ਸਿਨਸਿਨਾਟੀ ਵਿਖੇ ਰੀਜਨਲ ਸਿੱਖ ਯੂਥ ਸਿਮਪੋਜ਼ੀਅਮ 2023 ਕਰਵਾਇਆ ਗਿਆ

 ਸਿਨਸਿਨਾਟੀ, ਓਹਾਇਓ (ਸਮਾਜ ਵੀਕਲੀ): ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਵਲੋਂ ਕਰਵਾਏ ਜਾਂਦੇ ਸਲਾਨਾ ਸਿੱਖ ਯੂਥ ਸਿਮਪੋਜ਼ੀਅਮ 2023 ਸੰਬੰਧੀ ਖੇਤਰੀ (ਰੀਜਨਲ) ਪੱਧਰ ਦੇ ਭਾਸ਼ਨ ਮੁਕਾਬਲੇ ਅਮਰੀਕਾ ਦੇ ਸੂਬੇ ਓਹਾਇਓ ਦੇ ਸ਼ਹਿਰ ਸਿਨਸਿਨਾਟੀ ਵਿਖੇ ਕਰਵਾਏ ਗਏ। ਓਹਾਇਓ ਅਤੇ ਪੈਨਸਿਲਵੇਨੀਆ ਸੂਬੇ ਦੇ ਇਸ ਰੀਜਨਲ ਸਿਮਪੋਜ਼ੀਅਮ ਵਿੱਚ ਸਿਨਸਿਨਾਟੀ, ਕਲੀਵਲੈਂਡ ਅਤੇ ਪਿਟਸਬਰਗ ਸ਼ਹਿਰਾਂ ਦੇ 6 ਤੋਂ 23 ਸਾਲ ਤੱਕ ਦੇ 26 ਬੱਚਿਆਂ ਨੇ ਭਾਗ ਲਿਆ।

ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਵਿੱਚ ਇਹਨਾਂ ਤਿੰਨਾ ਸ਼ਹਿਰਾਂ ਦੇ ਸਥਾਨਕ ਪੱਧਰ ਦੇ ਸਿਮਪੋਜ਼ੀਅਮ ਮੁਕਾਬਲੇ ਕਰਵਾਏ ਗਏ ਸਨ। ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਸਿਮਪੋਜ਼ੀਅਮ ਲਈ ਸਿਨਸਿਨਾਟੀ ਅਤੇ ਡੇਟਨ ਖੇਤਰ ਦੇ ਸਥਾਨਕ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਦੱਸਿਆ ਕਿ ਅਪ੍ਰੈਲ ਦੇ ਮਹੀਨੇ ਵਿੱਚ ਤਿੰਨਾ ਸ਼ਹਿਰਾਂ ਦੇ ਸਥਾਨਕ ਪੱਧਰ ‘ਤੇ ਹੋਏ ਸਿਮਪੋਜ਼ੀਅਮ ਦੇ ਜੇਤੂ ਬੱਚੇ ਰੀਜਨਲ ਸਿਮਪੋਜ਼ੀਅਮ ਵਿੱਚ ਭਾਗ ਲੈਂਦੇ ਹਨ।

ਗੁਮਟਾਲਾ ਨੇ ਦੱਸਿਆ ਕਿ ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ ਪੰਜ ਗਰੁੱਪਾਂ ਵਿਚ ਵੰਡਿਆ ਜਾਂਦਾ ਹੈ। ਹਰੇਕ ਗਰੁੱਪ ਨੂੰ ਪਹਿਲਾਂ ਜਨਵਰੀ ਦੇ ਮਹੀਨੇ ਇਕ ਕਿਤਾਬ ਦਿੱਤੀ ਜਾਂਦੀ ਹੈ ਤੇ ਭਾਗ ਲੈਣ ਵਾਲਿਆਂ ਨੇ ਉਸ ਦੇ ਵਿਚੋਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ 5 ਤੋਂ 7 ਮਿੰਟ ਵਿਚ ਭਾਸ਼ਣ ਦੇ ਰੂਪ ਵਿਚ ਦੇਣੇ ਹੁੰਦੇ ਹਨ। ਇਸ ਸਾਲ ਪਹਿਲੇ ਗਰੁੱਪ ਨੂੰ “ਬੇਸਿਕ ਨੋਲੇਜ ਆਫ ਸਿੱਖਇਜ਼ਮ”, ਦੂਜੇ ਨੂੰ “ਸਿੱਖ ਸਾਖੀਜ਼ ਫਾਰ ਯੂਥ”, ਤੀਜੇ ਨੂੰ “ਦੀ ਟਰਬਨ”, ਅਤੇ ਚੌਥੇ ਨੂੰ “ਗੁਰੂ ਗੰ੍ਰਥ ਸਾਹਿਬ – ਸੁਪਰੀਮ ਟਰੇਜ਼ਰ” ਕਿਤਾਬ ਦਿੱਤੀ ਗਈ ਜਿਸ ਵਿੱਚੋਂ ਉਹਨਾਂ ਦਿੱਤੇ ਗਏ ਸਵਾਲਾਂ ਦੇ ਜਵਾਬ ਵਿੱਚ ਭਾਸਨ ਦਿੱਤੇ। ਗਰੁਪ 5 ਨੂੰ “ਸਿੱਖ ਜੀਵਨ ਜਾਚ / ਸਿੱਖ ਰਹਿਤ ਮਰਿਆਦਾ ਅਤੇ ਗੁਰਬਾਣੀ” ਦਾ ਵਿਸ਼ਾ ਦਿੱਤਾ ਗਿਆ ਸੀ।

ਇਸ ਸਾਲ ਸਿਨਸਿਨਾਟੀ ਤੋਂ 11, ਕਲੀਵਲੈਂਡ ਤੋਂ 10 ਅਤੇ ਪਿਟਸਬਰਗ ਤੋਂ 6 ਨੌਜਵਾਨਾਂ ਨੇ ਰੀਜਨਲ ਲਈ ਭਾਗ ਲਿੱਤਾ। ਸਿਮਪੋਜ਼ੀਅਮ ਦੀ ਅਰੰਭਤਾ ਅਤੇ ਸਮਾਪਤੀ ਅਰਦਾਸ ਅਤੇ ਹੁਕਮਨਾਮਾ ਲੈ ਕੇ ਹੁੋਈ। ਬੱਚਿਆਂ ਨੇ ਭਾਸ਼ਣ ਤਿਆਰ ਕਰਨ ਲਈ ਬਹੁਤ ਮਿਹਨਤ ਕੀਤੀ। ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਇਨਾਮ ਵਿੱਚ ਟਰੋਫੀਆਂ ਦਿੱਤੀਆਂ ਗਈਆਂ। ਪੰਜਾਬੀ ਵਿੱਚ ਭਾਸ਼ਣ ਦੇਣ ਵਾਲੇ ਬੱਚਿਆਂ ਨੂੰ ਵੱਖਰਾ ਵਿਸ਼ੇਸ਼ ਅਵਾਰਡ ਵੀ ਦਿੱਤਾ ਗਿਆ।

ਗਰੁੱਪ 1 ਵਿੱਚ ਜਸਦੀਪ ਸਿੰਘ, ਗਰੁੱਪ 2 ਵਿੱਚ ਤ੍ਰਿਸ਼ਾ ਕੌਰ, ਗਰੁੱਪ 3 ਵਿੱਚ ਬਰਨਤ ਕੌਰ, ਗਰੁੱਪ 4 ਵਿੱਚ ਮਾਨਿਤ ਸਿੰਘ ਅਤੇ ਗਰੁੱਪ 5 ਵਿੱਚ ਹਰਜੋਤ ਕੌਰ ਪਹਿਲੇ ਸਥਾਨ ‘ਤੇ ਆਏ। ਇਹ ਜੇਤੂ ਬੱਚੇ 3 ਤੋਂ 6 ਅਗਸਤ, 2023 ਵਿੱਚ ਸ਼ਾਰਲੈਟ, ਨਾਰਥ ਕੈਰੋਲਾਈਨਾ ਵਿਖੇ ਹੋਣ ਵਾਲੇ ਅੰਤਰਰਾਸ਼ਟਰੀ ਸਿਮਪੋਜ਼ੀਅਮ ਵਿੱਚ ਭਾਗ ਲੈਣਗੇ।

ਸਿੱਖ ਯੂਥ ਅਲਾਇੰਸ ਆਫ ਨਾਰਥ ਅਮਰੀਕਾ (ਸਿਆਨਾ) ਸੰਸਥਾ ਦੇ ਨੈਸ਼ਨਲ ਕਨਵੀਨਰ ਸ. ਕੁਲਦੀਪ ਸਿੰਘ ਅਨੁਸਾਰ ਸੰਸਥਾ ਵਲੋਂ ਸੰਨ 2000 ਤੋਂ ਹਰ ਸਾਲ ਮਾਰਚ-ਅਪ੍ਰੈਲ ਦੇ ਮਹੀਨੇ ਵਿਚ ਇਹ ਮੁਕਾਬਲੇ ਪਹਿਲਾਂ ਅਮਰੀਕਾ ਤੇ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿਚ ਕਰਵਾਏ ਜਾਂਦੇ ਹਨ, ਫਿਰ ਰਾਜ ਪੱਧਰੀ ਤੇ ਅੰਤ ਵਿਚ ਅਗਸਤ ਦੇ ਮਹੀਨੇ ਵਿਚ ਅੰਤਰ-ਰਾਸ਼ਰਟੀ ਪੱਧਰ ਦੇ ਮੁਕਾਬਲੇ ਕਰਵਾਏ ਜਾਂਦੇ ਹਨ। ਇਸ ਵਿਚ ਰਾਜ ਪੱਧਰੀ ਮੁਕਾਬਲਿਆਂ ਦੇ ਜੇਤੂ ਬੱਚੇ ਭਾਗ ਲੈਦੇ ਹਨ। ਰਾਜ ਪੱਧਰੀ ਮੁਕਾਬਲਿਆਂ ਲਈ ਅਮਰੀਕਾ ਅਤੇ ਕੈਨੇਡਾ ਨੂੰ 13 ਹਿੱਸਿਆਂ ਵਿਚ ਵੰਡਿਆ ਗਿਆ ਹੈ ਤੇ ਹਰ ਖਿੱਤੇ ਤੋਂ ਜੇਤੂ ਬੱਚੇ ਫਾਈਨਲ ਮੁਕਾਬਲਿਆਂ ਵਿਚ ਜਾਂਦੇ ਹਨ। ਉਹਨਾਂ ਕਿਹਾ ਕਿ ਸਿਮਪੋਜ਼ੀਅਮ ਦੀ ਤਿਆਰੀ ਨਾਲ ਬੱਚਿਆਂ ਨੂੰ ਜਿੱਥੇ ਸਿੱਖ ਇਤਿਹਾਸ ਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ, ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਅਤੇ ਬੋਲਣ ਦਾ ਵੀ ਪਤਾ ਲੱਗਦਾ ਹੈ।

ਸਮੀਪ ਸਿੰਘ ਗੁਮਟਾਲਾ

ਸਿਨਸਿਨਾਟੀ, ਓਹਾਇਓ, ਅਮਰੀਕਾ

+1-937-654-8873

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleADB approves $350 million loan to help support SL’s economic stabilisation
Next articleਭੰਬਲਭੂਸੇ