(ਸਮਾਜ ਵੀਕਲੀ)
ਅਕਸਰ ਕਿਹਾ ਜਾਂਦਾ ਹੈ ਕਿ ਪਤੀ ਪਤਨੀ ਜ਼ਿੰਦਗੀ ਦੀ ਗੱਡੀ ਦੇ ਦੋ ਪਹੀਏ ਹਨ। ਮੈਨੂੰ ਇੰਜ ਲੱਗਦਾ ਹੈ ਕਿ ਇਹ ਬੰਦੇ ਦੇ ਦੋ ਪੈਰ ਹਨ। ਦੋਹਾਂ ਨੇ ਆਪਣਾ ਆਪਣਾ ਕਦਮ ਚੱਕਣਾ ਹੁੰਦਾ ਹੈ। ਪਰ ਦੋਹਾਂ ਵਿੱਚ ਤਾਲਮੇਲ ਬਹੁਤ ਜਰੂਰੀ ਹੈ। ਜੇਕਰ ਇਹ ਤਾਲਮੇਲ ਹੋਵੇਗਾ ਤਾਂ ਹੀ ਦੋਨੋਂ ਚੰਗੀ ਤਰਾਂ ਚਲ ਸਕਣਗੇ ਤੇ ਮੰਜ਼ਿਲ ਤੇ ਪਹੁੰਚ ਸਕਣਗੇ।
ਬਹੁਤ ਜਰੂਰੀ ਹੁੰਦਾ ਹੈ ਦੋਹਾਂ ਦਾ ਇੱਕ ਦੂਜੇ ਨੂੰ ਸਮਝ ਲੈਣਾ। ਕੋਈ ਵੀ ਦੋ ਮਨੁੱਖ ਇੱਕੋ ਤਰ੍ਹਾਂ ਦੇ ਨਹੀਂ ਹੁੰਦੇ। ਵੱਖਰੇਵਾਂ ਕੁਦਰਤ ਦਾ ਨਿਯਮ ਹੈ। ਹਰ ਮਨੁੱਖ ਦੂਜੇ ਨਾਲੋਂ ਵੱਖਰਾ ਹੈ। ਵਿਆਹ ਵਿੱਚ ਮਜ਼ਬੂਤੀ ਲਿਆਉਣ ਲਈ ਇਹ ਜਰੂਰੀ ਹੈ ਕਿ ਅਸੀਂ ਇੱਕ ਦੂਜੇ ਦੇ ਵਖਰੇਵੇ ਨੂੰ ਅਪਣਾਈਏ।
ਵੱਖਰੇ ਹੁੰਦੇ ਹੋਏ ਵੀ ਇਕੱਠੇ ਰਹਿਣਾ ਬਹੁਤ ਵੱਡੀ ਪ੍ਰਾਪਤੀ ਹੈ। ਅਸੀਂ ਆਪਣੇ ਗੁਣਾਂ ਨਾਲ ਦੂਜੇ ਦੀਆਂ ਕਮੀਆਂ ਨੂੰ ਪੂਰਾ ਕਰ ਸਕਦੇ ਹਾਂ। ਹਰ ਕਿਸੇ ਵਿੱਚ ਹਰੇਕ ਗੁਣ ਨਹੀਂ ਹੁੰਦਾ। ਇਸੇ ਲਈ ਦੋਵਾਂ ਦਾ ਅਲੱਗ ਅਲੱਗ ਪ੍ਰਕ੍ਰਿਤੀ ਦਾ ਹੋਣਾ ਫਾਇਦੇਮੰਦ ਹੈ। ਇਸ ਤਰ੍ਹਾਂ ਦੋਵੇਂ ਰਲ ਮਿਲ ਕੇ ਇਕਸਾਰਤਾ ਨਾਲ ਕਿਸੇ ਵੀ ਕੰਮ ਨੂੰ ਹੱਸ ਕੇ ਪੂਰਾ ਕਰ ਸਕਦੇ ਹਨ।
ਵਖਰੇਵਾਂ ਜੋ ਅਕਸਰ ਸਾਨੂੰ ਅੱਖਰਦਾ ਹੈ ਦਰਅਸਲ ਬਹੁਤ ਜਰੂਰੀ ਹੈ। ਸੋਚੋ ਜੇ ਦੋਵੇਂ ਇੱਕੋ ਜਿਹੇ ਹੋਣ ਤਾਂ ਕੀ ਹੋਵੇਗਾ। ਜੇ ਦੋਵੇਂ ਬਹਾਦਰ ਹੋਣਗੇ ਤਾਂ ਆਂਢ ਗੁਆਂਡ ਦਾ ਜੀਣਾ ਜਰੂਰ ਔਖਾ ਕਰ ਦੇਣਗੇ। ਇੱਕ ਦਾ ਮਿੱਠਤ ਤਹਲੀਮੀ ਭਰਿਆ ਹੋਣਾ ਬਹੁਤ ਜਰੂਰੀ ਹੈ। ਠੀਕ ਇਸੇ ਤਰ੍ਹਾਂ ਇੱਕ ਦੀ ਨਰਮੀ ਦੂਜੇ ਦੀ ਸਖਤੀ ਨੂੰ ਹਲਕੀ ਜਿਹੀ ਨਰਮਾਈ ਵਿੱਚ ਬਦਲੇਗੀ। ਇੱਕ ਦਾ ਗਰਮ ਸੁਭਾਅ ਦੂਜੇ ਦੇ ਠੰਡੇ ਸੁਭਾਅ ਨੂੰ ਥੋੜਾ ਜਿਹਾ ਕੋਸਾ ਕਰ ਦੇਵੇਗਾ।
ਜੇਕਰ ਦੋਵੇਂ ਇੱਕੋ ਜਿਹੇ ਹੋਣ ਤਾਂ ਆਪਸ ਵਿੱਚ ਹੀ ਮੁਕਾਬਲਾ ਹੁੰਦਾ ਰਹੇਗਾ। ਜਿਵੇਂ ਅੱਧੇ ਗਰਮ ਪਾਣੀ ਦੇ ਗਲਾਸ ਵਿੱਚ ਪਾਇਆ ਅੱਧਾ ਗਲਾਸ ਠੰਡਾ ਪਾਣੀ ਦੋਹਾਂ ਦੇ ਤਾਪਮਾਨ ਨੂੰ ਇੱਕੋ ਜਿਹਾ ਕਰ ਦਿੰਦਾ ਹੈ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਵੱਖਰੇ ਵੱਖਰੇ ਸੁਭਾਅ ਮਿਲ ਕੇ ਇੱਕ ਨਵੀਂ ਤਰ੍ਹਾਂ ਦਾ ਸੁਭਾਅ ਸਿਰਜ ਦਿੰਦੇ ਹਨ।
ਪਤੀ ਪਤਨੀ ਦਰਅਸਲ ਇੱਕ ਦੂਜੇ ਦੇ ਪੂਰਕ ਹੁੰਦੇ ਹਨ। ਜੇ ਨਹੀਂ ਹੁੰਦੇ ਤਾਂ ਹੌਲੀ ਹੌਲੀ ਬਣ ਜਾਂਦੇ ਹਨ। ਕਿਸੇ ਵੀ ਰਿਸ਼ਤੇ ਵਿੱਚ ਠਹਿਰਾ ਆਉਣ ਵਿੱਚ ਸਮਾਂ ਲੱਗਦਾ ਹੈ। ਅੱਜ ਦੀ ਪੀੜੀ ਬੇਸ਼ੱਕ ਬਹੁਤ ਕਾਹਲੀ ਹੈ। ਉਹ ਕਿਸੇ ਨਾਲ ਵੀ ਕਿਸੇ ਕਿਸਮ ਦੀ ਐਡਜਸਟਮੈਂਟ ਕਰਨ ਲਈ ਤਿਆਰ ਨਹੀਂ। ਇੱਥੇ ਸਾਡਾ ਮਾਂ ਬਾਪ ਦਾ ਤੇ ਵੱਡੀ ਪੀੜੀ ਦਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਨੂੰ ਇਹ ਸਮਝਾਈਏ ਕਿ ਆਪਣੇ ਰਿਸ਼ਤੇ ਨੂੰ ਸਮਾਂ ਦੇਣ। ਸਮੇਂ ਵਿੱਚ ਬੜੀ ਤਾਕਤ ਹੈ।
ਜੋ ਮੇਰੇ ਹਮ ਉਮਰ ਹਨ ਉਹ ਇਸ ਗੱਲ ਨੂੰ ਸਮਝਦੇ ਹਨ ਹੋਣਗੇ ਕਿ ਜਦੋਂ ਅਸੀਂ ਕੁਝ ਸਮਾਂ ਇਕੱਠੇ ਰਹਿ ਲੈਂਦੇ ਹਾਂ ਤਾਂ ਸਾਨੂੰ ਇੱਕ ਦੂਜੇ ਨਾਲ ਕੁਝ ਅਜਿਹਾ ਲਗਾਓ ਹੋ ਜਾਂਦਾ ਹੈ ਕਿ ਫਿਰ ਅਸੀਂ ਹਜ਼ਾਰਾਂ ਵਖਰੇਵਿਆਂ ਦੇ ਬਾਵਜੂਦ ਵੀ ਇੱਕ ਦੂਜੇ ਤੋਂ ਦੂਰ ਰਹਿਣ ਦੀ ਕਲਪਨਾ ਨਹੀਂ ਕਰ ਸਕਦੇ। ਇਕ ਅਦ੍ਰਿਸ਼ ਪਿਆਰ ਦੀ ਡੋਰ ਸਾਨੂੰ ਆਪਸ ਵਿੱਚ ਜੋੜੀ ਰੱਖਦੀ ਹੈ। ਕਹਿ ਸਕਦੇ ਹੋ ਕਿ ਸਾਨੂੰ ਇੱਕ ਦੂਜੇ ਦੀ ਆਦਤ ਪੈ ਜਾਂਦੀ ਹੈ।
ਇਸ ਗੱਲ ਨੂੰ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਗ੍ਰਹਿਸਤ ਜੀਵਨ ਕੇਵਲ ਖੁਸ਼ੀਆਂ ਹੀ ਨਹੀਂ ਦਿੰਦਾ ਕੁਝ ਪਰੇਸ਼ਾਨੀਆਂ ਵੀ ਆਉਂਦੀਆਂ ਹਨ। ਇਹਨਾਂ ਪਰੇਸ਼ਾਨੀਆਂ ਨਾਲ ਸਾਨੂੰ ਮਿਲ ਕੇ ਨਜਿੱਠਣਾ ਪੈਂਦਾ ਹੈ। ਛੋਟੀ ਜਿਹੀ ਗੱਲ ਤੇ ਇੱਕ ਦੂਜੇ ਨੂੰ ਤਾਹਨੇ ਮੇਹਣੇ ਦੇਣਾ ਉਚਿਤ ਨਹੀਂ। ਹਰ ਵੇਲੇ ਦੂਜੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਨਾ ਉਸ ਤੇ ਸਵੈ ਵਿਸ਼ਵਾਸ ਨੂੰ ਖਤਮ ਕਰ ਦਿੰਦਾ ਹੈ।
ਸੁਖੀ ਗ੍ਰਹਿਸਤ ਜੀਵਨ ਦਾ ਆਧਾਰ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਨਾ ਇੱਕ ਦੂਜੇ ਦੀਆਂ ਉਹਨਾਂ ਆਦਤਾਂ ਨੂੰ ਜੋ ਸਾਨੂੰ ਪਸੰਦ ਨਹੀਂ ਹਨ ਬਰਦਾਸ਼ਤ ਕਰਨਾ ਅਤੇ ਹੌਲੀ ਹੌਲੀ ਇੱਕ ਅਜਿਹੀ ਅਜਿਹੀ ਅਪਣੱਤ ਦੀ ਅਵਸਥਾ ਵਿੱਚ ਪਹੁੰਚਣਾ ਜਿੱਥੇ ਕਿ ਤੁਹਾਨੂੰ ਆਪਣੇ ਜੀਵਨ ਸਾਥੀ ਲਈ ਆਪਣੀ ਸੋਚ ਵਿੱਚ ਥੋੜੀ ਬਹੁਤ ਤਬਦੀਲੀ ਕਰਨੀ ਔਖੀ ਨਾ ਲੱਗੇ। ਗ੍ਰਹਸਥੀ ਸਾਡੇ ਸਮਾਜ ਦੀ ਨੀਂਹ ਹੈ।
ਜ਼ਿੰਦਗੀ ਵਿੱਚ ਆਜ਼ਾਦੀ ਬਹੁਤ ਮਾਇਨੇ ਰੱਖਦੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ। ਪਰ ਆਪਣੇ ਤੇ ਆਪਣਿਆਂ ਤੋਂ ਬਿਨਾਂ ਆਜ਼ਾਦੀ ਦਾ ਕੋਈ ਮੁੱਲ ਨਹੀਂ। ਪਰਿਵਾਰ ਤੋਂ ਬਿਨਾਂ ਮਨੁੱਖ ਹਮੇਸ਼ਾ ਅਧੂਰਾ ਹੀ ਰਹਿੰਦਾ ਹੈ। ਉਹ ਜਿਨਾਂ ਬਿਨਾਂ ਜੀਣਾ ਔਖਾ ਹੋ ਜਾਵੇ ਉਹਨਾਂ ਲਈ ਥੋੜਾ ਬਹੁਤ ਬਦਲ ਲੈਣਾ ਥੋੜਾ ਬਹੁਤ ਸਮਝੌਤਾ ਕਰ ਲੈਣਾ ਜਰੂਰੀ ਹੈ।
ਹੱਥ ਵਿੱਚ ਆਪਣੇ ਜੀਵਨ ਸਾਥੀ ਦਾ ਹੱਥ ਹੌਸਲਾ ਹੁੰਦਾ ਹੈ। ਇਹ ਜ਼ਿੰਦਗੀ ਭਰ ਦੇ ਸਾਥ ਦਾ ਵਿਸ਼ਵਾਸ ਹੁੰਦਾ ਹੈ। ਇਹ ਸੁੱਖ ਦੁੱਖ ਵਿੱਚ ਇੱਕ ਦੂਜੇ ਦੇ ਨਾਲ ਹੋਣ ਦਾ ਅਹਿਸਾਸ ਹੁੰਦਾ ਹੈ। ਕੋਸ਼ਿਸ਼ ਕਰੋ ਇਹ ਵਿਸ਼ਵਾਸ ਬਣਿਆ ਰਹੇ।
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly