ਦਿਲਪ੍ਰੀਤ ਕੌਰ ਗੁਰੀ
(ਸਮਾਜ ਵੀਕਲੀ) ਰਮਨ ਤੇ ਦੀਪ ਦੋ ਭੈਣਾਂ ਸਨ। ਦੀਪ ਦਾ ਵਿਆਹ ਮਾਪਿਆਂ ਦੀ ਪਸੰਦ ਨਾਲ ਹੋਇਆ ਪਰ ਰਮਨ ਨੇ ਆਪਦੀ ਪਸੰਦ ਨਾਲ ਘਰੋਂ ਭੱਜ ਕੇ ਵਿਆਹ ਕਰਵਾਇਆ। ਰਮਨ ਦੀ ਇਸ ਹਰਕਤ ਨੇ ਦੀਪ ਨੂੰ ਬਹੁਤ ਦੁਖੀ ਕੀਤਾ। ਕਿਉਂਕਿ ਰਮਨ ਨੂੰ ਮਾਪਿਆਂ ਦੀ ਇੱਜ਼ਤ ਦਾ ਵੀ ਭੋਰਾ ਖ਼ਿਆਲ ਨਾ ਆਇਆ।
ਸਮਾਂ ਬੀਤਦਾ ਗਿਆ। ਵਿਆਹ ਤੋਂ ਬਾਅਦ ਇੱਕ ਸਾਲ ਤਾਂ ਦੀਪ ਦੀ ਜ਼ਿੰਦਗੀ ਵਧੀਆ ਬੀਤੀ, ਇਕ ਸੋਹਣੇ ਜਿਹੇ ਪੁੱਤ ਦੀ ਮਾਂ ਵੀ ਬਣ ਗਈ ਪਰ ਬਾਅਦ ਵਿੱਚ ਜਿਵੇਂ ਕਿਸੇ ਦੀ ਨਜ਼ਰ ਹੀ ਲੱਗ ਗਈ ਹੋਵੇ।
ਦੀਪ ਦਾ ਪਤੀ ਆਪਣੇ ਅਸਲੀ ਰੰਗ ’ਚ ਆ ਗਿਆ। ਬੰਦਿਸ਼ਾਂ ਭਰੀ ਜ਼ਿੰਦਗੀ, ਆਹ ਨਹੀਂ ਕਰਨਾ, ਔਹ ਨਹੀਂ ਕਰਨਾ, ਕਿਸੇ ਨਾਲ ਗੱਲ ਵੀ ਨਾ ਕਰਨ ਦਿੰਦਾ। ਦੀਪ ਆਵਦੇ ਰਿਸ਼ਤੇਦਾਰਾਂ ਨੂੰ ਫ਼ੋਨ ਵੀ ਓਹਦੀ ਮਰਜੀ ਤੋਂ ਬਿਨਾਂ ਨਹੀਂ ਕਰ ਸਕਦੀ ਸੀ। ਪਹਿਲਾਂ ਵੀ ਅਕਸਰ ਏਦਾਂ ਹੀ ਕਰਦਾ ਸੀ ਪਰ ਬੱਚਾ ਹੋਣ ਤੋਂ ਬਾਅਦ ਉਸ ਦੀਆਂ ਬੰਦਿਸ਼ਾਂ ਹੋਰ ਵੱਧ ਗਈਆਂ। ਹਮੇਸ਼ਾ ਰੁੱਖਾ ਬੋਲਦਾ ਪਰ ਦੀਪ ਇਹ ਸੋਚ ਕੇ ਚੁੱਪ ਕਰ ਜਾਂਦੀ ਕਿ ਜੇ ਅੱਗੋਂ ਜਵਾਬ ਦਿੱਤਾ ਤਾਂ ਲੋਕਾਂ ਕਹਿਣਾ ਕਿ ਸਰਦਾਰਾਂ ਦੀਆਂ ਧੀਆਂ ਕਦੇ ਉੱਚਾ ਨਹੀਂ ਬੋਲਦੀਆਂ। ਉਸਦੀ ਮਾਂ ਨੇ ਵੀ ਇਹੀ ਸਿਖਾਇਆ ਸੀ ਕਿ ਸਰਦਾਰ ਘਰਾਂ ਦੀਆਂ ਧੀਆਂ ਕਦੇ ਉੱਚਾ ਨਹੀਂ ਬੋਲਦੀਆਂ। ਸਭ ਕੁਛ ਸਹਿ ਕੇ ‘ਸੀ’ ਤੱਕ ਨਹੀਂ ਕਰਦੀਆਂ। ਸਹੁਰੇ ਘਰ ਦੀ ਇੱਜ਼ਤ ਬਣਾ ਕੇ ਰੱਖਦੀਆਂ ਹਨ। ਸਾਡੇ ਸਮਾਜ ਵਿੱਚ ਮਾਪਿਆਂ ਦੀ ਇੱਜ਼ਤ ਤੇ ਸਰਦਾਰੀ ਦਾ ਠੇਕਾ ਅਕਸਰ ਹੀ ਕੁੜੀਆਂ ਸਿਰ ਹੁੰਦਾ ਹੈ।
ਦੀਪ ਦੇ ਪਤੀ ਦੇ ਜ਼ੁਲਮ ਹੋਰ ਵੱਧ ਗਏ, ਹੁਣ ਉਹ ਅਕਸਰ ਕੁੱਟਮਾਰ ਵੀ ਕਰਦਾ।
ਜੇ ਦੀਪ ਆਵਦਾ ਕਸੂਰ ਪੁੱਛਦੀ ਤਾਂ ਅੱਗੋਂ ਕਹਿੰਦਾ ਕਿ ਤੇਰੀ ਰਜਿਸਟਰੀ ਤੇਰੇ ਪਿਓ ਨੇ ਮੇਰੇ ਨਾਂਅ ’ਤੇ ਕਰਵਾਈ ਹੈ, ਮੈਂ ਜੋ ਮਰਜ਼ੀ ਕਰਾਂ। ਮੇਰਾ ਹਰ ਹੁਕਮ ਮੰਨਣਾ ਤੇਰਾ ਫਰਜ਼ ਹੈ। ਕੀ ਤੇਰਾ ਪਿਓ ਤੇਰੀ ਮਾਂ ’ਤੇ ਹੁਕਮ ਨਹੀਂ ਚਲਾਉਂਦਾ? ਦੀਪ ਚੁੱਪ ਕਰ ਜਾਂਦੀ, ਜੇ ਕਦੇ ਜ਼ਿਆਦਾ ਦਿਲ ਭਰਦਾ ਤਾਂ ਬਾਥਰੂਮ ਵਿੱਚ ਵੜ ਕੇ ਪਾਣੀ ਦੀ ਟੂਟੀ ਛੱਡ ਕੇ ਰੋ ਲੈਂਦੀ ਤਾਂ ਕਿ ਕਿਸੇ ਨੂੰ ਪਤਾ ਵੀ ਨਾ ਲੱਗੇ।
ਇਕ ਵਾਰ ਮਾਪਿਆਂ ਨੂੰ ਦੱਸਿਆ ਤਾਂ ਉਹ ਕਹਿੰਦੇ ਕਿ ਧੀਏ, ਹੁਣ ਇਹੀ ਤੇਰੀ ਕਿਸਮਤ ਹੈ। ਅਸੀਂ ਤੈਨੂੰ ਐਨਾ ਦਾਜ ਦੇ ਕੇ ਤੋਰਿਆ। ਦੱਸ ਕੀ ਨਹੀਂ ਦਿੱਤਾ? ਤੇ ਤੈਨੂੰ ਘਰੇ ਬਿਠਾ ਕੇ ਲੋਕਾਂ ਤੋਂ ਗੱਲਾਂ ਨਹੀਂ ਕਰਾਉਣੀਆਂ। ਪਤੀ ਦੇ ਘਰ ਵਿਚੋਂ ਪਤਨੀ ਦੀ ਲਾਸ਼ ਹੀ ਬਾਹਰ ਨਿਕਲਦੀ ਹੈ। ਦੀਪ ਜਾਣਦੀ ਸੀ ਕਿ ਹੁਣ ਚੁੱਪ ਹੀ ਭਲੀ ਆਂ।
ਦੀਪ ਉਦਾਸਿਆ ਮੂੰਹ ਲੈ ਕੇ ਵਾਪਿਸ ਚਲੀ ਆਈ, ਹੁਣ ਉਹ ਆਵਦੇ ਬੱਚੇ ਬਾਰੇ ਵੀ ਸੋਚਦੀ ਕਿ ਜੇ ਮੈਂ ਕੁੱਝ ਕਰ ਲਿਆ ਜਾਂ ਪਤੀ ਨੂੰ ਛੱਡਿਆ ਤਾਂ ਮੇਰਾ ਬੱਚਾ ਰੁਲ ਜਾਊ।
ਓਧਰ ਰਮਨ ਦਾ ਘਰਵਾਲਾ ਵੀ ਹੁਣ ਉਸਨੂੰ ਤੰਗ ਕਰਨ ਲੱਗ ਪਿਆ ਤੇ ਇਹੀ ਕਹਿੰਦਾ, “ਮੈਂ ਜੋ ਮਰਜ਼ੀ ਕਰਾਂ, ਤੂੰ ਮੇਰੇ ਨਾਲ ਭੱਜ ਕੇ ਆਈ ਹੈ, ਬਾਹਲੀ ਚੰਗੀ ਤੂੰ।”
ਰਮਨ ਨੇ ਉਸਨੂੰ ਤਲਾਕ ਦੇ ਦਿੱਤਾ ਤੇ ਵਿਦੇਸ਼ ਜਾ ਕੇ ਵਧੀਆ ਜ਼ਿੰਦਗੀ ਜੀਣ ਲੱਗੀ। ਪਰ ਦੀਪ ਤਾਂ ਆਵਦੀ ਜ਼ਿੰਦਗੀ ਦੀ ਮਾਲਕ ਹੀ ਨਹੀਂ ਸੀ। ਓਹ ਤਾਂ ਆਵਦੇ ਬਾਪੂ ਦੀ ਪ੍ਰਾਪਰਟੀ ਸੀ, ਜਿਸਦੀ ‘ਰਜਿਸਟ੍ਰੇਸ਼ਨ’ ਹੁਣ ਬਾਪੂ ਨੇ ਉਸਦੇ ਪਤੀ ਦੇ ਨਾਂਅ ’ਤੇ ਕਰ ਦਿੱਤੀ ਸੀ। ਦੀਪ ਸਭ ਕੁੱਝ ਬਰਦਾਸ਼ਤ ਕਰਦੀ ਨੇ 12 ਸਾਲ ਟਪਾ ਲਏ। ਇੱਕ ਹੋਰ ਬੱਚੇ ਦੀ ਮਾਂ ਬਣ ਗਈ, ਬੱਚੇ ਵਧੀਆ ਪਾਲੇ।
ਉਹ ਰੱਬ ਅੱਗੇ ਅਰਦਾਸ ਕਰਦੀ ਸੀ ਕਿ ਰੱਬਾ ਇਕ ਕੁਦਰਤੀ ਮੌਤ ਦੇ ਕੇ ਪਤੀ ਦੇ ਇਸ ਨਰਕ ਤੋਂ ਆਜ਼ਾਦ ਕਰਦੇ ਕਿਉਂਕਿ ਦੀਪ ਪਤੀ ਦਾ ਵਿਰੋਧ ਕਰਕੇ ਜਾਂ ਕੋਈ ਵੀ ਐਸਾ-ਵੈਸਾ ਕਦਮ ਚੁੱਕ ਕੇ ਪੇਕਿਆਂ ਤੇ ਸਹੁਰਿਆਂ ਦਾ ਸਿਰ ਨੀਵਾਂ ਨਹੀਂ ਕਰਨਾ ਚਾਹੁੰਦੀ ਸੀ।
ਰਮਨ ਨੇ ਕਈ ਵਾਰ ਕਿਹਾ, “ਸਭ ਕੁੱਝ ਛੱਡ ਕੇ ਮੇਰੇ ਵਾਂਗ ਆਪਣੀ ਆਜ਼ਾਦੀ ਵਾਲੀ ਜ਼ਿੰਦਗੀ ਜੀਅ, ਕੋਈ ਕਿਸੇ ਦਾ ਨਹੀਂ ਬਣਦਾ।”
ਪਰ ਦੀਪ ਕਹਿੰਦੀ, “ਮੈਂ ਆਪਣੇ ਦੁੱਖਾਂ ਤੇ ਫ਼ਰਜ਼ਾਂ ਤੋਂ ਭੱਜਣਾ ਨਹੀਂ ਚਾਹੁੰਦੀ।”
ਉਹ ਸੋਚਦੀ ਕਿ ਜੇ ਮੈਂ ਵੀ ਰਮਨ ਵਾਂਗ ਕੀਤਾ ਤਾਂ ਮੇਰਾ ਪਿਓ ਤਾਂ ਜਿਉਂਦੇ ਜੀਅ ਮਰ ਜਾਊ।
ਦਿਨ ਬੀਤੇ ਤੇ ਰੱਬ ਨੇ ਉਸਦੀ ਅਰਦਾਸ ਕਬੂਲ ਕਰ ਲਈ। ਦੀਪ ਬਿਮਾਰ ਰਹਿਣ ਲੱਗੀ ਤੇ ਇੱਕ ਦਿਨ ਇਸ ਸਭ ਤੋਂ ਮੁਕਤ ਹੋ ਗਈ ਪਰ ਉਸਦੇ ਪਤੀ ਨੂੰ ਕੋਈ ਫ਼ਰਕ ਨਾ ਪਿਆ। ਸ਼ਾਇਦ ਓਹਨੂੰ ਪਤਾ ਸੀ ਕਿ ਚੰਗੀ ਜਾਇਦਾਦ ਦਾ ਮਾਲਕ ਹੋਣ ਕਰਕੇ ਕੋਈ ਹੋਰ ਦੀਪ ਮਿਲ ਜਾਊ।
ਦੀਪ ਦੀ ਮੌਤ ਤੋਂ 6 ਮਹੀਨੇ ਬਾਅਦ ਹੀ ਉਸਦੇ ਪਤੀ ਨੇ ਹੋਰ ਵਿਆਹ ਕਰਵਾ ਲਿਆ। ਅੱਧੀ ਜਾਇਦਾਦ ਬੱਚਿਆਂ ਦੇ ਨਾਂਅ ਹੋ ਗਈ। ਦੂਜੀ ਪਤਨੀ ਦੇ ਵੀ ਇੱਕ ਬੱਚਾ ਹੋਇਆ। ਇਸ ਵਾਰ ਉਸਨੂੰ ਪਤਨੀ ਦੀਪ ਵਰਗੀ ਨਹੀਂ ਬਲਕਿ ਉਸਦੇ ਬਿਲਕੁੱਲ ਉਲਟ ਸਖ਼ਤ ਸੁਭਾਅ ਵਾਲੀ ਕੁੜੀ ਮਿਲੀ ਸੀ। ਉਹ ਠੀਕ-ਠਾਕ ਘਰ ’ਚੋਂ ਆਈ, ਆਪਣੀ ਮਰਜ਼ੀ ਕਰਨ ਵਾਲੀ ਕੁੜੀ ਸੀ। ਜੇ ਉਹ ਕਦੇ ਕੁੱਝ ਬੋਲਦਾ ਤਾਂ ਉਹ ਅੱਗੋਂ ਉੱਚੀ-ਉੱਚੀ ਰੌਲਾ ਪਾਉਣ ਲੱਗ ਜਾਂਦੀ ਤੇ ਇੱਕ ਦੀਆਂ ਚਾਰ ਸੁਣਾਉਂਦੀ।
ਦੀਪ ਦਾ ਪਤੀ ਉਦਾਸ ਤੇ ਚੁੱਪਚਾਪ ਰਹਿਣ ਲੱਗਿਆ। ਉਸਨੂੰ ਆਪਣਾ ਅਤੀਤ ਯਾਦ ਆਉਣ ਲੱਗਿਆ। ਦੀਪ ਦਾ ਪਤੀ ਗੁਰਨਾਮ ਹੁਣ ਗੁੰਮਨਾਮ ਹੋ ਚੁੱਕਿਆ ਸੀ। ਦੂਜੀ ਪਤਨੀ ਬੋਲਣ ਵੀ ਨਹੀਂ ਦਿੰਦੀ ਤੇ ਜੇ ਕਦੇ ਬੋਲਦਾ ਤਾਂ ਅੱਗੋਂ ਜਵਾਬ ਮਿਲਦਾ, “ਮੈਂ ਦੀਪ ਨਹੀਂ, ਜੋ ਚੁੱਪਚਾਪ ਸਭ ਕੁੱਝ ਸਹਿ ਜਾਊ ਤੇ ਨਾ ਹੀ ਮੇਰੇ ਮਾਪੇ ਦੀਪ ਦੇ ਮਾਪਿਆਂ ਵਰਗੇ ਨੇ, ਜੋ ਆਪਣੀ ਧੀ ਮਰਵਾ ਲੈਣ।”
ਹੁਣ ਤਾਂ ਬੱਚੇ ਵੀ ਅੱਗੋਂ ਜਵਾਬ ਦੇਣ ਲੱਗ ਗਏ ਕਿ ਤੂੰ ਤਾਂ ਸਾਡੀ ਭੋਲੀ ਭਾਲੀ ਮਾਂ ਦਾ ਨਹੀਂ ਬਣਿਆ, ਸਾਡਾ ਕੀ ਬਣੇਂਗਾ।
ਘਰ ਦਾ ਮਾਹੌਲ ਖ਼ਰਾਬ ਹੋ ਗਿਆ ਤਾਂ ਬੱਚੇ ਵੀ ਵਿਗੜ ਗਏ। ਉਨ੍ਹਾਂ ਨੂੰ ਪਤਾ ਸੀ, ਉਨ੍ਹਾਂ ਦੇ ਨਾਮ ਜਾਇਦਾਦ ਹੈ। ਉਹ ਆਪਣੀ ਮਰਜ਼ੀ ਕਰਦੇ, ਅੱਧੀ ਰਾਤ ਘਰ ਵੜਦੇ, ਗੁਰਨਾਮ ਸਭ ਕੁੱਝ ਵੇਖਦਾ ਪਰ ਕਹਿ ਕਿਸੇ ਨੂੰ ਕੁੱਝ ਨਹੀਂ ਸਕਦਾ ਸੀ।
ਉਹ ਦਿਨੋ-ਦਿਨ ਆਪਣੀ ਬੇਵਸੀ ਮਹਿਸੂਸ ਕਰਦਾ ਤੇ ਇਹ ਯਾਦ ਵੀ ਕਰਦਾ ਕਿ ਕਿਸ ਤਰ੍ਹਾਂ ਉਸਨੇ ਦੀਪ ਨੂੰ ਬੇਵੱਸ ਬਣਾ ਦਿੱਤਾ ਸੀ। ਉਹ ਆਪਣੇ ਮਾਪੇ ਤੇ ਪੇਕਿਆਂ ਦੀ ਇੱਜ਼ਤ ਹੀ ਸੰਭਾਲਦੀ ਰਹੀ। ਉਹ ਸਮਝਦਾਰ ਤੇ ਬੇਹੱਦ ਸੰਜਮ ਵਾਲੀ ਸੀ, ਜੋ ਇਨ੍ਹਾਂ ਕੁੱਝ ਸਹਿ ਕੇ ਵੀ ਛੱਡ ਕੇ ਨਹੀਂ ਗਈ। ਗੁਰਨਾਮ ਨੇ ਕਈ ਵਾਰ ਖੁਦਕੁਸ਼ੀ ਕਰਨ ਬਾਰੇ ਸੋਚਿਆ ਪਰ ਕਰ ਨਾ ਸਕਿਆ।
ਦੀਪ ਦਾ ਪਤੀ ਹੁਣ ਉਹ ਖ਼ਾਲੀ ਪਲਾਟ ਬਣ ਚੁੱਕਾ ਸੀ, ਜਿੱਥੇ ਕੋਈ ਵੀ ਕੂੜਾ-ਕਰਕਟ ਸੁੱਟ ਦਿੰਦਾ ਤੇ ਹੁਣ ਘਾਹ ਫੂਸ ਵੀ ਉੱਗ ਪਿਆ ਸੀ। ਹੁਣ ਉਹ ਚਾਹੁੰਦਾ ਸੀ ਕਿ ਉਸਦੀ ਰਜਿਸਟਰੀ ਕਿਸੇ ਇੱਕ ਦੇ ਨਾਂ ਹੋ ਜਾਵੇ, ਜੋ ਉਸਨੂੰ ਸੰਭਾਲ ਲਵੇ। ਉਸ ਉੱਤੇ ਬੇਸ਼ੱਕ ਕੋਈ ਸੋਹਣਾ ਘਰ ਨਾ ਬਣਾਵੇ ਪਰ ਉਸਨੂੰ ਕੂੜੇ-ਕਰਕਟ ਤੋਂ ਬਚਾ ਲਵੇ।
ਉਹ ਅਕਸਰ ਹੀ ਦੀਪ ਨੂੰ ਯਾਦ ਕਰਕੇ ਕਹਿੰਦਾ, “ਮੈਂ ਤਾਂ ਤੈਨੂੰ ਕਹਿੰਦਾ ਸਾਂ, “ਤੂੰ ਚੰਗਾ ਬੀਜ ਨਹੀਂ ਤੇ ਹੋਰ ਵੀ ਪਤਾ ਨਹੀਂ ਕਿੰਨਾ ਘਟੀਆ ਬੋਲਦਾ ਰਿਹਾ। ਤੇਰੀ ਰਜਿਸਟਰੀ ਪਹਿਲਾਂ ਤੇਰੇ ਪਿਓ ਤੇ ਫੇਰ ਮੇਰੇ ਨਾਂ ਹੋ ਗਈ, ਸਾਡੀ ਹੀ ਗਲ਼ਤੀ ਸੀ, ਜੋ ਸਾਡੇ ਤੋਂ ਫੁੱਲ ਨਾ ਬੀਜ ਹੋਏ। ਤੂੰ ਤਾਂ ਅਨਮੋਲ ਜਾਇਦਾਦ ਸੀ ਪਰ ਮੈਨੂੰ ਹੀ ਰੱਖਣੀ ਨਾ ਆਈ। ਤੂੰ ਕਰਮਾਂ ਵਾਲੀ ਸੈਂ, ਤੂੰ ਕਿਸੇ ਦੀ ਮਾਲਕੀਅਤ ਸੀ। ਪਰ…(ਇਹ ਕਹਿੰਦਿਆਂ ਈ ਜਿਵੇਂ ਜ਼ੁਬਾਨ ਨੂੰ ਦੰਦਲ ਆ ਜਾਂਦੀ) ਮੇਰੀ ਰਜਿਸਟਰੀ ਤਾਂ ਕਿਸੇ ਦੇ ਨਾਂ ਨਹੀਂ ਤੇ ਮੈਂ ਲਾਵਾਰਿਸ ਬਣ ਗਿਆ। ਬਿੱਲਕੁਲ ਲਵਾਰਿਸ ਮਲਕੀਅਤ, ਜਿਸ ’ਤੇ ਸਿਰਫ਼ ਕੰਡੇ ਨੇ, ਜੋ ਕੰਡੇ ਤੇਰੀ ਜਿੰਦਗੀ ’ਚ ਭਰੇ ਅੱਜ ਮੈਨੂੰ ਚੁੱਭ ਰਹੇ ਨੇ। ਤੈਨੂੰ ਤਾਂ ਕੁਦਰਤ ਨੇ ਆਪਣੀ ਗੋਦ ’ਚ ਲੈ ਲਿਆ ਪਰ ਮੈਨੂੰ ਉਸਨੇ ਵੀ ਲਵਾਰਿਸ ਕਰ ਦਿੱਤਾ। ਮੇਰੀ ਰਜਿਸਟ੍ਰੇਸ਼ਨ ਕਿਤੇ ਨਹੀਂ ਹੋ ਰਹੀ। ਦੀਪ ਮੇਰੇ ਗੁਨਾਹ ਮੁਆਫ਼ ਕਰ ਦਈਂ, ਆਪਣੀਆਂ ਕੀਤੀਆਂ ’ਤੇ ਪਛਤਾਅ ਰਿਹਾ।” ਇਹ ਕਹਿ ਗੁਰਨਾਮ ਖਾਮੋਸ਼ ਹੋ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj