ਡੇਰਾਬੱਸੀ (ਸਮਾਜ ਵੀਕਲੀ): ਇੱਥੋਂ ਦੇ ਢਕੋਲੀ ਖੇਤਰ ਵਿੱਚੋਂ ਲੰਘ ਰਹੇ ਬਰਸਾਤੀ ਚੋਅ ਵਿੱਚ ਲੰਘੇ ਕੁਝ ਦਿਨਾਂ ਤੋਂ ਲਾਲ ਰੰਗ ਦਾ ਪਾਣੀ ਵਗ ਰਿਹਾ ਹੈ। ਸਥਾਨਕ ਲੋਕਾਂ ਨੇ ਦੋਸ਼ ਲਾਇਆ ਹੈ ਕਿ ਪੰਚਕੂਲਾ ਸਨਅਤੀ ਖੇਤਰ ਤੋਂ ਆਉਣ ਵਾਲੇ ਇਸ ਨਾਲੇ ਵਿੱਚ ਦੂਸ਼ਿਤ ਪਾਣੀ ਛੱਡਿਆ ਜਾ ਰਿਹਾ ਹੈ।
ਇਸ ਸਬੰਧੀ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਇੱਥੋਂ ਲੰਘ ਰਹੇ ਇਹ ਬਰਸਾਤੀ ਚੋਅ ਵਿਚ ਪੰਚਕੂਲਾ ਦੇ ਮੀਂਹ ਦੇ ਪਾਣੀ ਤੋਂ ਇਲਾਵਾ ਸਨਅਤੀ ਖੇਤਰ ਤੋਂ ਵੀ ਪਾਣੀ ਆਉਂਦਾ ਹੈ। ਉਨ੍ਹਾਂ ਕਿਹਾ ਕਿ ਲੰਘੇ ਤਿੰਨ ਦਿਨਾਂ ਤੋਂ ਇਸ ਚੋਅ ਵਿਚ ਲਾਲ ਰੰਗ ਦਾ ਪਾਣੀ ਵਗ ਰਿਹਾ ਹੈ ਜਿਸ ਨੂੰ ਦੇਖ ਕੇ ਜਾਪਦਾ ਹੈ ਕਿ ਇਹ ਦੂਸ਼ਿਤ ਪਾਣੀ ਪੰਚਕੂਲਾ ਦੇ ਸਨਅਤੀ ਖੇਤਰ ਵਿੱਚ ਸਥਿਤ ਕਿਸੇ ਸਨਅਤ ਵਿੱਚੋਂ ਮੀਂਹ ਦੇ ਪਾਣੀ ਦੀ ਆੜ ਹੇਠ ਛੱਡਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਕੁਝ ਕਿਸਾਨ ਇਸ ਚੋਅ ਦੇ ਪਾਣੀ ਦੀ ਵਰਤੋਂ ਆਪਣੇ ਖੇਤਾਂ ਵਿੱਚ ਸਿੰਜਾਈ ਲਈ ਕਰਦੇ ਹਨ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਦੂਸ਼ਿਤ ਪਾਣੀ ਨਾਲ ਤਿਆਰ ਹੋਣ ਵਾਲੀ ਫ਼ਸਲ ਲੋਕਾਂ ਦੀ ਸਿਹਤ ’ਤੇ ਮਾੜਾ ਅਸਰ ਪਾਵੇਗੀ। ਸਥਾਨਕ ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਪਾਣੀ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਸਨਅਤ ਵੱਲੋਂ ਚੋਅ ਵਿਚ ਇਹ ਦੂਸ਼ਿਤ ਪਾਣੀ ਛੱਡਿਆ ਗਿਆ ਹੈ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉੱਧਰ, ਐੱਸਡੀਐੱਮ ਡੇਰਾਬੱਸੀ ਕੁਲਦੀਪ ਬਾਵਾ ਨੇ ਕਿਹਾ ਕਿ ਹੁਣ ਮਾਮਲਾ ਧਿਆਨ ਵਿੱਚ ਆਉਣ ’ਤੇ ਪ੍ਰਦੂਸ਼ਣ ਰੋਕਥਾਮ ਬੋਰਡ ਨੂੰ ਇਸ ਮਾਮਲੇ ਦੀ ਜਾਂਚ ਕਰ ਕੇ ਬਣਦੀ ਕਾਰਵਾਈ ਕਰਨ ਲਈ ਕਿਹਾ ਜਾਵੇਗਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly