ਸਤਨਾਮ ਕੌਰ ਤੁਗਲਵਾਲਾ
(ਸਮਾਜ ਵੀਕਲੀ) ਧਰਮ ਮਨੁੱਖ ਦਾ ਬੇਹੱਦ ਨਿੱਜੀ ਤੇ ਸੰਵੇਦਨਸ਼ੀਲ ਮਾਮਲਾ ਏ। ਇਸਦੀ ਹੋਂਦ ਵੀ ਮਨੁੱਖੀ ਸਭਿਅਤਾ ਜਿੰਨੀ ਪੁਰਾਣੀ ਏ। ਜਿਵੇਂ ਜਿਵੇਂ ਸਭਿਅਤਾ ਦਾ ਵਿਕਾਸ ਹੁੰਦਾ ਗਿਆ, ਮਨੁੱਖੀ ਜ਼ਰੂਰਤਾਂ ਵਿੱਚ ਤਬਦੀਲੀ ਆਉਂਦੀ ਗਈ, ਤਿਵੇਂ ਤਿਵੇਂ ਧਰਮ ਦੀਆਂ ਮਾਨਤਾਵਾਂ ਵੀ ਬਦਲਦੀਆਂ ਰਹੀਆਂ । ਪਹਿਲਾਂ ਮਨੁੱਖ ਜਿਹਨਾਂ ਚੀਜ਼ਾਂ ਤੋਂ ਡਰਦਾ ਸੀ ਉਹਨਾਂ ਦਾ ਪੂਜਕ ਬਣਿਆ।ਫਿਰ ਜੋਂ ਚੀਜ਼ਾਂ ਜੀਵਨ ਰੇਖਾ ਦਾ ਕੰਮ ਕਰਦੀਆਂ ਸਨ ਸ਼ਕਤੀ, ਉਤਪੱਤੀ ਦੀਆਂ ਸਿਰਜਕ ਬਣੀਆਂ ਉਹਨਾਂ ਦੀ ਪੂਜਾ ਅਰੰਭ ਹੋਈ। ਅੱਗ,ਬਿਜਲੀ,ਮੀਂਹ ,ਧਰਤੀ,ਨਦੀ,ਇਸਤਰੀ (ਦੇਵੀ) ਦੀ ਪੂਜਾ ਇਸੇ ਲੜੀਬੱਧ ਕ੍ਰਮ ਦਾ ਹਿੱਸਾ ਹਨ। ਧਰਮ ਵਿੱਚ ਦੰਭ ਦਾ ਆਉਣਾ ਸ਼ਕਤੀ ਵਿਸਥਾਰ ਦਾ ਹਥਿਆਰ ਸੀ। ਸੱਤਾਧਾਰੀਆਂ ਤੇ ਪੁਜਾਰੀ ਵਰਗ ਦਾ ਕਦੇ ਗਠਜੋੜ ਤੇ ਕਦੇ ਸ਼ਕਤੀ ਪ੍ਰਾਪਤ ਕਰਨ ਲਈ ਘੋਲ ਮਨੁੱਖੀ ਇਤਿਹਾਸ ਦਾ ਹਿੱਸਾ ਰਿਹਾ ਏ।ਇਹ ਵਰਤਾਰਾ ਦੁਨੀਆਂ ਦੀਆਂ ਸਾਰੀਆਂ ਸਭਿਆਤਾਵਾਂ ਦਾ ਹਿੱਸਾ ਹੈ ਭਾਵੇਂ ਉਹ ਏਸ਼ੀਆ ਏ ਜਾਂ ਯੂਰਪ ਬਹੁਤਾ ਫਰਕ ਨਹੀਂਭਾਵੇ ਗੁਪਤ ਕਾਲ ਦਾ ਸਮਾਂ ਸੀ ਜਾਂ ਯੂਰਪ ਵਿੱਚ ਪੋਪ ਵਰਗ ਦੇ ਸ਼ਕਤੀਸ਼ਾਲੀ ਹੋਣ ਦਾ ਯੁੱਗ।ਭਾਰਤੀ ਅਧਿਆਤਮਕਤਾ ਵੈਰਾਗ ਤੇ ਦੁਨੀਆਂ ਤੋ ਉਪਰਾਮਤਾ ਵਿਚ ਲਿਪਟੀ ਰਹੀਂ ਏ।ਜਦ ਕਿ ਪੱਛਮ ਦਾ ਅਧਿਆਤਮਵਾਦ ਭੌਤਿਕ ਵਾਤਾਵਰਨ ਵਿਚ ਲਿਪਟਿਆ ਹੈ। ਪੱਛਮ ਵਿਚ ਚਰਚ ਨੇ ਰਾਜ ਨੂੰ ਧਰਮ ਦੇ ਕਬਜ਼ੇ ਵਿਚ ਰੱਖਣ ਦੀ ਕੋਸ਼ਿਸ਼ ਕੀਤੀ।ਇਸਦੇ ਉਲਟ ਭਾਰਤੀ ਰਿਸ਼ੀਆਂ ਨੇ ਰਾਜਨੀਤੀ ਤੋਂ ਦੂਰੀ ਬਣਾ ਕੇ ਰਾਜਨੀਤੀ ਵਿਚ ਦਖ਼ਲ ਅੰਦਾਜ਼ੀ ਨਾ ਕਰਨ ਵਾਲਾ ਰਾਹ ਅਪਣਾਇਆ। ਜੋਗੀ,ਸਿੱਧ ਤੇ ਵੱਖ਼ਰੇ ਵੱਖਰੇ ਧਾਰਮਕ ਲੋਕ ਨਿੱਜ ਧਰਮ ਵਿੱਚ ਹੀ ਲੀਨ ਰਹੇ।ਇਤਿਹਾਸ ਗਵਾਹ ਹੈ ਧਰਮ ਵਿੱਚ ਦੰਭ ਲੋਕਾਂ ਨੂੰ ਬੇਵਕੂਫ ਬਣਾ ਕੇ ਵਧੇਰੇ ਸ਼ਕਤੀਸ਼ਾਲੀ ਹੋਣ ਦਾ ਰਿਹਾ ਹੈ।ਹੈਰਾਨੀ ਦੀ ਗੱਲ ਹੈ ਗਿਆਨ, ਵਿਗਿਆਨ ਦੀ ਅਥਾਹ ਤਰੱਕੀ,ਵੱਖ ਵੱਖ ਸਮੇਂ ਪੈਂਦਾ ਹੋਈਆਂ ਲਹਿਰਾਂ, ਫ਼ਲਸਫ਼ੇ ਮਨੁੱਖੀ ਜੀਵਨ ਵਿੱਚ ਧਰਮ ਦੀ ਮਹੱਤਤਾ ਨਹੀਂ ਘਟਾ ਸਕੇ। ਇਸਦਾ ਕਾਰਨ? ਸਪਸ਼ਟ ਏ ਇਸਦੀ ਲੋੜ ਖਤਮ ਨਹੀਂ ਹੋਈ। ਸਦੀਆਂ ਬੀਤਣ ਤੇ ਵੀ ਬਾਹਰੀ ਵਿਕਾਸ ਦੇ ਸਿਖਰਲੇ ਡੰਡੇ ਤੇ ਬੈਠਣ ਦੇ ਬਾਵਜੂਦ ਵੀ ਅੰਦਰੂਨੀ ਤੌਰ ਤੇ ਮਨੁੱਖ ਦੀਆਂ ਲੋੜਾਂ ਜਿਉ ਦੀਆਂ ਤਿਉਂ ਕਾਇਮ ਨੇ। ਮਨੁੱਖ ਨੂੰ ਆਪਣੀ ਪੈਦਾਇਸ਼ ਤੋਂ ਲੈ ਕੇ ਮੌਤ ਤੱਕ ਦਾ ਜੀਵਨ ਜਿਉਂਦਿਆਂ ਕਦਮ ਕਦਮ ਤੇ ਮਿਲਦੀਆਂ ਅੰਦਰੂਨੀ ਚੁਣੌਤੀਆਂ ਨਾਲ ਨਜਿੱਠਣ ਲਈ ਆਤਮਿਕ ਬਲ ਦੀ ਲੋੜ ਪੈਂਦੀ ਹੈ।ਹਰਖ, ਸੋਗ, ਉਚੇਰੇ ਨਿਸ਼ਾਨੇ, ਜੀਵਨ ਨਿਰਬਾਹ ਅਨੇਕਾਂ ਮੌਕੇ ਨੇ ਜਦੋਂ ਰਾਜੇ ਤੋਂ ਲੈ ਕੇ ਭਿਖਾਰੀ ਤੱਕ ਕਦੇ ਘੋਰ ਨਿਰਾਸ਼,ਕਦੇ ਬੇਬੱਸ ਕਦੇ ਸ਼ਕਤੀਹੀਣ ਮਹਿਸੂਸ ਕਰਦੇ ਹਨ। ਅਜਿਹੇ ਸਮੇਂ ਬਾਹਰੀ ਲੜਾਈ ਦੇ ਨਾਲ ਨਾਲ ਅੰਦਰੂਨੀ ਬਲ ਵੀ ਚਾਹੀਦਾ ਹੁੰਦਾ। ਇਹੀ ਪਲ ਮਨੁੱਖ ਨੂੰ ਧਰਮ ਵੱਲ ਖਿੱਚਦੇ ਹਨ। ਇੱਕ ਆਮ ਇਨਸਾਨ ਦਾ ਧਰਮ ਦੇ ਗੁੰਝਲਦਾਰ ਰਹੱਸਾਂ ਨੂੰ ਜਾਨਣ ਜਾਂ ਸਮਝਣ ਵੱਲ ਕੋਈ ਬਹੁਤਾ ਝੁਕਾਅ ਨਹੀ ਹੁੰਦਾ, ਨਾ ਦਿਲਚਸਪੀ ਹੁੰਦੀ ਏ। ਉਹ ਬਸ ਸੰਕਟ ਵੇਲੇ ਸਹਾਰੇ ਹੀ ਭਾਲਦਾ ਏ। ਗੂੜ ਰਹੱਸ,ਆਪੇ ਦੀ ਖੋਜ,ਸੱਚ ਜਾਨਣ ਦੀ ਜਗਿਆਸਾ ਵਿਰਲੇ ਮਨੁੱਖਾਂ ਅੰਦਰ ਹੀ ਪੈਂਦਾ ਹੋਈ ਤੇ ਸਦਾ ਮੁੱਠੀ ਭਰ ਲੋਕਾਂ ਵਿੱਚ ਹੀ ਰਹੇਗੀ। ਬਹੁਗਿਣਤੀ ਦਾ ਇਸ ਸਭ ਨਾਲ ਕੋਈ ਲੈਣਾ ਦੇਣਾ ਨਾ ਕਦੇ ਸੀ, ਨਾ ਹੋਵੇਗਾ।
ਸਮਾਂ ਬਦਲਣ ਨਾਲ ਦੰਭੀ ਤੇ ਭੇਖੀ ਲੋਕਾਂ ਦੇ ਹਥਿਆਰ ਵੀ ਬਦਲ ਰਹੇ ਹਨ। ਕਦੇ ਕਦੇ ਸਮਝ ਨਹੀਂ ਆਉਂਦੀ ਕਿ ਹਰ ਪਿੰਡ ਵਿੱਚ ਸਕੂਲ ਭਾਵੇ ਹੋਵੇ ਜਾਂ ਨਾ ਹੋਵੇ ਹਰ ਪਿੰਡ ਵਿੱਚ ਦੋ ਤਿੰਨ ਧਾਰਮਕ ਥਾਵਾਂ ਜਰੂਰ ਮਿਲ ਜਾਣਗੀਆਂ। ਇਹ ਵਰਤਾਰਾ ਸਾਰੇ ਦੇਸ਼ ਵਿਚ ਏ।ਜੇ ਇੰਨਾ ਧਰਮ ਦਾ ਪ੍ਰਚਾਰ ਹੋ ਰਿਹਾ ਤਾਂ ਇੰਨਾ ਅਪਰਾਧ, ਨਸ਼ਾ, ਰੋਗ ਕਿਉ ਨੇ? ਸੱਪਸ਼ਟ ਏ ਧਾਰਮਕ ਥਾਵਾਂ ਲੋਕਾਂ ਦਾ ਕੁਝ ਨਹੀਂ ਸਵਾਰ ਰਹੀਆਂ ਸਿਰਫ ਬਨਾਉਣ ਵਾਲਿਆਂ ਦੀਆਂ ਜਾਇਦਾਦਾਂ ਵਿੱਚ ਵਾਧਾ ਕਰ ਰਹੀਆਂ। ਲੋਕ ਹਿੱਤ ਤੇ ਸਮਾਜ ਨੂੰ ਰਾਹ ਦਿਖਾਉਣ ਵਾਲਾ ਰਾਹ ਸੱਤਾ ਧਿਰਾਂ ਨਾਲ ਟਕਰਾਅ ਪੈਂਦਾ ਕਰਦਾ। ਇਹ ਰਾਹ ਤੱਤੀ ਤਵੀ,ਚਾਂਦਨੀ ਚੌਂਕ ਜਾਂ ਮਾਛੀਵਾੜੇ ਵਾਲੇ ਜੰਗਲਾਂ ਵੱਲ ਲੈ ਜਾਂਦਾ ਜਾਂ ਕੁਰਕਸ਼ੇਤਰ ਦੇ ਮੈਦਾਨ ,ਤੇ ਸਲੀਬ ਤੇ ਜਾ ਮੁੱਕਦਾ। ਅੱਜ ਸਮਾਜ ਵਿੱਚ ਹੱਦੋ ਵੱਧ ਅਨੈਤਿਕਤਾ, ਜ਼ੁਲਮ,ਇਸਤਰੀ ਜਾਤੀ ਤੇ ਬੇਹੱਦ ਘਿਨੌਣੇ ਜੁਰਮ ਹੋ ਰਹੇ ਹਨ। ਕੀ ਕਦੇ ਕਿਸੇ ਧਾਰਮਿਕ ਡੇਰੇ, ਸੰਪਰਦਾ ਵੱਲੋ ਕਿਸੇ ਮੰਦਭਾਗੀ ਘਟਨਾ ਖ਼ਿਲਾਫ਼ ਕੋਈ ਬਿਆਨ ਜਾਰੀ ਹੋਇਆ। ਜਾਂ ਕਿਸੇ ਨੇ ਅਪਰਾਧਿਕ ਮਾਮਲਿਆਂ ਵਿਚ ਲਿਪਤ ਕਿਸੇ ਨੇਤਾ ਨੂੰ ਆਪਣੇ ਦਰਬਾਰ ਵਿਚ ਆਉਣ ਦੀ ਮਨਾਹੀ ਕੀਤੀ ਹੈ ?ਹੋ ਸਕਦਾ ਮੈਨੂੰ ਹੀ ਨਾ ਪਤਾ ਹੋਵੇ।ਕਿਰਪਾ ਕਰਕੇ ਇਸ ਬਾਬਤ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਜ਼ਰੂਰ ਸਾਂਝੀ ਕਰਿਓ।ਧਨਵਾਦੀ ਹੋਵਾਂਗੀ।ਸਿੱਖ ਧਰਮ ਦਾ ਆਗਮਨ ਅਗਿਆਨਤਾ,ਪਖੰਡ, ਕਰਮਕਾਂਡ ਦੇ ਵਿਰੁੱਧ ਹੋਇਆ। ਪਹਿਲੇ ਦਿਨ ਤੋਂ ਹੀ ਗੁਰੂ ਸਾਹਿਬਾਨ ਨੇ ਹਾਕਮ ਧਿਰ ਦੇ ਜ਼ੁਲਮਾਂ ਵਿਰੁੱਧ ਅਵਾਜ਼ ਉਠਾਈ। ਬਾਬਰਬਾਣੀ ਇਸਦੀ ਪ੍ਰਤੱਖ ਉਦਾਹਰਨ ਹੈ। ਜ਼ਾਲਮਾਂ ਨੂੰ ਹੀ ਨਹੀਂ ਵੰਗਾਰਿਆ ਸਗੋਂ ਰੱਬ ਨੂੰ ਵੀ ਖ਼ਲਕਤ ਦੀ ਦੁਖੀ ਹਾਲਤ ਦੇਖ ਕੇ ਉਲਾਹਮਾ ਦਿੱਤਾ ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ। ਧਰਮ ਨੂੰ ਆਮ ਮਨੁੱਖ ਦੇ ਜੀਵਨ ਨਾਲ ਜੋੜਿਆ। ਧਾਰਮਿਕ ਜੀਵਨ ਜਿਉਣ ਦੀ ਜਾਚ ਦੱਸੀ,ਪਰ ਦੁਨੀਆਂ ਵਿੱਚ ਰਹਿ ਕੇ ਤਿਆਗ ਕੇ ਨਹੀਂ।ਹੱਥੀ ਕਿਰਤ ਕੀਤੀ,ਵੰਡ ਛਕਿਆ ਤੇ ਛਕਾਇਆ।ਅੱਜ ਸਿੱਖੀ ਦਾ ਭੇਸ ਧਾਰਨ ਕਰੀ ਬੈਠੇ ਕਿੰਨੇ ਕੁ ਬਾਬੇ ਨੇ ਜਿਹਨਾਂ ਦੇ ਜੀਵਨ ਤੋਂ ਲੋਕਾਂ ਨੂੰ ਸੇਧ ਮਿਲ ਰਹੀ ਏ। ਪਹਿਲੇ ਪੰਜ ਗੁਰੂਆਂ ਤੋਂ ਬਾਦ ਸਮੇਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਛੇਵੇਂ ਪਾਤਸ਼ਾਹ ਨੇ ਮੀਰੀ ਤੇ ਪੀਰੀ ਧਾਰਨ ਕਰਕੇ ਸਿੱਖਾਂ ਦੀ ਧਾਰਮਿਕ ਤੇ ਸੰਸਾਰਕ ਦੋਵੇ ਤਰ੍ਹਾਂ ਅਗਵਾਈ ਕਰਨ ਦੀ ਪਿਰਤ ਤੋਰੀ। ਬਹੁਤੇ ਧਾਰਮਿਕ ਡੇਰੇ ਗੁਰੂਆਂ ਦੇ ਸ਼ਰਧਾਲੂ ਹੋਣ ਦਾ ਦੰਭ ਤਾਂ ਕਰਦੇ ਹਨ ਪਰ ਪੰਜਵੇ ਗੁਰੂ ਤੱਕ ਦਾ ਨਾਂ ਲੈਂਦੇ ਜਾਂ ਨੌਵੇ ਪਾਤਸ਼ਾਹ ਦਾ। ਗੁਰੂ ਹਰਿਗੋਬਿੰਦ ਜੀ ਤੇ ਗੁਰੂ ਗੋਬਿੰਦ ਸਿੰਘ ਤੋਂ ਪਰਹੇਜੀ ਨੇ।ਕਿਉਕਿ ਇਹ ਹਾਕਮ ਧਿਰ ਨਾਲ ਟਕਰਾਅ ਪੈਂਦਾ ਕਰਦੇ ਨੇ। ਇਹਦੇ ਨਾਲ ਨੁਕਸਾਨ ਦਾ ਖਤਰਾ ਏ, ਸੱਤਾਧਾਰੀਆਂ ਨਾਲ ਸਾਂਝ ਟੁੱਟ ਸਕਦੀ ਏ।ਬਹੁਤੇ ਡੇਰਿਆਂ ਵਿੱਚ ਸਕੂਲ,ਕਾਲਜ, ਹਸਪਤਾਲ ਤੇ ਹੋਰ ਬਹੁਤ ਸਾਰੇ ਕਾਰੋਬਾਰ ਸਥਾਪਤ ਨੇ ।ਜੋ ਲੈਕ ਭਲਾਈ ਹੇਠ ਆਮਦਨ ਤੇ ਪਰਦਾ ਪਾਉਂਦੇ ਨੇ। ਇਹਨਾਂ ਸ਼ਕਤੀਸ਼ਾਲੀ ਡੇਰਿਆਂ ਦੇ ਅੰਦਰੂਨੀ ਵਾਤਾਵਰਨ ਵਿਚ ਬਹੁਤਾ ਕੁਝ ਰਹੱਸਮਈ ਏ ਤੇ ਨਜ਼ਦੀਕ ਗਿਆ ਭੈਅ ਮਹਿਸੂਸ ਹੁੰਦਾ। ਸੋਸ਼ਲ ਮੀਡੀਆ ਤੇ ਨਿੱਤ ਨਵੇਂ ਸਾਧ, ਸਾਧਣੀਆਂ, ਅਜੀਬੋ ਗਰੀਬ ਪਖੰਡ ਕਰਦੇ ਨਜ਼ਰ ਆਉਂਦੇ ਨੇ। ਜਿਨਾਂ ਨੂੰ ਵੇਖ ਕੇ ਆਪ ਮੁਹਾਰੇ ਹੀ ਮਾਣਕ ਦੀ ਕਲੀ ਕੰਨਾਂ ਵਿਚ ਗੂੰਜਣ ਲੱਗਦੀ ਏ। ਜਦੋਂ ਰਾਂਝਾ ਜੋਗੀ ਦਾ ਭੇਸ ਧਾਰ ਕੇ ਹੀਰ ਦੇ ਬੂਹੇ ਤੇ ਜੋਗੀ ਬਣ ਕੇ ਮੰਗਣ ਜਾਂਦਾ ਤਾਂ ਹੀਰ ਦੀ ਨਨਾਣ ਰਾਂਝੇ ਦੀ ਸ਼ਕਲ ਵੇਖ ਕੇ ਕਹਿੰਦੀ ਏ,ਨਾ ਤੇਰੀ ਸ਼ਕਲ ਫ਼ਕੀਰਾਂ ਵਾਲੀ ਤੇ ਨਾ ਏ ਤੋਰ ਜੋਗੀਆ। ਬਹੁਤਾ ਧਰਮ ਦੰਭ ਹੇਠ ਦੱਬਿਆਂ ਜਾ ਰਿਹਾ।ਅਗਿਆਨੀ ਤੇ ਮੂਰਖ ਜਨਤਾ ਦੀ ਹੱਕ ਹਲਾਲ ਦੀ ਕਮਾਈ ਤੇ ਵਿਹਲੜ ਤੇ ਪਖੰਡੀ ਮੌਜਾਂ ਲੁੱਟ ਰਹੇ ਨੇ। ਲੋੜ ਹੈ ਮੇਮਣਿਆਂ ਦੇ ਭੇਸ ਵਿਚਲੇ ਬਘਿਆੜਾਂ ਨੂੰ ਪਛਾਣਨ ਦੀ,ਤੇ ਧਰਮ ਦੇ ਸੱਚੇ ਮਾਰਗ ਨੂੰ ਜਾਨਣ ਦੀ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly