ਸਨਮਾਨ ਮਿਲਣ ਨਾਲ ਸਾਹਿਤ , ਅਧਿਆਪਨ ਤੇ ਸਮਾਜ ਪ੍ਰਤੀ ਜ਼ਿੰਮੇਵਾਰੀਆਂ ਹੋਰ ਵਧੀਆਂ – ਰਜਨੀ ਵਾਲੀਆ
ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਪ੍ਰਸਿੱਧ ਸਾਹਿਤਕਾਰ ਰਜਨੀ ਵਾਲੀਆ ਜੋ ਕਿ ਜ਼ਿਲ੍ਹਾ ਕਪੂਰਥਲਾ ਵਿੱਚ ਬਤੌਰ ਈ ਟੀ ਟੀ ਅਧਿਆਪਕ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ, ਨੂੰ ਅੰਤਰਰਾਸ਼ਟਰੀ ਅਧਿਆਪਕ ਦਿਵਸ ਮੌਕੇ ਓਂਟਾਰੀਓ ਫਰੈਂਡਜ਼ ਕਲੱਬ (ਓ ਐਫ ਸੀ ਕਨੇਡਾ) ਅਤੇ ਇੰਟਰਨੈਸ਼ਨਲ ਪੀਸ ਹੈਰੀਟੇਜ ਐਂਡ ਇਨਵਾਇਰਮੈਂਟ ਵੈੱਲਫੇਅਰ ਆਰਗੇਨਾਈਜ਼ੇਸ਼ਨ ( ਆਈ ਪੀ ਐਚ ਈ ਡਬਲਿਊ ਓ ਕਨੇਡਾ) ਵੱਲੋਂ ਅੰਤਰਰਾਸ਼ਟਰੀ ਅਧਿਆਪਕ ਸਨਮਾਨ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਇਹ ਸਨਮਾਨ ਅਧਿਆਪਨ ਕਾਰਜ ਦੇ ਨਾਲ ਨਾਲ ਹੋਰ ਖੇਤਰਾਂ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਅਧਿਆਪਕਾਂ ਨੂੰ ਦਿੱਤਾ ਜਾਂਦਾ ਹੈ।ਜਿਸ ਨੂੰ ਇਸ ਵਾਰ ਕਪੂਰਥਲਾ ਦੀ ਅਧਿਆਪਿਕਾ ਰਜਨੀ ਵਾਲੀਆ ਨੇ ਪ੍ਰਾਪਤ ਕੀਤਾ ਹੈ।
ਰਜਨੀ ਵਾਲੀਆ ਨੂੰ ਇਹ ਸਨਮਾਨ ਆਪਣੇ ਕਿੱਤੇ ਪ੍ਰਤੀ ਲਗਨ ਅਤੇ ਸਮਰਪਣ ਭਾਵਨਾ ਤੇ ਵੱਖ ਵੱਖ ਐੱਨ ਜੀ ਓ ਨਾਲ ਮਿਲ ਕੇ ਕੰਮ ਕਰਨ, ਸਮਾਜਸੇਵੀ ਕੰਮਾਂ ਤੇ ਵਾਤਾਵਰਣ ਨੂੰ ਸ਼ੁੱਧ ਕਰਨ ਲਈ ਕੰਮ ਕਰ ਰਹੀਆਂ ਸੰਸਥਾਵਾਂ ਨਾਲ ਜੁੜ ਕੇ ਕੰਮ ਕਰਨ ਦੀ ਬਦੌਲਤ ਮਿਲਿਆ ਹੈ । ਸਨਮਾਨ ਪ੍ਰਾਪਤ ਕਰਨ ਉਪਰੰਤ ਰਜਨੀ ਵਾਲੀਆ ਨੇ ਓ ਐਫ ਸੀ ਦੇ ਚੇਅਰਮੈਨ ਸ ਰਵਿੰਦਰ ਸਿੰਘ ਕੰਗ ਦਾ ਧੰਨਵਾਦ ਕਰਨ ਦੇ ਨਾਲ ਨਾਲ ਕਿਹਾ ਕਿ ਸਨਮਾਨ ਮਿਲਣ ਦੇ ਨਾਲ ਨਾਲ ਸਾਹਿਤ ਅਧਿਆਪਨ ਤੇ ਸਮਾਜ ਪ੍ਰਤੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਗਈਆਂ ਹਨ। ਰਜਨੀ ਵਾਲੀਆ ਨੇ ਕਿਹਾ ਕਿ ਅਜਿਹੇ ਸਨਮਾਨ ਜਿੱਥੇ ਹੌਂਸਲਾ ਵਧਾਉਂਦੇ ਹਨ ਉੱਥੇ ਹੋਰ ਜ਼ਿੰਮੇਵਾਰੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਵੀ ਕਰਦੇ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly