ਜੇਕਰ ਨਗਰ ਕੌਂਸਲ ਵਿੱਚ ਵੱਡੇ ਲੇਬਲ ਤੇ ਧਾਂਧਲੀਆਂ ਨਾ ਹੋਣ ਤਾਂ ਖ਼ਜਾਨੇ ਖਾਲੀ ਨਾ ਹੋਣ – ਅਸ਼ੋਕ ਸੰਧੂ ਨੰਬਰਦਾਰ
ਨੂਰਮਹਿਲ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਵੱਲੋਂ ਲਿਖਤੀ ਅਤੇ ਸਾਂਝੇ ਤੌਰ ਤੇ ਇੱਕ ਮੰਗ ਪੱਤਰ ਨੂਰਮਹਿਲ ਨਗਰ ਕੌਂਸਲ ਦੀ ਪ੍ਰਧਾਨ ਸ਼੍ਰੀਮਤੀ ਹਰਦੀਪ ਕੌਰ ਜੌਹਲ ਅਤੇ ਨਵ ਨਿਯੁਕਤ ਕਾਰਜ ਸਾਧਕ ਅਫਸਰ ਸ਼੍ਰੀ ਵਿਜੇ ਕੁਮਾਰ ਡੋਗਰਾ ਨੂੰ ਦਿੱਤਾ ਗਿਆ ਜਿਸ ਵਿੱਚ ਲੋਕ ਹਿੱਤਾਂ ਨੂੰ ਮੱਦੇਨਜ਼ਰ ਰੱਖਦਿਆਂ ਮੰਗ ਕੀਤੀ ਗਈ ਕਿ ਪ੍ਰਸ਼ਾਸਕ ਕਾਲ ਦੌਰਾਨ ਟੀ.ਐਸ.1 ਅਤੇ ਨੋ ਡਿਊਜ਼ ਦੀ ਫੀਸ ਵਧਾ ਕੇ ਜੋ 1000/- ਰੁਪਏ ਕਰ ਦਿੱਤੀ ਸੀ, ਨੂੰ ਘਟਾਕੇ 200/- ਰੁਪਏ ਕੀਤਾ ਜਾਵੇ। ਇਸ ਤੋਂ ਇਲਾਵਾ ਨਵੰਬਰ 2020 ਵਿੱਚ ਉਸ ਸਮੇਂ ਦੇ ਈ.ਓ ਸ਼੍ਰੀ ਰਣਦੀਪ ਸਿੰਘ ਵੜੈਚ ਵੱਲੋਂ ਨੰਬਰਦਾਰ ਯੂਨੀਅਨ ਅਤੇ ਸ਼ਹਿਰ ਨਿਵਾਸੀਆਂ ਨਾਲ ਵਾਅਦਾ ਕੀਤਾ ਸੀ ਸਾਲ 2021 ਦੇ ਚੜ੍ਹਦੇ ਸਾਰ ਹੀ ਨਵੀਆਂ ਐਲ.ਈ.ਡੀ ਲਾਈਟਾਂ ਨਾਲ ਸ਼ਹਿਰ ਚਮ-ਚਮਾ ਦਿੱਤਾ ਜਾਵੇਗਾ ਪਰ ਉਲਟਾ ਸ਼ਹਿਰ ਵਿੱਚ ਕਿਤੇ ਨਾ ਕਿਤੇ ਹਨੇਰਾ ਹੀ ਛਾਇਆ ਰਹਿੰਦਾ ਹੈ। ਇਸ ਸੰਬੰਧ ਵਿੱਚ ਮੰਗ ਕੀਤੀ ਗਈ ਕਿ ਜਲਦੀ ਹੀ ਨਵੀਂ ਵਾਇਰਿੰਗ ਨਾਲ ਉੱਚਤਮ ਕਿਸਮ ਦੀਆਂ ਲਾਈਟਾਂ ਜੋ ਸ਼ਹਿਰ ਨੂੰ ਪੂਰੀ ਸਮਰੱਥਾ ਨਾਲ ਰੋਸ਼ਨ ਕਰ ਸਕਣ, ਤੁਰੰਤ ਲਗਾਈਆਂ ਜਾਣ।
ਮੰਗ ਪੱਤਰ ਲੈਣ ਉਪਰੰਤ ਈ.ਓ ਸ਼੍ਰੀ ਵਿਜੇ ਕੁਮਾਰ ਡੋਗਰਾ ਨੇ ਕਿਹਾ ਕਿ ਜੇਕਰ ਫੀਸ ਘਟਾ ਦਿੱਤੀ ਜਾਵੇਗੀ ਤਾਂ ਨਗਰ ਕੌਂਸਲ ਚਲਾਉਣੀ ਔਖੀ ਹੀ ਜਾਵੇਗੀ। ਇਸ ਦੇ ਜਵਾਬ ਵਿਚ ਨੰਬਰਦਾਰ ਅਸ਼ੋਕ ਸੰਧੂ ਨੇ ਕਿਹਾ ਕਿ ਜੇਕਰ ਨਗਰ ਕੌਂਸਲ ਵਿੱਚ ਧਾਂਧਲੀਆਂ ਹੋਣੀਆਂ ਬੰਦ ਹੋ ਜਾਣ ਤਾਂ ਖ਼ਜਾਨੇ ਕਦੀ ਖਾਲੀ ਹੀ ਨਾ ਹੋਣ। ਬੀਤੇ ਦਿਨੀਂ ਨੂਰਮਹਿਲ ਵਿੱਚ ਇੰਟਰਲਾਕ ਟਾਇਲਾਂ ਲਗਾਉਣ ਵਿੱਚ ਹੋਈ ਵੱਡੇ ਪੱਧਰ ਤੇ ਘਪਲੇਬਾਜ਼ੀ ਇਸ ਗੱਲ ਦਾ ਪ੍ਰਮਾਣ ਹਨ ਜਿਸਦੀ ਘੋਖ ਕਰਨ ਲਈ ਏ ਡੀ ਸੀ ਜਲੰਧਰ ਨੂੰ ਖੁਦ ਨੂਰਮਹਿਲ ਪਹੁੰਚਣਾ ਪਿਆ। ਸਿੱਟੇ ਵੱਜੋਂ ਨੰਬਰਦਾਰ ਅਸ਼ੋਕ ਸੰਧੂ ਅਤੇ ਗੁਰਵਿੰਦਰ ਸੋਖਲ ਨੇ ਕਿਹਾ ਕਿ ਆਮ ਲੋਕਾਂ ਦਾ ਗਲਾ ਘੁੱਟਣ ਨਾਲੋਂ ਬੇਹਤਰ ਹੈ ਕਿ ਲੱਖਾਂ ਰੁਪਏ ਦੀ ਹੁੰਦੀ ਘਪਲੇਬਾਜ਼ੀ ਬੰਦ ਹੋਵੇ। ਵਿਕਾਸ ਦੇ ਨਾਂ ਤੇ ਹੋਣ ਵਾਲੇ ਕੰਮ ਵਿਨਾਸ਼ ਨਾ ਬਣਨ। ਇਸ ਮੌਕੇ ਲਾਇਨ ਬਬਿਤਾ ਸੰਧੂ ਨੇ ਜਲੰਧਰੀ ਗੇਟ ਤੋਂ ਸੀਤਾ ਰਾਮ ਮੰਦਰ ਵਾਲੀ ਨਵੀਂ ਸੜਕ ਦੀ ਜਾਂਚ ਕਰਨ ਦੀ ਮੰਗ ਕੀਤੀ ਅਤੇ ਸੰਬੰਧਿਤ ਠੇਕੇਦਾਰ ਪਾਸੋਂ ਦੁਬਾਰਾ ਇੰਟਰਲਾਕ ਲਗਵਾਉਣ ਦੀ ਮੰਗ ਦੁਹਰਾਈ। ਸ਼੍ਰੀਮਤੀ ਸੰਧੂ ਨੇ ਲਵ-ਕੁਸ਼ ਚੌਂਕ ਤੋਂ ਮੁਹੱਲਾ ਰਵਿਦਾਸ ਪੁਰਾ ( ਫਿਲੌਰ-ਜਲੰਧਰ ਬਾਈਪਾਸ ) ਵਾਲੀ ਸੜਕ ਨੂੰ ਮੁੜ ਸੁਚੱਜੇ ਤਰੀਕੇ ਨਾਲ ਬਣਾਉਣ ਲਈ ਕਿਹਾ।
ਇਸ ਮੰਗ ਪੱਤਰ ਤੇ ਨਗਰ ਕੌਂਸਲਰ ਨੰਦ ਕਿਸ਼ੋਰ ਗਿੱਲ, ਜ਼ਿਲ੍ਹਾ ਪ੍ਰਧਾਨ ਅਸ਼ੋਕ ਸੰਧੂ, ਨੰਬਰਦਾਰ ਜਗਨ ਨਾਥ, ਲਾਇਨ ਬਬਿਤਾ ਸੰਧੂ, ਨੰਬਰਦਾਰ ਗੁਰਮੇਲ ਚੰਦ ਮੱਟੂ, ਗੁਰਵਿੰਦਰ ਸੋਖਲ, ਲਾਇਨ ਦਿਨਕਰ ਸੰਧੂ, ਵਿਪਲ ਕੁਮਾਰ, ਵਰਿੰਦਰ ਕੋਹਲੀ ਗੋਲਡੀ, ਮੁਕੇਸ਼ ਕੁਮਾਰ ਅਤੇ ਪੁਨੀਤ ਕੁਮਾਰ ਨੇ ਉਚੇਚੇ ਤੌਰ ਤੇ ਦਸਤਖ਼ਤ ਕੀਤੇ। ਵਰਨਣਯੋਗ ਹੈ ਕਿ ਨਗਰ ਕੌਂਸਲ ਨਕੋਦਰ ਵੱਲੋਂ ਵਾਧੂ ਫੀਸ ਘਟਾ ਕੇ 200/- ਰੁਪਏ ਕਰ ਦੇਣ ਦਾ ਫੈਸਲਾ ਕਰ ਲਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly