(ਸਮਾਜ ਵੀਕਲੀ) ਮੇਰੇ ਪਿਤਾ ਜੀ ਨੂੰ ਇਸ ਨਾਸ਼ਵਾਨ ਸੰਸਾਰ ਤੋਂ ਚਲੇ ਗਿਆਂ ਇੱਕ ਸਾਲ ਹੋ ਗਿਆ ਹੈ । ਪਰ ਉਹਨਾਂ ਨੂੰ ਭੁਲਾਇਆ ਨਹੀਂ ਜਾ ਸਕਦਾ । ਮੇਰੇ ਘਰ ਲੌਬੀ ਦੇ ਵਿੱਚ ਮਾਤਾ ਤੇ ਪਿਤਾ ਦੋਨਾਂ ਦੀਆਂ ਫੋਟੋਆਂ ਲੱਗੀਆਂ ਹੋਈਆਂ ਹਨ । ਪਿਤਾ ਜੀ ਦੀ ਬਰਸੀ ਤੇ ਫੋਟੋ ਨੂੰ ਦੇਖ ਕੇ ਅੱਖਾਂ ਵਿੱਚ ਅੱਥਰੂ ਆਉਣੇ ਸੁਭਾਵਿਕ ਹੀ ਹੈ । ਪਿਤਾ ਜੀ ਨੇ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਗੁਜ਼ਾਰਿਆ । ਵਾਹਿਗੁਰੂ ਦੀ ਕਿਰਪਾ ਨਾਲ ਪਰਿਵਾਰ ਵਿੱਚ ਬੱਚੇ, ਪੋਤੇ, ਪੋਤੀਆਂ, ਦੋਹਤੇ, ਦੋਹਤੀਆਂ ਸਭ ਸੁੱਖਾਂ ਨਾਲ ਜੀਵਨ ਗੁਜ਼ਾਰ ਰਹੇ ਹਨ। ਜੋ ਇਨਸਾਨ ਆਪਣੀ ਜ਼ਿੰਦਗੀ ਵਿੱਚ ਚੰਗੇ ਕਾਰਜ ਕਰਦੇ ਹਨ, ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਕੀਤਾ ਜਾਂਦਾ ਹੈ। ਅਜਿਹੇ ਹੀ ਗਰੀਬਾਂ ਦੇ ਹਮਦਰਦ ਤੇ ਸਮਾਜ-ਸੇਵੀ ਮਾਸਟਰ ਜੋਗਿੰਦਰ ਸਿੰਘ ਸਨ ।
ਮਾਸਟਰ ਜੋਗਿੰਦਰ ਸਿੰਘ ਦਾ ਜਨਮ 5 ਫ਼ਰਵਰੀ 1935 ਈਸਵੀ ਨੂੰ ਪਿਤਾ ਸ੍ਰ: ਨਾਨਕ ਸਿੰਘ ਦੇ ਘਰ ਮਾਤਾ ਸੀਤੋ ਬਾਈ ਦੀ ਕੁੱਖੋਂ ਹੋਇਆ । 1958 ਵਿੱਚ ਜੇ.ਬੀ.ਟੀ. ਕਰਨ ਉਪਰੰਤ 1959 ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਰਕੰਦੀ (ਬਠਿੰਡਾ) ਵਿੱਚ ਰੈਗੂਲਰ ਨਿਯੁਕਤ ਹੋਏ । ਆਪਣੀ ਨੌਕਰੀ ਦੌਰਾਨ ਉਹਨਾਂ ਸਰਕਾਰੀ ਪ੍ਰਾਇਮਰੀ ਸਕੂਲ ਜੰਡਾਂਵਾਲਾ (ਬਠਿੰਡਾ), ਸਰਕਾਰੀ ਪ੍ਰਾਇਮਰੀ ਸਕੂਲ ਡੱਗੋ ਰੋਮਾਣਾ (ਫ਼ਰੀਦਕੋਟ), ਸਰਕਾਰੀ ਪ੍ਰਾਇਮਰੀ ਸਕੂਲ ਸਿੱਖਾਂਵਾਲਾ (ਫ਼ਰੀਦਕੋਟ), ਸਰਕਾਰੀ ਪ੍ਰਾਇਮਰੀ ਸਕੂਲ ਕੋਠੇ ਛੀਂਬੇ (ਫ਼ਰੀਦਕੋਟ), ਸਰਕਾਰੀ ਪ੍ਰਾਇਮਰੀ ਸਕੂਲ ਦੇਵੀ ਵਾਲਾ ਨੇੜੇ ਕੋਟਕਪੂਰਾ (ਫ਼ਰੀਦਕੋਟ), ਸਰਕਾਰੀ ਪ੍ਰਾਇਮਰੀ ਸਕੂਲ ਚੱਕ ਭਾਗ ਸਿੰਘ ਵਾਲਾ, ਸਰਕਾਰੀ ਪ੍ਰਾਇਮਰੀ ਸਕੂਲ ਸਰਾਵਾਂ (ਫ਼ਰੀਦਕੋਟ) ਤੇ 30 ਮਈ 1984 ਵਿੱਚ ਹੈੱਡਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਵੜਿੰਗ ਬਲਾਕ ਮੁਕਤਸਰ ਪ੍ਰਮੋਟ ਹੋਏ । ਇੱਥੇ ਤਿੰਨ ਸਾਲ ਨੌਕਰੀ ਕਰਨ ਤੋਂ ਬਾਅਦ ਸਰਕਾਰੀ ਪ੍ਰਾਇਮਰੀ ਸਕੂਲ ਵਾਂਦਰ ਜਟਾਣਾ ਵਿਖੇ ਤਕਰੀਬਨ 6 ਸਾਲ ਸਰਵਿਸ ਕੀਤੀ । ਮਾਸਟਰ ਜੋਗਿੰਦਰ ਸਿੰਘ 34 ਸਾਲ ਸਰਕਾਰੀ ਨੌਕਰੀ ਤਨਦੇਹੀ ਨਾਲ ਨਿਭਾਉਂਦਿਆਂ ਹੋਇਆਂ 28 ਫ਼ਰਵਰੀ 1993 ਈਸਵੀ ਨੂੰ ਬਤੌਰ ਹੈੱਡ ਟੀਚਰ ਸੇਵਾ ਮੁਕਤ ਹੋਏ ।
ਉਹਨਾਂ ਦੇ ਚਾਰ ਪੁੱਤਰ (ਸੰਪੂਰਨ ਸਿੰਘ, ਪ੍ਰਿੰਸੀਪਲ ਗੁਰਬਚਨ ਸਿੰਘ ਅੰਮ੍ਰਿਤਸਰ, ਕਰਨੈਲ ਸਿੰਘ ਐੱਮ.ਏ. ਪੱਤਰਕਾਰ ਲੁਧਿਆਣਾ, ਲੈਕਚਰਾਰ ਬਲਵਿੰਦਰ ਸਿੰਘ ਕੋਟਕਪੂਰਾ) ਹਨ । ਲੜਕੀ ਕੋਈ ਨਹੀਂ ਹੈ । ਉਹਨਾਂ ਆਪਣੇ ਪੁੱਤਰਾਂ ਨੂੰ ਉੱਚ ਪੱਧਰ ਦੀ ਵਿਦਿਆ ਦਿਵਾਈ । ਤਿੰਨ ਪੁੱਤਰ ਸਰਕਾਰੀ ਨੌਕਰੀ ਲੱਗੇ । ਸਭ ਤੋਂ ਵੱਡਾ ਲੜਕਾ ਸੰਪੂਰਨ ਸਿੰਘ ਕੱਪੜੇ ਦੀ ਦੁਕਾਨ ਕਰ ਰਿਹਾ ਹੈ । ਪ੍ਰਿੰਸੀਪਲ ਗੁਰਬਚਨ ਸਿੰਘ ਤੇ ਕਰਨੈਲ ਸਿੰਘ ਐੱਮ.ਏ. ਸਰਕਾਰੀ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕੇ ਹਨ ।
ਮਾਸਟਰ ਜੋਗਿੰਦਰ ਸਿੰਘ ਰੋਜ਼ਾਨਾ ਨੇਮ ਅਨੁਸਾਰ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਤਿਸੰਗ ਸਭਾ ਜਾਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਛਾਉਣੀ ਨਿਹੰਗ ਸਿੰਘਾਂ ਵਿਖੇ ਨਤਮਸਤਕ ਹੋਣ ਜਾਂਦੇ ਸਨ । ਉਹ ਆਪਣੇ ਨਿੱਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਜੀ ਦੇ ਪਾਠ ਵੀ ਰੋਜ਼ ਕਰਦੇ ਸਨ । ਉਹਨਾਂ ਨੂੰ ਧਾਰਮਿਕ ਪੁਸਤਕਾਂ ਅਤੇ ਅਖ਼ਬਾਰ ਪੜ੍ਹਨ ਦਾ ਬਹੁਤ ਸ਼ੌਕ ਸੀ। ਉਹ ਪੁਸਤਕਾਂ ਪੜ੍ਹਨ ਤੋਂ ਇਲਾਵਾ ਗੁਰਬਾਣੀ ਕੀਰਤਨ, ਗੁਰਮਤਿ ਵਿਚਾਰ ਹੀ ਟੀ.ਵੀ. ਤੇ ਸਾਰਾ ਦਿਨ ਸੁਣਦੇ ਰਹਿੰਦੇ ਸਨ । ਪੰਜਾਬੀ ਦੇ ਅਖ਼ਬਾਰ ਵਿੱਚ ਉਹ ਕਹਾਣੀਆਂ, ਲੇਖ ਪੜ੍ਹ ਕੇ ਆਪਣਾ ਵਧੀਆ ਸਮਾਂ ਬਤੀਤ ਕਰਦੇ ਸਨ । ਉਹਨਾਂ ਨੌਕਰੀ ਤੋਂ ਸੇਵਾ ਮੁਕਤ ਹੋਣ ਉਪਰੰਤ ਆਪਣਾ ਜੀਵਨ ਬੜੇ ਸੁਚੱਜੇ ਢੰਗ ਨਾਲ ਨਿਭਾਇਆ। ਮਾਸਟਰ ਜੋਗਿੰਦਰ ਸਿੰਘ ਦੇ ਦਰ ਤੇ ਜੋ ਵੀ ਆਇਆ, ਉਹਨਾਂ ਬਿਨਾਂ ਕਿਸੇ ਭੇਦ-ਭਾਵ ਦੇ ਹਰ ਇੱਕ ਦੀ ਮੱਦਦ ਕੀਤੀ। ਉਹਨਾਂ ਆਪਣੀ ਦਸਾਂ ਨਹੁੰਆਂ ਦੀ ਨੇਕ ਕਮਾਈ ਦਾ ਦਸਵੰਧ ਸੇਵਾਪੰਥੀ ਗੁਰਦੁਆਰਾ ਟਿਕਾਣਾ ਭਾਈ ਜਗਤਾ ਜੀ ਸਾਹਿਬ ਗੋਨਿਆਣਾ ਮੰਡੀ (ਬਠਿੰਡਾ) ਅਤੇ ਆਲ ਇੰਡੀਆ ਪਿੰਗਲਵਾੜਾ ਸੁਸਾਇਟੀ ਦੇ ਧਰਮ ਕਾਰਜਾਂ ਲਈ ਦਾਨ ਕੀਤਾ ।
ਮਾਸਟਰ ਜੋਗਿੰਦਰ ਸਿੰਘ ਬਹੁਤ ਹੀ ਮਿੱਠਬੋਲੜੇ, ਨਿਮਰਤਾ ਦੇ ਪੁੰਜ ਸਨ । ਉਹਨਾਂ ਆਪਣੀ ਜ਼ਿੰਦਗੀ ਵਿੱਚ ਕਾਹਲੀ ਵਿੱਚ ਕਦੇ ਵੀ ਕੋਈ ਕਾਰਜ ਨਹੀਂ ਕੀਤਾ । ਉਹ ਕੋਠਾਰੀ ਕਮਿਸ਼ਨ ਦੌਰਾਨ ਜ਼ੇਲ੍ਹ ਵਿੱਚ ਵੀ ਰਹੇ । ਉਹਨਾਂ ਦਾ ਜਿਗਰੀ ਦੋਸਤ ਮਾਸਟਰ ਰੋਸ਼ਨ ਸਿੰਘ ਸੀ । 56 ਸਾਲ ਤੱਕ ਉਹਨਾਂ ਦੀ ਦੋਸਤੀ ਅਖੀਰਲੇ ਸੁਆਸਾਂ ਤੱਕ ਪਾਪਾ ਜੀ ਦੇ ਨਾਲ ਨਿਭੀ । ਉਹ ਭਰਾਵਾਂ ਵਾਂਗ ਰਹਿ ਰਹੇ ਸਨ । ਜਿਸ ਦਿਨ ਮਾਸਟਰ ਜੋਗਿੰਦਰ ਸਿੰਘ ਨੇ ਪੰਜ ਭੂਤਕ ਸਰੀਰ ਤਿਆਗਿਆ, ਉਹਨਾਂ ਨੂੰ ਬਹੁਤ ਦੁੱਖ ਹੋਇਆ । ਸਸਕਾਰ ਵਾਲੇ ਦਿਨ ਉਹਨਾਂ ਰੋਟੀ ਵੀ ਨਹੀਂ ਖਾਧੀ । ਉਹ ਸਾਡੇ ਸਾਰਿਆਂ (ਚਾਰਾਂ ਭਰਾਵਾਂ) ਦੇ ਵਿਆਹ, ਇੱਥੋਂ ਤੱਕ ਕਿ ਭਤੀਜੇ-ਭਤੀਜੀਆਂ ਦੇ ਵਿਆਹਾਂ ਤੇ ਵੀ ਗਏ । ਹਰ ਖੁਸ਼ੀ-ਗਮੀ ਦੇ ਸਮਾਗਮਾਂ ਤੇ ਉਹਨਾਂ ਅੱਗੇ ਹੋ ਕੇ ਕੰਮ ਕੀਤਾ ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਉਹਨਾਂ ਦਾ ਅਤੁੱਟ ਵਿਸ਼ਵਾਸ, ਸਿਦਕ, ਭਰੋਸਾ ਸੀ । ਉਹਨਾਂ ਸਕੂਲ ਅਧਿਆਪਕ ਦੇ ਸਮੇਂ, ਨਾਲ- ਨਾਲ ਗੁਰਪੁਰਬਾਂ ਅਤੇ ਹੋਰ ਧਾਰਮਿਕ ਸਮਾਗਮਾਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਘਰਾਂ ਵਿੱਚ ਅਖੰਡ-ਪਾਠ ਸਮੇਂ ਅਖੰਡ-ਪਾਠ ਦੀ ਡਿਊਟੀ (ਰੌਲ) ਕਰਨ ਦੀ ਸੇਵਾ ਕਰਦੇ ਰਹੇ । ਉਹ ਖ਼ੁਦ ਅੰਮ੍ਰਿਤਧਾਰੀ ਸਨ । ਉਹਨਾਂ ਦਾ ਪਰਿਵਾਰ ਵੀ ਪੂਰਨ ਗੁਰਸਿੱਖ ਹੈ । ਉਹਨਾਂ ਆਪਣੀ ਜ਼ਿੰਦਗੀ ਵਿੱਚ ਕਦੇ ਵੀ ਮੀਟ, ਸ਼ਰਾਬ, ਨਸ਼ਿਆਂ ਦਾ ਸੇਵਨ ਨਹੀਂ ਕੀਤਾ। ਮਾਸਟਰ ਜੋਗਿੰਦਰ ਸਿੰਘ ਨੇ ਜ਼ਿੰਦਗੀ ਵਿੱਚ ਜੋ ਸੇਵਾ ਦੇ ਕਾਰਜ ਕੀਤੇ, ਉਹਨਾਂ ਦੀ ਪਿੰਡਾਂ/ਸ਼ਹਿਰਾਂ/ਨਗਰਾਂ/ਮੁਹੱਲਿਆਂ ਦੇ ਲੋਕ ਅੱਜ ਵੀ ਸਿਫ਼ਤ ਕਰਦੇ ਹਨ । ਉਹਨਾਂ ਨੂੰ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਗੰਗਸਰ ਜੈਤੋ (ਫ਼ਰੀਦਕੋਟ) ਵੱਲੋਂ ਪੈਨਸ਼ਨਰਜ਼ ਦਿਵਸ ‘ਤੇ 17 ਦਸੰਬਰ 2017 ਈ: ਨੂੰ ਸਨਮਾਨਿਤ ਕੀਤਾ ਗਿਆ। ਅਰੋੜ ਬੰਸ ਸਭਾ (ਰਜਿ:) ਕੋਟਕਪੂਰਾ ਵੱਲੋਂ 12 ਜਨਵਰੀ 2018 ਈ: ਨੂੰ ਸਨਮਾਨਿਤ ਕੀਤਾ ਗਿਆ । ਹੋਰ ਵੀ ਕਈ ਸੰਸਥਾਵਾਂ/ ਸਭਾ ਸੁਸਾਇਟੀਆਂ ਵੱਲੋਂ ਸਨਮਾਨ ਦਿੱਤਾ ਗਿਆ ।
ਮਾਸਟਰ ਜੋਗਿੰਦਰ ਸਿੰਘ ਆਪਣੀ ਪਤਨੀ ਸਵ: ਜਸਵੀਰ ਕੌਰ ਦੇ 19 ਨਵੰਬਰ 2013 ਈਸਵੀ ਨੂੰ ਅਕਾਲ ਚਲਾਣਾ ਕਰਨ ਉਪਰੰਤ ਇੱਕ ਵਾਰ ਤਾਂ ਅੰਦਰੋਂ ਟੁੱਟ ਚੁੱਕੇ ਸਨ । ਉਹਨਾਂ ਪਤਨੀ ਦੇ ਜਾਣ ਤੋਂ ਬਾਅਦ ਬੜੀ ਮੁਸ਼ਕਲ ਨਾਲ ਆਪਣੇ ਆਪ ਨੂੰ ਸੰਭਾਲਿਆ । ਉਹਨਾਂ ਜ਼ਿੰਦਗੀ ਦੇ ਬਾਕੀ 11 ਸਾਲ ਆਪਣੇ ਪੋਤਰੇ-ਪੋਤਰੀਆਂ, ਦੋਹਤੀ ਨਾਲ ਹੱਸ-ਖੇਡ ਕੇ ਬੜੀ ਵਧੀਆ ਜ਼ਿੰਦਗੀ ਗੁਜ਼ਾਰੀ। ਉਹਨਾਂ ਦੇ ਪੁੱਤਰਾਂ ਤੇ ਨੂੰਹਾਂ ਨੇ ਵੀ ਉਹਨਾਂ ਦੀ ਤਨ-ਮਨ ਨਾਲ ਸੇਵਾ ਕੀਤੀ । ਉਹਨਾਂ ਨੂੰ ਆਪਣੇ ਛੋਟੇ ਭਰਾ ਵਧਾਵਾ ਸਿੰਘ ਜੋ 7 ਫ਼ਰਵਰੀ 2024 ਨੂੰ ਅਕਾਲ ਚਲਾਣਾ ਕਰ ਗਏ ਸਨ, ਉਸ ਦਾ ਉਹਨਾਂ ਨੂੰ ਬਹੁਤ ਦੁੱਖ ਲੱਗਿਆ। 11 ਫ਼ਰਵਰੀ ਨੂੰ ਵਧਾਵਾ ਸਿੰਘ ਦੀ ਅੰਤਿਮ ਅਰਦਾਸ ਹੋਈ । ਆਪਣੇ ਛੋਟੇ ਭਰਾ ਦਾ ਸਦਮਾ ਨਾ ਸਹਾਰਦੇ ਹੋਏ ਮਾਸਟਰ ਜੋਗਿੰਦਰ ਸਿੰਘ 14 ਫ਼ਰਵਰੀ ਨੂੰ ਘਰ ਦੇ ਕਮਰੇ ਵਿੱਚ ਡਿੱਗ ਪਏ । ਵਡੇਰੀ ਉਮਰ ਹੋਣ ਕਰਕੇ ਲੱਤ ਦਾ ਉਪਰੇਸ਼ਨ ਕਰਵਾਇਆ ਗਿਆ। ਉਹ ਠੀਕ ਹੋ ਜਾਣ ਉਪਰੰਤ ਤੁਰਨ-ਫਿਰਨ ਵੀ ਲੱਗ ਪਏ ਸਨ । ਮਾਸਟਰ ਜੋਗਿੰਦਰ ਸਿੰਘ ਰੱਬੀ ਰੂਹ ਸਨ। ਉਹਨਾਂ ਦੀ ਰਸਨਾ ਤੇ ਗੁਰਬਾਣੀ ਦੀਆਂ ਤੁਕਾਂ ਹੀ ਹਰ ਵਕਤ ਹੁੰਦੀਆਂ ਸਨ । ਉਹ ਕਦੇ ਕਿਸੇ ਦੀ ਨਿੰਦਾ ਨਹੀਂ ਕਰਦੇ ਸਨ । ਉਹਨਾਂ ਨੂੰ ਇਸ ਨਾਸ਼ਵਾਨ ਸੰਸਾਰ ਤੋਂ ਜਾਣ ਦਾ ਪਹਿਲਾਂ ਹੀ
ਪਤਾ ਲੱਗ ਗਿਆ ਸੀ। ਦੋ ਦਿਨ ਪਹਿਲਾਂ ਘਰ ਮਿਲਣ ਆਏ ਹਰ ਵਿਅਕਤੀ ਨੂੰ ਬੜੇ ਪਿਆਰ ਨਾਲ ਮਿਲ਼ਦੇ ਰਹੇ । ਉਹਨਾਂ ਬੱਚਿਆਂ ਨੂੰ ਪਿਆਰ ਅਤੇ ਨੂੰਹਾਂ ਨੂੰ ਅਸ਼ੀਰਵਾਦ ਦਿੱਤਾ । ਮਾਸਟਰ ਜੋਗਿੰਦਰ ਸਿੰਘ 4 ਜੁਲਾਈ 2024 ਈਸਵੀ ਨੂੰ ਬਾਅਦ ਦੁਪਹਿਰ 3.30 ਵਜੇ ਸਾਢੇ 89 ਸਾਲ ਦੀ ਉਮਰ ਬਤੀਤ ਕਰਕੇ ਹੱਸਦੇ ਵੱਸਦੇ ਪਰਿਵਾਰ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ।
ਪਤਾ ਲੱਗ ਗਿਆ ਸੀ। ਦੋ ਦਿਨ ਪਹਿਲਾਂ ਘਰ ਮਿਲਣ ਆਏ ਹਰ ਵਿਅਕਤੀ ਨੂੰ ਬੜੇ ਪਿਆਰ ਨਾਲ ਮਿਲ਼ਦੇ ਰਹੇ । ਉਹਨਾਂ ਬੱਚਿਆਂ ਨੂੰ ਪਿਆਰ ਅਤੇ ਨੂੰਹਾਂ ਨੂੰ ਅਸ਼ੀਰਵਾਦ ਦਿੱਤਾ । ਮਾਸਟਰ ਜੋਗਿੰਦਰ ਸਿੰਘ 4 ਜੁਲਾਈ 2024 ਈਸਵੀ ਨੂੰ ਬਾਅਦ ਦੁਪਹਿਰ 3.30 ਵਜੇ ਸਾਢੇ 89 ਸਾਲ ਦੀ ਉਮਰ ਬਤੀਤ ਕਰਕੇ ਹੱਸਦੇ ਵੱਸਦੇ ਪਰਿਵਾਰ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ।
ਕਰਨੈਲ ਸਿੰਘ ਐੱਮ.ਏ.ਲੁਧਿਆਣਾ
# 1138/63-ਏ, ਗੁਰੂ ਤੇਗ ਬਹਾਦਰ ਨਗਰ,
ਗਲੀ ਨੰਬਰ 1, ਚੰਡੀਗੜ੍ਹ ਰੋਡ, ਜਮਾਲਪੁਰ ਲੁਧਿਆਣਾ।
Email :-[email protected]
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



