ਪਛਤਾਵਾ

(ਸਮਾਜ ਵੀਕਲੀ)

ਹਰਮਨ ਇਕਲੌਤਾ ਹੋਣ ਕਰਕੇ ਆਪਣੇ ਘਰ ਵਿੱਚ ਸਭ ਦਾ ਬਹੁਤ ਪਿਆਰਾ ਬੱਚਾ ਸੀ।ਖ਼ਾਸ ਕਰਕੇ ਦਾਦਾ ਜੀ ਦਾ ਸਭ ਤੋਂ ਲਾਡਲਾ ਬੱਚਾ ਸੀ। ਉਹ ਜਦੋਂ ਸਕੂਲ ਜਾਂਦਾ ਤਾਂ ਉਸ ਦੇ ਦਾਦਾ ਜੀ ਉਸ ਨੂੰ ਸਕੂਲ ਲਈ ਬੱਸ ਤੱਕ ਛੱਡ ਕੇ ਅਤੇ ਲੈ ਕੇ ਆਉਂਦੇ। ਅੱਜ ਹਰਮਨ ਦਸੰਬਰ ਦੀਆਂ ਛੁੱਟੀਆਂ ਹੋਣ ਕਰਕੇ ਸਕੂਲ ਬੱਸ ਵਿੱਚੋਂ ਉੱਤਰ ਕੇ ਆਪਣੇ ਦਾਦਾ ਜੀ ਨਾਲ ਖ਼ੁਸ਼ੀ ਖ਼ੁਸ਼ੀ ਗੱਲਾਂ ਕਰਦਾ ਪਰਤ ਰਿਹਾ ਸੀ।ਉਹ ਆਪਣੇ ਦਾਦਾ ਜੀ ਨੂੰ ਦੱਸਦਾ ਹੈ ਕਿ ਉਸ ਨੇ ਆਪਣੇ ਦੋਸਤਾਂ ਨਾਲ਼ ਵਾਇਦਾ ਕੀਤਾ ਹੈ ਕਿ ਹੁਣ ਉਹ ਛੁੱਟੀਆਂ ਵਿੱਚ ਇਕੱਠੇ ਪਤੰਗ ਚੜ੍ਹਾਇਆ ਕਰਨਗੇ।

ਅਗਲੇ ਦਿਨ ਸਵੇਰੇ ਉੱਠਦੇ ਸਾਰ ਹੀ ਉਹ ਆਪਣੇ ਦਾਦਾ ਜੀ ਨੂੰ ਡੋਰ ਲਿਆ ਕੇ ਦੇਣ ਲਈ ਮਗਰ ਪੈ ਗਿਆ।ਉਸ ਦੇ ਦਾਦਾ ਜੀ ਨੇ ਉਸ ਨੂੰ ਸਮਝਾਉਂਦਿਆਂ ਹੋਇਆਂ ਕਿਹਾ,” ਪੁੱਤ…..ਤੈਨੂੰ ਜਿਹੜੀ ਪਹਿਲਾਂ ਸੂਤ ਦੀ ਡੋਰ ਲਿਆ ਕੇ ਦਿੱਤੀ ਹੋਈ ਆ ….. ਪਹਿਲਾਂ ਤੂੰ ਉਹ ਡੋਰ ਖ਼ਤਮ ਕਰ ਲੈ…… ਫ਼ਿਰ ਹੋਰ ਲਿਆ ਦੇਵਾਂਗੇ……।” ਉਹ ਕਹਿੰਦਾ ਹੈ,”ਦਾਦੂ….. ਤੁਸੀਂ ਇਹ ਕੱਚੀ ਡੋਰ ਲਿਆ ਕੇ ਮੇਰੀ ਬੇਜ਼ਤੀ ਕਰਵਾ ਦਿੱਤੀ ਹੈ…..ਮੇਰੇ ਸਾਰੇ ਦੋਸਤ ਮੇਰਾ ਮਜ਼ਾਕ ਉਡਾਉਂਦੇ ਨੇ ਜਦੋਂ ਮੇਰਾ ਗੁੱਡਾ ਬੋ ਹੋ ਜਾਂਦਾ……. ਮੈਨੂੰ ਨੀ ਪਤਾ……. ਮੈਨੂੰ ਤਾਂ ਪੱਕੀ ਡੋਰ ਈ ਚਾਹੀਦੀ ਆ…….ਊਂ…ਊਂ…. ਊਂ।” (ਅੱਖਾਂ ਤੇ ਦੋਵੇਂ ਹੱਥ ਮਲ਼ਦਾ ਹੋਇਆ ਰੋਣ ਲੱਗਦਾ ਹੈ।)

ਹਰਮਨ ਦੇ ਮੰਮੀ ਡੈਡੀ ਦੋਵੇਂ ਨੌਕਰੀ ਕਰਦੇ ਸਨ।ਪਰ ਉਹ ਉਸ ਦੇ ਪਤੰਗ ਚੜ੍ਹਾਉਣ ਦੇ ਬਿਲਕੁਲ ਖ਼ਿਲਾਫ਼ ਸਨ। ਹਰਮਨ ਆਪਣੇ ਦਾਦਾ ਜੀ ਸਾਹਮਣੇ ਅੜੀ ਕਰਕੇ ਆਪਣੀ ਮੰਗ ਮਨਵਾ ਲੈਂਦਾ ਸੀ। ਹੁਣ ਵੀ ਉਸ ਦੇ ਦਾਦਾ ਜੀ ਨੂੰ ਦੋ ਦਿਨ ਹੋ ਗਏ ਸਨ ਹਰਮਨ ਨੂੰ ਸਮਝਾਉਂਦਿਆਂ ਨੂੰ ਪਰ ਉਸ ਨੇ ਪੱਕੀ ਡੋਰ ਦੀ ਜ਼ਿੱਦ ਹੀ ਫੜੀ ਹੋਈ ਸੀ। ਉਸ ਨੇ ਇਸੇ ਜ਼ਿੱਦ ਵਿੱਚ ਰਾਤ ਰੋਟੀ ਵੀ ਨਹੀਂ ਖਾਧੀ ਸੀ। ਉਸ ਦੇ ਮੰਮੀ ਡੈਡੀ ਤਾਂ ਉਸ ਨੂੰ ਕਦੇ ਪਿਆਰ ਨਾਲ ਸਮਝਾਉਂਦੇ ਕਦੇ ਡਾਂਟ ਕੇ ਪਰ ਉਹ ਆਪਣੀ ਜ਼ਿੱਦ ਤੇ ਅੜਿਆ ਹੋਇਆ ਸੀ। ਤੀਜੇ ਦਿਨ ਉਸ ਨੇ ਆਪਣੇ ਦਾਦਾ ਜੀ ਨੂੰ ਆਪਣੀ ਜ਼ਿੱਦ ਅੱਗੇ ਝੁਕਣ ਲਈ ਮਜਬੂਰ ਕਰ ਦਿੱਤਾ। ਉਸ ਦੇ ਦਾਦਾ ਜੀ ਬਜ਼ਾਰੋਂ ਉਸ ਲਈ ਪੱਕੀ ਡੋਰ ਲੈਣ ਚਲੇ ਗਏ। ਉਹ ਖ਼ੁਸ਼ੀ ਵਿੱਚ ਆਪਣੇ ਦੋਸਤਾਂ ਨੂੰ ਫ਼ੋਨ ਕਰਕੇ ਦੱਸ ਵੀ ਰਿਹਾ ਸੀ ਤੇ ਆਪਣੇ ਘਰ ਪਤੰਗ ਚੜ੍ਹਾਉਣ ਲਈ ਬੁਲਾ ਰਿਹਾ ਸੀ ।

ਹਰਮਨ ਦੇ ਸਾਰੇ ਦੋਸਤ ਆਪਣੇ ਆਪਣੇ ਪਤੰਗ ਤੇ ਡੋਰਾਂ ਲੈ ਕੇ ਉਹਨਾਂ ਦੀ ਛੱਤ ਉੱਪਰ ਪਤੰਗ ਚੜ੍ਹਾਉਣ ਲੱਗੇ ਤੇ ਖ਼ੂਬ ਸ਼ੋਰ ਮਚਾਉਂਦੇ।ਹਰਮਨ ਵੀ ਉਹਨਾਂ ਨਾਲ ਮਸਤ ਸੀ। ਅਚਾਨਕ ਹਰਮਨ ਨੂੰ ਆਪਣੇ ਦਾਦਾ ਜੀ ਦਾ ਖਿਆਲ ਆਇਆ ਕਿ ਦੋ ਘੰਟੇ ਹੋ ਗਏ ਹਨ ਹਜੇ ਤੱਕ ਉਸ ਦੇ ਦਾਦਾ ਜੀ ਡੋਰ ਲੈ ਕੇ ਵਾਪਸ ਘਰ ਨਹੀਂ ਪਰਤੇ ਸਨ। ਉਹਨਾਂ ਨੂੰ ਪੁੱਛਣ ਲਈ ਜਦ ਹਰਮਨ ਨੇ ਦਾਦਾ ਜੀ ਨੂੰ ਫੋਨ ਕੀਤਾ ਤਾਂ ਕਿਸੇ ਹੋਰ ਵਿਅਕਤੀ ਨੇ ਚੁੱਕਿਆ ਤੇ ਦੱਸਿਆ,” ਬੇਟਾ ! ਇਹਨਾਂ ਦਾ ਚਾਈਨਾ ਡੋਰ ਦੀ ਚਪੇਟ ਵਿੱਚ ਆਉਣ ਨਾਲ ਗਲਾ ਕਾਫੀ ਡੂੰਘਾ ਕੱਟਿਆ ਗਿਆ ਹੈ…. ਇਹਨਾਂ ਦੀ ਹਾਲਤ ਕਾਫੀ ਨਾਜ਼ੁਕ ਹੈ….. ਅਸੀਂ ਇਹਨਾਂ ਨੂੰ ਹਸਪਤਾਲ ਲੈ ਕੇ ਜਾ ਰਹੇ ਹਾਂ……. ਇਹਨਾਂ ਦੇ ਫ਼ੋਨ ਤੋਂ ਨੰਬਰ ਲੱਭ ਕੇ ਅਸੀਂ ਇਹਨਾਂ ਦੇ ਪੁੱਤਰ ਅਤੇ ਨੂੰਹ ਨੂੰ ਫੋਨ ਕਰ ਦਿੱਤਾ ਹੈ…..।” ਕਹਿਕੇ ਫ਼ੋਨ ਕੱਟ ਦਿੱਤਾ।

ਸ਼ਾਮ ਤੱਕ ਸਾਰੇ ਮੁਹੱਲੇ ਵਿੱਚ ਰੌਲ਼ਾ ਪੈ ਗਿਆ ਕਿ ਹਰਮਨ ਦੇ ਦਾਦਾ ਜੀ ਦੀ ਡੋਰ ਨਾਲ਼ ਗਲਾ ਕੱਟਣ ਨਾਲ ਮੌਤ ਹੋ ਗਈ ਹੈ। ਹਰਮਨ ਦੇ ਘਰ ਵਿੱਚ ਚੀਕ ਚਿਹਾੜਾ ਪਿਆ ਹੋਇਆ ਸੀ। ਹਰਮਨ ਆਪਣੇ ਆਪ ਨੂੰ ਦਾਦਾ ਜੀ ਦੀ ਮੌਤ ਦਾ ਜ਼ਿੰਮੇਵਾਰ ਠਹਿਰਾਉਂਦਾ ਹੋਇਆ ਨਾਲ਼ੇ ਉੱਚੀ ਉੱਚੀ ਚੀਕਾਂ ਮਾਰ ਕੇ ਰੋ ਰਿਹਾ ਸੀ ਤੇ ਨਾਲ਼ੇ ਪਛਤਾ ਰਿਹਾ ਸੀ।

ਬਰਜਿੰਦਰ ਕੌਰ ਬਿਸਰਾਓ
9988901324

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -153
Next articleइंडियन रेलवे इंप्लाइज फेडरेशन का तृतीय राष्ट्रीय महाधिवेशन धूमधाम से हुआ संपन्न