ਧਰਮ ਬਨਾਮ ਔਰਤ

ਅਮਨ ਜੱਖਲਾਂ

(ਸਮਾਜ ਵੀਕਲੀ)

ਸਭ ਧਰਮਾਂ ਦੇ ਮੋਢੀ ਤੁਹਾਨੂੰ ਪੁਰਸ਼ ਹੀ ਮਿਲਣਗੇ ਕਿਉਂਕਿ ਲਗਭਗ ਸਾਰੇ ਧਰਮ, ਮਰਦ ਪ੍ਰਧਾਨ ਸਮਾਜ ਵਿੱਚੋਂ ਪੈਦਾ ਹੋਏ ਅਤੇ ਔਰਤ ਉੱਤੇ ਥੋਪ ਦਿੱਤੇ ਗਏ। ਮਾਨਵ ਇਤਿਹਾਸ ਦੀ ਸਭ ਤੋਂ ਵੱਡੀ ਤ੍ਰਾਸਦੀ ਉਸ ਸਮੇਂ ਵਾਪਰੀ ਜਦੋਂ ਔਰਤ ਨੇ ਇਸ ਕੂੜ ਝੂਠ ਨੂੰ ਸਵਿਕਾਰ ਕਰ ਲਿਆ। ਅਸੀਂ ਆਮ ਜਿੰਦਗੀ ਵਿੱਚ ਵੀ ਮਹਾਪੁਰਸ਼, ਬ੍ਰਹਿਮਗਿਆਨੀ ਵਰਗੇ ਸ਼ਬਦ ਸੁਣਦੇ ਹਾਂ, ਕੀ ਕਦੇ ਕਿਸੇ ਨੇ ਮਹਾਂ-ਔਰਤ ਜਾਂ ਬ੍ਰਹਿਮਗਿਆਨਣ ਸ਼ਬਦ ਸੁਣਿਆ ਹੈ?

ਨਹੀਂ ਸੁਣਿਆ ਹੋਵੇਗਾ, ਕਿਉਂਕਿ ਲੁੱਟ ਖਾਣੀ ਜਮਾਤ ਨੇ ਇਹ ਹੱਕ ਸਿਰਫ਼ ਆਪਣੇ ਕੋਲ ਹੀ ਰੱਖਿਆ। ਚਲਾਕ ਮਰਦ, ਇੱਕ ਔਰਤ ਲਈ ਉਸ ਦਾ ਪਤੀ ਹੀ ਪਰਮੇਸ਼ਰ ਤਹਿ ਕਰਕੇ, ਖੁਦ ਬ੍ਰਹਮ ਦੀ ਖੋਜ ਵਿੱਚ ਨਿੱਕਲ ਪਿਆ। ਮਿਲਣਾ ਭਲਾ ਕੀ ਸੀ? ਮਿਲ ਤਾਂ ਉਹੀ ਸਕਦਾ ਹੈ ਜੋ ਹੋਵੇ, ਜੋ ਕਿਧਰੇ ਮੌਜੂਦ ਹੀ ਨਹੀਂ, ਉਸ ਦੇ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਜੰਗਲ ਬੇਲੇ ਭਟਕਣ ਤੋਂ ਬਾਅਦ ਥੱਕੇ ਹਾਰੇ ਖੋਜੀ ਨੇ, ਆਪਣੇ ਜੀਵਨ ਨੂੰ ਆਰਾਮ ਦੇਣ ਲਈ ਕੁਝ ਨਿਯਮ ਘੜ ਲਏ, ਜਿਸ ਵਿੱਚ ਔਰਤ ਦੇ ਹਿੱਸੇ ਸਿਰਫ਼ ਦਾਸੀਵਾਦ ਆਇਆ, ਜੋ ਅੱਗੇ ਚੱਲ ਕੇ ਔਰਤ ਦੇ ਸਰੀਰਕ ਅਤੇ ਮਾਨਸਿਕ ਸ਼ੋਸ਼ਣ ਦਾ ਸਭ ਤੋਂ ਵੱਡਾ ਕਾਰਨ ਬਣਿਆ।

ਸਿੱਧੇ ਸਿੱਧੇ ਸ਼ਬਦਾਂ ਵਿੱਚ ਧਰਮ, ਔਰਤਾਂ ਅਤੇ ਗਰੀਬਾਂ ਲਈ ਗੁਲਾਮੀ ਦੀਆਂ ਬੇੜੀਆਂ ਲੈ ਕੇ ਆਇਆ। ਇਸ ਧਰਮ ਨਾਮ ਦੀ ਖੂੰਖਾਰ ਚੱਕੀ ਵਿੱਚ ਔਰਤ ਸਦੀਆਂ ਸਦੀਆਂ ਤੋਂ ਪਿਸਦੀ ਰਹੀ। ਕਿਸੇ ਅਖਾਉਤੀ ਭਗਵਾਨ ਨੇ ਆ ਕੇ ਔਰਤ ਨੂੰ ਇਸ ਦਲਦਲ ਵਿੱਚੋਂ ਕੱਢਣ ਦਾ ਯਤਨ ਨਾ ਕੀਤਾ। ਫਿਰ ਮਾਨਵ ਇਤਿਹਾਸ ਵਿੱਚ ਇੱਕ ਅਜਿਹਾ ਸਮਾਂ ਆਇਆ ਜਦੋਂ ਇਸ ਧਰਤੀ ‘ਤੇ ਮਹਾਨ ਬੁੱਕਰ ਟੀ ਵਾਸਿੰਗਟਨ, ਮਾਰਟਿਨ ਲੂਥਰ ਕਿੰਗ ਜੂਨੀਅਰ, ਅਬਰਾਹਮ ਲਿੰਕਨ, ਡਾ. ਬੀ ਆਰ ਅੰਬੇਡਕਰ ਅਤੇ ਨੈਲਸਨ ਮੰਡੇਲਾ ਵਰਗੇ ਸੰਗਰਾਮੀ ਪੈਦਾ ਹੋਏ। ਜਿੰਨਾਂ ਦੇ ਮਹਾਨ ਯਤਨਾਂ ਸਦਕਾ ਸ਼ੋਸਿਤ ਵਰਗਾਂ ਨੂੰ ਮਨੁੱਖ ਹੋਣ ਦਾ ਦਰਜਾ ਮਿਲਿਆ ਜਿਸ ਵਿੱਚ ਵਿਸ਼ਵ ਦੀਆਂ ਸਾਰੀਆਂ ਔਰਤਾਂ ਸ਼ਾਮਿਲ ਹਨ।

ਮਾਨਵ ਇਤਿਹਾਸ ਵਿੱਚ ਧਰਮ ਦੁਆਰਾ ਜਿੰਨਾਂ ਸ਼ੋਸ਼ਣ ਔਰਤ ਦਾ ਕੀਤਾ ਗਿਆ ਹੈ, ਉਨ੍ਹਾਂ ਹੋਰ ਕਿਸੇ ਜਮਾਤ ਦਾ ਨਹੀਂ ਹੋਇਆ।ਕਿੰਨੀ ਖੁਸ਼ੀ ਦੀ ਗੱਲ ਹੈ ਕਿ ਅੱਜ ਔਰਤਾਂ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਡਾਕਟਰ, ਜੱਜ, ਵਿਗਿਆਨੀ ਸਭ ਜਗ੍ਹਾ ਬਿਰਾਜਮਾਨ ਹੋ ਰਹੀਆਂ ਹਨ, ਜੋ ਲਿੰਗੀ ਮਤਭੇਦ ਦੇ ਨਸ਼ਟ ਹੋਣ ਦੀ ਸਭ ਤੋਂ ਵੱਡੀ ਉਦਾਹਰਣ ਹੈ। ਮੇਰਾ ਮੰਨਣਾ ਹੈ ਕਿ ਜਿਵੇਂ ਜਿਵੇਂ ਵਿਸ਼ਵ ਭਰ ਦੀ ਔਰਤ ਇਸ ਧਰਮ ਨਾਮ ਦੀ ਬੇੜੀ ਨੂੰ ਤੋੜਦੀ ਜਾਵੇਗੀ, ਸਮੁੱਚੀ ਮਨੁੱਖਤਾ ਵਿੱਚ ਗਿਆਨ ਦਾ ਪ੍ਰਕਾਸ਼ ਫੈਲਦਾ ਜਾਵੇਗਾ…

ਅਮਨ ਜੱਖਲਾਂ

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBelgium expels 21 Russian diplomats
Next articlePutin, Macron discuss situation in Ukraine over phone