(ਸਮਾਜ ਵੀਕਲੀ)
ਕਿੰਨਾ ਧਰਤੀ ਤੇ ਡੁੱਲਿਆ ਬੇਦੋਸ਼ਾਂ ਦਾ ਸੀ ਖੂਨ
ਮਾਰਧਾੜ ਸਾੜ ਫੂਕ ਰਿਹਾ ਤੱਕਦਾ ਕਾਨੂੰਨ
ਚਸ਼ਮਦੀਦ ਹੁਕਮਰਾਨ ਨਾ ਕੋਈ ਗੱਲ ਗੌਲਦਾ
ਚੇਤੇ ਕਰਕੇ ਚੁਰਾਸੀ ਸਾਡਾ ਖੂਨ ਖੌਲਦਾ
ਜਾਨਾਂ ਕੀਮਤੀ ਸੀ ਕਿੰਨੀਆਂ ਜੋ ਮੌਤ ਲਈਆਂ ਲੁੱਟ
ਕਿੰਨਾ ਜਾਲਮਾਂ ਦਾ ਕਹਿਰ ਸੀ ਜੋ ਪਿਆ ਟੁੱਟ ਟੁੱਟ
ਸ਼ੈਤਾਨ ਨਫ਼ਰਤਾਂ ਦੀ ਜ਼ਹਿਰ ਬਸ ਰਿਹਾ ਘੋਲਦਾ
ਚੇਤੇ ਕਰਕੇ ਚੁਰਾਸੀ……….
ਹਾਹਾਕਾਰ ਸੀ ਚੁਫੇਰੇ ਪੈਂਦੇ ਚੀਕ ਤੇ ਚਿਹਾੜੇ
ਬੱਚੇ ਬੁੱਢੇ ਨਰ ਨਾਰੀ ਹੇਠਾਂ ਪੈਰਾਂ ਦੇ ਲਤਾੜੇ
ਚੁੱਪ ਪਸਰੀ ਚੁਫੇਰੇ ਖੂਨੀ ਫਿਰੇ ਟੋਹਲਦਾ
ਚੇਤੇ ਕਰਕੇ ਚੁਰਾਸੀ……….
ਲੱਥ ਪੱਥ ਤਲਵਾਰਾਂ ਖੂਨ ਚੋਵੇ ਲਹਿਰਾਈਆਂ
ਭੁੱਖੇ ਭੇੜੀਏ ਸੀ ਅੱਗਾਂ ਇਨਸਾਨਾਂ ਨੂੰ ਹੀ ਲਾਈਆਂ
ਪਿਆਸੇ ਪਾਣੀਆਂ ਤੋਂ ਖਾਧਾ ਕਿੰਨਕਾ ਨਾ ਚੌਲ ਦਾ
ਚੇਤੇ ਕਰਕੇ ਚੁਰਾਸੀ……….
ਤੂੰ ਤਾਂ ਦਿੱਲੀ ਏ ਨਾ ਹਾਲੇ ਤੱਕ ਦਿੱਤਾ ਇਨਸਾਫ਼
ਤੈਨੂੰ ਸਿੱਖ ਇਤਿਹਾਸ ਕਦੇ ਕਰੇਗਾ ਨਹੀਂ ਮੁਆਫ
‘ਚੁੰਬਰ’ ਕੱਲਾ ਕੱਲਾ ਪੰਨਾ ਬੈਠ ਕੇ ਫਰੋਲਦਾ
ਚੇਤੇ ਕਰਕੇ ਚੁਰਾਸੀ……….
ਸ਼ਰਧਾਂਜਲੀ ਰਚਨਾ – ਕੁਲਦੀਪ ਚੁੰਬਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly