(ਸਮਾਜ ਵੀਕਲੀ)
ਕੱਤਦੀ ਚਰਖ਼ਾ ਵੇ ਮੈਂ
ਲੰਮੀਆਂ ਤੰਦਾਂ ਪਾਵਾਂ
ਅੱਖ ਝਰੋਖੇ ਚੋਂ ਵੇ
ਤੱਕਦੀ ਤੇਰੀਆਂ ਰਾਹਵਾਂ
ਕਦੇ ਸੁਪਨੇ ਦੇ ਵਿੱਚ
ਆ ਜਾ ਮਿਲ ਦਿਲ ਜਾਨੀ
ਵੇ ਮੈਂ ਸਾਂਭ ਕੇ ਰੱਖੀ
ਦਿਲ਼ ਵਿੱਚ ਯਾਦ ਨਿਸ਼ਾਨੀ
ਹੁੰਦੀ ਐ ਮਜਬੂਰੀ
ਵਿੱਚ ਪ੍ਰਦੇਸਾਂ ਅੜੀਏ ਨੀ
ਚੱਲੀਏ ਸੜਕਾਂ ਉੱਤੇ
ਰਾਤਾਂ ਨੂੰ ਨਾ ਖੜ੍ਹੀਏ ਨੀ
ਆਉਂਦਾ ਵੀਕ ਐਂਡ ਜਦ
ਯਾਦ ਬੜੀ ਸਤਾਉਂਦੀ
ਕੱਟ ਲ਼ੈ ਥੋੜ੍ਹੇ ਦਿਨ ਬੱਸ
ਕਾਹਤੋਂ ਚਿੱਤ ਰਵਾਉਂਦੀ
ਦਿਸਦਾ ਤਾਰਿਆਂ ਵਿੱਚੋਂ
ਮੁੱਖ ਤੇਰਾ ਜਦ ਚੰਨਾ ਵੇ
ਰਾਤਾਂ ਮਾਘ ਦੀਆਂ
ਮੈਂ ਦਿਲ ਦੀ ਗੱਲ ਕੀ ਮੰਨਾ ਵੇ
ਤੇਰੀ ਫੁੱਲਾਂ ਵਰਗੀ
ਯਾਦ ਮਹਿਕ ਜਿਹੀ ਆਵੇ
ਤੇਰੀ ਹੂਰ ਹੀਰ ਜਿਹੀ
ਰੋਜ਼ ਔਸੀਆਂ ਪਾਵੇ
ਚਾਂਦੀ ਰੰਗੀ ਸੜਕ ਤੇ
ਜਦ ਟਰਾਲਾ ਚੱਲੇ ਨੀ
ਤੇਰੀ ਯਾਦ ਬਿਨਾਂ ਨਾ
ਹੁੰਦਾ ਕੁਝ ਵੀ ਪੱਲੇ ਨੀ
ਤੇਰੇ ਗੋਰੇ ਮੁੱਖ ਦਾ ਹਾਸਾ
ਨੀਂਦ ਆਉਣ ਨਾ ਦੇਵੇ
ਮੰਨ ਲੈ ਗੱਲ ਢੋਲ ਦੀ
ਕਾਹਤੋਂ ਕਰਦੀ ਹੇਵੇ
ਲੈ ਜਾ ਨਾਲ਼ ਜੀਤ ਤੂੰ
ਕਾਹਤੋਂ ਅੜੀਆਂ ਕਰਦਾ ਵੇ
ਕੱਲੀ ਜਿੰਦ ਨਿਮਾਣੀ
ਤੇਰੇ ਤੋਂ ਕੀ ਪਰਦਾ ਵੇ
ਉੱਡ ਜਾਊ ਰੰਗ ਰੂਪ ਸਭ
ਵਿੱਚ ਵਿਛੋੜੇ ਚੰਨਾ
ਮੇਰੀ ਇੱਕ ਮੰਨ ਲੈ ਵੇ
ਲੱਖ ਤੇਰੀਆਂ ਮੰਨਾ
ਸਰਬਜੀਤ ਸਿੰਘ ਨਮੋਲ਼ ਪਿੰਡ ਨਮੋਲ਼ ਜ਼ਿਲ੍ਹਾ ਸੰਗਰੂਰ 9877358044
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly