ਨਵੀਂ ਦਿੱਲੀ (ਸਮਾਜ ਵੀਕਲੀ): ਪਿਛਲੇ 24 ਘੰਟਿਆਂ ਦੌਰਾਨ ਪਏ ਰਿਕਾਰਡ 139 ਮਿਲੀਮੀਟਰ ਮੀਂਹ ਨੇ ਕੌਮੀ ਰਾਜਧਾਨੀ ਦੀ ਨੱਕ ਵਿੱਚ ਦਮ ਕਰ ਛੱਡਿਆ ਹੈ। ਦਿੱਲੀ ਵਿੱਚ ਪਿਛਲੇ 13 ਸਾਲਾਂ ਵਿੱਚ ਅਗਸਤ ਮਹੀਨੇ ਦੌਰਾਨ ਇਕ ਦਿਨ ਵਿੱਚ ਪਿਆ ਰਿਕਾਰਡ ਮੀਂਹ ਹੈ। ਭਾਰਤੀ ਮੌਸਮ ਵਿਭਾਗ ਨੇ ‘ਸੰਤਰੀ’ ਐਲਰਟ ਜਾਰੀ ਕਰਦਿਆਂ ਮੌਸਮ ਖਰਾਬ ਰਹਿਣ ਦੀ ਚਿਤਾਵਨੀ ਦਿੱਤੀ ਹੈ। ਮੀਂਹ ਕਰਕੇ ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਰਕੇ ਮਿੰਟੂ ਬ੍ਰਿਜ, ਰਾਜਘਾਟ, ਮੂਲਚੰਦਰ ਅੰਡਰਪਾਸ, ਕਨਾਟ ਪਲੇਸ ਤੇ ਆਈਟੀਓ ਵਿੱਚ ਅੰਡਰਪਾਸ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਦਿੱਲੀ ਟਰੈਫਿਕ ਪੁਲੀਸ ਨੇ ਆਮ ਲੋਕਾਂ ਨੂੰ ਸੂਚਿਤ ਕਰਨ ਲਈ ਟਵਿੱਟਰ ਦਾ ਸਹਾਰਾ ਲਿਆ ਹੈ।
ਪੀਡਬਲਿਊਡੀ ਅਧਿਕਾਰੀਆਂ ਨੇ ਫੀਲਡ ਸਟਾਫ਼ ਨੂੰ ਹਦਾਇਤ ਕੀਤੀ ਹੈ ਕਿ ਪਾਣੀ ਇਕੱਠਾ ਹੋਣ ਨਾਲ ਸਬੰਧਤ ਸ਼ਿਕਾਇਤਾਂ ਦਾ ਤਰਜੀਹੀ ਆਧਾਰ ’ਤੇ ਨਿਬੇੜਾ ਕੀਤਾ ਜਾਵੇ। ਟਰੈਫਿਕ ਪੁਲੀਸ ਨੇ ਲੜੀਵਾਰ ਟਵੀਟ ਕਰਕੇ ਵਾਹਨ ਚਾਲਕਾਂ ਨੂੰ ਮਿੰਟੂ ਬ੍ਰਿਜ ਵੱਲ ਨਾ ਜਾਣ ਦੀ ਤਾਕੀਦ ਕੀਤੀ ਹੈ। ਇਸੇ ਤਰ੍ਹਾਂ ਆਜ਼ਾਦ ਮਾਰਕੀਟ ਅੰਡਰਪਾਸ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਇਥੇ ਡੇਢ ਫੁੱਟ ਤਕ ਪਾਣੀ ਜਮ੍ਹਾਂ ਹੋ ਗਿਆ ਹੈ। ਜਿਨ੍ਹਾਂ ਹੋਰਨਾਂ ਖੇਤਰਾਂ ਵਿੱਚ ਪਾਣੀ ਇਕੱਠਾ ਹੋਣ ਦੀਆਂ ਰਿਪੋਰਟਾਂ ਹਨ, ਉਨ੍ਹਾਂ ਵਿੱਚ ਪੁਲ ਪ੍ਰਹਿਲਾਦਪੁਰ ਅੰਡਰਪਾਸ, ਲਾਜਪਤ ਨਗਰ, ਜੰਗਪੁਰਾ, ਏਮਸ ਫਲਾਈਓਵਰ, ਕਨਾਟ ਪਲੇਸ, ਆਈਟੀਓ, ਪੁਸਾ ਰੋਡ, ਨਵੀਂ ਦਿੱਲੀ ਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨਾਂ ਦੇ ਯਾਰਡਾਂ, ਪ੍ਰਗਤੀ ਮੈਦਾਨ, ਸੰਗਮ ਵਿਹਾਰ, ਰੋਹਤਕ ਰੋਡ, ਨੰਦ ਨਗਰੀ, ਲੋਨੀ ਚੌਕ ਮੰਗੋਲਪੁਰੀ, ਕਿਰਾਰੀ ਤੇ ਮਾਲਵੀਆ ਨਗਰ ਦੁਆਲੇ ਸੜਕਾਂ ’ਤੇ ਮੀਂਹ ਦਾ ਪਾਣੀ ਜਮ੍ਹਾਂ ਹੈ। ਦੱਖਣੀ ਦਿੱਲੀ ਦੇ ਮਹਿਰੌਲੀ-ਬਦਰਪੁਰ ਸੜਕ ’ਤੇ ਵੀ ਮੀਂਹ ਦੇ ਪਾਣੀ ਕਰਕੇ ਆਵਾਜਾਈ ਵਿੱਚ ਅੜਿੱਕਾ ਪਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly