(ਸਮਾਜ ਵੀਕਲੀ)– ਪ੍ਰਭ ਨੇ ਇੱਕ ਦਮ ਕਿਤਾਬ ਬੰਦ ਕੀਤੀ ਤੇ ਭੱਜਾ-ਭੱਜਾ ਮੋਬਾਇਲ ਲੈ ਕੇ ਮੇਰੇ ਕੋਲ ਆ ਗਿਆ… ਤੇ ਕਹਿੰਦਾ ਮੰਮੀ ਜੀ ਮਾਸੀ ਜੀ ਦਾ ਫੋਨ ਆਇਆ ਆ….ਨਾਲ ਹੀ ਰੋਣ ਵਾਲਾ ਮੂੰਹ ਜਿਹਾ ਬਣਾ ਕੇ ਖੜ੍ਹ ਗਿਆ… ਮੈਂ ਫੋਨ ਤੇ ਗੱਲ ਕਰ ਰਹੀ ਸੀ ਤੇ ਨਾਲ ਹੀ ਇਹਨੂੰ ਦੇਖ ਰਹੀ ਸੀ… ਜਦੋਂ ਗੱਲ ਕਰਦੇ 4-5 ਮਿੰਟ ਬੀਤ ਗਏ ਪ੍ਰਭ ਹੱਥ ਜੋੜਨ ਲੱਗ ਗਿਆ ਪਲੀਜ਼ ਮੰਮੀ ਕੱਟ ਦਿਓ ਫੋਨ.. ਮੈਂ ਹਾਂ ਚ ਸਿਰ ਹਿਲਾ ਕੇ ਹੱਥ ਦੀਆਂ ਦੋ ਉਗਲਾਂ ਦਾ ਇਸ਼ਾਰਾ ਕੀਤਾ ਬਸ ਪੁੱਤ ਦੋ ਮਿੰਟ… ਅੱਗੋਂ ਬੁਸ- ਬੁਸ ਕਰਦਾ ਕਹਿਣ ਲੱਗਾ, “” ਕੀ ਆ?ਕਦੇ ਮਾਸੀ ਦਾ ਫੋਨ ਆ ਜਾਂਦਾ ਆ, ਕਦੇ ਭੂਆ ਦਾ, ਕਦੇ ਨਾਨੀ ਦਾ, ਕਦੇ ਮਾਮੂ ਦਾ… ਮੈਂ ਆਪਣੀ ਭੈਣ ਨੂੰ ਕਿਹਾ ਮੇਰਾ ਪੁੱਤ ਗੁੱਸੇ ਹੋ ਗਿਆ ਹੁਣ ਬਾਏ ਰਾਤ ਨੂੰ ਕਰਦੇ ਆ ਗੱਲ|
ਮੇਰੇ ਹੱਥੋਂ ਫੋਨ ਫੜਦੇ ਹੋਏ ਪ੍ਰਭ ਨੇ ਕਿਹਾ , “ਮੈਂ ਹੁਣ ਡੋਂਟ- ਡਿਸ੍ਟਰਬ ਲੱਗਾ ਦੇਣਾ ਆ ਜਿਹੜਾ ਕਿਸੇ ਦਾ ਫੋਨ ਹੀ ਨਾ ਆਵੇ… ਨਾ ਐਨੇ ਰਿਸ਼ਤੇਦਾਰ ਹੁੰਦੇ.. ਨਾ ਹੀ ਕਿਸੇ ਦਾ ਫੋਨ ਆਓਂਦਾ!! ” ਪ੍ਰਭ ਤੇ ਇਹ ਗੱਲ ਕਹਿ ਕੇ ਚਲਾ ਗਿਆ ਪਰ ਮੈਨੂੰ ਸੋਚਾਂ ਵਿੱਚ ਪਾ ਗਿਆ… ਕੀ ਸਮਝਾਉਂਦੀ ਓਹਨੂੰ ਕਿ ਰਿਸ਼ਤੇ ਤੇ ਪਹਿਲਾਂ ਹੀ ਮੁੱਕਦੇ ਜਾ ਰਹੇ ਨੇ… ਸਾਡੇ ਦਾਦਾ- ਦਾਦੀ ਦੇ ਵੇਲੇ 9-10 ਧੀਆਂ-ਪੁੱਤਰ ਤੇ ਆਮ ਜਹੀ ਗੱਲ ਹੁੰਦੀ ਸੀ… ਕੋਈ ਚਾਚਾ, ਕੋਈ ਤਾਇਆ, ਕੋਈ ਭੂਆ, ਕੋਈ ਮਾਸੀ… ਜਿੰਨੇ ਬੱਚੇ ਓਨੇ ਰਿਸ਼ਤੇ… ਫੇਰ ਸਾਡੇ ਡੈਡੀ-ਮੰਮੀ ਦਾ ਵੇਲਾ ਆਇਆ 3-4 ਬੱਚੇ ਰਹਿ ਗਏ ਫੇਰ ਵੀ ਅੱਧੇ ਕੁ ਰਿਸ਼ਤੇ ਬਚ ਗਏ ਸੀ…. ਫੇਰ ਆਇਆ ਵੇਲਾ ਹਮ ਦੋ ਹਮਾਰੇ ਦੋ ਦਾ ਜੇ ਕਿਸੇ ਦੇ ਦੋ ਮੁੰਡੇ ਹੋ ਗਏ ਓਥੇ ਬਚ ਗਿਆ ਚਾਚੇ-ਤਾਏ ਦਾ ਰਿਸ਼ਤਾ… ਜੇ ਦੋ ਕੁੜੀਆਂ ਤੇ ਮਾਸੀਆਂ ਦਾ ਰਿਸ਼ਤਾ ਬਚ ਗਿਆ…. ਤੇ ਜੇ ਹੋ ਗਿਆ ਮੁੰਡਾ-ਕੁੜੀ ਤੇ ਫੇਰ ਮਾਮੇ-ਭੂਆ ਦਾ ਰਿਸ਼ਤਾ ਬਚ ਗਿਆ ਚਲੋ ਪਹਿਚਾਣ ਬਣੀ ਰਹਿ ਗਈ ਮਾੜੀ ਮੋਟੀ… ਪਰ ਹੁਣ ਤੇ ਮਹਿੰਗਾਈ ਬਹੁਤ ਵੱਧ ਗਈ ਇਸ ਦੌਰ ਚ ਹਮ ਦੋ ਹਮਾਰਾ ਏਕ ਹੀ ਬਹੁਤ ਆ…..ਪਰ ਮੈਨੂੰ ਇਹ ਮੁੱਕਦੇ ਜਾਂਦੇ ਰਿਸ਼ਤਿਆਂ ਦਾ ਵਿਸ਼ਾ ਚਿੰਤਾ ਵਿੱਚ ਪਾ ਗਿਆ!!
ਸਰਬਜੀਤ ਕੌਰ ਹਾਜੀਪੁਰ
ਸ਼ਾਹਕੋਟ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly