” ਭਾਈ ਵੀਰ ਸਿੰਘ ਨੂੰ ਚੇਤੇ ਕਰਦਿਆਂ “

(ਸਮਾਜ ਵੀਕਲੀ) ਬੇਸ਼ੱਕ ਪੰਜਾਬ ਦੀ ਧਰਤੀ ֹ’ਤੇ ਬਹੁਤ ਸਾਰੇ ਮਹਾਨ ਸਾਹਿਤਕਾਰਾਂ ਨੇ ਜਨਮ ਲਿਆ ਹੈ ਅਤੇ ਪੰਜਾਬੀ ਲੇਖਕਾ, ਸਾਹਿਤਕਾਰਾਂ ਅਤੇ ਸਕਾਲਰਾ ਦੀ ਸੂਚੀ ਬਹੁਤ ਲੰਮੀ ਹੈ ਪਰ ਇੰਨ੍ਹਾਂ ਸਾਰਿਆਂ ਵਿੱਚੋਂ ਭਾਈ ਵੀਰ ਸਿੰਘ ਜੀ ਨੂੰ ਸ਼੍ਰੋਮਣੀ ਸਾਹਿਤਕਾਰ ਮੰਨਿਆ ਗਿਆ ਹੈ ਜਿੰਨ੍ਹਾਂ ਨੇ ਪੰਜਾਬੀ ਸਹਿਤ ਨੂੰ ਨਵਾਂ ਰੂਪ ਦਿੱਤਾ ਅਤੇ ਭਾਰਤ-ਪਾਕਿ ਦੀ ਵੰਡ ਤੋਂ ਪਹਿਲਾਂ ਸਿੱਖ ਪੰਜਾਬੀ ਵਿਰਸੇ ਨੂੰ ਇੱਕ ਨਵਾਂ ਰੂਪ ਦੇਣ, ਪ੍ਰਫੁੱਲਿਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਭਾਈ ਵੀਰ ਸਿੰਘ ਪੰਜਾਬੀ ਸਹਿਤ ਦੇ ਇੱਕ ਅਜਿਹੇ ਕਵੀ ਤੇ ਵਿਦਵਾਨ ਸਨ ਜਿੰਨ੍ਹਾਂ ਨੂੰ ਅਜੋਕੇ ਪੰਜਾਬੀ ਸਹਿਤ ਦੇ ਮੋਢੀ ਕਿਹਾ ਜਾਂਦਾ ਹੈ। ਨਵੇਂ ਢੰਗ ਨਾਲ ਕਵਿਤਾਵਾਂ ਅਤੇ ਹੋਰ ਲਿਖਤਾਂ ਰਾਹੀਂ ਲੋਕਾਂ ਨੂੰ ਸੁਨੇਹੇ ਦੇਣ ਵਾਲੇ ਅਤੇ ਆਪਣੀਆ ਕਵਿਤਾਵਾਂ ਰਾਹੀਂ ਲੋਕਾਂ ਨੂੰ ਜਾਗਰੂਕ ਕਰਨ ਵਾਲੇ ਭਾਈ ਵੀਰ ਸਿੰਘ ਜੀ ਨੂੰ ਅਧੁਨਿਕ ਕਵਿਤਾਵਾਂ ਦਾ ਮੋਢੀ ਕਹਿਣਾ ਗਲਤ ਨਹੀਂ ਹੋਵੇਗਾ।
“ਰਹੀ ਵਾਸਤੇ ਘੱਤ
ਸਮੇਂ’ ਨੇ ਇੱਕ ਨਾ ਮੰਨੀ,
ਫੜ ਫੜ ਰਹੀ ਧਰੀਕ
‘ਸਮੇਂ’ ਖਿਸਕਾਈ ਕੰਨੀ,
 ਸਭ ਤੋਂ ਪਹਿਲਾਂ ਭਾਈ ਵੀਰ ਸਿੰਘ ਜੀ ਨੂੰ ਛੋਟੀ ਅਤੇ ਆਧੁਨਿਕ ਕਿਸਮ ਦੀ ਕਵਿਤਾ ਲਿਖਣ ਦਾ ਮਾਣ ਹਾਸਲ ਹੋਇਆ। ਸ਼ੁਰੂ ਵਿੱਚ ਉਨ੍ਹਾਂ ਨੇ ਛੋਟੀਆਂ-ਛੋਟੀਆਂ ਆਧੁਨਿਕ ਕਿਸਮ ਦੀਆਂ ਕਵਿਤਾਵਾਂ ਲਿਖੀਆਂ, ਜਿਹੜੀਆਂ ਇਸ ਤੋਂ ਪਹਿਲਾਂ ਪੰਜਾਬੀ ਕਵਿਤਾ ਦੇ ਖੇਤਰ ਵਿੱਚ ਕਿਸੇ ਹੋਰ ਲੇਖਕ ਨੇ ਨਹੀਂ ਸੀ ਲਿਖੀਆਂ।
ਭਾਈ ਵੀਰ ਜੀ ਦੀ ਕਵਿਤਾਵਾਂ ਨਾਲ ਆਧੁਨਿਕ ਪੰਜਾਬੀ ਸਾਹਿਤ ਪੁੰਗਰਨਾ ਸ਼ੁਰੂ ਹੋਇਆ ਜਿਸ ਨੂੰ ਪ੍ਰਫੁੱਲਤ ਕਰਨ ਵਿੱਚ ,ਧਨੀ ਰਾਮ ਚਾਤ੍ਰਿਕ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਆਦਿ ਕਵੀਆਂ ਨੇ ਕਾਫੀ ਯੋਗਦਾਨ ਪਾਇਆ। ਪਰ ਭਾਈ ਵੀਰ ਸਿੰਘ ਇਸ ਸਦੀ ਦਾ ਅਜਿਹਾ ਕਵੀ ਹੋਇਆ ਹੈ, ਜਿਸ ਨੇ ਪੰਜਾਬੀ ਕਵਿਤਾਵਾਂ ਅਤੇ ਵਾਰਤਕ ਨੂੰ ਪੁਰਾਤਨ ਕਿੱਸਾਕਾਰੀ ,ਬੈਂਤ  ਆਦਿ ਦੇ ਚੱਕਰ ਵਿੱਚੋਂ ਕੱਢ ਕੇ ਆਧੁਨਿਕ ਲੀਹਾਂ ਉੱਤੇ ਤੋਰਿਆ ਹੈ। ਇਸ ਨੂੰ ਨਵਾਂ ਰੂਪ ਤੇ ਨਵੀਂ ਸ਼ੈਲੀ ਪ੍ਰਦਾਨ ਕੀਤੀ ਹੈ। ਆਧੁਨਿਕ ਪੰਜਾਬੀ ਕਵਿਤਾ ਦਾ ਆਰੰਭ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਨਾਲ ਹੋਇਆ ਜਿਸ ਦੀ ਉਦਾਹਰਨ ਉਨ੍ਹਾਂ ਦੀ ਕਵਿਤਾ ਕੰਬਦੀ ਕਲਾਈ ਤੋਂ ਮਿਲਦੀ ਹੈ ।
ਸੁਪਨੇ ਵਿਚ ਤੁਸੀ ਮਿਲੇ ਅਸਾਨੂੰ,
ਅਸਾਂ ਧਾ ਗਲਵਕੜੀ ਪਾਈ।
ਨਿਰਾਂ ਨੂਰ ਤੁਸੀਂ ਹੱਥ ਨਾ ਆਏ,
ਸਾਡੀ ਕੰਬਦੀ ਰਹੀ ਕਲਾਈ।”
ਭਾਈ ਵੀਰ ਸਿੰਘ ਨਾ ਸਿਰਫ਼ ਕਵੀ ਹੀ ਸਨ ਸਗੋਂ ਨਾਵਲਕਾਰ, ਟੀਕਾਕਾਰ ਅਤੇ ਉੱਘੇ ਵਾਰਤਕ ਲਿਖਾਰੀ ਵੀ ਸਨ।  ਪੰਜਾਬੀ ਸਾਹਿਤ ਦੇ ਇਸ ਮਹਾਨ ਸਾਹਿਤਕਾਰ ਦਾ ਜਨਮ 5 ਦਸੰਬਰ 1872 ਈਸਵੀ ਵਿੱਚ ਦੀਵਾਨ ਕੌੜਾ ਮੱਲ ਦੇ ਖਾਨਦਾਨ ਦੀ ਅੱਠਵੀਂ ਪੀੜ੍ਹੀ ਵਿੱਚ ਡਾਕਟਰ ਚਰਨ ਸਿੰਘ ਦੇ ਘਰ ਮਾਤਾ ਉੱਤਮ ਕੌਰ ਦੀ ਕੁੱਖੋਂ ਹੋਇਆ। ਆਪ ਦੇ ਪਿਤਾ ਅਤੇ ਨਾਨਾ ਗਿਆਨੀ ਹਜਾਰਾ ਸਿੰਘ ਸੰਸਕ੍ਰਿਤ, ਬ੍ਰਿਜ ਭਾਸ਼ਾ, ਉਰਦੂ, ਫ਼ਾਰਸੀ ਅਤੇ ਪੰਜਾਬੀ ਦੇ ਉੱਘੇ ਵਿਦਵਾਨ ਸਨ। ਭਾਈ ਸਾਹਿਬ ਨੇ ਇਨ੍ਹਾਂ ਪਾਸੋਂ ਹੀ ਇਨ੍ਹਾਂ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕੀਤਾ। ਉਨ੍ਹਾਂ ਨੇ ਸਿੱਖ ਧਰਮ ਦੇ ਗ੍ਰੰਥਾਂ ਦਾ ਅਧਿਐਨ ਸੇਵਾ ਪੰਥੀ ਸੰਤ ਭਗਵਾਨ ਸਿੰਘ ਦੀ ਦੇਖ-ਰੇਖ ਹੇਠ ਪੂਰਾ ਕੀਤਾ। ਆਪ ਨੇ 1889 ਈਸਵੀ ਵਿੱਚ ਮਿਸ਼ਨ ਹਾਈ ਸਕੂਲ ਅੰਮ੍ਰਿਤਸਰ ਤੋਂ ਅੱਠਵੀਂ ਦਾ ਇਮਤਿਹਾਨ ਜ਼ਿਲੇ ਵਿੱਚੋਂ ਪਹਿਲੇ ਸਥਾਨ ‘ਤੇ ਰਹਿ ਕੇ ਪਾਸ ਕੀਤਾ ਅਤੇ ਜ਼ਿਲ੍ਹਾ ਬੋਰਡ ਨੇ ਆਪ ਨੂੰ ਸੋਨੇ ਦਾ ਤਗਮਾ ਇਨਾਮ ਵਜੋਂ ਦਿੱਤਾ। ਸਤਾਰਾਂ ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਿਆਹ ਅੰਮ੍ਰਿਤਸਰ ਦੇ ਸਰਦਾਰ ਨਰਾਇਣ ਸਿੰਘ ਦੀ ਪੁੱਤਰੀ ਚਤਰ ਕੌਰ ਨਾਲ ਹੋਇਆ। ਭਾਈ ਵੀਰ ਸਿੰਘ ਨੇ ਗੁਰਬਾਣੀ, ਸਿੱਖ ਇਤਿਹਾਸ ਤੇ ਹਿੰਦੂ ਮਿਥਿਹਾਸ ਦਾ ਡੂੰਘਾ ਅਧਿਐਨ ਕੀਤਾ ਜਿਸ ਕਾਰਨ ਆਪ ਦੀ ਰੁਚੀ ਮੁੱਢ ਤੋਂ ਹੀ ਧਾਰਮਿਕ ਤੇ ਸਮਾਜ ਸੇਵਾ ਵਿੱਚ ਲੱਗ ਗਈ। 1892 ਈਸਵੀ ਵਿੱਚ ਉਨ੍ਹਾਂ ਨੇ ਵਜ਼ੀਰ ਸਿੰਘ ਨਾਲ ਮਿਲ ਕੇ ਅੰਮ੍ਰਿਤਸਰ ਵਿਖੇ ਵਜ਼ੀਰ ਹਿੰਦ ਪ੍ਰੈਸ ਲਗਾਈ। 1899 ਈ: ਵਿੱਚ ‘ਖਾਲਸਾ ਸਮਾਚਾਰ’ ਸਪਤਾਹਿਕ ਪਰਚਾ ਚਾਲੂ ਕੀਤਾ। ਆਪ ‘ਸਿੰਘ ਸਭਾ ਲਹਿਰ’ ਅਤੇ ‘ਚੀਫ ਖਾਲਸਾ ਦੀਵਾਨ’ ਦੇ ਮੋਢੀਆਂ ਵਿੱਚੋਂ ਇੱਕ ਸਨ। ਉਨ੍ਹਾਂ ਦੇ ਯਤਨਾਂ ਸਦਕਾ ਹੀ ‘ਸਿੱਖ ਐਜੂਕੇਸ਼ਨ’ ਕਮੇਟੀ ਦੀ ਸਥਾਪਨਾ ਹੋਈ। ਭਾਈ ਵੀਰ ਸਿੰਘ ਦੀ ਪਹਿਲੀ ਕਾਵਿ-ਰਚਨਾ ‘ਰਾਣਾ ਸੂਰਤ ਸਿੰਘ’ (ਮਹਾਂਕਾਵਿ) 1902-04 ਵਿੱਚ ਪ੍ਰਕਾਸ਼ਿਤ ਹੋਈ। ਇਸ ਮਹਾਂਕਾਵਿ ਵਿੱਚ ਅਧਿਆਤਮਵਾਦ ਦੀ ਵਿਆਖਿਆ ਹੈ। ਇਸ ਦਾ ਵਿਸ਼ਾ ਮਨੁੱਖੀ ਆਤਮਾ ਨੂੰ ਅਨੁਭਵ ਕਰਨਾ ਹੈ। ਰਾਣਾ ਸੂਰਤ ਸਿੰਘ ਦੀ ਰਚਨਾ ਉਪਰੰਤ ਭਾਈ ਵੀਰ ਸਿੰਘ ਨੇ ਛੋਟੀਆਂ ਕਵਿਤਾਵਾਂ ਦੀ ਵੀ ਰਚਨਾ ਕੀਤੀ। ਆਪ ਨੂੰ ਛੋਟੀਆਂ ਕਵਿਤਾਵਾਂ ਦਾ ਵੱਡਾ ਕਵੀ ਆਖਿਆ ਜਾਂਦਾ ਹੈ ਜਿਵੇਂ ਕਿ
“ਯਾਦ ਸਜਨ ਦੀ’ ਹਰਦਮ ਰਹਿੰਦੀ
ਲਹਿ ਗਈ ਡੂੰਘੇ ਥਾਈਂ,
ਵਾਂਗ ਸੰਗੀਤ ਲਹਿਰਦੀ ਅੰਦਰ
ਬਣ ਗਈ ਰਾਗ ਇਲਾਹੀ ।
ਦਾਰੂ ਵਾਂਗ ਸਰੂਰ ਚਾੜ੍ਹਦੀ
ਤਰਬ ਵਾਂਗ ਥਰਰਾਵੇ
ਖਿੱਚੇ ਤੇ ਰਸ ਭਿੰਨੀ ਕਸਕੇ-
ਲੱਗੇ ਫਿਰ ਸੁਖਦਾਈ।
 ਭਾਈ ਵੀਰ ਸਿੰਘ ਨੇ ਕਵਿਤਾਵਾਂ ਤੋਂ ਇਲਾਵਾ ਚਾਰ ਨਾਵਲ ਵੀ ਲਿਖੇ ਜਿਨ੍ਹਾਂ ਵਿੱਚ ਸੁੰਦਰੀ (1898), ਬਿਜੈ ਸਿੰਘ (1899), ਸਤਵੰਤ ਕੌਰ ਭਾਗ ਪਹਿਲਾ (1900) ਅਤੇ ਭਾਗ ਦੂਜਾ (1927) ਤੇ ਬਾਬਾ ਨੌਧ ਸਿੰਘ (1921) ਅਤੇ ਇੱਕ ਨਾਟਕ ਰਾਜਾ ਲੱਖਦਾਤਾ ਸਿੰਘ (1910 ਈ:) ਵਿੱਚ ਛਪਵਾਇਆ। ਇਹ ਸਿੱਖੀ ਸੁਧਾਰ ਦਾ ਪਹਿਲਾ ਪੰਜਾਬੀ ਨਾਟਕ ਸੀ। ਭਾਈ ਵੀਰ ਸਿੰਘ ਨੇ ਗੁਰੂ ਕਲਗੀਧਰ ਚਮਤਕਾਰ (1925 ਈ:), ਗੁਰੂ ਨਾਨਕ ਚਮਤਕਾਰ (1928 ਈ:) ਅਤੇ ਸ਼ਬਦ ਗੁਰੂ ਚਮਤਕਾਰ ਆਦਿ ਵਾਰਤਕ ਰਚਨਾਵਾਂ ਦੀ ਰਚਨਾ ਕੀਤੀ। ਉਨ੍ਹਾਂ ਦੀ ਸਾਹਿਤਕ ਦੇਣ ਸਦਕਾ 1948 ਈਸਵੀ ਵਿੱਚ ਆਪ ਨੂੰ ਪੰਜਾਬ ਯੂਨੀਵਰਸਿਟੀ ਨੇ ‘ਡਾਕਟਰ ਆਫ ਓਰੀਐਂਟਲ ਲਰਨਿੰਗ ਦੀ ਡਿਗਰੀ ਪ੍ਰਦਾਨ ਕੀਤੀ ਗਈ। 1954 ਈਸਵੀ ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ‘ਸਾਹਿਤ ਅਕਾਦਮੀ’ ਦਾ ਮੈਂਬਰ ਨਾਮਜ਼ਦ ਕੀਤਾ। 1954 ਈਸਵੀ ਵਿੱਚ ਹੀ ਆਪ ਨੂੰ ਸਾਹਿਤ ਅਕਾਦਮੀ ਨੇ ‘ਮੇਰੇ ਸਾਈਆਂ ਜੀਓ’ ਪੁਸਤਕ ਉੱਤੇ ਪੰਜ ਹਜ਼ਾਰ ਰੁਪਏ ਦਾ ਇਨਾਮ ਦਿੱਤਾ। 1956 ਈਸਵੀ ਵਿੱਚ ਗਣਰਾਜ ਦਿਵਸ ਦੇ ਮੌਕੇ ‘ਤੇ ਰਾਸ਼ਟਰਪਤੀ ਨੇ ‘ਪਦਮ ਵਿਭੂਸ਼ਣ ਦੀ ਉਪਾਧੀ ਦੇ ਕੇ ਸਨਮਾਨ ਕੀਤਾ । ਆਪ ਦੀਆਂ ਨਿਰਸੁਆਰਥ ਸਾਹਿਤਕ ਸੇਵਾਵਾਂ ਨੂੰ ਪੰਜਾਬੀ ਸਾਹਿਤ ਕਦੇ ਵੀ ਭੁੱਲ ਨਹੀਂ ਸਕਦਾ। ਭਾਈ ਵੀਰ ਸਿੰਘ ਜੀ  ਲਗਪਗ 70 ਸਾਲ ਪੰਜਾਬੀ ਸਾਹਿਤ ਦੀ ਸੇਵਾ ਕਰਦੇ ਹੋਏ 10 ਜੂਨ 1957 ਵਿੱਚ ਦੁਨੀਆਂ ਨੂੰ ਅਲਵਿਦਾ ਆਖ ਗਏ। ਅੱਜ ਜਿੱਥੇ ਸਾਡਾ ਸਮਾਜ ਕਈ ਤਰ੍ਹਾਂ ਦੀਆਂ ਚੁਨੌਤੀਆਂ ਨਾਲ ਜੂਝ ਰਿਹਾ ਹੈ, ਉੱਥੇ ਭਾਈ ਵੀਰ ਸਿੰਘ ਵਰਗੇ ਦਾ ਸਾਹਿਤ ਸਾਡੀ ਲੀਹੋਂ ਲੱਥ ਰਹੀ ਨੋਜਵਾਨ ਪੀੜ੍ਹੀ ਦਾ ਮਾਰਗ ਦਰਸ਼ਨ ਬਣਨ ਦਾ ਬਹੁਤ ਵਧੀਆਂ ਸਾਧਨ ਹੈ। ਅਜਿਹੇ ਯੁੱਗ ਪੁਰਸ਼ਾਂ ਦੀਆਂ ਜੀਵਨੀਆਂ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦੇ ਵਿਦਿਆਰਥੀਆ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ ਜਿਸ ਨਾਲ ਵੱਧ ਤੋਂ ਵੱਧ ਨੋਜਵਾਨ ਪੀੜ੍ਹੀ ਇਨ੍ਹਾਂ ਰੂਹਾਨੀ ਪਾਕਿ ਰੂਹਾਂ ਬਾਰੇ ਜਾਣ ਸਕੇ ਅਤੇ ਇਨ੍ਹਾਂ ਦੀ ਸੋਚ ਨੂੰ ਯੁੱਗਾਂ-ਯੁੱਗਾਂ ਤਕ ਜਿਉਂਦਿਆਂ ਰੱਖਣ ਲਈ ਅਤੇ ਆਪਣੇ ਦੇਸ਼, ਸਮਾਜ ਪ੍ਰਤੀ ਇੱਕ ਚੰਗੇ ਨਾਗਰਿਕ ਹੋਣ ਦੀ ਆਪਣੀ ਜ਼ਿਮੇਂਵਾਰੀ ਬਾਖੂਬੀ ਨਿਭਾ ਸਕੇ।
ਡਾਲੀ ਨਾਲੋਂ ਤੋੜ ਨ ਸਾਨੂੰ,
ਅਸਾਂ ਹੱਟ ‘ਮਹਿਕ’ ਦੀ ਲਾਈ !
ਲੱਖ ਗਾਹਕ ਜੇ ਸੁੰਘੇ ਆਕੇ
ਖਾਲੀ ਇਕ ਨ ਜਾਈ,
ਤੂੰ ਜੇ ਇਕ ਤੋੜ ਕੇ ਲੈ ਗਿਓਂ,
ਇਕ ਜੋਗਾ ਰਹਿ ਜਾਸਾਂ,-
ਉਹ ਭੀ ਪਲਕ ਝਲਕ ਦਾ ਮੇਲਾ-
ਰੂਪ ਮਹਿਕ ਨਸ ਜਾਈ ।
ਕੁਲਦੀਪ ਸਿੰਘ ਸਾਹਿਲ
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਵਿਤਾ
Next articleਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਬਾਰੇ ਵਿਭਿੰਨ ਵਿਦਵਾਨਾਂ ਦੇ ਵਿਚਾਰ