ਮੋਹ ਦੇ ਰਿਸ਼ਤੇ

ਸਤਨਾਮ ਸ਼ਦੀਦ ਸਮਾਲਸਰ

(ਸਮਾਜ ਵੀਕਲੀ)-ਮੱਘਰ ਦਾ ਮਹੀਨਾ ਸੀ । ਆਥਣ ਸਵੇਰ ਵਾਹਵਾ ਠੰਡ ਹੋ ਜਾਂਦੀ ਸੀ। ਲੋਕਾਂ ਨੂੰ ਰਜਾਈਆਂ ਲੈ ਕੋਠਿਆਂ ‘ਚ ਸੌਣਾ ਪੈਂਦਾ ਸੀ। ਮੈਂ  ਪੰਜਾਬੀ ਯੂਨੀਵਰਸਿਟੀ ਪਟਿਆਲੇ ਆਵਦੀ ਐਮ.ਏ ਡਿਗਰੀ ਲੈਣ ਗਿਆ ਹੋਇਆ ਸੀ । ਉੱਥੋਂ ਆਉਂਦਿਆਂ ਕੁਵੇਲਾ ਹੋ ਗਿਆ ਪਿੰਡ ਅਪੜਨਾ ਬਹੁਤ ਮੁਸ਼ਕਲ ਸੀ ਏਸ ਵੇਲੇ ਤੱਕ ਪਿੰਡ ਨੂੰ ਕੋਈ ਬੱਸ ਗੱਡੀ ਵੀ ਨਹੀਂ ਜਾਂਦੀ ਸੀ ਕਿਉਂ ਕਿ ਪਿੰਡ ਸ਼ਹਿਰ ਤੋਂ ਦੂਰ ਲਿੰਕ ਰੋਡ ‘ਤੇ ਪੈਂਦਾ ਸੀ। ਰਾਹ ਵਿੱਚ ਭਾਪੇ ਦੇ ਨਾਨਕਿਆਂ ਦਾ ਪਿੰਡ ਆਉਂਦਾ ਸੀ ਜਿੱਥੇ ਬੱਸ ਨੇ ਸਵਾਰੀਆਂ ਉਤਾਰ ਕੇ ਅਗਲੇ ਬਸ ਸਟੈਂਡ ਤੇ ਬੰਦ ਹੋ ਜਾਣਾ ਸੀ। ਸੋਚਿਆ ਚਲੋ ਰੁਕ ਜਾਂਦੇ ਹਾਂ ਨਾਲੇ ਖੈਰ ਸੁਖ ਪੁੱਛਦੇ ਜਾਵਾਂਗੇ ਊਂ ਮਾਮੇ ਹੋਰੀਂ ਵੀ ਬਹੁਤ ਤਿਉ ਕਰਦੇ ਸੀ । ਭਾਪੇ ਹੋਰਾਂ ਪਿੱਛੇ ਅਸੀਂ ਵੀ ਉਨ੍ਹਾਂ ਨੂੰ ਮਾਮਾ ਹੀ ਕਹਿ ਦਿੰਦੇ ਸੀ।

ਘਰ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਸੀ ਪਿਛਲੇ ਸਾਲ ਮੈਂ ਤੇ ਭਾਪਾ ਉਨਾਂ ਤੋਂ ਇੱਕ ਝੋਟੀ ਲੈ ਕੇ ਆਏ ਸੀ। ਪਿੰਡ ਦੇ ਬੱਸ ਅੱਡੇ ਤੇ ਉੱਤਰਦਿਆਂ ਮੂੰਹ ਹਨ੍ਹੇਰੇ ਜਾ ਮੂੰਹ ਕੱਢਿਆ ਮਾਮੀ ਸਾਗ ਘੋਟੀ ਜਾਂਦੀ ਸੀ ਤੇ ਮਾਮਾ ਆਵਦੇ ਸੁਭਾ ਮੁਤਾਬਿਕ ਮੰਜੇ ਤੇ ਬੈਠਾ ਆਵਦੇ ਚਾਰ ਹਾੜੇ ਲਾਈ ਜਾਂਦਾ ਸੀ। ਮੈਂ ਜਾਂਦਿਆਂ ਪੈਰੀਂ ਹੱਥ ਲਾਉਂਦਿਆਂ ਫਤਹਿ ਬੁਲਾਈ , ਮਾਮੇ ਨੇ ਕੋਲ ਮੂੰਹ ਕਰਕੇ ਪਛਣਾਦਿਆ ਕਿਹਾ , ਉਏ ਦੋਹਤਰਿਆ ਏਸ ਵੇਲੇ ਖੈਰ ਸੁਖ ਐ ਸਭ । ਆਹੋ ਆਹੋ ਮਾਮਾ ਸਭ ਠੀਕ ਐ ਉਹ ਤਾਂ ਪਟਿਆਲੇ ਗਿਆ ਸੀ ਉਥੇ ਹਨੇਰਾ ਹੋ ਗਿਆ, ਮੈਂ ਕਿਹਾ ਮਾਮੇ ਹੋਰਾਂ ਦੇ ਦਰਸ਼ਨ ਕਰ ਚਲਦੇ ਆਂ ਤੜਕੇ ਚਾਹ ਪੀਂਦੇ ਪਿੰਡ ਨੂੰ ਚਾਲੇ ਪਾ ਲਾਂਗੇ। ਜੀ ਸਦਕੇ ਪੁੱਤ ਥੋਡਾ ਆਂਵਦਾ ਘਰ ਐ ਜਦੋਂ ਮਰਜੀ ਆਉ।” ਕੋਲ ਆਟਾ ਗੁੰਨਦੀ ਮਾਮੀ ਨੇ ਕਿਹਾ।  ਕੁੜਤਾ ਪਜਾਮਾ ਪਾ ਲੈ ਮੇਰਾ ਐਥੋਂ ਕਿੱਲੀ ਨਾਲ ਟੰਗਿਆ ਪਿਆ ਫੇਰ ਕਰਦੇ ਗੱਲਾਂ ਬਾਤਾਂ ਸ਼ੇਰਾਂ।” ਮਾਮੇ ਨੇ ਪੈੱਗ ਲਾਉਂਦਿਆਂ ਕਿਹਾ, ਮਾਮਾ-ਮਾਮੀ ਦੋਵੇਂ ਕੱਲ੍ਹੇ ਹੀ ਰਹਿੰਦੇ ਸੀ ਇੱਕ ਮੁੰਡਾ ਸੀ ਪੰਜਾਂ ਕੁ ਵਰਿਆਂ ਦਾ ਸੀ ਜਦੋਂ ਕੰਧ ਹੇਠ ਆ ਕੇ ਮਰ ਗਿਆ ਸੀ ਮਗਰੋਂ ਵਿਚਾਰਿਆ ਦੇ ਕੋਈ ਜਵਾਕ ਨੀ ਹੋਇਆ ।

ਮੈਂ ਕੁੜਤਾ ਪਜਾਮਾ ਪਾ ਕੇ ਬਾਹਰ ਆਇਆ ਤਾਂ ਮਾਮੇ ਨੇ ਗਲਾਸ ਧੋ ਕੇ ਮੇਰੇ ਵੱਲ ਕਰਦਿਆਂ ਕਿਹਾ, ਲੈ ਵੀ ਪਾੜਿਆ! ਲਾ ਲੈ ਹਾੜਾ ਸਾਡੇ ਆਹ ਦੇਸੀ ਰੂੜੀ ਮਾਰਕਾ ਦਾ।” ਮੈਂ ਬਥੇਰਾ ਕਿਹਾ ਮਾਮਾ ਮੈਂ ਪੀਂਦਾ ਨੀ ਪਰ ਉਹਨੇ ਮੇਰੇ ਨਾਂਹ ਨਾਂਹ ਕਰਦਿਆਂ ਵੀ ਇੱਕ ਪੈੱਗ ਧੱਕੇ ਨਾਲ ਲਵਾਂ ਦਿੱਤਾ। ਫੇਰ ਮਾਮੇ ਨੇ ਆਵਦੇ ਦਰਦਾਂ ਦੇ ਰਾਗ ਅਲਾਪ ਲਏ। ਮੈਨੂੰ ਕੁਝ ਸਰੂਰ ਜਿਹਾ ਚੜ ਗਿਆ ਤੇ ਦੂਜਾ ਪੈੱਗ ਮੈਂ ਆਵਦੀ ਮਰਜ਼ੀ ਨਾਲ ਹੀ ਲਾ ਲਿਆ। ਮਾਮੀ ਨੇ ਰੋਟੀ ਲਾਹ ਕੇ ਸਾਨੂੰ ਉਥੇ ਮੰਜੇ ‘ਤੇ ਹੀ ਫੜ੍ਹਾ ਦਿੱਤੀ। “ਜਵਾਕਾਂ ਬਿਨ੍ਹਾਂ ਮਾਂ ਪਿਓ ਦੀ ਕਾਹਦੀ ਜ਼ਿੰਦਗੀ ਬਸ ਐਵੇਂ ਮੇਰੀ ਮੇਰੀ ਕਰੇ ਬਿਨਾਂ ਸਰਦਾ ਨੀ ਜੇ ਉਹ ਜਿਉਂਦਾ ਹੁੰਦਾ ਹੁਣ ਨੂੰ ਅਸੀਂ ਪੋਤੇ ਪੋਤੀਆਂ ਵਾਲੇ ਹੁੰਦੇ।” ਰੋਟੀ ਖਾਂਦਿਆਂ ਉਹ ਅੱਖਾਂ ਭਰ ਆਇਆ । ਇਹ ਗੱਲ ਨੇ ਮੈਨੂੰ ਵੀ ਦੁਖੀ ਕਰ ਦਿੱਤਾ। ਮਾਮੀ ਨੇ ਅੰਦਰ ਰਜਾਈ ਗੁਦੈਲਾ ਵਿਛਾ ਦਿੱਤਾ ਸੀ । ਉਨਾਂ ਦੇ ਕਮਰੇ ਤਾਂ ਭਾਵੇਂ ਦੋ ਸੀ ਪਰ ਹਾਲੇ ਲਪਾਈ ਨਹੀਂ ਕੀਤੀ ਸੀ । ਮਾਮੀ ਨੇ ਨਾਲਦੇ ਕਮਰੇ ਵਿੱਚ ਮੰਜਾਂ ਡਾਹ ਲਿਆ ਤੇ ਮੈਂ ਤੇ ਮਾਮਾ ਏਧਰਲੇ ਕੋਠੇ ‘ਚ ਪੈ ਗਏ। ਦੋ ਕੁ ਘੰਟਿਆਂ ਪਿੱਛੋਂ ਜਦੋਂ ਰਾਤ ਪੂਰੀ ਤਰ੍ਹਾਂ ਟਿਕ ਗਈ , ਮੈਂ ਜਾਗੋ ਮੀਟੀ ਜਿਹੀ ਪਿਆ ਸੀ ਕਿਉਂਕਿ ਬੇਗਾਨੇ ਥਾਂ ਨੀਂਦ ਕਿੱਥੇ ਛੇਤੀ ਆਉਂਦੀ ਐ। ਮੇਰੇ ਕੰਨ੍ਹਾਂ ਵਿੱਚ ਬੱਚਿਆਂ ਦੇ ਬੋਲ ਸੁਣਾਈ ਦਿੱਤੇ ਜਿਹਦੇ ਵਿੱਚ ਇੱਕ ਬੱਚੀ ਆਪਣੇ ਭਰਾ ਨੂੰ ਕਹਿ ਰਹੀ ਸੀ ਵੀਰੇ ਮੈਨੂੰ ਭੁੱਖ ਲੱਗੀ ਆ , ਅੱਜ ਆਪਣੇ ਆਟਾ ਹੈਨੀ ਸੀ ਤਾਂ ਹੀ ਮੈਂ ਰੋਟੀ ਨਹੀਂ ਲਾਹੀ , ਤੈਨੂੰ  ਲੱਗੀ ਆ ਭੁੱਖ । ” ਕੁੜੀ ਨੇ ਆਪਣੇ ਭਰਾ ਨੂੰ ਕਿਹਾ। ਘੜੇ ਵਿੱਚੋਂ ਭਰੇ ਗਲਾਸ ਦੀ ਆਵਾਜ਼ ਆਈ ਸ਼ਾਇਦ ਮੁੰਡੇ ਨੇ ਪਾਣੀ ਦਾ ਗਲਾਸ ਭਰਿਆ ਹੋਵੇ ਤੇ ਆਵਦੀ ਭੈਣ ਨੂੰ ਫੜ੍ਹਾ ਕੇ ਕਿਹਾ ਹੋਵੇ ਆਹ ਲੈ ਪਾਣੀ ਪੀ ਲਾ ਕਹਿੰਦੇ ਪਾਣੀ ਪੀਣ ਨਾਲ ਬੰਦੇ ਦੀ ਭੁੱਖ ਮਰ ਜਾਂਦੀ ਐ, ਮੈਂ ਵੀ ਪਹਿਲਾ ਦੋ ਵਾਰ ਢਿੱਡ ਭਰ ਕੇ ਪਾਣੀ ਪੀ ਲਿਆ ਸੀ ਹੁਣ ਭੁੱਖ ਮਰ ਗਈ ਮੇਰੀ ਤਾਂ। ਕੰਧ ਦੀਆਂ ਵਿਰਲਾਂ ਵਿੱਚੋਂ ਜਵਾਕਾਂ ਦੀਆਂ ਆ ਰਹੀਆਂ ਇਨ੍ਹਾਂ ਵਾਜਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਮੈਂ ਆਪਣੇ ਮੰਜੇ ਤੋਂ ਉੱਠ ਕੇ ਬਹਿ ਗਿਆ, ਮੈਨੂੰ ਇਉਂ ਉਸਲ ਵੱਟੇ ਲੈਂਦਿਆਂ ਤੇ ਉੱਠਿਆ ਬੈਠਾ ਵੇਖ ਕੇ , ਮਾਮੇ ਨੇ ਕਿਹਾ, ਉਏ ਪਾੜਿਆ ਪੈ ਜਾ , ਇਹ ਤਾਂ ਇਨ੍ਹਾਂ ਦਾ ਨਿੱਤ ਦਾ ਹੀ ਕੰਮ ਐ, ਇਨ੍ਹਾਂ ਦਾ ਮਾਂ ਪਿਉ ਮਰ ਗਏ , ਨਾ ਕੋਈ ਹੋਰ ਚਾਚਾ ਤਾਇਆ ਨਾ ਦਾਦੀ ਦਾਦਾ ਏ ਵੀ ਮੋਢੇ ਗੋਢੇ ਲਾ ਲਵੇ। ਤੈਨੂੰ ਪਤਾ ਨਾਨਕੇ ਵੀ ਨਾਨੇ ਨਾਨੀ ਨਾਲ ਹੁੰਦੇ ਐ ਉਹ ਤਾਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਸੀ।

” ਮਾਮੇ ਦੀ ਗੱਲ ਸੁਣਦਿਆਂ ਮੇਰੇ ਲਾਏ ਦੋ ਕੁ ਹਾੜਿਆਂ ਦਾ ਨਸ਼ਾ ਮਿੰਟਾਂ ਵਿੱਚ ਲਹਿ ਗਿਆ ਤੇ ਮੈਂ ਕਿਹਾ ”ਮਾਮਾਂ ਫੇਰ ਇਨ੍ਹਾਂ ਦਾ ਗੁਜ਼ਾਰਾ ਕਿਵੇਂ ਚਲਦਾ।” ਰੱਬ ਆਸਰੇ ਪਹਿਲਾਂ ਪਹਿਲਾਂ ਤਾਂ ਪੰਚਾਇਤ ਆਲੇ ਮੜਾ ਮੋਟਾ ਸੌਦਾ ਪੱਤਾ ਦੇ ਦਿੰਦੇ ਸੀ ਪਰ ਹੁਣ ਤਾਂ ਮੁੰਡਾ ਕਿਸੇ ਦੁਕਾਨ ਤੇ ਲੱਗਾ ਉਹ ਮਹੀਨੇ ਦਾ ਪੰਜ ਸੱਤ ਸੋ ਦਿੰਦੇ ਆ ਉਹਦੇ ਨਾਲ ਆਵਦੀਆਂ ਦੋ ਗੁੱਲੀਆਂ ਥੱਪ ਲੈਂਦੇ ਆ। ਯਰ ਇਉਂ ਤਾਂ ਕੱਲੇ ਜਵਾਕਾਂ ਨੂੰ ਡਰ ਵੀ ਲੱਗਦਾ ਹੋਣਾ। ਹਾਲੇ ਮੈਂ ਇਹ ਗੱਲ ਸੋਚ ਹੀ ਰਿਹਾ ਸੀ ਕਿ ਮੁੰਡੇ ਦੀ ਅਵਾਜ਼ ਆਈ , ਪੂਨੇ ਭੈਣੇ ਹੁਣ ਤੇਰੀ ਭੁੱਖ ਮਿਟ ਗਈ ਪਾਣੀ ਨਾਲ , ਮੈਂ ਕੱਲ ਨੂੰ ਆਟਾ ਲਿਆ ਕੇ ਦਿਉਂਗਾ ਫੇਰ ਤੂੰ ਰੋਟੀਆਂ ਲਾਹੀ ਤੇ ਆਪਾਂ ਢਿੱਡ ਭਰ ਕੇ ਰੋਟੀਆਂ ਖਾਵਾਂਗੇ। ਜਵਾਕਾਂ ਦੇ ਦਿਲ ਵਿੰਨਵੇ ਬੋਲ ਮੇਰੇ ਕਾਲਜੇ ਵਿੱਚ ਛੁਰੀ ਵਾਂਗ ਖੁਭ ਗਏ ਮੇਰਾ ਜੀ ਕੀਤਾ ਕਿ ਮੈਂ ਹੁਣੇ ਕਮਰੇ ਦੀ ਕੰਧ ਢਾਹ ਜਵਾਕਾਂ ਨੂੰ ਜਾ ਦੇਖਾਂ। ਮੈਂ ਭਰੇ ਹੋਏ ਮਨ ਨਾਲ ਮਾਮੇ ਨੂੰ ਕਿਹਾ , ਮਾਮਾ ਉੂਂ ਤਾਂ ਤੂੰ ਰੋਈ ਜਾਨਾ ਵੀ ਮੇਰੇ ਜਵਾਕ ਹੁੰਦਾ ਤਾਂ ਮੈਂ ਵੀ ਪੋਤੇ ਪੋਤੀਆਂ ਵਾਲਾ ਹੁੰਦਾ , ਆਹ ਤਾਂ ਤੇਰੇ ਘਰ ਦੀ ਕੰਧ ਦੇ ਸੰਨ ‘ਚ ਜਵਾਕ ਮਾਂ ਪਿਉ ਨੂੰ ਤਰਸੀ ਜਾਂਦੇ ਆ। ਤੇਰਾ ਦਿਲ ਇਨ੍ਹਾਂ ਦੀ ਅਵਾਜ਼ ਸੁਣ ਕਦੇ ਪਿਘਲਿਆ ਨੀ ਕਿ ਇਹ ਵੀ ਤਾਂ ਇਨਸਾਨ ਦੇ ਬੱਚੇ ਹੀ ਹਨ। ਉਹ ਰਿਸ਼ਤੇ ਉਹੀ ਨੀ ਹੁੰਦੇ ਜਿਹੜਿਆਂ ਨੂੰ ਅਸੀਂ ਜਨਮ ਦਿੰਦੇ ਆਂ, ਰਿਸ਼ਤੇ ਤਾਂ ਪਿਆਰ ਦੇ ਹੁੰਦੈ ਆ , ਸਾਂਝ ਦੇ ਹੁੰਦੇ ਆ। ਉਏ ਕਮਲਿਆ ਜੇ ਇਉਂ ਹੋਣ ਲੱਗ ਜਾਵੇ ਤਾਂ ਦੁਨੀਆਂ ਕੋਈ ਤੇ ਬੇ-ਸਹਾਰਾ ਤੇ ਯਤੀਮ ਹੋਵੇ ਹੀ ਨਾ। ਇਹ ਸਭ ਕੁਦਰਤ ਦੇ ਰੰਗ ਐ, ਮਾਮੇ ਨੇ ਮੇਰਿਆਂ ਗੱਲਾਂ ਦਾ ਰੌਂ ਦੇਖ ਕੇ ਕਿਹਾ। ” ਬਸ ਮਾਮਾ ` ਸਾਡੇ ਇਨਸਾਨਾ ‘ਚ ਇਹੀ ਘਾਟ ਐ , ਜੇ ਹਰੇਕ ਪਿੰਡ ਵਿੱਚ ਪੰਜ-ਚਾਰ ਮਨੁੱਖੀ ਦਰਦ ਨੂੰ ਸਮਝਣ ਵਾਲੇ ਲੋਕ ਪੈਦਾ ਹੋ ਜਾਣ ਤਾਂ ਦੁਨੀਆਂ ਤੇ ਕੋਈ ਯਤੀਮ ਤੇ ਬੇ-ਸਹਾਰਾ ਨਹੀਂ ਰਹਿਣਾ , ਉਏ ਅਸੀਂ ਤਾਂ ਚਿੜੀਆਂ ਜਨੌਰਾਂ ਤੋਂ ਵੀ ਗਏ ਗੁਜ਼ਰੇ ਆ ਉਨ੍ਹਾਂ ਕਿਹੜਾ ਬੱਚਿਆਂ ਦੀ ਕਮਾਈ ਖਾਣੀ ਹੁੰਦੀ ਆ , ਇਹ ਤਾਂ ਜੇ ਤੂੰ ਇਨ੍ਹਾਂ ਨੂੰ ਗੋਡੇ ਗਿੱਟੇ ਲਾਵੇਗਾ ਤਾਂ ਫੇਰ ਤੇਰੀ ਝੇਪ ਮੰਨਣਗੇ ਤੈਨੂੰ ਆਵਦਾ ਰੱਬ ਮੰਨਣਗੇ।

” ਹੁਣ ਮਾਮੇ ਕੋਲ ਉਹਦੀ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਸੀ। ਮੈਂ ਦਿਨ ਚੜ੍ਹਦੇ ਨਾਲ ਹੀ ਮਾਮੇ ਕੇ ਘਰ ਦੀ ਗਲੀ ਦੇ ਪਿਛਲੇ ਪਾਸੇ ਜਵਾਕਾਂ ਦੇ ਘਰੇ ਗਿਆ ਤੇ ਉਨ੍ਹਾਂ ਦੋਹਾਂ ਦੇ ਘਰ  ਜਿੰਦਰਾ ਲਾ ਕੇ ਦੋਹਾਂ ਦੀ ਉਂਗਲ ਫੜ੍ਹ ਆਪਣੇ ਪਿੰਡ ਲਿਜਾਣ ਲੱਗਾਂ ਤਾਂ ਮਾਮੇ ਨੇ ਮੇਰੀ ਪਿੱਛੋ ਆਕੇ ਬਾਂਹ ਫੜ੍ਹ ਲਈ ਤੇ ਘਰੇ ਲਿਆਉਂਦਿਆ ਆਖਿਆ, ਪਾੜਿਆ ਤੂੰ ਤਾਂ ਸੱਚੀ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਤੇਰੀ ਮਾਮੀ ਤਾਂ ਆਪ ਮੈਨੂੰ ਬਹੁਤ ਦਿਨਾਂ ਦੀ ਕਹਿੰਦੀ ਸੀ ਬਈ ਆਪਾਂ ਆਹ ਜਵਾਕਾਂ ਨੂੰ ਹੀ ਆਵਦੇ ਜਵਾਕ ਬਣਾ ਕੇ ਪਾਲ ਲਈਏ ,ਉਹ ਤਾਂ ਮੈਂ ਹੀ ਅੱਡੀ ਨੀ ਲਾਈ ਸੀ ਬਈ ਇਉਂ ਬੇਗਾਨਾ ਖੂਨ ਤਾਂ ਬੇਗਾਨਾ ਹੀ ਹੁੰਦੈ ਪਰ ਨਹੀਂ  ਰਿਸ਼ਤੇ ਤਾਂ ਸੱਚੀਂ ਮੋਹ ਦੇ ਹੁੰਦੇ  ।”  ਜਵਾਕਾਂ ਨੂੰ ਘਰ ਬੈਠਾਉਂਦਿਆਂ , ਮਾਮਾ  ਸੱਬਲ ਲੈ ਕਮਰਿਆਂ ਵਿਚਲੀ ਕੰਧ ਢਾਉਣ ਲੱਗਾ ਤੇ ਮੈਂ ਤੇ ਮਾਮੀ ਜਵਾਕਾਂ ਨੂੰ ਚਾਹ ਪਿਲਾਉਣ ਲੱਗੇ।

ਸਤਨਾਮ ਸ਼ਦੀਦ ਸਮਾਲਸਰ

99142-98580

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article “ਏਹੁ ਹਮਾਰਾ ਜੀਵਣਾ ਹੈ -332”
Next articleਆਓ ਬੱਚਿਓ ਸਾਰੇ ਪੜੀਏ