ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ ਵੱਲੋਂ ਜੱਲ੍ਹਿਆਂਵਾਲਾ ਬਾਗ਼ ਯਾਦਗਾਰ ਦੇ ਨਵੀਨੀਕਰਨ ਨੂੰ ‘ਸ਼ਹੀਦਾਂ ਦਾ ਨਿਰਾਦਰ’ ਕਰਾਰ ਦਿੱਤਾ ਹੈ। ਰਾਹੁਲ ਨੇ ਕਿਹਾ ਕਿ ਜਿਸ ਸ਼ਖ਼ਸ ਨੂੰ ‘ਸ਼ਹਾਦਤ’ ਦਾ ਮਤਲਬ ਨਾ ਪਤਾ ਹੋਵੇ, ਉਹੀ ਅਜਿਹਾ ਅਪਮਾਨ ਕਰ ਸਕਦਾ ਹੈ। ਸਾਬਕਾ ਕਾਂਗਰਸ ਪ੍ਰਧਾਨ ਨੇ ਜੱਲ੍ਹਿਆਂਵਾਲਾ ਬਾਗ ਯਾਦਗਾਰ ਕੰਪਲੈਕਸ ਵਿੱਚ ਸੁੰਦਰੀਕਰਨ ਦੇ ਨਾਂ ’ਤੇ ਕੀਤੇ ਕਥਿਤ ਫ਼ੇਰਬਦਲ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਫੁੱਟੇ ਗੁੱਸੇ ਬਾਰੇ ਇਕ ਮੀਡੀਆ ਰਿਪੋਰਟ ਟੈਗ ਕਰਦਿਆਂ ਕੀਤੇ ਟਵੀਟ ਵਿੱਚ ਕਿਹਾ ਕਿ ਕਈ ਲੋਕਾਂ ਨੇ ਦਾਅਵਾ ਕੀਤਾ ਹੈ ਕਿ ਫੇਰਬਦਲ ਦੇ ਨਾਂ ’ਤੇ ‘ਇਤਿਹਾਸ ਨੂੰ ਤਬਾਹ’ ਕੀਤਾ ਜਾ ਰਿਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੱਲ੍ਹਿਆਂਵਾਲਾ ਬਾਗ਼ ਯਾਦਗਾਰ ਦੇ ਸੁੰਦਰੀਕਰਨ ਮਗਰੋਂ ਸ਼ਨਿੱਚਰਵਾਰ ਨੂੰ ਇਸ ਨੂੰ ਦੇਸ਼ ਨੂੰ ਸਮਰਪਿਤ ਕੀਤਾ ਸੀ। ਸ੍ਰੀ ਮੋਦੀ ਨੇ ਇਸ ਮੌਕੇ ਮਿਊਜ਼ੀਅਮ ਗੈਲਰੀਆਂ ਦਾ ਵੀ ਡਿਜੀਟਲੀ ਉਦਘਾਟਨ ਕੀਤਾ ਸੀ।
ਰਾਹੁਲ ਗਾਂਧੀ ਨੇ ਇਕ ਟਵੀਟ ’ਚ ਕਿਹਾ, ‘‘ਜਿਸ ਵਿਅਕਤੀ ਨੂੰ ਸ਼ਹਾਦਤ ਦਾ ਮਤਲਬ ਨਾ ਪਤਾ ਹੋਵੇ, ਉਹੀ ਜੱਲ੍ਹਿਆਂਵਾਲਾ ਬਾਗ਼ ਦੇ ਸ਼ਹੀਦਾਂ ਦਾ ਅਪਮਾਨ ਕਰ ਸਕਦਾ ਹੈ।’’ ਰਾਹੁਲ ਨੇ ਕਿਹਾ, ‘‘ਮੈਂ ਵੀ ਸ਼ਹੀਦ ਦਾ ਪੁੱਤ ਹਾਂ…ਮੈਂ ਕਿਸੇ ਵੀ ਕੀਮਤ ’ਤੇ ਸ਼ਹੀਦਾਂ ਦਾ ਨਿਰਾਦਰ ਬਰਦਾਸ਼ਤ ਨਹੀਂ ਕਰ ਸਕਦਾ। ਅਸੀਂ ਇਸ ਅਸ਼ਿਸ਼ਟ ਜ਼ੁਲਮ ਦੇ ਖ਼ਿਲਾਫ਼ ਹਾਂ।’ ਇਕ ਹੋਰ ਟਵੀਟ ਵਿੱਚ ਗਾਂਧੀ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਆਜ਼ਾਦੀ ਲਈ ਸੰਘਰਸ਼ ਨਹੀਂ ਕੀਤਾ, ਉਨ੍ਹਾਂ ਨੂੰ ਆਜ਼ਾਦੀ ਲਈ ਲੜਨ ਵਾਲਿਆਂ ਵੱਲੋਂ ਪਾਏ ਯੋਗਦਾਨ ਦੀ ਸਮਝ ਨਹੀਂ ਲੱਗ ਸਕਦੀ। ਕਾਂਗਰਸ ਆਗੂ ਜੈਵੀਰ ਸ਼ੇਰਗਿੱਲ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਨਵੀਨੀਕਰਨ ਦੇ ਨਾਂ ’ਤੇ ਜੱਲ੍ਹਿਆਂਵਾਲਾ ਬਾਗ਼ ਡਿਉਢੀ ਵਿੱਚ ਕੀਤਾ ਫੇਰਬਦਲ ਅਸਲ ਵਿੱਚ ਇਸ ਨੂੰ ਸਾਂਭਣ ਲਈ ਨਹੀਂ ਬਲਕਿ ਜਨਰਲ ਡਾਇਰ ਵੱਲੋਂ ਬਰਤਾਨਵੀ ਰਾਜ ਦੌਰਾਨ ਕੀਤੇ ਜ਼ੁਲਮਾਂ ਦੇ ਨਿਸ਼ਾਨਾਂ ਨੂੰ ਮਿਟਾਉਣਾ ਹੈ।
ਸ਼ੇਰਗਿੱਲ ਨੇ ਕਿਹਾ, ‘‘ਜਲ੍ਹਿਆਂਵਾਲਾ ਬਾਗ਼ ਡਿਉਢੀ ਦਾ ਕੀਤਾ ਗਿਆ ਸੁੰਦਰੀਕਰਨ ਉਸ ਘਾਤਕ ਦਿਨ ਸ਼ਹੀਦੀਆਂ ਪਾਉਣ ਵਾਲਿਆਂ ਦਾ ਅਪਮਾਨ ਹੈ। ਸ਼ਰਮ ਆਉਣੀ ਚਾਹੀਦੀ ਹੈ।’’ ਇਸ ਤੋਂ ਪਹਿਲਾਂ ਲੋਕ ਸਭਾ ਵਿੱਚ ਕਾਂਗਰਸ ਸੰਸਦੀ ਦਲ ਦੇ ਉਪ ਆਗੂ ਗੌਰਵ ਗੋਗੋਈ ਨੇ ਵੀ ਲੰਘੇ ਦਿਨ ਕੀਤੇ ਟਵੀਟ ਵਿੱਚ ਕਿਹਾ ਸੀ ਕਿ ‘ਭਾਵੇਂ ਮੈਨੂੰ ਰਵਾਇਤੀ ਭਾਰਤੀ ਕਿਹਾ ਜਾਵੇ, ਪਰ ਮੈਂ ਜੱਲ੍ਹਿਆਂਵਾਲਾ ਬਾਗ਼ ਸਮਾਰਕ ਵਿੱਚ ਡਿਸਕੋ ਲਾਈਟਾਂ ਲਾਉਣ ਦੇ ਹੱਕ ਵਿੱਚ ਨਹੀਂ ਹਾਂ, ਕਿਉਂਕਿ ਅਜਿਹੀ ਚਮਕ-ਦਮਕ ਯਾਦਗਾਰ ਨਾਲ ਜੁੜੇ ਖ਼ੌਫ਼ ਦੀ ਸ਼ਿੱਦਤ ਨੂੰ ਘਟਾਉਂਦੀ ਹੈ।’
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly