(ਜਸਪਾਲ ਜੱਸੀ)
(ਸਮਾਜ ਵੀਕਲੀ)
*ਤੁਸੀਂ ਆਪਣੇ ਦਰਦ ਕਿਸ ਨਾਲ ਵੰਡਦੇ ਹੋ ?
*ਆਪਣਿਆਂ ਨਾਲ।
*ਤੁਸੀਂ ਆਪਣੀਆਂ ਖੁਸ਼ੀਆਂ ਕਿਸ ਨਾਲ ਸਾਂਝੀਆਂ ਕਰਦੇ ਹੋ ?
*ਆਪਣਿਆਂ ਨਾਲ ।
*ਤੁਹਾਨੂੰ ਖੁਸ਼ੀਆਂ ਕਿਸ ਨੇ ਦਿੱਤੀਆਂ ਹਨ ?
*ਆਪਣਿਆਂ ਨੇ ।
“ਤੁਹਾਨੂੰ ਦਰਦ ਕਿਸ ਨੇ ਦਿੱਤੇ ਹਨ ?
*ਆਪਣਿਆਂ ਨੇ।
ਜਦੋਂ ਸਾਰਾ ਕੁਝ ਹੀ ਆਪਣਿਆਂ ਦਾ ਕੀਤਾ ਕਰਾਇਆ ਹੈ, ਦਿੱਤਾ ਹੋਇਆ ਹੈ,ਫ਼ਿਰ ਸ਼ਿਕਵਾ, ਸ਼ਿਕਾਇਤ ਕਿਸ ਦੇ ਨਾਲ !
ਇਹੀ ਜ਼ਿੰਦਗੀ ਦੀ ਬੁਝਾਰਤ ਹੈ।
ਜੋ ਇਸ ਨੂੰ ਜਾਣ ਗਿਆ ਉਹ ਕਦੇ ਵੀ ਜ਼ਿੰਦਗੀ ਵਿਚ ਮਾਰ ਨਹੀਂ ਖਾਂਦਾ ਤੇ ਨਾ ਹੀ ਦੁਖੀ
ਹੋ ਸਕਦਾ ਹੈ।
ਕਿਸੇ ਸੱਜਣ,ਮਿੱਤਰ,ਪਿਆਰੇ,ਦੂਰ ਨੇੜੇ ਦੇ ਰਿਸ਼ਤੇਦਾਰ ਦਾ,ਕਦੇ ਭੁੱਲੇ ਭਟਕੇ ਫ਼ੋਨ ਆ ਜਾਵੇ ਤਾਂ ਦਿਲ ਗਦ ਗਦ ਹੋ ਜਾਂਦਾ। ਦੁੱਖ ਸੁੱਖ ਵੀ ਸਾਂਝਾ ਹੋ ਜਾਂਦਾ। ਉਸ ਵੇਲੇ ਮਨ ਦੇ ਸਕੂਨ ਦੀ ਚਰਨ ਸੀਮਾ ਦਾ,ਪ੍ਰਤੀ ਸਿਖਰ ਹੁੰਦਾ ਹੈ।
ਅਸੀਂ ਭਾਵੇਂ ਅੱਜ ਦੇ ਦੌਰ ਵਿਚ ਮਸਨੂਈ ਜ਼ਿੰਦਗੀ ਜੀਅ ਰਹੇ ਹਾਂ,ਬਹੁਤ ਉਲਝਣਾਂ ਭਰੀ,ਬਿਨਾਂ ਰਸ ਤੋਂ ਪਰ ਕਦੇ ਕਦੇ ਇਕੱਠ ‘ਚੋਂ ਨਿਕਲਣ ਨੂੰ ਦਿਲ ਵੀ ਕਰਦਾ ਹੈ।
ਇਸ ਵੇਲੇ ਮਨ ਦਾ ਅਵਲੋਕਨ ਕਰਨ ਲਈ ਇਕੱਲਤਾ ਵੀ ਸਕੂਨ ਬਖ਼ਸ਼ਦੀ ਹੈ। ਇਹ ਇਕੱਲਤਾ,ਇਕੱਲੀ ਨਹੀਂ ਹੁੰਦੀ,
ਦੋ ਜਣਿਆਂ ਵਿਚ ਵੀ ਹੁੰਦੀ ਹੈ। ਉਸ ਤੋਂ ਜ਼ਿਆਦਾ ਬੰਦਿਆਂ ਵਿਚ ਨਹੀਂ।
ਜਿਸ ਨਾਲ ਸਾਡੀਆਂ ਭਾਵਨਾਵਾਂ ਜੁੜੀਆਂ ਹੁੰਦੀਆਂ ਹਨ ਉਹ ਸਾਡੇ ਕੋਲ ਹੋਵੇ ਜਾਂ ਨਾ ਹੋਵੇ ਅਸੀਂ ਦੂਰ ਬੈਠਿਆਂ ਵੀ ਉਸ ਨਾਲ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਕੇ ਸਕੂਨ ਮਹਿਸੂਸ ਕਰਦੇ ਹਾਂ।
ਇਹ ਹੀ ਰਿਸ਼ਤਿਆਂ ਦੀ ਪਾਕੀਜ਼ਗੀ ਦੀ ਨਜ਼ਾਕਤ ਹੈ। ਪਰ ਇਹਨਾਂ ਖ਼ਾਸ ਕਿਸਮ ਦੇ ਰਿਸ਼ਤਿਆਂ ਦੀ ਹਿਫ਼ਾਜ਼ਤ ਕਰਨ ਲਈ ਕੁਝ ਕਰਨਾ ਪੈਂਦਾ ਹੈ।
ਕਈ ਵਾਰ ਤੁਸੀਂ ਕੁਝ ਲੋਕਾਂ ਨੂੰ ਆਹਮਣੇ ਸਾਹਮਣੇ ਨਹੀਂ ਮਿਲੇ ਹੁੰਦੇ। ਉਹਨਾਂ ਨਾਲ ਤੁਹਾਡਾ ਦੂਰ ਦਾ ਰਿਸ਼ਤਾ ਵੀ ਨਹੀਂ ਹੁੰਦਾ। ਪਰ ਇੱਕ ਸੱਚਾ ਸੁੱਚਾ,ਪਾਕ,ਪਵਿੱਤਰ ਭਾਵਨਾਤਮਕ ਬੰਧਨ ਹੁੰਦਾ ਹੈ।
ਜਦੋਂ ਤੁਸੀਂ ਉਹਨਾਂ ਨਾਲ ਖੁੱਲ੍ਹ ਕੇ ਗੱਲ ਕਰਦੇ ਹੋ ਤਾਂ ਤੁਹਾਨੂੰ ਇੱਕ ਹੋਰ ਕਿਸਮ ਦਾ ਸਕੂਨ ਮਿਲਦਾ।
ਪਰਾ ਲੋਕ ਦੀ ਰੂਹਾਨੀਅਤ ਵਰਗਾ ਜਿਸ ਨੂੰ ਤੁਸੀਂ ਦੇਖਿਆ ਨਹੀਂ ਹੁੰਦਾ ਪਰ ਤੁਸੀਂ ਕਿੱਸੇ ਕਹਾਣੀਆਂ ਲੋਕ ਬਾਤਾਂ ਵਿਚ ਸੁਣਿਆਂ ਹੁੰਦਾ ਹੈ।
ਇਹੀ ਭਾਵਨਾਤਮਕ ਤਾਰਾਂ ਹਨ ਜੋ ਕਿਸੇ ਨਾ ਕਿਸੇ ਨਾਲ ਜੁੜ ਜਾਂਦੀਆਂ ਹਨ। ਇਹਨਾਂ ਨੂੰ ਵੀ ਸ੍ਵਰ ਵੱਧ ਕਰਨਾ ਪੈਂਦਾ ਹੈ। ਇੱਕ ਸੱਚੀ ਸੁੱਚੀ ਸੋਂਹੁ ਵਾਂਗ ਜਿਸ ਤੇ ਅੱਗੇ ਵਾਲਾ ਵਿਸ਼ਵਾਸ ਕਰ ਸਕੇ।
ਇਹਨਾਂ ਰਿਸ਼ਤਿਆਂ ਵਿਚ ਨਜਾਇਜ਼ ਕੁਝ ਨਹੀਂ ਹੁੰਦਾ। ਜੇ ਸਾਰੇ ਰਿਸ਼ਤੇ ਜਾਇਜ਼ ਨਹੀਂ ਹੁੰਦੇ ਤਾਂ ਸਾਰੇ ਰਿਸ਼ਤੇ ਨਜਾਇਜ਼ ਵੀ ਨਹੀਂ ਹੁੰਦੇ।
ਇਹ ਜਾਇਜ਼,ਨਾਜਾਇਜ਼ ਸ਼ਬਦ ਤੁਹਾਡੀ ਸੋਚ ਦੀ ਪੈਦਾਇਸ਼ ਹਨ ਤੇ ਤੁਹਾਡੇ ਜ਼ਹਿਨੀ ਤਸੱਵੁਰ ਦਾ ਹਿੱਸਾ। ਜਿਨ੍ਹਾਂ ਦੀ ਤਸਦੀਕ ਤੁਹਾਡਾ ਦਿਲ ਤੇ ਦਿਮਾਗ਼ ਕਰਦਾ ਹੈ ।
ਦੁਨੀਆਂ ਵੀ ਤੁਹਾਡੇ ਅੰਦਰ ਝਾਕਣ ਦਾ ਮਾਦਾ ਹੀ ਨਹੀਂ ਰੱਖਦੀ ਝਾਕਦੀ ਵੀ ਹੈ। ਇਹ ਦੁਨੀਆਂ ਹੋਰ ਕੋਈ ਨਹੀਂ ਤੁਹਾਡੀ ਆਪਣੀ ਹੀ ਸਿਰਜੀ ਹੋਈ ਹੈ। ਉਹਨਾਂ ਦੀ ਸੋਚਣੀ ਅਤੇ ਉਹਨਾਂ ਦੇ ਤੁਹਾਡੇ ਰਿਸ਼ਤਿਆਂ ਪ੍ਰਤੀ ਵਿਚਾਰ ਹਰ ਵਾਰ ਗ਼ਲਤ ਵੀ ਨਹੀਂ ਹੁੰਦੇ। ਪਰ ਉਹ ਇਹਨਾਂ ਭਾਵਨਾਤਮਿਕ ਰਿਸ਼ਤਿਆਂ ਵਿਚੋਂ ਸਪੱਸ਼ਟਤਾ ਭਾਲਦੇ ਹਨ।
ਦੁਨੀਆਂ ਬਹੁਤ ਵੱਡੀ ਹੈ ਸਾਡੀ ਸੋਚ ਤੋਂ ਕਿਤੇ ਪਰਾਂ। ਅਸੀਂ ਉੱਥੇ ਤੱਕ ਨਹੀਂ ਪਹੁੰਚ ਸਕਦੇ। ਸਾਡੇ ਲਈ ਸਾਡਾ ਆਲਾ ਦੁਆਲਾ ਹੀ ਬਹੁਤ ਹੈ। ਬੱਸ ਸੋਚ ਦੀ ਉਡਾਰੀ ਉੱਚੀ ਤੇ ਸੁੱਚੀ ਹੋਣੀ ਚਾਹੀਦੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly