਾਰ ਅਸੀਂ ਜ਼ਖਮੀ ਹੋਏ ਪੰਛੀ ਵੀ ਦੇਖਦੇ ਹਨ।ਅਕਸਰ ਜਦੋਂ ਸ਼ਾਮ ਦਾ ਵੇਲਾ ਹੁੰਦਾ ਹੈ ਤਾਂ ਪੰਛੀ ਆਪਣੇ ਘਰਾਂ ਨੂੰ ਪਰਤ ਰਹੇ ਹੁੰਦੇ ਹਨ ਤਾਂ ਜਦੋਂ ਪਤੰਗ ਉਡ ਰਹੀ ਹੁੰਦੀ ਹੈ ਤਾਂ ਉਹ ਪੰਛੀ ਡੋਰ ਦੇ ਲਪੇਟ ਵਿੱਚ ਆ ਜਾਂਦੇ ਹਨ। ਜਿਸ ਕਾਰਨ ਉਹ ਝੁਲਸ ਜਾਂਦੇ ਹਨ।
ਪ੍ਰਸ਼ਾਸ਼ਨ ਨੂੰ ਲੋੜੀਂਦੇ ਕਦਮ ਚੁੱਕਣੇ ਚਾਹੀਦੇ ਹਨ। ਅਜਿਹੇ ਦੁਕਾਨਦਾਰ ਜੋ ਡੋਰ ਵੇਚਦੇ ਹਨ, ਉਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਸਮਾਜਿਕ ਜਥੇਬੰਦੀਆਂ ਵਲੋਂ ਕਾਲੀਆਂ ਪੱਟੀਆਂ ਬੰਨ੍ਹ ਕੇ  ਡੋਰ ਵੇਚਣ ਵਾਲਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਂਦਾ ਹੈ । ਅਜਿਹੇ ਦੁਕਾਨਦਾਰਾਂ ਨੂੰ ਬਿਲਕੁਲ ਵੀ ਅਸਰ ਨਹੀਂ ਹੁੰਦਾ।ਜ਼ਿਲ੍ਹਾ ਪੱਧਰ ਤੇ ਜਾਂ ਸਕੂਲਾਂ ਵਿੱਚ ਪ੍ਰਿੰਸੀਪਲਾਂ ਵੱਲੋਂ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ  ਜਾਣਕਾਰੀ ਦਿੱਤੀ ਜਾ ਰਹੀ ਹੈ। ਨੁਮਾਇੰਦਿਆਂ ਵੱਲੋਂ ਵੀ ਲੋਕ ਸਭਾ ਵਿੱਚ ਇਹ ਮੁੱਦਾ ਬੜੇ ਹੀ ਜ਼ੋਰ ਸ਼ੋਰ ਨਾਲ ਚੁੱਕਣਾ ਚਾਹੀਦਾ ਹੈ।ਚਾਈਨਾ ਡੋਰ ਪਲਾਸਟਿਕ ਦੀ ਬਣੀ ਹੋਣ ਕਾਰਨ ਟੁੱਟਦੀ ਵੀ ਨਹੀਂ ਹੈਂ ਤੇ ਜਿੱਥੇ ਵੀ ਸਰੀਰ ਨਾਲ ਛੂੰਹਦੀ ਹੈ, ਕੱਟ ਦਿੰਦੀ ਹੈ।ਨਾਲ ਲਗਦੇ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਦੇ ਲਾਹੌਰ ਵਿੱਚ ਪੂਰਨ ਤੌਰ ਤੇ ਪਤੰਗ ਉਡਾਉਣ ਤੇ ਪਾਬੰਦੀ ਹੈ।ਬਸੰਤ ਪੰਚਮੀ ਦਾ ਤਿਉਹਾਰ ਖੁਸ਼ੀ ਨਾਲ ਮਨਾਉਣਾ ਚਾਹੀਦਾ ਹੈ। ਪਤੰਗ ਜ਼ਰੂਰ ਉਡਾਓ, ਪਰ ਖਤਰਨਾਕ ਡੋਰ ਦਾ ਪ੍ਰਯੋਗ ਬਿਲਕੁਲ ਵੀ ਨਾ ਕਰੋ ।ਆਓ ਅਸੀਂ ਰਲ-ਮਿਲ ਕੇ ਇਸ ਸਮੱਸਿਆ ਦੇ ਹੱਲ ਲਈ ਯਤਨ ਕਰੀਏ।
ਸੰਜੀਵ ਸਿੰਘ ਸੈਣੀ,
ਮੋਹਾਲੀ ,7888966168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ5

https://play.google.com/store/apps/details?id=in.yourhost.samajweekly

Previous articleਪ੍ਰਚਾਰ ਤੇ ਪਸਾਰ
Next articleਅੱਜ ਦੀ ਦੁਨੀਆਂ