ਰਿਸ਼ਤੇ ਅਤੇ ਵਿਸ਼ਵਾਸ

ਹਰਪ੍ਰੀਤ ਕੌਰ ਸੰਧੂ
ਹਰਪ੍ਰੀਤ ਕੌਰ ਸੰਧੂ
(ਸਮਾਜ ਵੀਕਲੀ) ਰਿਸ਼ਤਿਆਂ ਵਿੱਚ ਵਿਸ਼ਵਾਸ ਦੀ ਇੱਕ ਨਾਜ਼ੁਕ ਪਰ ਮਜ਼ਬੂਤ ਤੰਦ ਹੁੰਦੀ ਹੈ। ਇਹ ਤੰਦ ਹੈ ਜੋ ਰਿਸ਼ਤੇ ਨੂੰ ਜੋੜੀ ਰੱਖਦੀ ਹੈ। ਪਰ ਜੇਕਰ ਕੋਈ ਰਿਸ਼ਤਾ ਛੋਟੀ ਜਿਹੀ ਗਲਤ ਫਹਿਮੀ ਦਾ ਭਾਰ ਨਹੀਂ ਝੱਲ ਸਕਦਾ ਤਾਂ ਅਜਿਹੇ ਰਿਸ਼ਤੇ ਦਾ ਟੁੱਟ ਜਾਣਾ ਹੀ ਬਿਹਤਰ ਹੈ।
 ਜਦੋਂ ਤੁਸੀਂ ਕਿਸੇ ਦੀ ਸੁਣੀ ਸੁਣਾਈ ਗੱਲ ਤੇ ਯਕੀਨ ਕਰਕੇ ਆਪਣੇ ਪਿਆਰੇ ਜਾਂ ਸਨੇਹੀ ਤੇ ਸ਼ੱਕ ਕਰਦੇ ਹੋ ਤਾਂ ਅਸਲ ਵਿੱਚ ਤੁਸੀਂ ਇਹ ਸਾਬਤ ਕਰਦੇ ਹੋ ਕਿ ਰਿਸ਼ਤੇ ਵਿੱਚ ਤੰਦ ਮਜ਼ਬੂਤ ਨਹੀਂ ਹੈ। ਜਿੱਥੇ ਭਰੋਸਾ ਹੋਵੇ ਉੱਥੇ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਹੁੰਦੀ। ਤੁਹਾਡਾ ਯਕੀਨ  ਜੇਕਰ ਇੰਨਾ ਕੱਚਾ ਹੈ ਕਿ ਕਿਸੇ ਦੀ ਇੱਕ ਗੱਲ ਸੁਣ ਕੇ ਟੁੱਟ ਜਾਂਦਾ ਹੈ ਤਾਂ ਇਸਦਾ ਟੁੱਟ ਜਾਣਾ ਹੀ ਬਿਹਤਰ ਹੈ।
ਜਦੋਂ ਅਸੀਂ ਆਪਣੇ ਪਿਆਰੇ ਜਾਂ ਮਿੱਤਰ ਨੂੰ ਜਾਣਦੇ ਹਾਂ ਸਮਝਦੇ ਹਾਂ ਤਾਂ ਸਾਨੂੰ ਉਸ ਬਾਰੇ ਕੋਈ ਸ਼ੱਕ ਸ਼ੁਭਾਅ ਹੋਣਾ ਹੀ ਨਹੀਂ ਚਾਹੀਦਾ। ਕਿ ਮਨੁੱਖ ਨੂੰ ਆਪਣੇ ਨਜ਼ਦੀਕੀ ਲੋਕਾਂ ਬਾਰੇ ਪਤਾ ਨਹੀਂ ਹੁੰਦਾ? ਕੀ ਉਹ ਨਹੀਂ ਜਾਣਦਾ ਕਿ ਉਹ ਕਿਸ ਹੱਦ ਤੱਕ ਜਾ ਸਕਦੇ ਹਨ? ਆਪਣੇ ਪ੍ਰਤੀ ਉਨਾਂ ਦੀ ਸੋਚ ਬਾਰੇ ਕਿ ਉਸਨੂੰ ਜਾਣਕਾਰੀ ਨਹੀਂ ਹੁੰਦੀ।
ਜੇਕਰ ਇਹ ਸਭ ਨਹੀਂ ਹੁੰਦਾ ਤਾਂ ਫਿਰ ਰਿਸ਼ਤਾ ਮਜਬੂਤ ਨਹੀਂ ਹੈ। ਕੱਚੇ ਪੱਕੇ ਜਿਹੇ ਰਿਸ਼ਤੇ ਜ਼ਿੰਦਗੀ ਨੂੰ ਤਕਲੀਫ ਜਿਆਦਾ ਦਿੰਦੇ ਹਨ। ਕੋਈ ਰਿਸ਼ਤਾ ਜਿਸ ਦਾ ਹਰ ਵੇਲੇ ਟੁੱਟਣ ਦਾ ਡਰ ਬਣਿਆ ਰਵੇ ਉਹ ਜਾਣ ਦਾ ਖੌ ਬਣ ਜਾਂਦਾ ਹੈ। ਬੰਦਾ ਹਰ ਵੇਲੇ ਸਹਿਮਿਆ ਹੀ ਰਹਿੰਦਾ ਹੈ ਹੈ ਕਿ ਮੇਰਾ ਆਪਣਾ ਪਿਆਰਾ ਪਤਾ ਨਹੀਂ ਕਿਸ ਗੱਲ ਤੇ ਨਾਰਾਜ਼ ਹੋ ਜਾਵੇ। ਪਤਾ ਨਹੀਂ ਕਦੋਂ ਕਿਸੇ ਦੀ ਚੱਕ ਵਿੱਚ ਆ ਕੇ ਕੋਈ ਫੈਸਲਾ ਲੈ ਲਵੇ।
ਯਕੀਨ ਹੋਵੇ ਤਾਂ ਇਨਾ ਕਿ ਪਰਮਾਤਮਾ ਵੀ ਆ ਕੇ ਕਹੇ ਤਾਂ ਬੰਦਾ ਮੰਨੇ ਨਾ। ਇਹੀ ਤਾਂ ਹੁੰਦਾ ਹੈ ਯਕੀਨ। ਜਿਹੜਾ ਨਿੱਕੀ ਜਿਹੀ ਗਲਤ ਫਹਿਮੀ ਨਾਲ ਇੱਕ ਪਹਾੜ ਖੜਾ ਕਰ ਲਵੇ ਦੋਹਾਂ ਦੇ ਦਰਮਿਆਨ ਉਸਨੂੰ ਯਕੀਨ ਕਿੱਥੇ ਹੈ। ਉਹ ਤਾਂ ਸਿਰਫ ਯਕੀਨ ਦੇ ਭੁਲੇਖਿਆਂ ਵਿੱਚ ਜੀ ਰਿਹਾ ਹੈ।
ਪਰਮਾਤਮਾ ਕਿਹੜਾ ਕਿਸੇ ਨੇ ਦੇਖਿਆ ਹੈ। ਉਹ ਵੀ ਤਾਂ ਇੱਕ ਯਕੀਨ ਹੀ ਹੈ। ਉਸ ਤੇ ਅਸੀਂ ਕਦੀ ਸ਼ੱਕ ਨਹੀਂ ਕਰਦੇ। ਸਾਡਾ ਦਿਲ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਪਰਮਾਤਮਾ ਜੋ ਕਰੇਗਾ ਠੀਕ ਹੀ ਕਰੇਗਾ। ਕਿਸੇ ਵੀ ਮੁਸੀਬਤ ਵਿੱਚ ਅਸੀਂ ਉਸ ਨੂੰ ਧਿਆਉਂਦੇ ਹਾਂ। ਇਹ ਹੁੰਦਾ ਹੈ ਯਕੀਨ।
ਇਸ ਗੱਲ ਦਾ ਧਿਆਨ ਰੱਖੋ ਕਿ ਜਿਸ ਰਿਸ਼ਤੇ ਵਿੱਚ ਗਲਤ ਫਹਿਮੀ ਤਰੇੜ ਪਾ ਦਿੰਦੀ ਹੈ ਉਹ ਰਿਸ਼ਤਾ ਜ਼ਿੰਦਗੀ ਲਈ ਪਰੇਸ਼ਾਨੀ ਹੀ ਰਹਿੰਦਾ ਹੈ। ਚਾਹੀਦਾ ਤਾਂ ਇਹ ਹੈ ਕਿ ਜਦੋਂ ਆਪਣਿਆਂ ਦੇ ਖਿਲਾਫ ਕੋਈ ਬੋਲੇ ਤਾਂ ਉਹਨਾਂ ਦੀ ਗੱਲ ਤੇ ਯਕੀਨ ਕਰਨ ਦੀ ਬਜਾਏ ਉਹਨਾਂ ਨੂੰ ਇਹ ਦੱਸਿਆ ਜਾਵੇ ਕਿ ਮੈਨੂੰ ਆਪਣਿਆਂ ਤੇ ਭਰੋਸਾ ਹੈ। ਤੁਹਾਡੇ ਇਹਨਾਂ ਬੇਬੁਦਨਿਆਦ ਇਲਜ਼ਾਮਾਂ ਨਾਲ ਮੇਰਾ ਮਨ ਨਹੀਂ ਬਦਲੇਗਾ।
ਪਰ ਅਕਸਰ ਹੁੰਦਾ ਇਸ ਦੇ ਉਲਟ ਹੈ। ਝੂਠੇ ਤੇ ਬੇਬੁਨਿਆਦ ਇਲਜ਼ਾਮਾਂ ਦੇ ਸਿਰ ਤੇ ਸੱਚੇ ਰਿਸ਼ਤੇ ਦਮ ਤੋੜ ਦਿੰਦੇ ਹਨ। ਸੱਚਾ ਬੰਦਾ ਇਸ ਕਰਕੇ ਚੁੱਪ ਹੁੰਦਾ ਹੈ ਕਿ ਕੀ ਸਬੂਤ ਦੇਵੇ। ਭਲਾ ਕਦੀ ਸੱਚਾਈ ਦੇ ਵੀ ਸਬੂਤ ਹੁੰਦੇ ਹਨ। ਸੱਚ ਤਾਂ ਸੱਚ ਹੀ ਹੈ। ਸਾਬਤ ਝੂਠ ਨੂੰ ਕਰਨਾ ਪੈਂਦਾ।
ਅੱਜ ਦੇ ਇਸ ਨਿਰਮੋਹੇ ਸਮੇਂ ਵਿੱਚ ਇਸ ਗੱਲ ਦਾ ਧਿਆਨ ਰੱਖੋ ਕਿ ਤੁਹਾਡੇ ਆਪਣੇ ਸਿਰਫ ਉਹ ਹਨ ਜੋ ਤੁਹਾਡੇ ਤੇ ਯਕੀਨ ਕਰਦੇ ਹਨ। ਜੋ ਛੋਟੀ ਜਿਹੀ ਗਲਤ ਫਹਿਮੀ ਤੇ ਆ ਕੇ ਤੁਹਾਨੂੰ ਪੁੱਛਦੇ ਹਨ ਕਿ ਗੱਲ ਕੀ ਹੈ। ਉਹ ਨਹੀਂ ਜੋ ਗਲਤ ਫਹਿਮੀ ਦੀ ਗੰਢ ਮਾਰ ਕੇ ਰਿਸ਼ਤਾ ਤੋੜ ਲੈਂਦੇ ਹਨ। ਅਜਿਹੇ ਲੋਕਾਂ ਤੋਂ ਜਿੰਨੀ ਛੇਤੀ ਦੂਰ ਹੋ ਜਾਵੋਗੇ ਉਨਾ ਹੀ ਜ਼ਿੰਦਗੀ ਸੌਖੀ ਹੋ ਜਾਵੇਗੀ।
ਵਿਸ਼ਵਾਸ ਕਰੋ ਇਹ ਲੋਕ ਤੁਹਾਡੇ ਲਈ ਨਹੀਂ ਬਣੇ। ਅਜਿਹੇ ਲੋਕਾਂ ਤੋਂ ਫਾਸਲਾ ਰੱਖੋ। ਰਿਸ਼ਤੇ ਤੁਹਾਡੇ ਲਈ ਹਨ ਤੁਸੀਂ ਰਿਸ਼ਤਿਆਂ ਲਈ ਨਹੀਂ। ਛੋਟੀ ਜਿਹੀ ਗੱਲ ਨੂੰ ਜੀਣ ਮਰਨ ਦਾ ਸਵਾਲ ਬਣਾ ਲੈਣਾ ਸਹੀ ਨਹੀਂ। ਪਤਾ ਹੈ ਜਿਨਾਂ ਬਿਨਾਂ ਸਰਦਾ ਨਹੀਂ ਉਹਨਾਂ ਨਾਲ ਖੁੱਲ ਕੇ ਗੱਲ ਕਰ ਲਵੋ।
ਲੋਕਾਂ ਦੀਆਂ ਗੱਲਾਂ ਤੇ ਯਕੀਨ ਕਰਨ ਦੀ ਬਜਾਏ ਆਪਣਿਆਂ ਤੇ ਯਕੀਨ ਕਰੋ। ਵਿਸ਼ਵਾਸ ਵਿੱਚ ਬੜੀ ਤਾਕਤ ਹੁੰਦੀ ਹੈ। ਇਹ ਪੱਥਰ ਨੂੰ ਰੱਬ ਬਣਾ ਦਿੰਦਾ ਹੈ। ਬੰਦਾ ਤਾਂ ਫਿਰ ਬੰਦਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗਲਤ ਰਸਤਾ ਵੀ ਸਹੀ ਦਿਸ਼ਾ ਵੱਲ ਜਾਂਦਾ ਹੈ
Next articleਚਿੱਟਾ